ਪ੍ਰਧਾਨ ਮੰਤਰੀ ਦਾ ਅਹੁਦਾ ਹਾਸਿਲ ਕਰਨ ਲਈ ਰਾਹੁਲ ਨੂੰ ਕਿਤੇ ਜ਼ਿਆਦਾ ਮਿਹਨਤ ਕਰਨੀ ਪਵੇਗੀ

Sunday, Jul 29, 2018 - 05:52 AM (IST)

ਪ੍ਰਧਾਨ ਮੰਤਰੀ ਦਾ ਅਹੁਦਾ ਹਾਸਿਲ ਕਰਨ ਲਈ ਰਾਹੁਲ ਨੂੰ ਕਿਤੇ ਜ਼ਿਆਦਾ ਮਿਹਨਤ ਕਰਨੀ ਪਵੇਗੀ

ਠੀਕ ਹੈ, ਮੰਨ ਲਿਆ ਕਿ ਰਾਹੁਲ ਗਾਂਧੀ ਵਿਚ ਭਰੋਸਾ ਪੈਦਾ ਹੋ ਗਿਆ ਹੈ ਅਤੇ ਹੁਣ ਉਹ ਮੰਚ 'ਤੇ ਬੋਲਣ ਤੋਂ ਨਹੀਂ ਡਰਦੇ। ਅਜਿਹਾ ਲੱਗਦਾ ਹੈ ਕਿ ਬੇਭਰੋਸਗੀ ਮਤੇ 'ਤੇ ਪਿਛਲੇ ਦਿਨੀਂ ਹੋਈ ਚਰਚਾ ਦੌਰਾਨ ਲੋਕ ਸਭਾ ਵਿਚ ਉਨ੍ਹਾਂ ਦੇ 50 ਮਿੰਟਾਂ ਦੇ ਭਾਸ਼ਣ ਨੇ ਉਨ੍ਹਾਂ ਦੇ ਸਮਰਥਕਾਂ ਨੂੰ ਆਸਵੰਦ ਕਰ ਦਿੱਤਾ ਕਿ ਆਖਿਰ ਗਾਂਧੀ ਪਰਿਵਾਰ ਦੇ ਉੱਤਰਾਧਿਕਾਰੀ ਨੂੰ ਬਿਆਨਬਾਜ਼ੀ ਦੀ ਘੱਟੋ-ਘੱਟ ਜ਼ਰੂਰੀ ਕੁਸ਼ਲਤਾ ਤਾਂ ਮਿਲੀ, ਹਾਲਾਂਕਿ ਉਨ੍ਹਾਂ ਦੀ ਕਾਰਗੁਜ਼ਾਰੀ ਮੁਸ਼ਕਿਲ ਨਾਲ ਕਾਲਜ ਗ੍ਰੇਡ ਦੀ ਸੀ। 
ਇਕ ਸਿਆਸਤਦਾਨ, ਜਿਸ ਵਿਚ ਲੋਕਾਂ ਸਾਹਮਣੇ ਬੋਲਣ ਦਾ ਹੁਨਰ ਨਾ ਹੋਵੇ, ਉਹ ਵੀ ਪ੍ਰਧਾਨ ਮੰਤਰੀ ਬਣ ਸਕਦਾ ਹੈ, ਜਿਵੇਂ ਕਿ ਮਨਮੋਹਨ ਸਿੰਘ ਪਰ ਉਹ ਆਪਣੇ ਬਲਬੂਤੇ 'ਤੇ ਉਸ ਅਹੁਦੇ ਨੂੰ ਹਾਸਿਲ ਕਰਨ ਦੀ ਉਮੀਦ ਨਹੀਂ ਕਰ ਸਕਦਾ। ਲੋਕਾਂ ਸਾਹਮਣੇ ਬੋਲਣਾ 'ਪ੍ਰਸਨੈਲਿਟੀ ਪੈਕੇਜ' ਦਾ ਸਿਰਫ ਇਕ ਹਿੱਸਾ ਹੈ, ਜਿਸ ਦੀ ਇਕ 'ਨੇਤਾ' ਬਣਨ ਲਈ ਜ਼ਰੂਰਤ ਹੁੰਦੀ ਹੈ। ਸਿਆਸਤ ਵਿਚ ਸੰਦੇਸ਼ ਵਾਹਕ, ਸੰਦੇਸ਼ ਅਤੇ ਇਸ ਨੂੰ ਅੱਗੇ ਕਿਵੇਂ ਪਹੁੰਚਾਇਆ ਗਿਆ—ਇਹ ਸਭ ਅਹਿਮ ਹੁੰਦਾ ਹੈ। 
ਇਕ ਖੰਡਿਤ ਸਿਆਸਤ ਵਿਚ ਸਰਵਉੱਚ ਕਾਰਜਕਾਰੀ ਅਹੁਦਾ ਹਾਸਿਲ ਕਰਨ ਲਈ ਬਹੁਤ ਕੁਝ ਕਰਨਾ ਪੈਂਦਾ ਹੈ। ਪ੍ਰਧਾਨ ਮੰਤਰੀ ਦਾ ਅਹਦਾ ਹਾਸਿਲ ਕਰਨ ਦੇ ਸਮਰੱਥ ਬਣਨ ਲਈ ਰਾਹੁਲ ਗਾਂਧੀ ਨੂੰ ਕਿਤੇ ਜ਼ਿਆਦਾ ਮਿਹਨਤ ਕਰਨੀ ਪਵੇਗੀ ਤੇ ਉਹ ਵੀ ਕਾਫੀ ਲੰਮੇ ਸਮੇਂ ਤਕ, ਹਾਲਾਂਕਿ ਨਵੇਂ ਅਤੇ ਪੁਰਾਣੇ ਲੋਕਾਂ ਨਾਲ ਬਣੀ ਨਵੀਂ ਕਾਂਗਰਸ ਕਾਰਜ ਕਮੇਟੀ ਨੇ ਉਨ੍ਹਾਂ ਦੀ ਹੀ ਪ੍ਰਧਾਨਗੀ ਹੇਠ ਆਪਣੀ ਪਹਿਲੀ ਮੀਟਿੰਗ ਵਿਚ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਨਿਯੁਕਤ ਕਰ ਦਿੱਤਾ।
ਬਹੁਤ ਸਾਰੇ ਲੋਕਾਂ ਨੇ ਇਸ 'ਤੇ ਗੌਰ ਨਹੀਂ ਕੀਤਾ ਹੋਵੇਗਾ ਕਿ ਕਾਂਗਰਸ ਕਾਰਜ ਕਮੇਟੀ ਵਲੋਂ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਨ ਲਈ ਤਿਆਰ ਐਲਾਨਣ ਤੋਂ ਇਕ ਦਿਨ ਬਾਅਦ ਪਾਰਟੀ ਨੂੰ ਆਪਣੇ ਕਦਮ ਪਿਛਾਂਹ ਖਿੱਚਣੇ ਪਏ ਕਿਉਂਕਿ ਮਮਤਾ ਬੈਨਰਜੀ ਨੇ ਸੰਘੀ ਮੋਰਚੇ ਦੀ ਅਗਵਾਈ ਕਰਨ ਸਬੰਧੀ ਆਪਣੇ ਇਰਾਦਿਆਂ ਦਾ ਐਲਾਨ ਕਰ ਦਿੱਤਾ ਅਤੇ ਪਿੱਛੇ ਨਾ ਰਹਿੰਦਿਆਂ ਬਸਪਾ ਸੁਪਰੀਮੋ ਮਾਇਆਵਤੀ ਨੇ ਵੀ ਆਪਣੀਆਂ ਇੱਛਾਵਾਂ ਦੁਹਰਾਅ ਦਿੱਤੀਆਂ। 
ਹੁਣ ਕਾਂਗਰਸ ਫਿਰ ਉਸੇ ਰਾਗ 'ਤੇ ਪਰਤ ਆਈ ਹੈ ਕਿ ਪ੍ਰਮੁੱਖ ਪਹਿਲ ਤਾਂ ਮੋਦੀ ਨੂੰ ਹਟਾਉਣਾ ਹੈ। ਹਾਲਾਂਕਿ ਅਜਿਹੇ ਨਾਂਹ-ਪੱਖੀ ਨਜ਼ਰੀਏ ਨਾਲ ਸਮੱਸਿਆ ਇਹ ਹੈ ਕਿ ਇਹ ਗੱਲ ਕਿਸੇ ਨੂੰ ਵੀ ਪ੍ਰਭਾਵਿਤ ਨਹੀਂ ਕਰਦੀ। 
1971 ਦੇ ਜੇਤੂ ਨਾਅਰੇ ਨੂੰ ਯਾਦ ਕਰਦੇ ਹਾਂ, ਜੋ ਇਸ ਤਰ੍ਹਾਂ ਸੀ, ''ਉਹ ਕਹਿੰਦੇ ਹਨ ਇੰਦਰਾ ਹਟਾਓ, ਮੈਂ ਕਹਿੰਦੀ ਹਾਂ ਗਰੀਬੀ ਹਟਾਓ।'' ਅਸਲ ਵਿਚ ਉਸ ਨਾਅਰੇ 'ਤੇ ਅਮਲ ਕਰਨ ਲਈ ਸ਼ਾਇਦ ਹੀ ਕੁਝ ਕੀਤਾ ਗਿਆ ਹੋਵੇ ਪਰ ਪਿਛਲੇ 4 ਸਾਲਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਰੀਬਾਂ ਦੇ ਬੂਹੇ ਤਕ ਰਾਹਤ ਲਿਜਾਣ ਵਿਚ ਜੁਟੇ ਹੋਏ ਹਨ। ਪਹਿਲੀ ਵਾਰ ਇਕ ਕੇਂਦਰ ਸਰਕਾਰ ਵੱਖ-ਵੱਖ ਯੋਜਨਾਵਾਂ ਅਤੇ ਪ੍ਰੋਗਰਾਮਾਂ ਦਾ ਐਲਾਨ ਕਰ ਸਕਦੀ ਹੈ, ਜੋ ਅਸਲ ਵਿਚ ਸਹੂਲਤਾਂ ਤੋਂ ਵਾਂਝੇ ਲੋਕਾਂ ਨੂੰ ਬੁਨਿਆਦੀ ਸੇਵਾਵਾਂ/ਸਹੂਲਤਾਂ ਮੁਹੱਈਆ ਕਰਵਾਉਂਦੇ ਹਨ। 
ਬੈਂਕਾਂ ਦਾ ਕੌਮੀਕਰਨ ਇਕ ਮਹਿੰਗਾ ਹੱਥਕੰਡਾ ਸੀ, ਜਿਸ ਨੇ ਗਰੀਬਾਂ ਤੋਂ ਸਿਰਫ ਉਨ੍ਹਾਂ ਦੀਆਂ ਵੋਟਾਂ ਹੀ ਖੋਹੀਆਂ। ਮੋਦੀ ਗਰੀਬਾਂ ਨੂੰ ਰਾਹਤ ਦੇਣ ਅਤੇ ਉਨ੍ਹਾਂ ਦੀ ਭਲਾਈ ਲਈ ਟੁੱਟੀਆਂ ਕੜੀਆਂ ਜੋੜ ਰਹੇ ਹਨ, ਇਸ ਲਈ ਇਕ ਹਾਂ-ਪੱਖੀ ਸੰਦੇਸ਼ ਤੋਂ ਬਿਨਾਂ ਸਿਰਫ ਬੋਲਣ ਦੀ ਕੁਸ਼ਲਤਾ ਹੀ ਰਾਹੁਲ ਨੂੰ ਅੱਗੇ ਨਹੀਂ ਲਿਜਾ ਸਕਦੀ। 
ਲੋਕ ਸਭਾ ਵਿਚ ਉਨ੍ਹਾਂ ਦੀ 'ਕਾਰਗੁਜ਼ਾਰੀ' ਤੋਂ ਕੁਝ ਦਿਨਾਂ ਬਾਅਦ ਰਾਹੁਲ ਗਾਂਧੀ ਨੇ ਇੰਡੀਆ ਇੰਟਰਨੈਸ਼ਨਲ ਸੈਂਟਰ ਵਿਚ ਇਕ ਗੈਰ-ਰਸਮੀ ਮੀਟਿੰਗ ਦੌਰਾਨ ਮਹਿਲਾ ਪੱਤਰਕਾਰਾਂ ਦੇ ਇਕ ਸਮੂਹ ਨਾਲ ਮੁਲਾਕਾਤ ਕੀਤੀ। 
ਹਾਲਾਂਕਿ ਉਹ ਮੀਟਿੰਗ 'ਆਫ ਦਿ ਰਿਕਾਰਡ' ਸੀ ਪਰ ਜੋ ਗੱਲਾਂ ਹੌਲੀ-ਹੌਲੀ ਟੁਕੜਿਆਂ ਵਿਚ ਸਾਹਮਣੇ ਆਈਆਂ, ਉਨ੍ਹਾਂ ਨਾਲ ਕੋਈ ਸ਼ੱਕ ਨਹੀਂ ਰਹਿ ਗਿਆ ਕਿ ਅਪ੍ਰਚੱਲਿਤ ਅਤੇ ਘਿਸੇ-ਪਿਟੇ ਮੁਹਾਵਰੇ ਉਪਰਲੇ ਖਾਲੀ ਹਿੱਸੇ ਨੂੰ ਲੁਕੋ ਨਹੀਂ ਸਕਦੇ। 
ਲੋਕ ਸਭਾ ਵਿਚ ਰਾਹੁਲ ਦੇ ਭਾਸ਼ਣ 'ਤੇ ਵਾਪਿਸ ਆਉਂਦੇ ਹਾਂ : ਜੇ ਉਨ੍ਹਾਂ ਕੋਲ ਪੇਸ਼ ਕਰਨ ਲਈ ਇਹੋ ਸਭ ਕੁਝ ਹੈ ਤਾਂ ਅਸੀਂ ਜ਼ਰੂਰ ਕਹਾਂਗੇ ਕਿ ਉਨ੍ਹਾਂ ਕੋਲ ਕਹਿਣ ਲਈ ਬਹੁਤ ਘੱਟ ਮਸਾਲਾ ਹੈ। ਤੋਤੇ ਵਾਂਗ ਰਟੀ-ਰਟਾਈ ਸਕ੍ਰਿਪਟ ਇਕ 'ਬੀ ਗ੍ਰੇਡ' ਬਾਲੀਵੁੱਡ ਫਿਲਮ ਵਾਂਗ ਪੇਸ਼ ਕੀਤੀ ਗਈ। ਉਨ੍ਹਾਂ ਦੇ ਮੂੰਹੋਂ ਘਿਸੇ-ਪਿਟੇ ਮੁਹਾਵਰੇ ਨਿਕਲਣ ਤੋਂ ਬਾਅਦ ਕੁਝ ਹੀ ਘੰਟਿਆਂ ਵਿਚ ਉਨ੍ਹਾਂ ਦੀ ਪਾਰਟੀ ਵਲੋਂ ਮੁੰਬਈ ਵਿਚ ਪੋਸਟਰ ਚਿਪਕਾ ਦਿੱਤੇ ਗਏ, ਜਿਨ੍ਹਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ 'ਕੌਣ ਹੈ ਪਿਆਰ ਦਾ ਸੌਦਾਗਰ ਤੇ ਕੌਣ ਹੈ ਨਫਰਤ ਦਾ'।
ਕਾਂਗਰਸ ਦੇ ਇਸ ਅਕਸ ਨੂੰ ਨਰਮ ਕਰਨ ਲਈ ਕਿ ਇਹ ਮੁਸਲਮਾਨਾਂ ਪ੍ਰਤੀ ਝੁਕਾਅ ਵਾਲੀ ਪਾਰਟੀ ਹੈ ਅਤੇ ਹਿੰਦੂਆਂ ਪ੍ਰਤੀ ਦੁਸ਼ਮਣੀ ਵਾਲਾ ਰਵੱਈਆ ਰੱਖਦੀ ਹੈ, ਧਾਰਮਿਕ ਪੱਤੇ ਖੇਡਣ ਦੇ ਖੁੱਲ੍ਹੇ ਯਤਨਾਂ ਨਾਲ ਚੋਣ ਲਾਭ ਮਿਲਣ ਦੀ ਸੰਭਾਵਨਾ ਨਹੀਂ। ਵੱਖ-ਵੱਖ ਜਾਤਾਂ ਅਤੇ  ਭਾਈਚਾਰਿਆਂ ਦੇ ਹਿੱਤਾਂ ਵਿਚਾਲੇ ਸੰਤੁਲਨ ਬਣਾਉਣ ਲਈ ਹੁਨਰ ਦੀ ਲੋੜ ਹੁੰਦੀ ਹੈ, ਜਿਸ ਦੀ ਕਾਂਗਰਸ ਦੇ ਬੌਸ ਵਿਚ ਘਾਟ ਨਜ਼ਰ ਆਉਂਦੀ ਹੈ, ਜੋ ਮੁਸਲਿਮ 'ਵਿਦਵਾਨਾਂ' ਦੇ ਇਕ ਸਮੂਹ ਨਾਲ ਉਨ੍ਹਾਂ ਦੀ ਹੁਣੇ ਜਿਹੇ ਹੋਈ ਮੀਟਿੰਗ ਤੋਂ ਸਪੱਸ਼ਟ ਹੈ। 
ਰੱਖਿਆਤਮਕ ਰੌਂਅ ਵਿਚ ਆਉਣ ਲਈ ਉਨ੍ਹਾਂ ਦੀ ਪਾਰਟੀ ਹੁਣ ਇਹ ਦਾਅਵਾ ਕਰਦੀ ਹੈ ਕਿ ਉਸ ਨੇ ਕਦੇ ਨਹੀਂ ਕਿਹਾ ਕਿ ਕਾਂਗਰਸ ਇਕ 'ਮੁਸਲਿਮ ਪਾਰਟੀ' ਹੈ। ਗੁਜਰਾਤ ਦੀਆਂ ਚੋਣਾਂ ਦੌਰਾਨ ਰਾਹੁਲ ਇਕ 'ਜਨੇਊਧਾਰੀ' ਹਿੰਦੂ ਸਨ ਅਤੇ ਚੋਟੀ ਦੇ ਸ਼ਿਵ ਭਗਤ। ਹੁਣ ਉਹ ਮੁਸਲਮਾਨਾਂ ਨਾਲ ਵੀ ਉਹੀ ਪੱਤਾ ਖੇਡਣਾ ਚਾਹੁੰਦੇ ਹਨ, ਇਸ ਨਾਲ ਉਨ੍ਹਾਂ ਦੀ ਪਾਰਟੀ ਦੋਹਾਂ ਭਾਈਚਾਰਿਆਂ ਦਾ ਸਮਰਥਨ ਗੁਆ ਵੀ ਸਕਦੀ ਹੈ। ਵੋਟਰਾਂ ਨੂੰ ਆਪਣੇ ਨੇਤਾਵਾਂ ਦੀ ਈਮਾਨਦਾਰੀ ਜਾਂਚਣ ਦੀ ਆਦਤ ਹੁੰਦੀ ਹੈ। 
ਰਾਹੁਲ ਦੇ ਰਾਫੇਲ ਸੌਦੇ ਵਿਚ ਭ੍ਰਿਸ਼ਟਾਚਾਰ ਸਬੰਧੀ ਦੋਸ਼ ਲਾਉਣ ਦੇ ਯਤਨ ਅਸਫਲ ਹੋ ਗਏ। ਬੋਫਰਜ਼ ਸੌਦੇ ਵਿਚ ਸਪੱਸ਼ਟ ਤੌਰ 'ਤੇ ਰਿਸ਼ਵਤ ਲੈਣ ਵਾਲਾ ਵਿਅਕਤੀ ਸੀ ਅਤੇ ਰਿਸ਼ਵਤ ਦੇਣ ਵਾਲਾ ਵੀ। ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਕਵਾਤਰੋਚੀ, ਜੋ ਦਹਾਕਿਆਂ ਤੋਂ ਦਿੱਲੀ ਵਿਚ ਰਹਿ ਰਿਹਾ ਸੀ, ਨੇ ਗਾਂਧੀਆਂ ਨਾਲ ਆਪਣੀ ਨੇੜਤਾ ਕਾਰਨ ਅਜਿਹੇ ਕਈ ਸੌਦਿਆਂ ਤੋਂ ਲਾਭ ਉਠਾਇਆ। ਉਸ ਨੇ ਆਪਣੀ ਲੁੱਟ ਸਾਂਝੀ ਕੀਤੀ, ਖੁਸ਼ਹਾਲ ਬਣਿਆ ਅਤੇ ਇਹ ਸਿਲਸਿਲਾ ਬੋਫਰਜ਼ ਕਾਂਡ ਸਾਹਮਣੇ ਆਉਣ ਤਕ ਜਾਰੀ ਰਿਹਾ। 
ਰਾਫੇਲ ਸੌਦੇ ਵਿਚ ਰਿਸ਼ਵਤ ਦੇਣ ਅਤੇ ਲੈਣ ਵਾਲਾ ਕੌਣ ਹੈ, ਉਨ੍ਹਾਂ ਦਾ ਨਾਂ ਦੱਸ ਕੇ ਸ਼ਰਮਿੰਦਾ ਕਰੋ, ਹਵਾ ਵਿਚ ਦੋਸ਼ ਲਾਉਣ ਨਾਲ ਕੁਝ ਨਹੀਂ ਹੋਵੇਗਾ। ਹਾਰੇ ਹੋਏ ਲੋਕਾਂ 'ਚੋਂ ਦੋਸ਼ ਲਾਉਣ ਲਈ ਕੌਣ ਭੜਕਾ ਰਿਹਾ ਹੈ, ਪਤਾ ਨਹੀਂ ਪਰ ਇਸ ਨਾਲ ਇਹ ਸੌਦਾ ਜ਼ਰੂਰ ਖਤਰੇ ਵਿਚ ਪੈ ਸਕਦਾ ਹੈ। ਭਾਰਤੀ ਹਵਾਈ ਫੌਜ ਆਪਣੇ ਬੇੜੇ ਵਿਚ ਲੜਾਕੂ ਜਹਾਜ਼ ਸ਼ਾਮਿਲ ਕਰਨ ਦੇ ਮਾਮਲੇ ਵਿਚ ਕਈ ਦਹਾਕੇ ਪਿੱਛੇ ਹੈ। ਇਹ ਉਨ੍ਹਾਂ ਸਿਆਸਤਦਾਨਾਂ ਕਾਰਨ ਹੈ, ਜਿਹੜੇ ਇਕ-ਦੂਜੇ 'ਤੇ ਚਿੱਕੜ ਉਛਾਲਣ ਵਿਚ ਲੱਗੇ ਰਹਿੰਦੇ ਹਨ।                     
                   (virendra੧੯੪੬@yahoo.co.in)


Related News