ਰਾਹੁਲ ਤੋ ਬੱਚਾ ਹੈ ਜੀ ਪਰ ਸੱਚਾ ਹੈ ਜੀ!''
Sunday, Jul 22, 2018 - 07:30 AM (IST)

'ਉਸ ਆਦਮੀ ਵਿਚ ਬੱਚਿਆਂ ਵਾਲੀਆਂ ਸਭ ਆਦਤਾਂ ਮੌਜੂਦ ਹਨ ਪਰ ਹਾਰ ਕੇ ਜਿੱਤਣ ਦਾ ਹੁਨਰ ਵੀ ਖੂਬ ਹੈ।' ਲੰਘੇ ਸ਼ੁੱਕਰਵਾਰ ਸੰਸਦ ਵਿਚ ਮੋਦੀ ਸਰਕਾਰ ਵਿਰੁੱਧ ਆਇਆ ਪਹਿਲਾ ਬੇਭਰੋਸਗੀ ਮਤਾ ਬੇਸ਼ੱਕ ਮੂਧੇ-ਮੂੰਹ ਡਿੱਗ ਗਿਆ ਹੋਵੇ ਪਰ ਪੂਰਾ ਦਿਨ ਚੱਲੇ ਇਸ ਸਿਆਸੀ ਡਰਾਮੇ ਨੇ ਕਈ ਤਲਖ਼ ਹਕੀਕਤਾਂ ਉਤੋਂ ਵੀ ਪਰਦਾ ਚੁੱਕ ਦਿੱਤਾ ਹੈ।
ਰਾਹੁਲ ਗਾਂਧੀ ਨੇ ਭਰੀ ਸੰਸਦ ਵਿਚ ਪ੍ਰਧਾਨ ਮੰਤਰੀ ਤੋਂ ਜੋ ਕੁਝ ਤਲਖ਼ ਸਵਾਲ ਪੁੱਛੇ, ਉਸ ਨੂੰ ਤੁਸੀਂ 2019 ਦੀਆਂ ਆਮ ਚੋਣਾਂ ਦਾ ਆਗ਼ਾਜ਼ ਮੰਨ ਸਕਦੇ ਹੋ ਅਤੇ ਇਸ ਗੱਲ ਦਾ ਖੁਲਾਸਾ ਵੀ ਕਿ ਵਿਰੋਧੀ ਧਿਰ ਕਿਹੜੇ ਮੁੱਦਿਆਂ ਨਾਲ ਚੋਣ ਮੈਦਾਨ ਵਿਚ ਉਤਰਨ ਵਾਲੀ ਹੈ। ਰਾਫੇਲ ਜਹਾਜ਼ਾਂ ਦੀ ਡੀਲ 'ਤੇ ਫਰਾਂਸ ਸਰਕਾਰ ਦਾ ਝੱਟ ਬਿਆਨ ਆ ਗਿਆ ਕਿ ਦੋਹਾਂ ਸਰਕਾਰਾਂ ਵਿਚਾਲੇ ਕੋਈ ਗੁਪਤ ਸਮਝੌਤਾ ਹੈ ਪਰ ਇਕ ਜਹਾਜ਼ ਦੀ ਕੀਮਤ ਕੀ ਸੱਚਮੁਚ 520 ਕਰੋੜ ਰੁਪਏ ਤੋਂ ਵਧ ਕੇ 1600 ਕਰੋੜ ਰੁਪਏ ਹੋ ਗਈ? ਸੱਤਾ ਪੱਖ ਵਲੋਂ ਇਸ ਗੱਲ ਦਾ ਕੋਈ ਢੁੱਕਵਾਂ ਜਵਾਬ ਨਹੀਂ ਆਇਆ।
ਹਰ ਸਾਲ 2 ਕਰੋੜ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਾਅਦੇ 'ਤੇ ਘੁਮਾ-ਫਿਰਾ ਕੇ ਲੱਗਭਗ ਇਕ ਕਰੋੜ ਰੋਜ਼ਗਾਰ ਦਿੱਤੇ ਜਾਣ ਦਾ ਗਣਿਤ ਦੱਸ ਗਏ ਪਰ ਇਹ ਹਿਸਾਬ ਵੀ ਇਕ ਸਾਲ ਦਾ ਸੀ, ਬਾਕੀ 3 ਵਰ੍ਹਿਆਂ ਦਾ ਹਿਸਾਬ ਉਹ ਗੋਲ ਕਰ ਗਏ। ਇਹ ਬੇਭਰੋਸਗੀ ਮਤਾ ਬੇਸ਼ੱਕ ਤੇਲਗੂਦੇਸ਼ਮ ਪਾਰਟੀ ਵਲੋਂ ਆਇਆ ਹੋਵੇ ਪਰ ਰਾਹੁਲ ਗਾਂਧੀ ਹੀ 'ਸੈਂਟਰ ਆਫ ਸਟੇਜ' ਰਹੇ। ਮੋਦੀ ਨੂੰ ਪਾਈ ਉਨ੍ਹਾਂ ਦੀ ਜੱਫੀ ਸੱਤਾ ਪੱਖ ਦੇ ਮੋਢੇ ਦਾ ਬੋਝ ਬਣ ਗਈ ਅਤੇ ਰਾਹੁਲ ਦੀ ਅੱਖ ਮਾਰਨ ਦੀ ਅਦਾ ਭਗਵਾ ਧੜੇ ਦੀਆਂ ਅੱਖਾਂ ਵਿਚ ਹੁਣ ਤਕ ਕਿਰਚ ਬਣ ਕੇ ਚੁੱਭ ਰਹੀ ਹੈ।
ਨਵਾਂ ਸੂਬਾ ਹੋਵੇਗਾ ਵਿਦਰਭ
'ਖਾਮੋਸ਼ੀਓਂ ਸੇ ਰਾਤ ਭਰ ਰਿਸ਼ਤੋਂ ਕੇ ਦਰਦ ਕੋ ਤਾਪਾ ਹੈ ਹਮਨੇ,
ਬੁਝਤੀ ਰਾਖੋਂ ਸੇ ਹੀ ਉਮੀਦੋਂ ਕੇ ਦੀਏ ਜਲਾਏ ਹੈਂ ਹਮਨੇ।'
ਕੀ ਛੇਤੀ ਹੀ ਵਿਦਰਭ ਦੇ ਰੂਪ ਵਿਚ ਇਕ ਨਵੇਂ ਸੂਬੇ ਦਾ ਸੁਪਨਾ ਸੱਚ ਹੋਵੇਗਾ? ਕਿਆਸ ਇਸ ਗੱਲ ਦੇ ਲਾਏ ਜਾ ਰਹੇ ਹਨ ਕਿ ਨਾਗਪੁਰ ਵਿਚ ਤੇਜ਼ੀ ਨਾਲ ਜਿਹੜੀਆਂ ਇਮਾਰਤਾਂ ਦੀ ਉਸਾਰੀ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਭਵਿੱਖ ਵਿਚ ਇਹ ਵਿਦਰਭ ਦਾ ਸਕੱਤਰੇਤ ਹੋ ਸਕਦਾ ਹੈ। ਇਸ ਗੱਲ ਦੀ ਘੁਸਰ-ਮੁਸਰ ਤੇਜ਼ ਹੈ ਕਿ ਮਹਾਰਾਸ਼ਟਰ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਐਨ ਪਹਿਲਾਂ ਕੇਂਦਰ ਸਰਕਾਰ ਨਵੇਂ ਵਿਦਰਭ ਸੂਬੇ ਦਾ ਫਰਮਾਨ ਜਾਰੀ ਕਰ ਸਕਦੀ ਹੈ।
ਯਾਦ ਰਹੇ ਕਿ 1985 ਤਕ ਕਾਂਗਰਸ ਅੰਦਰ ਇਕ ਵਿਦਰਭ ਕਾਂਗਰਸ ਕਮੇਟੀ ਹੁੰਦੀ ਸੀ, ਜਿਸ ਨੂੰ ਬਾਅਦ ਵਿਚ ਭੰਗ ਕਰ ਦਿੱਤਾ ਗਿਆ। ਪਿਛਲੇ ਦਿਨੀਂ ਵਿਦਰਭ ਕਾਂਗਰਸ ਦੇ ਕਈ ਅਹਿਮ ਨੇਤਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲੇ। ਸਮਝਿਆ ਜਾਂਦਾ ਹੈ ਕਿ ਇਨ੍ਹਾਂ ਨੇਤਾਵਾਂ ਨੇ ਰਾਹੁਲ ਨੂੰ ਕਿਹਾ ਹੈ ਕਿ ਵਿਦਰਭ ਦੇ ਸੰਦਰਭ ਵਿਚ ਛੇਤੀ ਇਸ ਗੱਲ ਦਾ ਨੋਟਿਸ ਨਾ ਲਿਆ ਗਿਆ ਤਾਂ ਉਨ੍ਹਾਂ ਦੀ ਹਾਲਤ ਵੀ ਤੇਲੰਗਾਨਾ ਵਰਗੀ ਹੋ ਜਾਵੇਗੀ। ਰਾਹੁਲ ਗਾਂਧੀ ਨੇ ਝੱਟ ਆਪਣੇ ਵਫ਼ਾਦਾਰ ਅਸ਼ੋਕ ਗਹਿਲੋਤ ਨੂੰ ਇਹ ਜ਼ਿੰਮੇਵਾਰੀ ਸੌਂਪ ਦਿੱਤੀ ਹੈ ਕਿ ਉਹ ਛੇਤੀ ਤੋਂ ਛੇਤੀ ਇਕ ਕਮੇਟੀ ਕਾਇਮ ਕਰਨ ਤਾਂ ਕਿ ਵਿਦਰਭ ਵਿਚ ਕਾਂਗਰਸ ਦਾ ਝੰਡਾ ਬੁਲੰਦ ਹੋ ਸਕੇ।
ਵਸੁੰਧਰਾ ਤੋਂ ਘਬਰਾਈ ਸ਼ਾਹ ਸਲਤਨਤ
'ਪਾਂਚ ਸਾਲੋਂ ਸੇ ਜਬ ਖੁਸ਼ਨਸੀਬੀ ਨੇ ਮੂੰਹ ਫੇਰਾ ਹੂਆ ਹੈ,
ਅਬ ਢੂੰਢ ਕਰ ਸੂਰਜ ਕੋ ਲਾਏ ਹੈਂ, ਜਬ ਸਵੇਰਾ ਹੂਆ ਹੈ।'
ਭਾਜਪਾ ਸੰਗਠਨ ਦੀ ਰਿਪੋਰਟ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀਆਂ ਚੋਣਾਂ ਨੂੰ ਲੈ ਕੇ ਬਹੁਤਾ ਉਤਸ਼ਾਹ ਪੈਦਾ ਕਰਨ ਵਾਲੀ ਨਹੀਂ ਹੈ ਕਿਉਂਕਿ ਭਾਜਪਾ ਹਾਈਕਮਾਨ ਨੇ ਤੈਅ ਕੀਤਾ ਹੈ ਕਿ ਮੱਧ ਪ੍ਰਦੇਸ਼ ਤੋਂ ਸਰਕਾਰ ਵਿਰੁੱਧ ਐਂਟੀ ਇਨਕੰਬੈਂਸੀ ਨੂੰ ਦੇਖਦਿਆਂ ਉਥੋਂ ਦੇ 75 ਫੀਸਦੀ ਸਾਬਕਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਜਾਣ ਅਤੇ ਬਦਲੇ ਵਿਚ ਨਵੇਂ ਚਿਹਰਿਆਂ ਨੂੰ ਮੈਦਾਨ 'ਚ ਉਤਾਰਿਆ ਜਾਵੇ।
ਰਾਜਸਥਾਨ ਵਿਚ ਵੀ ਲੱਗਭਗ ਇਹੋ ਹਾਲਤ ਹੈ ਪਰ ਭਗਵਾ ਹਾਈਕਮਾਨ ਉਥੇ ਵਸੁੰਧਰਾ ਰਾਜੇ ਨੂੰ ਨਹੀਂ ਛੇੜਨਾ ਚਾਹੁੰਦੀ ਕਿਉਂਕਿ ਉਨ੍ਹਾਂ ਦੇ ਤੇਵਰ ਪਹਿਲਾਂ ਹੀ ਤਿੱਖੇ ਹਨ। ਵਸੁੰਧਰਾ ਨੂੰ ਜ਼ਿਆਦਾ ਛੇੜਿਆ ਗਿਆ ਤਾਂ ਉਹ ਆਪਣੀ ਨਵੀਂ ਪਾਰਟੀ ਬਣਾਉਣ ਦੀ ਪਹਿਲ ਕਰ ਸਕਦੀ ਹੈ।
ਉਥੇ ਸੂਬਾ ਸੰਗਠਨ ਵਿਚ ਵੀ ਕਾਫੀ ਖਿੱਚੋਤਾਣ ਚੱਲ ਰਹੀ ਹੈ, ਸੋ ਸ਼ਾਹ ਸਲਤਨਤ ਨੇ ਤੈਅ ਕੀਤਾ ਹੈ ਕਿ ਰਾਜਸਥਾਨ ਦੀ ਚੋਣ ਬੇਸ਼ੱਕ ਵਸੁੰਧਰਾ ਦੀ ਅਗਵਾਈ ਹੇਠ ਲੜੀ ਜਾਵੇਗੀ ਪਰ ਚੋਣ ਮੈਨੇਜਮੈਂਟ ਦਿੱਲੀ ਦੀ ਹੋਵੇਗੀ, ਜਿਸ ਨਾਲ ਤਾਲਮੇਲ ਕਰ ਕੇ ਹੀ ਵਸੁੰਧਰਾ ਨੂੰ ਆਪਣਾ ਹਰੇਕ ਫੈਸਲਾ ਲੈਣਾ ਪਵੇਗਾ।
ਅਕਸ਼ੈ ਕੁਮਾਰ ਦੀ ਭਾਰੀ ਮੰਗ
ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਇਕ ਨਵੇਂ ਭਗਵਾ ਅਵਤਾਰ ਵਿਚ ਨਜ਼ਰ ਆ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਅਕਸ਼ੈ ਸਮੇਤ ਕਈ ਹੋਰ ਬਾਲੀਵੁੱਡ ਸਟਾਰ ਵੀ ਭਾਜਪਾ ਲੀਡਰਸ਼ਿਪ ਦੇ ਲਗਾਤਾਰ ਸੰਪਰਕ ਵਿਚ ਹਨ ਤੇ ਉਨ੍ਹਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿਚ ਮੈਦਾਨ 'ਚ ਉਤਾਰਿਆ ਜਾ ਸਕਦਾ ਹੈ। ਸਭ ਨੂੰ ਉਮੀਦ ਸੀ ਕਿ ਮੋਦੀ ਸਰਕਾਰ ਇਸ ਵਾਰ 'ਖਿਲਾੜੀ ਕੁਮਾਰ' ਨੂੰ ਰਾਜ ਸਭਾ ਵਿਚ ਨਾਮਜ਼ਦ ਕਰੇਗੀ ਪਰ ਅਜਿਹਾ ਹੋਇਆ ਨਹੀਂ। ਹੁਣ ਕਿਹਾ ਜਾ ਰਿਹਾ ਹੈ ਕਿ ਅਕਸ਼ੈ ਨੂੰ ਅੰਮ੍ਰਿਤਸਰ ਜਾਂ ਗੁਰਦਾਸਪੁਰ ਤੋਂ ਚੋਣ ਲੜਵਾਈ ਜਾ ਸਕਦੀ ਹੈ।
ਦੂਜੇ ਪਾਸੇ ਦਿੱਲੀ ਭਾਜਪਾ ਦੀ ਮੰਗ ਇਹ ਦੱਸੀ ਜਾ ਰਹੀ ਹੈ ਕਿ ਅਕਸ਼ੈ ਕੁਮਾਰ ਦਿੱਲੀ ਦੀ ਚਾਂਦਨੀ ਚੌਕ ਸੀਟ ਜਾਂ ਫਿਰ ਨਵੀਂ ਦਿੱਲੀ ਤੋਂ ਚੋਣ ਮੈਦਾਨ ਵਿਚ ਉਤਰਨ।
ਮਨੋਜ ਤਿਵਾੜੀ ਨੂੰ ਬਿਹਾਰ ਦੇ ਬਕਸਰ ਭੇਜੇ ਜਾਣ ਦੀ ਤਿਆਰੀ ਹੈ। ਉਹ ਇਸ ਲਈ ਕਿ ਤਿਵਾੜੀ ਦੀ ਉੱਤਰ-ਪੂਰਬੀ ਦਿੱਲੀ ਸੀਟ ਤੋਂ ਇਸ ਵਾਰ 'ਆਪ' ਦੀ ਟਿਕਟ 'ਤੇ ਸ਼ਤਰੂਘਨ ਸਿਨ੍ਹਾ ਚੋਣ ਲੜ ਸਕਦੇ ਹਨ। ਕ੍ਰਿਕਟਰ ਕਪਿਲ ਦੇਵ ਨੂੰ ਵੀ ਭਾਜਪਾ ਚੰਡੀਗੜ੍ਹ ਤੋਂ ਚੋਣ ਮੈਦਾਨ ਵਿਚ ਉਤਾਰਨਾ ਚਾਹੁੰਦੀ ਹੈ। ਇਸੇ ਤਰ੍ਹਾਂ ਗਲੈਮਰ ਅਤੇ ਖੇਡ ਜਗਤ ਨਾਲ ਜੁੜੇ ਕਈ ਹੋਰ ਚਿਹਰਿਆਂ 'ਤੇ ਭਗਵਾ ਦਾਅ ਲੱਗ ਸਕਦਾ ਹੈ।
ਨਹੀਂ ਮੰਨੇ ਨਾਇਡੂ
'ਰਿਸ਼ਤੋਂ ਕੇ ਸਫਰ ਮੇਂ ਜ਼ਰਾ ਸੰਭਲ ਕੇ ਚਲਾ ਕਰੀਏ,
ਨਾ ਜਾਨੇ ਕਿਸ ਮੋੜ ਪਰ ਕੌਨ ਦਗ਼ਾ ਦੇ ਜਾਏ।'
ਸੰਸਦ ਵਿਚ ਬੇਭਰੋਸਗੀ ਮਤਾ ਆਉਣ ਤੋਂ ਠੀਕ ਇਕ ਦਿਨ ਪਹਿਲਾਂ ਗੁਲਾਮ ਨਬੀ ਆਜ਼ਾਦ ਨੇ ਕਾਂਗਰਸ ਦੀਆਂ ਚਿੰਤਾਵਾਂ ਤੋਂ ਸੀ. ਪੀ. ਐੱਮ. ਦੇ ਨੇਤਾ ਮੁਹੰਮਦ ਸਲੀਮ ਨੂੰ ਜਾਣੂ ਕਰਵਾਉਂਦਿਆਂ ਉਨ੍ਹਾਂ ਨੂੰ ਗੁਜ਼ਾਰਿਸ਼ ਕੀਤੀ ਕਿ ਉਹ ਤੇਲਗੂਦੇਸ਼ਮ ਪਾਰਟੀ ਦੇ ਨੇਤਾ ਨਾਲ ਗੱਲ ਕਰਨ ਕਿ ਇਹ ਮਸਲਾ ਆਂਧਰਾ ਪ੍ਰਦੇਸ਼ ਦੇ ਨਿੱਜੀ ਮਸਲਿਆਂ ਤਕ ਹੀ ਸੀਮਤ ਨਾ ਰਹੇ, ਸਗੋਂ ਲੋਕਾਂ ਸਾਹਮਣੇ ਮੋਦੀ ਸਰਕਾਰ ਦੀਆਂ ਅਸਫਲਤਾ ਦੀ ਪੋਲ ਵੀ ਖੋਲ੍ਹੀ ਜਾਵੇ। ਇਸ ਦੇ ਲਈ ਜ਼ਰੂਰੀ ਹੈ ਕਿ ਸਾਂਝੀ ਵਿਰੋਧੀ ਧਿਰ ਦੇ ਮੁੱਦਿਆਂ ਨੂੰ ਤੇਦੇਪਾ ਨੇਤਾ ਆਪਣੇ ਭਾਸ਼ਣ ਵਿਚ ਜਗ੍ਹਾ ਦੇਣ।
ਇਸ ਨੂੰ ਲੈ ਕੇ ਮੁਹੰਮਦ ਸਲੀਮ ਨੇ ਤੇਦੇਪਾ ਨੇਤਾ ਸ਼੍ਰੀਨਿਵਾਸ ਨਾਲ ਗੱਲ ਕੀਤੀ ਤੇ ਦੱਸਿਆ ਜਾਂਦਾ ਹੈ ਕਿ ਸ਼੍ਰੀਨਿਵਾਸ ਨੇ ਇਹ ਭਾਵਨਾ ਪਾਰਟੀ ਆਗੂ ਚੰਦਰਬਾਬੂ ਨਾਇਡੂ ਤਕ ਪਹੁੰਚਾ ਦਿੱਤੀ ਪਰ ਨਾਇਡੂ ਇਸ ਗੱਲ 'ਤੇ ਡਟੇ ਰਹੇ ਕਿ ਐੱਨ. ਡੀ. ਏ. ਸਰਕਾਰ ਨੇ ਉਨ੍ਹਾਂ ਦੇ ਸੂਬੇ ਨਾਲ ਜੋ ਬੇਇਨਸਾਫੀ ਕੀਤੀ ਹੈ, ਉਸ ਬਾਰੇ ਦੇਸ਼ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ। ਫਿਰ ਸ਼ੁੱਕਰਵਾਰ ਨੂੰ ਜੋ ਕੁਝ ਹੋਇਆ, ਉਹ ਸਭ ਦੇ ਸਾਹਮਣੇ ਹੈ।
ਯੂ. ਪੀ. 'ਚ ਸ਼ਿਵ ਸੈਨਾ ਦੇ ਉਮੀਦਵਾਰ
ਸ਼ਿਵ ਸੈਨਾ ਨੇ ਸੰਸਦ ਵਿਚ ਆਪਣੇ ਚੀਫ ਵ੍ਹਿਪ ਚੰਦਰਕਾਂਤ ਖੈਰੇ ਨੂੰ ਬੇਭਰੋਸਗੀ ਮਤੇ ਦਾ ਸਮਰਥਨ ਕਰਨ ਲਈ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਅਸਲ ਵਿਚ ਖੈਰੇ ਨੇ ਆਪਣੇ ਨੇਤਾ ਊਧਵ ਠਾਕਰੇ ਨਾਲ ਗੱਲ ਕੀਤੇ ਬਿਨਾਂ ਪਾਰਟੀ ਦੇ ਸੰਸਦ ਮੈਂਬਰਾਂ ਨੂੰ ਬੇਭਰੋਸਗੀ ਮਤੇ ਦਾ ਸਮਰਥਨ ਕਰਨ ਦਾ ਵ੍ਹਿਪ ਜਾਰੀ ਕਰ ਦਿੱਤਾ। ਊਧਵ ਅਤੇ ਸੰਜੇ ਰਾਊਤ ਵ੍ਹਿਪ ਦੀ ਉਸ ਭਾਸ਼ਾ ਨੂੰ ਲੈ ਕੇ ਵੀ ਹੈਰਾਨ ਸਨ, ਜੋ ਸ਼ੁੱਧ ਹਿੰਦੀ ਵਿਚ ਲਿਖੀ ਗਈ ਸੀ, ਨਹੀਂ ਤਾਂ ਆਮ ਤੌਰ 'ਤੇ ਸ਼ਿਵ ਸੈਨਾ ਦੇ ਸਾਰੇ ਚਿੱਠੀ-ਪੱਤਰ ਮਰਾਠੀ ਭਾਸ਼ਾ 'ਚ ਹੁੰਦੇ ਹਨ।
ਊਧਵ ਦਾ ਮੰਨਣਾ ਹੈ ਕਿ ਸਰਕਾਰ ਵਿਚ ਰਹਿ ਕੇ ਹੀ ਭਾਜਪਾ ਨੂੰ ਮਹਾਰਾਸ਼ਟਰ ਵਿਚ ਹਰਾਇਆ ਜਾ ਸਕਦਾ ਹੈ ਅਤੇ ਭਾਜਪਾ ਨਾਲ ਜ਼ਿਆਦਾ ਪੰਗਾ ਲੈਣਾ ਠੀਕ ਨਹੀਂ ਕਿਉਂਕਿ ਬੀ. ਐੱਮ. ਸੀ. ਵਿਚ ਸ਼ਿਵ ਸੈਨਾ ਦੇ ਮੇਅਰ ਨੂੰ ਭਾਜਪਾ ਦੇ ਸਮਰਥਨ ਦੀ ਲੋੜ ਹੈ ਅਤੇ ਮੁੰਬਈ ਵਿਚ ਬੀ. ਐੱਮ. ਸੀ. ਦੇ ਬਿਨਾਂ ਸ਼ਿਵ ਸੈਨਾ ਦੀ ਕੀ ਹੋਂਦ?
ਲਿਹਾਜ਼ਾ ਭਾਜਪਾ ਨੂੰ ਸਿਆਸੀ ਸਬਕ ਸਿਖਾਉਣ ਦੇ ਇਰਾਦੇ ਨਾਲ ਸ਼ਿਵ ਸੈਨਾ ਹੁਣ ਯੂ. ਪੀ. ਦੀਆਂ ਚੋਣਾਂ 'ਤੇ ਫੋਕਸ ਕਰ ਰਹੀ ਹੈ ਅਤੇ ਇਸ ਗੱਲ ਦੀ ਤਿਆਰੀ ਵਿਚ ਲੱਗੀ ਹੋਈ ਹੈ ਕਿ ਯੂ. ਪੀ. ਵਿਚ ਭਾਜਪਾ ਦੀਆਂ ਹਿੰਦੂ ਵੋਟਾਂ 'ਚ ਸੰਨ੍ਹ ਲਾਉਣ ਲਈ ਹੁਣ ਉਥੇ ਸ਼ਿਵ ਸੈਨਾ ਵੀ ਚੋਣਾਂ ਵਿਚ ਆਪਣੇ ਉਮੀਦਵਾਰ ਉਤਾਰੇਗੀ।
ਪ੍ਰੋਫੈਸਰ ਦੀ ਕਲਾਸ 'ਚੋਂ ਅਖਿਲੇਸ਼ ਗ਼ੈਰ-ਹਾਜ਼ਰ
ਇਨ੍ਹੀਂ ਦਿਨੀਂ ਪ੍ਰੋ. ਰਾਮਗੋਪਾਲ ਯਾਦਵ ਕੁਝ ਪ੍ਰੇਸ਼ਾਨ ਹਨ ਕਿ ਅਖਿਲੇਸ਼ ਹੁਣ ਉਨ੍ਹਾਂ ਦੀ ਹਰ ਗੱਲ ਨਹੀਂ ਮੰਨਦੇ। ਲੋਕ ਸਭਾ ਵਿਚ ਬੇਭਰੋਸਗੀ ਮਤੇ 'ਤੇ ਰਾਏ ਲੈਣ ਲਈ ਇਕ ਚੈਨਲ ਦੇ ਰਿਪੋਰਟਰ ਨੇ ਪ੍ਰੋ. ਯਾਦਵ ਨੂੰ ਛੇੜ ਦਿੱਤਾ ਤੇ ਉਨ੍ਹਾਂ ਨੂੰ ਪੁੱਛ ਲਿਆ ਕਿ ਸੰਸਦ ਵਿਚ ਇਸ 'ਤੇ ਉਨ੍ਹਾਂ ਦੀ ਪਾਰਟੀ ਦਾ ਕੀ ਰੁਖ਼ ਹੋਵੇਗਾ? ਇੰਨੀ ਗੱਲ 'ਤੇ ਪ੍ਰੋ. ਯਾਦਵ ਭੜਕ ਉੱਠੇ ਤੇ ਉਨ੍ਹਾਂ ਨੇ ਰਿਪੋਰਟਰ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ।
ਅਸਲ ਵਿਚ ਪ੍ਰੋ. ਯਾਦਵ ਨੇ ਇਸ ਤੋਂ ਪਹਿਲਾਂ ਅਖਿਲੇਸ਼ ਨੂੰ ਫੋਨ ਕਰ ਕੇ ਕਿਹਾ ਸੀ ਕਿ ''ਬੇਭਰੋਸਗੀ ਮਤੇ ਦਾ ਨਾ ਤਾਂ ਸਾਨੂੰ ਸਮਰਥਨ ਕਰਨਾ ਚਾਹੀਦਾ ਹੈ ਤੇ ਨਾ ਵਿਰੋਧ, ਇਸ ਲਈ ਸਾਡੇ ਸੰਸਦ ਮੈਂਬਰ ਸ਼ੁੱਕਰਵਾਰ ਨੂੰ ਸੰਸਦ ਤੋਂ ਗੈਰ-ਹਾਜ਼ਰ ਰਹਿਣਗੇ।'' ਪਰ ਅਖਿਲੇਸ਼ ਮੰਨੇ ਨਹੀਂ। ਅਖਿਲੇਸ਼ ਦਾ ਕਹਿਣਾ ਸੀ ਕਿ ਵਿਰੋਧੀ ਧਿਰ ਦੀ ਏਕਤਾ ਦੇ ਸਵਾਲ 'ਤੇ ਇਹ ਪਹਿਲਾ ਕਦਮ ਹੈ, ਸਪਾ ਇਸ ਏਕੇ ਨਾਲ ਦਗ਼ਾ ਨਹੀਂ ਕਰ ਸਕਦੀ।
...ਅਤੇ ਆਖਿਰ 'ਚ
ਕਾਂਗਰਸ ਦੀ ਮੁੱਖ ਧਾਰਾ ਵਾਲੀ ਸਿਆਸਤ 'ਚੋਂ ਭੁਲਾ ਦਿੱਤੇ ਗਏ ਸਲਮਾਨ ਖੁਰਸ਼ੀਦ ਹੁਣ ਕਾਂਗਰਸ ਵਿਚ ਮੁਸਲਿਮ ਸਿਆਸਤ ਦੇ ਨਵੇਂ ਰਹਿਨੁਮਾ ਵਜੋਂ ਉੱਭਰਨਾ ਚਾਹੁੰਦੇ ਹਨ। ਇਸੇ ਲਈ ਪਿਛਲੇ ਦਿਨੀਂ ਉਨ੍ਹਾਂ ਨੇ ਮੁਸਲਿਮ ਬੁੱਧੀਜੀਵੀਆਂ ਦੇ ਇਕ ਸਮੂਹ ਨਾਲ ਰਾਹੁਲ ਗਾਂਧੀ ਦੀ ਮੁਲਾਕਾਤ ਕਰਵਾਈ ਪਰ ਉਸ ਸਮੂਹ ਵਿਚ ਕਾਂਗਰਸ ਨਾਲ ਹਮਦਰਦੀ ਰੱਖਣ ਵਾਲੇ ਕਈ ਕੱਦਾਵਰ ਚਿਹਰੇ ਸ਼ਾਮਿਲ ਨਹੀਂ ਸਨ, ਜਿਵੇਂ ਜੇ. ਐੱਨ. ਯੂ. ਦੀ ਚਰਚਿਤ ਪ੍ਰੋਫੈਸਰ ਜ਼ੋਇਆ ਹਸਨ, ਜਿਨ੍ਹਾਂ ਦਾ ਸਾਫ ਤੌਰ 'ਤੇ ਮੰਨਣਾ ਸੀ ਕਿ ਬੁੱਧੀਜੀਵੀਆਂ ਦੀ ਕੋਈ ਜਾਤ ਨਹੀਂ ਹੁੰਦੀ, ਇਸ ਨੂੰ ਹਿੰਦੂ-ਮੁਸਲਿਮ ਰੰਗ ਦੇਣਾ ਫਜ਼ੂਲ ਗੱਲ ਹੈ।
ਸੋ ਰਾਹੁਲ ਗਾਂਧੀ ਨੂੰ ਮਿਲਣ ਵਾਲਿਆਂ ਵਿਚ ਜਿੰਨੇ ਵੀ ਬੁੱਧੀਜੀਵੀ ਸ਼ਾਮਿਲ ਸਨ, ਉਹ ਕਿਤੇ ਨਾ ਕਿਤੇ ਸਲਮਾਨ ਦੇ ਨੇੜਲੇ ਸਨ ਅਤੇ ਸਲਮਾਨ ਖੁਰਸ਼ੀਦ ਨੇ ਉਨ੍ਹਾਂ ਨੂੰ ਇਕ ਦਿਨ ਪਹਿਲਾਂ ਆਪਣੇ ਘਰ ਰਾਤ ਦੇ ਖਾਣੇ 'ਤੇ ਵੀ ਸੱਦਿਆ ਸੀ।