ਆਪਣੇ ਸਕੂਲ ਦੀ ਸਫਾਈ ਕਰ ਕੇ ਦਿਨ ਦੀ ਸ਼ੁਰੂਆਤ ਕਰਦੇ ਹਨ ਵਿਦਿਆਰਥੀ

Monday, Oct 01, 2018 - 06:28 AM (IST)

ਮੱਧ ਪ੍ਰਦੇਸ਼ ਦੇ ਢਿੰਡੋਰੀ ਜ਼ਿਲੇ ਦੇ ਨਾਰੀਆ ਸਥਿਤ ਸਰਕਾਰੀ ਪ੍ਰਾਇਮਰੀ ਅਤੇ ਮਿਡਲ  ਸਕੂਲ ’ਚ ਪੜ੍ਹਨ ਵਾਲੇ 13 ਸਾਲਾ ਨਰਿੰਦਰ ਪਰਸਤੇ ਅਤੇ ਉਸ ਦੇ ਸਿਹਯੋਗੀ ਆਪਣੇ ਦਿਨ ਦੀ ਸ਼ੁਰੂਆਤ ਸਕੂਲ ਦੀ ਸਫਾਈ ਨਾਲ ਕਰਦੇ ਹਨ। 
ਉਨ੍ਹਾਂ ਦੇ ਯਤਨਾਂ ਨੇ ਨਤੀਜੇ ਵੀ ਦਿਖਾਏ ਹਨ। ਪੂਰੇ ਸੂਬੇ ’ਚ ਇਸ ਸਾਲ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਇਕ ਸਰਵੇਖਣ ’ਚ ਉਨ੍ਹਾਂ ਦੇ ਸਕੂਲ ਨੂੰ ਮੱਧ ਪ੍ਰਦੇਸ਼ ’ਚ ਸਭ ਤੋਂ ਸਾਫ-ਸੁਥਰੇ ਸਕੂਲਾਂ ’ਚੋਂ ਇਕ ਪਾਇਆ ਗਿਆ। ਅਧਿਆਪਕਾਂ ਨੇ ਦੱਸਿਆ ਕਿ ਸਕੂਲ ’ਚ ਵਿਦਿਆਰਥੀਅਾਂ ਦੀ ਹਾਜ਼ਰੀ ’ਚ ਵੀ 50 ਫੀਸਦੀ ਦਾ ਸੁਧਾਰ ਹੋਇਆ ਹੈ। ਸਕੂਲ ਛੱਡਣ ਦੀ ਦਰ ’ਚ ਵੀ 50 ਫੀਸਦੀ ਦੀ ਕਮੀ ਆਈ ਹੈ। ਸਕੂਲ ਦੇ ਵਿਦਿਆਰਥੀ ਹੁਣ ਲਗਾਤਾਰ ਬੀਮਾਰ ਨਹੀਂ ਪੈਂਦੇ।
ਪਰਸਤੇ ਅਤੇ ਹੋਰ ਵਿਦਿਆਰਥੀਅਾਂ ਨੇ ਸਕੂਲ ਦੀ ਸਫਾਈ ਦੀ ਮੁਹਿੰਮ 2014 ’ਚ ਅਧਿਆਪਕਾਂ ਵਲੋਂ ਸਵੱਛ ਭਾਰਤ ਅਭਿਆਨ ਦੇ ਅਧੀਨ ਸਫਾਈ ਦੇ ਮਹੱਤਵ ਬਾਰੇ ਇਕ ਸੈਸ਼ਨ ਦੇ ਆਯੋਜਨ ਤੋਂ ਬਾਅਦ ਸ਼ੁਰੂ ਕੀਤੀ। 
8ਵੀਂ ਕਲਾਸ ਦੇ ਵਿਦਿਆਰਥੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਫ-ਸਫਾਈ ਤੇ ਇਸ ਵਿਸ਼ੇ ’ਤੇ ਮਹਾਤਮਾ ਗਾਂਧੀ ਦੇ ਵਿਚਾਰਾਂ ਬਾਰੇ ਦੱਸਿਆ ਗਿਆ ਸੀ।
ਸਕੂਲ ਦੇ ਇਕ ਅਧਿਆਪਕ ਮੂਲਚੰਦ ਮਾਰਾਵਾਈ ਨੇ ਦੱਸਿਆ ਕਿ ਵਿਦਿਆਰਥੀਅਾਂ ਨੇ ਸਕੂਲ ਦੀ ਸਫਾਈ ਦੀ ਸ਼ੁਰੂਆਤ ਉਦੋਂ ਕੀਤੀ, ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਇਸ ਦੇ ਲਈ ਕਿਸੇ ਨੌਕਰ ਅਤੇ ਸਫਾਈ ਕਰਮਚਾਰੀ ਦੀ ਨਿਯੁਕਤੀ ਨਹੀਂ ਕੀਤੀ ਗਈ। 
ਮਾਰਾਵਾਈ ਨੇ ਦੱਸਿਆ ਕਿ ਅਗਲੇ ਦਿਨ ਵਿਦਿਆਰਥੀ ਝਾੜੂਅਾਂ ਅਤੇ ਬਰੱਸ਼ਾਂ ਨਾਲ ਸਕੂਲ ਆਏ ਅਤੇ ਕਿਹਾ ਕਿ ਜਿਵੇਂ ਅਸੀਂ ਆਪਣੇ ਘਰਾਂ ਦੀ ਸਫਾਈ ਕਰਦੇ ਹਾਂ, ਉਸੇ ਤਰ੍ਹਾਂ  ਸਾਨੂੰ ਆਪਣੇ ਸਕੂਲ ਦੀ ਸਫਾਈ ਕਰਨ ਲਈ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਹੈ। 
ਅਧਿਆਪਕ ਨੇ ਦੱਸਿਆ ਕਿ ਉਹ ਵੀ ਵਿਦਿਆਰਥੀਅਾਂ ਦੀ ਮਦਦ ਕਰਦੇ ਹਨ। ਉਨ੍ਹਾਂ ਨੇ ਹੁਣ ਇਕ ਕੈਬਨਿਟ ਦਾ ਗਠਨ ਕਰ ਦਿੱਤਾ ਹੈ, ਜੋ ਸਕੂਲ ਦੇ ਵਿਕਾਸ ਸਬੰਧੀ ਸਾਰੇ ਫੈਸਲੇ ਲੈਂਦੀ ਹੈ। 
ਸ਼ੁਰੂ ’ਚ ਵਿਦਿਆਰਥੀਅਾਂ ਦੇ ਸਰਪ੍ਰਸਤਾਂ ਨੂੰ ਇਹ ਵਿਚਾਰ  ਪਸੰਦ ਨਹੀਂ ਆਇਆ ਅਤੇ ਉਨ੍ਹਾਂ ਨੇ ਇਸ ’ਤੇ ਇਤਰਾਜ਼ ਜਤਾਇਆ।
8ਵੀਂ ਕਲਾਸ ਦੇ ਵਿਦਿਆਰਥੀ ਅਨਿਲ ਯਾਦਵ ਨੇ ਦੱਸਿਆ ਕਿ ਕੁਝ ਵਿਦਿਆਰਥੀਅਾਂ ਦੇ ਸਰਪ੍ਰਸਤਾਂ, ਜਿਨ੍ਹਾਂ ’ਚ ਉਨ੍ਹਾਂ ਦੀ ਮਾਂ ਵੀ ਸ਼ਾਮਿਲ ਸੀ, ਨੂੰ ਵਿਦਿਆਰਥੀਅਾਂ ਵਲੋਂ ਸਕੂਲ ਦੀ ਸਫਾਈ ਕਰਨ ਦਾ ਵਿਚਾਰ ਪਸੰਦ ਨਹੀਂ ਆਇਆ ਪਰ ਜਦੋਂ ਉਨ੍ਹਾਂ ਨੇ ਸਕੂਲ ਦੀ ਸਥਿਤੀ ਦੇਖੀ ਤਾਂ ਉਨ੍ਹਾਂ ਦੇ ਵਿਚਾਰ ਬਦਲ ਗਏ। 
ਉਸ ਨੇ ਦੱਸਿਆ ਕਿ ਕੈਬਨਿਟ, ਜਿਸ ’ਚ ਇਕ ‘ਪ੍ਰਧਾਨ ਮੰਤਰੀ’ ਅਤੇ ਸਵੱਛਤਾ, ਸਿੱਖਿਆ, ਸਿਹਤ ਅਤੇ ਸੱਭਿਆਚਾਰ ਦੇ ਮੰਤਰੀ ਸ਼ਾਮਿਲ ਹਨ, 200 ਵਿਦਿਆਰਥੀਅਾਂ ’ਚੋਂ ਸਾਰਿਅਾਂ ਨੂੰ ਉਨ੍ਹਾਂ ਦੀ ਪਸੰਦ ਦੇ ਅਨੁਸਾਰ ਡਿਊਟੀਅਾਂ ਦਿੰਦੇ ਹਨ।
6ਵੀਂ ਕਲਾਸ ਦੀ 11 ਸਾਲਾ ਓਮਦੀ ਉਈਕੇ ਨੇ ਦੱਸਿਆ ਕਿ ਉਨ੍ਹਾਂ ਦੀਅਾਂ ਕਲਾਸਾਂ ਸਵੇਰੇ 10 ਵਜੇ ਸ਼ੁਰੂ ਹੁੰਦੀਅਾਂ ਹਨ ਪਰ ਉਹ ਸਾਰੇ ਸਵੇਰੇ 9 ਤੋਂ 9.30 ਵਜੇ ਦੇ ਵਿਚਾਲੇ ਸਕੂਲ ਪਹੁੰਚ ਜਾਂਦੇ ਹਨ। ਉਹ ਕਲਾਸਾਂ, ਖੇਡ ਦੇ ਮੈਦਾਨ, ਲਾਇਬ੍ਰੇਰੀ ਅਤੇ ਟਾਇਲਟਸ ਦੀ ਸਫਾਈ ਸ਼ੁਰੂ ਕਰਦੇ ਹਨ। 
ਉਸ ਨੇ ਦੱਸਿਆ ਕਿ ਉਹ ਹਰਿਆਲੀ ਦੀ ਵੀ ਪਰਵਾਹ ਕਰਦੇ ਹਨ। ਕੁਝ ਵਿਦਿਆਰਥੀ ਪੌਦਿਅਾਂ ਦੀ ਦੇਖਭਾਲ ਕਰਦੇ ਹਨ। ਉਹ ਸਵੱਛਤਾ ਦਾ ਵੀ ਧਿਆਨ ਰੱਖਦੇ ਹਨ। ਆਪਣਾ ਕੰਮ ਖਤਮ ਕਰਨ ਤੋਂ ਬਾਅਦ ਉਹ ਖ਼ੁਦ ਨੂੰ ਸਾਫ ਕਰਦੇ ਹਨ। ਕੁਝ ਤਾਂ ਨਹਾਉਣ ਲਈ ਆਪਣੇ ਘਰਾਂ ਨੂੰ ਵੀ ਵਾਪਸ ਚਲੇ ਜਾਂਦੇ ਹਨ। 
ਸਕੂਲ ਦੇ ਪ੍ਰਿੰਸੀਪਲ ਪ੍ਰਵੀਨ ਸੋਨਾਕੀਆ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਵੀ ਵਿਦਿਆਰਥੀਅਾਂ ਨੂੰ ਸਕੂਲ ਦੀ ਸਫਾਈ ਕਰਨ ਲਈ ਮਜਬੂਰ ਨਹੀਂ ਕੀਤਾ। ਉਨ੍ਹਾਂ ਨੂੰ ਆਪਣੇ ਆਪ ਪ੍ਰੇਰਨਾ ਮਿਲੀ ਹੈ। ਵਿਦਿਆਰਥੀਅਾਂ ਨੇ ਸਕੂਲ ਦੇ ਨਾਲ-ਨਾਲ ਪਿੰਡ ’ਚ ਵੀ ਸਫਾਈ ਦੀ ਮੁਹਿੰਮ ਸ਼ੁਰੂ ਕੀਤੀ ਹੈ।        


Related News