ਅੱਜ ਕਾਂਗਰਸ ਕੋਲ ਨਹਿਰੂ ਅਤੇ ਇੰਦਰਾ ਵਰਗੇ ਪ੍ਰਤਿਭਾਸ਼ਾਲੀ ਆਗੂ ਨਹੀਂ

Saturday, Sep 02, 2023 - 05:25 PM (IST)

ਅੱਜ ਕਾਂਗਰਸ ਕੋਲ ਨਹਿਰੂ ਅਤੇ ਇੰਦਰਾ ਵਰਗੇ ਪ੍ਰਤਿਭਾਸ਼ਾਲੀ ਆਗੂ ਨਹੀਂ

ਸਾਡੇ ਵਰਗੀ ਗੁੰਝਲਦਾਰ ਲੋਕਤੰਤਰੀ ਸਿਆਸਤ ’ਚ ਇਕ ਮਜ਼ਬੂਤ ਵਿਰੋਧੀ ਧਿਰ ਗੱਠਜੋੜ ਦੀ ਮੰਗ ਇਕ ਪਰਮ ਲੋੜ ਹੈ ਪਰ ਸਾਡੇ ਪੇਸ਼ੇਵਰਾਂ, ਵਿਗਿਆਨੀਆਂ ਅਤੇ ਡਾਕਟਰਾਂ ਦੀ ਗੁਣਵੱਤਾ ਨੂੰ ਦੇਖਦਿਆਂ ਸਿਆਸਤ ਨੂੰ ਛੱਡ ਕੇ ਜ਼ਿਆਦਾਤਰ ਖੇਤਰਾਂ ’ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ।

ਅਜਿਹਾ ਲੱਗਦਾ ਹੈ ਕਿ ਕਾਂਗਰਸ ਕੋਲ ਬਹੁਤ ਸਾਰੇ ਪ੍ਰਤਿਭਾਸ਼ਾਲੀ ਜਨ-ਉਤਸ਼ਾਹੀ ਵਿਅਕਤੀ ਨਹੀਂ ਹਨ। ਰਾਹੁਲ ਗਾਂਧੀ ਦਾ ਮਾਮਲਾ ਲਓ, ਜੇ ਅਸੀਂ ਉਨ੍ਹਾਂ ਨੂੰ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ ਤਕ ਦੇ ਪੁਰਾਣੇ ਆਗੂਆਂ ਦੀ ਤੁਲਨਾ ’ਚ ਆਂਕੀਏ ਤਾਂ ਉਹ ਇਕ ਔਸਤ ਦਰਜੇ ਦੇ ਆਗੂ ਲੱਗਦੇ ਹਨ।

ਇਹ ਵੀ ਓਨਾ ਹੀ ਚਿੰਤਾਜਨਕ ਹੈ ਕਿ ਸਾਡੇ ਸੰਸਦ ਮੈਂਬਰਾਂ ਦੇ ਕੁਝ ਵਰਗ ਛੋਟੀਆਂ-ਛੋਟੀਆਂ ਗੱਲਾਂ ’ਚ ਦੇਸ਼ ਦੇ ਬਹੁਮੁੱਲੇ ਸਰੋਤਾਂ ਅਤੇ ਸਮੇਂ ਨੂੰ ਬਰਬਾਦ ਕਰ ਰਹੇ ਹਨ ਅਤੇ ਸਾਡੇ ਲੋਕਤੰਤਰੀ ਸੰਸਥਾਨਾਂ ਦੇ ਸੁਚਾਰੂ ਸੰਚਾਲਨ ’ਚ ਅੜਿੱਕੇ ਪੈਦਾ ਕਰ ਰਹੇ ਹਨ। ਬੇਸ਼ੱਕ ਮੁਕਾਬਲੇਬਾਜ਼ੀ ਦੇ ਰੌਲੇ-ਰੱਪੇ ਅਤੇ ਵਹਾਅ ਦੇ ਮਾਹੌਲ ’ਚ ਦੇਸ਼ ਦੀਆਂ ਸਮੱਸਿਆਵਾਂ ’ਤੇ ਗੰਭੀਰਤਾ ਅਤੇ ਨਿਰਪੱਖਤਾ ਨਾਲ ਚਰਚਾ ਕੀਤੀ ਜਾਣੀ ਚਾਹੀਦੀ ਹੈ ਅਤੇ ਇਸ ਨੂੰ ਹਮੇਸ਼ਾ ਪਾਰਟੀ ਅਤੇ ਫਿਰਕੂ ਕੋਣਾਂ ਤੋਂ ਨਹੀਂ ਦੇਖਿਆ ਜਾਣਾ ਚਾਹੀਦਾ।

ਸਾਡੇ ਵਿਧਾਇਕਾਂ ’ਚ ਜਨਤਾ ਦੇ ਮਾਮਲਿਆਂ ਨੂੰ ਲੈ ਕੇ ਗੰਭੀਰਤਾ ਦੀ ਘਾਟ ਗੰਭੀਰ ਮਾਮਲਾ ਹੈ। ਅਸਲ ’ਚ ਅੱਜ ਦੇਸ਼ ਦੀ ਅਸਲੀ ਸਮੱਸਿਆ ਛੋਟੇ-ਮੋਟੇ ਸਿਆਸੀ ਆਗੂ ਹਨ ਜੋ ਆਤਮ-ਕੇਂਦਰਿਤ ਹਨ ਅਤੇ ਆਪਣੇ ਵਿਰੋਧੀਆਂ ’ਤੇ ਅਜਿਹਾ ਕਰਨ ਦਾ ਦੋਸ਼ ਲਾਉਂਦੇ ਹੋਏ ਆਪਣੀ ਨਿੱਜੀ ਜਾਇਦਾਦ ਦਾ ਨਿਰਮਾਣ ਕਰਦੇ ਦਿਖਾਈ ਦਿੰਦੇ ਹਨ।

ਹਾਲਾਂਕਿ ਜਦ ਰਾਸ਼ਟਰੀ ਖਜ਼ਾਨੇ ਤੋਂ ਵਾਧੂ ਲਾਭ ਪ੍ਰਾਪਤ ਕਰਨ ਦੀ ਗੱਲ ਆਉਂਦੀ ਹੈ ਤਾਂ ਉਹ ਇਕ ਹੋ ਜਾਂਦੇ ਹਨ। ਇਹ ਕੋਈ ਰਹੱਸ ਨਹੀਂ ਹੈ ਕਿ ਇਸ ਅਵਸਥਾ ’ਚ ਉਹ ਖੁਦ ਨੂੰ ਵੱਧ ਤਨਖਾਹ ਅਤੇ ਸਹੂਲਤਾਂ ਦੇਣ ਲਈ ਇਕ-ਦੂਜੇ ਨਾਲ ਹੱਥ ਮਿਲਾਉਂਦੇ ਹਨ। ਜੇ ਅਸੀਂ ਆਪਣੇ ਜ਼ਿਆਦਾਤਰ ਵਿਧਾਇਕਾਂ ਦੇ ਰਵੱਈਏ ’ਤੇ ਨਜ਼ਰ ਮਾਰੀਏ ਤਾਂ ਇਹੀ ਪੈਟਰਨ ਰਿਹਾ ਹੈ।

ਵੱਖ-ਵੱਖ ਸਿਆਸੀ ਲੋਕਾਂ ਦਾ ਇਹ ਸੋਚਣਾ ਗਲਤ ਹੈ ਕਿ ਆਮ ਆਦਮੀ ਇਹ ਨਹੀਂ ਸਮਝਦਾ ਕਿ ਕੀ ਹੈ ਅਤੇ ਕੌਣ, ਕੌਣ ਹੈ। ਉਹ ਦਿਨ ਗਏ ਜਦ ਲੋਕਾਂ ਨੂੰ ਚਾਹੇ ਸ਼ਹਿਰੀ ਖੇਤਰ ’ਚ ਹੋਣ ਜਾਂ ਪਿੰਡਾਂ ’ਚ, ਆਪਣੇ ਮਤਲਬ ਲਈ ਕਿਤੇ ਵੀ ਲਿਜਾਇਆ ਜਾ ਸਕਦਾ ਸੀ। ਭਾਜਪਾ ਇਨ੍ਹੀਂ ਦਿਨੀਂ ਚੁੱਪ ਰਹਿ ਸਕਦੀ ਹੈ ਅਤੇ ਚੁੱਪਚਾਪ ਸਹਿ ਸਕਦੀ ਹੈ ਪਰ ਇਹ 1977 ਵਾਂਗ ਪਲਟਵਾਰ ਕਰ ਸਕਦੀ ਹੈ ਜੋ ਭਾਰਤੀ ਸਿਆਸੀ ਵਿਵਹਾਰ ’ਚ ਇਕ ਵੱਡਾ ਬਦਲਾਅ ਹੈ।

ਭਾਜਪਾ ਦੀ ਵਿਆਪਕ ਹੋਂਦ ਸਾਹਮਣੇ ਕਾਂਗਰਸ ਦੇ ਪੁਨਰ-ਜੀਵਿਤ ਦੇ ਮਹੱਤਵਪੂਰਨ ਮੁੱਦੇ ’ਤੇ ਵਾਪਸ ਆਉਂਦੇ ਹੋਏ ਭਾਰਤੀ ਲੋਕਤੰਤਰ ਲਈ ਇਕ ਮਜ਼ਬੂਤ ਵਿਰੋਧੀ ਦਲ ਦਾ ਹੋਣਾ ਲਾਜ਼ਮੀ ਹੈ। ਬਿਨਾਂ ਸ਼ੱਕ ਇਹ ਆਮ ਗਿਆਨ ਹੈ ਕਿ ਵਿਰੋਧੀ ਧਿਰ ਨੂੰ ਸਥਾਈ ਅਤੇ ਆਤਮ-ਕੇਂਦਰਿਤ ਵਿਅਕਤੀਆਂ ਵੱਲੋਂ ਪੁਨਰ-ਜੀਵਿਤ ਅਤੇ ਕਾਇਮ ਨਹੀਂ ਰੱਖਿਆ ਜਾ ਸਕਦਾ। ਇਹ ਕਹਿਣਾ ਕਾਂਗਰਸ ਨੂੰ ਪੁਨਰ-ਜੀਵਿਤ ਕਰਨ ਦੇ ਹਾਲੀਆ ਕਦਮ ਦੀ ਨਿੰਦਾ ਕਰਨੀ ਨਹੀਂ ਹੈ।

ਕਾਂਗਰਸ ਪ੍ਰਧਾਨ ਦਾ ਅਹੁਦਾ ਸੰਭਾਲਣ ਦੇ 10 ਮਹੀਨੇ ਪਿੱਛੋਂ ਮਲਿਕਾਰਜੁਨ ਖੜਗੇ ਨੇ ਨਵੀਂ ਵਰਕਿੰਗ ਕਮੇਟੀ (ਸੀ. ਡਬਲਿਊ. ਸੀ.) ਦਾ ਗਠਨ ਕਰ ਦਿੱਤਾ ਹੈ। ਉਨ੍ਹਾਂ ਨੇ ਪੱਛੜੇ ਵਰਗਾਂ ਤੇ ਘੱਟਗਿਣਤੀਆਂ ’ਤੇ ਧਿਆਨ ਕੇਂਦਰਿਤ ਕਰਨ ਅਤੇ ਨੌਜਵਾਨਾਂ ਅਤੇ ਔਰਤਾਂ ਦੀ ਹਿੱਸੇਦਾਰੀ ਵਧਾਉਣ ਨਾਲ ਕਾਂਗਰਸ ਵਰਕਿੰਗ ਕਮੇਟੀ ਦਾ ਪੁਨਰ-ਗਠਨ ਕਰ ਕੇ ਪਾਰਟੀ ਸੰਗਠਨ ’ਤੇ ਇਕ ਵਿਅਕਤੀਗਤ ਮੋਹਰ ਲਾ ਦਿੱਤੀ ਹੈ।

ਸਰਵਉੱਚ ਫੈਸਲਾ ਲੈਣ ਵਾਲੀ ਸੰਸਥਾ ਸੀ. ਡਬਲਿਊ. ਸੀ. ਗਾਂਧੀ ਪਰਿਵਾਰ, ਮੀਰਾ ਕੁਮਾਰ, ਅੰਬਿਕਾ ਸੋਨੀ, ਏ. ਕੇ. ਐਂਟਨੀ, ਦਿਗਵਿਜੇ ਸਿੰਘ ਵਰਗਿਆਂ ਨਾਲ ਭਰੀ ਹੋਈ ਹੈ। ਕੇ. ਸੀ. ਵੇਣੂਗੋਪਾਲ, ਜੈਰਾਮ ਰਮੇਸ਼, ਅਭਿਸ਼ੇਕ ਸਿੰਘਵੀ, ਸਲਮਾਨ ਖੁਰਸ਼ੀਦ, ਸਚਿਨ ਪਾਇਲਟ, ਗੌਰਵ ਗੋਗੋਈ ਅਤੇ ਸ਼ਸ਼ੀ ਥਰੂਰ ਜਿਨ੍ਹਾਂ ਨੇ ਕਦੀ ਖੜਗੇ ਵਿਰੁੱਧ ਰਾਸ਼ਟਰਪਤੀ ਚੋਣ ਲੜੀ ਸੀ, ਵਰਗੇ ਲੋਕ ਵੀ ਇਸ ’ਚ ਸ਼ਾਮਲ ਹਨ।

ਇਹ ਕਹਿਣਾ ਮੁਸ਼ਕਲ ਹੈ ਕਿ ਕਾਂਗਰਸ ਦਾ ਬਹੁ-ਉਡੀਕਿਆ ਪੁਨਰ-ਗਠਨ ਪਾਰਟੀ ’ਚ ਉਮੀਦ ਜਗਾਵੇਗਾ ਜਾਂ ਨਹੀਂ? ਹਾਲਾਂਕਿ ਧਿਆਨ ਸਪੱਸ਼ਟ ਤੌਰ ’ਤੇ ਸੰਗਠਨ ’ਤੇ ਹੈ ਅਤੇ ਇਸ ਨਾਲ ਆਸ਼ਾਵਾਦ ਦਾ ਸੰਚਾਰ ਹੋਣਾ ਸ਼ੁਰੂ ਹੋ ਗਿਆ ਹੈ। ਨਾਲ ਹੀ ਫੋਕਸ ਫਿਰ ਤੋਂ ਚੋਣਾਂ ’ਤੇ ਹੈ। ਇਹ ਕੋਈ ਹੈਰਾਨੀ ਨਹੀਂ ਕਿ ਰਾਹੁਲ ਗਾਂਧੀ ਬਹੁਤ ਜ਼ਿਆਦਾ ਸਰਗਰਮ ਮੋਡ ’ਚ ਪਰਤ ਆਏ ਹਨ।

ਜਿਵੇਂ ਹੋ ਸਕਦਾ ਹੈ ਉਂਝ ਹੀ ਰਹਿਣ ਦਿਓ। ਹੁਣ ਸਮਾਂ ਆ ਗਿਆ ਹੈ ਕਿ ਸਾਡੇ ਲੋਕਤੰਤਰ ਨੂੰ ਲੋਕਾਂ ਦੀ ਭਲਾਈ ਲਈ ਹੁਨਰਮੰਦ ਅਤੇ ਪਾਰਦਰਸ਼ੀ ਤਰੀਕੇ ਨਾਲ ਕਾਰਜ ਕਰਨ ਲਈ ਇਕ ਵਿਵਹਾਰਕ ਪ੍ਰਣਾਲੀ ਵਿਕਸਿਤ ਕੀਤੀ ਜਾਵੇ। ਆਉਣ ਵਾਲੇ ਸਾਲਾਂ ’ਚ ਸੁਨਾਮੀ ਵਰਗੇ ਸਿਆਸੀ ਝਟਕਿਆਂ ਨਾਲ ਨਜਿੱਠਣ ਦਾ ਇਹ ਇਕੋ-ਇਕ ਤਰੀਕਾ ਹੈ। ਇਸ ਮੰਤਵ ਲਈ ਚਿਤਾਵਨੀ ਪ੍ਰਣਾਲੀ ਰਾਸ਼ਟਰੀ ਕੰਧ ’ਤੇ ਸਪੱਸ਼ਟ ਤੌਰ ’ਤੇ ਦਿਖਾਈ ਦਿੰਦੀ ਹੈ। ਇਹ ਸੱਤਾਧਾਰੀ ਦਲਾਂ ’ਤੇ ਹੈ ਕਿ ਉਹ ਸਿਆਸਤ ਲਈ ਸਹੀ ਗਤੀ ਨਿਰਧਾਰਿਤ ਕਰਨ ਲਈ ਇਕ ਦ੍ਰਿੜ੍ਹ ਵਿਸ਼ਵਾਸ ਅਤੇ ਸਾਹਸ ਦਿਖਾਉਣ। ਆਉਣ ਵਾਲੇ ਮਹੱਤਵਪੂਰਨ ਮਹੀਨਿਆਂ ’ਚ ਕਾਂਗਰਸ ਖੁਦ ਨੂੰ ਕਿਵੇਂ ਵਿਕਸਿਤ ਕਰਦੀ ਹੈ, ਇਹ ਦਿਖਾਏਗਾ ਕਿ ਰਾਹੁਲ ਦੀ ਕਾਂਗਰਸ ਸਾਡੇ ਲੋਕਤੰਤਰੀ ਕੰਮਕਾਜ ’ਚ ਕਿਰਿਆਤਮਕ ਵਕਫੇ ਨੂੰ ਕਿਵੇਂ ਮੇਟਦੀ ਹੈ ਅਤੇ ਸਾਡੇ ਸੰਸਥਾਨਾਂ ਨੂੰ ਸਾਡੇ ਸਮਾਜ ਦੇ ਸਾਰੇ ਵਰਗਾਂ ਦੇ ਵਡੇਰੇ ਹਿੱਤ ਲਈ ਕੰਮ ਕਰਨ ਦੀ ਆਗਿਆ ਦਿੰਦੀ ਹੈ।

ਹਰੀ ਜੈਸਿੰਘ


author

Rakesh

Content Editor

Related News