ਮਾਨ ਦਾ ਬਜਟ ਪੰਜਾਬ ਦੇ ਵਿਕਾਸ ’ਤੇ ‘ਬ੍ਰੇਕ’ ਅਤੇ ਅੰਕੜਿਆਂ ਦਾ ਮੱਕੜਜਾਲ

03/15/2023 1:15:37 PM

ਅੱਜ ਪੂਰਾ ਦੇਸ਼ ਆਜ਼ਾਦੀ ਦਾ ਅੰਮ੍ਰਿਤਕਾਲ ਮਨਾ ਰਿਹਾ ਹੈ। ਦੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ’ਚ ਵਿਕਾਸ ਦੇ ਨਿੱਤ ਨਵੇਂ ਆਯਾਮ ਲਿਖ ਰਿਹਾ ਹੈ। ਦੇਸ਼ ਦੀ ਅਰਥਵਿਵਸਥਾ ਦੁਨੀਆ ਦੀ ਪੰਜਵੇਂ ਨੰਬਰ ਦੀ ਅਰਥਵਿਵਸਥਾ ਬਣ ਗਈ ਹੈ। ਉਥੇ ਹੀ ਪੰਜਾਬ ’ਚ ਭਾਸ਼ਣਾਂ ’ਚ ਬਹਾਦਰੀ ਵਿਖਾਉਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿੱਤੀ ਸਾਲ 2023-24 ਲਈ ਪੇਸ਼ ਬਜਟ ਦੇ ਰੂਪ ’ਚ ਪੰਜਾਬ ਦੇ ਵਿਕਾਸ ’ਤੇ ਬ੍ਰੇਕ ਲਾਉਣ ਦਾ ਤੋਹਫਾ ਦਿੱਤਾ ਹੈ।

ਭਗਵੰਤ ਮਾਨ ਸਰਕਾਰ ਵੱਲੋਂ ਪੇੇਸ਼ ਬਜਟ ਨੇ ‘ਪੁੱਟਿਆ ਪਹਾੜ, ਨਿਕਲਿਆ ਚੂਹਾ’ ਵਾਲੀ ਕਹਾਵਤ ਨੂੰ ਸਹੀ ਸਿੱਧ ਕਰ ਦਿੱਤਾ ਹੈ। ਜਿਸ ਤਰ੍ਹਾਂ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਭਾਸ਼ਣਕਰਤਾਵਾਂ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ, ਉਸ ਤੋਂ ਸੂਬੇ ਦੇ ਲੋਕਾਂ ਨੂੰ ਪੰਜਾਬ ਸਰਕਾਰ ਦੇ ਇਸ ਬਜਟ ਤੋਂ ਕਾਫੀ ਉਮੀਦਾਂ ਸਨ ਪਰ ਆਮ ਆਦਮੀ ਪਾਰਟੀ ਨੇ ਆਪਣੀ ਆਦਤ ਮੁਤਾਬਕ ਲੋਕਾਂ ਨੂੰ ਧੋਖਾ ਦਿੰਦੇ ਹੋਏ ਇਸ ਬਜਟ ’ਚ ਸਭ ਨੂੰ ਠੱਗਣ ਤੋਂ ਬਿਨਾਂ ਹੋਰ ਕੁਝ ਨਹੀਂ ਕੀਤਾ ਹੈ।

ਸਬਜ਼ਬਾਗ ਦਿਖਾਉਣ ਵਾਲੀ ਇਸ ਪਾਰਟੀ ਨੇ ਲੋਕਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਬਜਟ ਨੇ ਸਭ ਨੂੰ ਨਿਰਾਸ਼ ਕੀਤਾ ਹੈ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਲੀਅਤ ਸਭ ਦੇ ਸਾਹਮਣੇ ਆ ਗਈ ਹੈ। ਇਸ ਦੀ ਕਥਨੀ ਅਤੇ ਕਰਨੀ ’ਚ ਕੋਈ ਮੇਲ ਨਹੀਂ ਹੈ। ਇਸ ਬਜਟ ’ਚ ਪੰਜਾਬ ਸਰਕਾਰ ਵੱਲੋਂ ਕਿਸਾਨਾਂ, ਮਜ਼ਦੂਰਾਂ, ਔਰਤਾਂ, ਵਪਾਰੀਆਂ, ਨੌਜਵਾਨਾਂ ਅਤੇ ਵਿਦਿਆਰਥੀਆਂ ਸਮੇਤ ਸਭ ਪੰਜਾਬੀਆਂ ਨਾਲ ਧੋਖਾ ਕੀਤਾ ਗਿਆ ਹੈ।

ਭਗਵੰਤ ਮਾਨ ਸਰਕਾਰ ਨੇ ਬਜਟ ’ਚ ਸਿੱਖਿਆ ਨਾਲ ਖਿਲਵਾੜ ਕੀਤਾ ਹੈ। 2022-23 ’ਚ ‘ਸਕੂਲ ਆਫ ਐਮੀਨੈਂਸ’ ਲਈ 100 ਸਕੂਲਾਂ ਨੂੰ ਚੁਣਿਆ ਸੀ, ਉਨ੍ਹਾਂ ’ਚ ਵੀ ਅਜੇ ਤੱਕ ਕੁਝ ਨਹੀਂ ਹੋਇਆ। ਹੁਣ ਸਾਲ 2023-24 ਦੇ ਬਜਟ ਲਈ 500 ਸਕੂਲ ਜੋੜਨ ਦੀ ਬਜਾਏ ਸਿਰਫ 17 ਸਕੂਲ ਜੋੜ ਕੇ ਭੱਦਾ ਮਜ਼ਾਕ ਕੀਤਾ ਗਿਆ ਹੈ।

ਪਿਛਲੇ 13 ਮਹੀਨਿਆਂ ’ਚ ਭਗਵੰਤ ਮਾਨ ਸਰਕਾਰ ਨੇ ਪਾਇਲਟ ਆਧਾਰ ’ਤੇ ਅੰਮ੍ਰਿਤਸਰ ਦੇ 4 ਸਕੂਲਾਂ ਨੂੰ ਅਪਗ੍ਰੇਡ ਕਰਨ ਦਾ ਕੰਮ ਸ਼ੁਰੂ ਕੀਤਾ। ਪੰਜਾਬੀ ਯੂਨੀਵਰਸਿਟੀ ’ਚ ਖੁਦ ਸਟੇਜ ਤੋਂ ਸਭ ਵਿਦਿਆਰਥੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਵਾਅਦਾ ਕੀਤਾ ਸੀ ਕਿ 360 ਕਰੋੜ ਰੁਪਏ ਦੀ ਸਾਲਾਨਾ ਗ੍ਰਾਂਟ ਦਿੱਤੀ ਜਾਵੇਗੀ ਪਰ ਉਸ ਨੂੰ ਘਟਾ ਕੇ 140 ਕਰੋੜ ਰੁਪਏ ਕਰ ਦਿੱਤਾ। ਯੂਨੀਵਰਸਿਟੀ ਦੇ ਬਜਟ ’ਚ ਕਟੌਤੀ ਅਤੇ ਉਦਾਸੀਨਤਾ ਅਧਿਆਪਕ ਭਾਈਚਾਰੇ ਨਾਲ ਅਪਰਾਧਿਕ ਮਜ਼ਾਕ ਹੈ।

ਇਸੇ ਤਰ੍ਹਾਂ ਸਿਹਤ ਸਹੂਲਤਾਂ ਨਾਲ ਵੀ ਭੱਦਾ ਮਜ਼ਾਕ ਕੀਤਾ ਜਾ ਰਿਹਾ ਹੈ। ਭਗਵੰਤ ਮਾਨ ਦੀ ਸਰਕਾਰ ਨੇ ਮਾਰਚ, 2022 ਨੂੰ ਐਲਾਨ ਕੀਤਾ ਸੀ ਕਿ ਆਈ. ਆਈ. ਟੀ. ਅਤੇ ਮੁਹੱਲਾ ਕਲੀਨਿਕ ਇਸ ਸਾਲ ਸਥਾਪਿਤ ਕੀਤੇ ਜਾਣਗੇ। ਫਿਰ ਐਲਾਨ ਕੀਤਾ ਕਿ 75 ਮੁਹੱਲਾ ਕਲੀਨਿਕ 15 ਅਗਸਤ, 2022 ਤੱਕ ਸਥਾਪਿਤ ਕੀਤੇ ਜਾਣਗੇ। ਜਨਵਰੀ, 2023 ਤੱਕ 400 ਕਲੀਨਿਕ ਸਥਾਪਿਤ ਕੀਤੇ ਜਾਣਗੇ ਅਤੇ ਫਿਰ ਹਰ ਪਿੰਡ ’ਚ ਮੁਹੱਲਾ ਕਲੀਨਿਕ ਸਥਾਪਿਤ ਕੀਤੇ ਜਾਣਗੇ। ਇਹ ਸਭ ਕੁਝ ਐਲਾਨਾਂ ਤੋਂ ਵੱਧ ਕੁਝ ਨਹੀਂ।

ਵਿਗਿਆਪਨ ਅਤੇ ਤਸਵੀਰਾਂ ਦਿਖਾਉਣ ਲਈ ਕਰੋੜਾਂ ਰੁਪਏ ਖਰਚ ਕਰ ਦਿੱਤੇ ਗਏ ਜੋ ਪੰਜਾਬ ਦੇ ਲੋਕਾਂ ਦੀ ਖੂਨ-ਪਸੀਨੇ ਦੀ ਕਮਾਈ ਦੇ ਸਨ। ਕੇਂਦਰ ਦੇ ਮੌਜੂਦਾ ਆਯੁਸ਼ਮਾਨ ਭਾਰਤ ਸਿਹਤ ਅਤੇ ਕਲਿਆਣ ਕੇਂਦਰਾਂ ਦੀ ਮੁਹੱਲਾ ਕਲੀਨਿਕਾਂ ਵਜੋਂ ਬ੍ਰਾਂਡਿੰਗ ਕਰਕੇ ਲਿੱਪਾਪੋਚੀ ਕੀਤੀ ਜਾ ਰਹੀ ਹੈ।

ਚੋਣਾਂ ਸਮੇਂ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕਰ ਕੇ ਸੱਤਾ ’ਚ ਆਉਣ ਵਾਲੀ ਭਗਵੰਤ ਮਾਨ ਸਰਕਾਰ ਨੇ ਇਸ ਬਜਟ ’ਚ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦਾ ਐਲਾਨ ਅਜੇ ਤੱਕ ਨਹੀਂ ਕੀਤਾ। ਇਸੇ ਤਰ੍ਹਾਂ ਆਜ਼ਾਦੀ ਦੇ ਅੰਮ੍ਰਿਤਕਾਲ ’ਚ ਔਰਤਾਂ ਨੂੰ ਵੀ ਠੱਗਿਆ ਗਿਆ ਹੈ। ਚੋਣ ਵਾਅਦਿਆਂ ’ਚ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਨੇ ਆਪਣੇ ਪਹਿਲੇ ਬਜਟ ’ਚ ਕੋਈ ਐਲਾਨ ਨਾ ਕਰਕੇ ਔਰਤਾਂ ਦਾ ਅਪਮਾਨ ਕੀਤਾ ਹੈ।

ਸ਼ਹਿਰਾਂ ’ਚ ਬਰਾਬਰੀ ਲਈ 25 ਹਜ਼ਾਰ ਈ. ਡਬਲਯੂ. ਐੱਸ. ਘਰਾਂ ਦਾ ਨਿਰਮਾਣ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜੇ ਤੱਕ ਕੋਈ ਕੰਮ ਨਹੀਂ ਕੀਤਾ ਹੈ।

ਸਭ ਤੋਂ ਹਾਸੋਹੀਣੀ ਹਾਲਤ ਤਾਂ ਇਹ ਹੈ ਕਿ ਪੰਜਾਬ ਸਰਕਾਰ ਦੇ ਇਸ ਬਜਟ ’ਚ ਖਰਚ ਦਾ ਵੇਰਵਾ ਆਮਦਨ ਦੇ ਬਿਲਕੁਲ ਉਲਟ ਹੈ। ਮਾਲੀਆ ਖਰਚਾ ਪਹਿਲੇ ਹੀ ਬਜਟ ਤੋਂ 10,000 ਕਰੋੜ ਰੁਪਏ ਵੱਧ ਹੋ ਚੁੱਕਾ ਹੈ। ਇਹ ਵਾਧਾ ਕੁੱਲ ਖਰਚ ਨੂੰ ਗੰਭੀਰ ਰੂਪ ਨਾਲ ਘੱਟ ਕਰਨ ਦੀ ਕੀਮਤ ’ਤੇ ਹੋਇਆ ਹੈ। ਇਹ ਬਜਟ ਅਨੁਮਾਨ ਤੋਂ 1500 ਕਰੋੜ ਰੁਪਏ ਘੱਟ ਹੈ। ਵਿਸ਼ੇਸ਼ ਰੂਪ ਨਾਲ ਅਗਲੇ ਸਾਲ ਲਾਗੂ ਕੀਤੀ ਗਈ ਕੁਝ ਭਾਰੀ ਕਟੌਤੀ ਬਾਰੇ ਚਿੰਤਿਤ, ਪੇਂਡੂ ਵਿਕਾਸ ’ਤੇ ਖਰਚ ਨੂੰ 3058 ਕਰੋੜ ਰੁਪਏ ਤੋਂ ਘਟਾ ਕੇ 2361 ਕਰੋੜ ਰੁਪਏ ਕਰ ਦਿੱਤਾ ਗਿਆ ਜੋ ਲਗਭਗ 25 ਫੀਸਦੀ ਘੱਟ ਹੈ। ਉਦਯੋਗ ਅਤੇ ਖਣਿਜ ’ਤੇ ਖਰਚ 530 ਕਰੋੜ ਰੁਪਏ ਤੋਂ ਘੱਟ ਕੇ 454 ਕਰੋੜ ਰੁਪਏ ਰਹਿ ਗਿਆ ਹੈ।

ਇਹ ਬਜਟ ਆਮ ਆਦਮੀ ਪਾਰਟੀ ਦੀ ਕਥਨੀ ਅਤੇ ਕਰਨੀ ’ਚ ਫਰਕ, ਪੰਜਾਬ ਦੇ ਲੋਕਾਂ ਨਾਲ ਧੋਖਾ, ਆਮ ਲੋਕਾਂ ਨੂੰ ਠੱਗਣ ਵਾਲਾ ਹੈ ਅਤੇ ਪੰਜਾਬ ਦੇ ਵਿਕਾਸ ਨੂੰ ਰੋਕਣ ਵਾਲਾ ਹੈ।

ਪੰਜਾਬ ਸਰਕਾਰ ਦੇ ਇਸ ਬਜਟ ’ਚ ਜੇ ਕੋਈ ਗੱਲ ਸਪੱਸ਼ਟ ਹੈ ਤਾਂ ਉਹ ਹੈ ਬਜਟ ਦੀ ਗੈਰ-ਭਰੋਸੇਯੋਗਤਾ। ਬਜਟ ’ਚ ਪਾਰਦਰਸ਼ਿਤਾ ਦੀ ਭਾਰੀ ਕਮੀ ਹੈ। ਇਕ ਪਾਸੇ ਜਿੱਥੇ ਪੂਰੇ ਦੇਸ਼ ’ਚ ਇਸ ਸਾਲ ਮਾਲੀਆ ’ਚ ਬੇਮਿਸਾਲ ਵਾਧਾ ਦੇਖਿਆ ਗਿਆ, ਕੇਂਦਰੀ ਟੈਕਸਾਂ ਦੇ ਸੋਧੇ ਹੋਏ ਬਜਟ ਅਨੁਮਾਨਾਂ ਤੋਂ ਲਗਭਗ 3 ਲੱਖ ਕਰੋੜ ਰੁਪਏ ਜਾਂ ਲਗਭਗ 10 ਫੀਸਦੀ ਵੱਧ ਹੈ, ਪੰਜਾਬ ਦਾ ਟੈਕਸ ਮਾਲੀਆ ਵਧਣਾ ਅਜੇ ਦੂਰ ਹੈ।

ਇਹ ਆਮ ਆਦਮੀ ਪਾਰਟੀ ਦਾ ਬਜਟ ਹੈ ਜੋ ਗੱਲਾਂ ’ਚ ਲੰਬਾ ਅਤੇ ਕੰਮ ’ਚ ਨਕਾਰਾ ਹੈ। ਵਿਗਿਆਪਨ ਅਤੇ ਪ੍ਰਚਾਰ ’ਤੇ ਖਰਚ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ’ਚ ਅਸਫਲ ਰਹੀ ਹੈ। ਕੁੱਲ ਮਿਲਾ ਕੇ ਇਸ ਬਜਟ ਨੇ ਇਹ ਸਪਸ਼ੱਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦਾ ਚਰਿੱਤਰ ਅਤੇ ਚਿਹਰਾ ਕਥਨੀ ਅਤੇ ਕਰਨੀ ’ਚ ਫਰਕ ਵਾਲਾ ਹੈ। ਉਸ ਦਾ ਅਸਲੀ ਚਿਹਰਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਿਆ ਹੈ।

ਤਰੁਣ ਚੁਘ (ਰਾਸ਼ਟਰੀ ਜਨਰਲ ਸਕੱਤਰ ਭਾਰਤੀ ਜਨਤਾ ਪਾਰਟੀ)


Harnek Seechewal

Content Editor

Related News