ਰਾਹੁਲ ਗਾਂਧੀ ਨੂੰ ''ਮਜ਼ਬੂਤੀ ਨਾਲ'' ਪੇਸ਼ ਕਰੇ ਕਾਂਗਰਸ
Wednesday, Jul 25, 2018 - 05:57 AM (IST)

ਸਿਆਸਤ 'ਚ ਸਾਰੀਆਂ ਪਾਰਟੀਆਂ ਨੂੰ ਸੱਤਾ 'ਚ ਆਉਣ ਦਾ ਸੁਪਨਾ ਦੇਖਣ ਦਾ ਹੱਕ ਹੈ। ਸੱਤਾ ਵਿਚ ਆਉਣ ਲਈ ਹੀ ਸਿਆਸੀ ਪਾਰਟੀਆਂ ਖੜ੍ਹੀਆਂ ਹੁੰਦੀਆਂ ਹਨ, ਚੋਣਾਂ ਲੜਦੀਆਂ ਹਨ ਤੇ ਲੋਕਾਂ ਦਾ ਭਰੋਸਾ, ਫਤਵਾ ਹਾਸਿਲ ਕਰਦੀਆਂ ਹਨ। ਕਾਂਗਰਸ ਪਾਰਟੀ ਨੇ ਹੁਣੇ-ਹੁਣੇ ਇਕ ਸੁਪਨਾ ਦੇਖਿਆ ਹੈ, ਇਕ ਵਾਰ ਫਿਰ ਸੱਤਾ ਹਾਸਿਲ ਕਰਨ ਲਈ ਟੀਚੇ ਮਿੱਥੇ ਹਨ। ਇਕ ਟੀਚਾ ਹੈ ਲੋਕ ਸਭਾ ਦੀਆਂ 300 ਸੀਟਾਂ ਜਿੱਤਣ ਦਾ, ਭਾਵ ਕੇਂਦਰ ਵਿਚ ਸੱਤਾ ਹਾਸਿਲ ਕਰਨ ਦਾ ਅਤੇ ਨਰਿੰਦਰ ਮੋਦੀ ਨੂੰ ਸੱਤਾ ਤੋਂ ਬਾਹਰ ਕਰਨ ਦਾ। ਸਾਬਕਾ ਗ੍ਰਹਿ/ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਕਾਂਗਰਸ ਦੀ ਕਾਰਜ ਕਮੇਟੀ ਦੀ ਬੈਠਕ ਵਿਚ ਰਣਨੀਤੀ ਦਾ ਐਲਾਨ ਕਰਦਿਆਂ ਲੋਕ ਸਭਾ ਦੀਆਂ 300 ਸੀਟਾਂ ਜਿੱਤਣ ਦੀ ਉਮੀਦ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਕਾਂਗਰਸ ਆਪਣੇ ਦਮ 'ਤੇ 300 ਸੀਟਾਂ ਜਿੱਤਣ ਦੀ ਸਿਆਸੀ ਤਾਕਤ ਰੱਖਦੀ ਹੈ। ਰਾਹੁਲ ਗਾਂਧੀ ਵੀ ਵਾਰ-ਵਾਰ ਇਹ ਕਹਿੰਦੇ ਹਨ ਕਿ ਕਾਂਗਰਸ ਦੇਸ਼ ਦੇ ਲੋਕਾਂ ਦਾ ਭਰੋਸਾ ਹਾਸਿਲ ਕਰ ਸਕਦੀ ਹੈ। ਕਾਂਗਰਸ ਦੇਸ਼ ਦੀ ਸਭ ਪੁਰਾਣੀ ਸਿਆਸੀ ਪਾਰਟੀ ਹੈ ਅਤੇ ਦੇਸ਼ 'ਤੇ ਸਭ ਤੋਂ ਵੱਧ ਸਮੇਂ ਤਕ ਇਸ ਨੇ ਰਾਜ ਕੀਤਾ ਹੈ। ਜਵਾਹਰ ਲਾਲ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤਕ ਕਾਂਗਰਸ ਦੀ ਖੁਸ਼ਹਾਲ ਵਿਰਾਸਤ ਰਹੀ ਹੈ। ਇਸ ਤੋਂ ਇਲਾਵਾ ਅੱਜ ਕਾਂਗਰਸ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਪਾਰਟੀ ਵੀ ਹੈ। ਇਸ ਲਈ ਕਾਂਗਰਸ ਦੇ ਇਸ ਟੀਚੇ ਨੂੰ ਹਲਕੇ ਤੌਰ 'ਤੇ ਨਹੀਂ ਲਿਆ ਜਾਣਾ ਚਾਹੀਦਾ ਅਤੇ ਨਾ ਹੀ ਇਸ ਟੀਚੇ ਦਾ ਮਜ਼ਾਕ ਉਡਾਇਆ ਜਾਣਾ ਚਾਹੀਦਾ ਹੈ। ਹਾਲਾਂਕਿ ਸੱਤਾਧਾਰੀ ਸਿਆਸੀ ਪਾਰਟੀ ਭਾਜਪਾ ਨੇ ਕਾਂਗਰਸ ਦੇ ਇਸ ਟੀਚੇ ਦਾ ਖੂਬ ਮਜ਼ਾਕ ਉਡਾਇਆ ਹੈ ਅਤੇ ਕਿਹਾ ਹੈ ਕਿ ਭਾਰਤ ਦੇ ਲੋਕ ਕਾਂਗਰਸ ਦੇ ਨਾਲ ਨਹੀਂ ਹਨ। ਕਾਂਗਰਸੀ ਰਾਜ ਦੇ ਭ੍ਰਿਸ਼ਟਾਚਾਰ ਦੀਆਂ ਕਹਾਣੀਆਂ ਅੱਜ ਵੀ ਤਾਜ਼ਾ ਹਨ ਤੇ ਕਾਂਗਰਸ ਨਾਂਹ-ਪੱਖੀ ਸਿਆਸਤ ਤੋਂ ਅੱਜ ਵੀ ਬਾਜ਼ ਨਹੀਂ ਆਈ ਹੈ, ਇਸ ਲਈ ਕਾਂਗਰਸ ਦੇ ਇਸ ਟੀਚੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਣਾ ਚਾਹੀਦਾ। ਨਰਿੰਦਰ ਮੋਦੀ ਨੇ ਕਾਂਗਰਸ ਤੇ ਰਾਹੁਲ ਗਾਂਧੀ ਨੂੰ ਸੱਤਾ ਵਾਸਤੇ 2019 ਵਿਚ ਨਹੀਂ, ਸਗੋਂ 2024 ਵਿਚ ਕੋਸ਼ਿਸ਼ ਕਰਨ ਲਈ ਕਿਹਾ ਹੈ। ਜਿਥੋਂ ਤਕ ਮੋਦੀ ਦੀ ਸਾਖ ਦਾ ਸਵਾਲ ਹੈ, ਤਾਂ ਉਹ ਅਜੇ ਵੀ ਮਜ਼ਬੂਤ ਹਨ ਪਰ ਉਨ੍ਹਾਂ ਦੀ ਸਾਖ ਓਨੀ ਮਜ਼ਬੂਤ ਵੀ ਨਹੀਂ ਹੈ, ਜਿੰਨੀ 2014 ਵਿਚ ਸੀ। ਰਾਹੁਲ ਗਾਂਧੀ ਕਾਂਗਰਸ ਦੇ ਪ੍ਰਧਾਨ ਹਨ, ਪਾਰਟੀ ਦਾ ਮੁੱਖ ਚਿਹਰਾ ਹਨ, ਇਸ ਲਈ ਇਹ ਕਹਿਣਾ ਸੁਭਾਵਿਕ ਹੈ ਕਿ 'ਟਾਰਗੈੱਟ 300' ਨੂੰ ਹਾਸਿਲ ਕਰਨ ਦੀ ਪੂਰੀ ਜ਼ਿੰਮੇਵਾਰੀ ਰਾਹੁਲ ਗਾਂਧੀ 'ਤੇ ਹੀ ਹੋਵੇਗੀ। ਉਨ੍ਹਾਂ ਦੀ ਸਿਆਸੀ ਚਲਾਕੀ ਕਸੌਟੀ 'ਤੇ ਹੋਵੇਗੀ। ਮੋਦੀ ਸਾਹਮਣੇ ਰਾਹੁਲ ਗਾਂਧੀ ਦੀ ਅਗਨੀ ਪ੍ਰੀਖਿਆ ਹੋਵੇਗੀ।
ਕਾਂਗਰਸ ਨੂੰ ਵੀ ਆਪਣੀਆਂ ਕਮਜ਼ੋਰੀਆਂ ਤੋਂ ਛੁਟਕਾਰਾ ਚਾਹੀਦਾ ਹੈ। ਇਥੇ ਸਵਾਲ ਇਹ ਹੈ ਕਿ ਕਾਂਗਰਸ ਦੀ ਮਜਬੂਰੀ ਜਾਂ ਕਮਜ਼ੋਰੀ ਕੀ ਹੈ, ਜਿਸ ਤੋਂ ਇਸ ਨੂੰ ਛੁਟਕਾਰਾ ਚਾਹੀਦਾ ਹੈ? ਮੋਦੀ ਦੇ ਬਦਲ ਵਜੋਂ ਰਾਹੁਲ ਗਾਂਧੀ ਨੂੰ ਖੜ੍ਹਾ ਕਰਨ ਅਤੇ ਮਜ਼ਬੂਤੀ ਨਾਲ ਪੇਸ਼ ਕਰਨ ਵਿਚ ਕਾਂਗਰਸ ਕਮਜ਼ੋਰ ਪੈ ਜਾਂਦੀ ਹੈ। ਕਾਂਗਰਸ ਇਹ ਸੋਚਦੀ ਹੈ ਕਿ ਮੋਦੀ ਦੇ ਬਦਲ ਵਜੋਂ ਰਾਹੁਲ ਨੂੰ ਮਜ਼ਬੂਤੀ ਨਾਲ ਖੜ੍ਹਾ ਕੀਤਾ ਜਾਵੇਗਾ ਤਾਂ ਫਿਰ ਮਹਾਗੱਠਜੋੜ ਨਹੀਂ ਬਣ ਸਕੇਗਾ ਅਤੇ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਇਸ ਤੋਂ ਦੂਰ ਹੋ ਸਕਦੀਆਂ ਹਨ।
ਕਾਂਗਰਸ ਨੂੰ ਸਭ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ ਮਜ਼ਬੂਤੀ ਨਾਲ ਮੋਦੀ ਦੇ ਬਦਲ ਵਜੋਂ ਪੇਸ਼ ਕਰਨਾ ਚਾਹੀਦਾ ਹੈ ਤੇ ਸਹਿਯੋਗੀ ਪਾਰਟੀਆਂ ਦੀ ਨਾਰਾਜ਼ਗੀ ਨੂੰ ਅਣਡਿੱਠ ਕਰ ਦੇਣਾ ਚਾਹੀਦਾ ਹੈ। ਜਦੋਂ ਤਕ ਕਾਂਗਰਸ ਕਮਜ਼ੋਰ ਰਹੇਗੀ, ਇਸ ਦੇ ਪੱਖ ਵਿਚ ਜਦੋਂ ਤਕ ਚੋਣ ਪ੍ਰਾਪਤੀਆਂ ਕਮਜ਼ੋਰ ਰਹਿਣਗੀਆਂ, ਉਦੋਂ ਤਕ ਵਿਰੋਧੀ ਤੇ ਸਹਿਯੋਗੀ ਪਾਰਟੀਆਂ ਇਸ ਦੀਆਂ ਸ਼ਰਤਾਂ ਨਹੀਂ ਮੰਨਣਗੀਆਂ ਪਰ ਜੇ ਕਾਂਗਰਸ ਦ੍ਰਿੜ੍ਹਤਾ ਨਾਲ ਡਟੀ ਰਹੇਗੀ ਤਾਂ ਉਹ ਇਸ ਦੀਆਂ ਸ਼ਰਤਾਂ ਮੰਨ ਸਕਦੀਆਂ ਹਨ।
ਇਹ ਸਮਝਣ ਦੀ ਵੀ ਲੋੜ ਹੈ ਕਿ ਮੋਦੀ ਨੇ ਆਪਣੀ ਸਿਆਸੀ ਚਲਾਕੀ ਨਾਲ ਨਾ ਸਿਰਫ ਕਾਂਗਰਸ ਦੀ ਹੋਂਦ ਲਈ ਸੰਕਟ ਖੜ੍ਹਾ ਕਰ ਦਿੱਤਾ ਹੈ ਅਤੇ ਕਾਂਗਰਸ ਨੂੰ 2-3 ਸੂਬਿਆਂ ਤਕ ਸੀਮਤ ਕਰ ਦਿੱਤਾ ਹੈ, ਸਗੋਂ ਸ਼ਿਵ ਸੈਨਾ, ਮਾਇਆਵਤੀ, ਅਖਿਲੇਸ਼, ਲਾਲੂ, ਚੰਦਰਬਾਬੂ ਨਾਇਡੂ ਵਰਗੇ ਨੇਤਾਵਾਂ ਦੀ ਹੋਂਦ ਨੂੰ ਵੀ ਸੰਕਟ ਵਿਚ ਪਾਇਆ ਹੈ। ਇਸ ਲਈ ਮੋਦੀ ਨਾ ਸਿਰਫ ਕਾਂਗਰਸ ਦੇ ਸਿਆਸੀ ਦੁਸ਼ਮਣ ਹਨ, ਸਗੋਂ ਹੋਰਨਾਂ ਵਿਰੋਧੀ ਪਾਰਟੀਆਂ ਦੇ ਵੀ ਸਿਆਸੀ ਦੁਸ਼ਮਣ ਹਨ ਅਤੇ ਉਨ੍ਹਾਂ ਦੀ ਸਿਆਸੀ ਹੋਂਦ ਲਈ ਖਤਰਾ ਹਨ।
ਚੋਣ ਜੰਗ ਦੇ ਮੈਦਾਨ ਵਿਚ ਨਾ ਸਿਰਫ ਰਾਹੁਲ ਗਾਂਧੀ ਦੀ ਚਲਾਕੀ ਦੀ ਲੋੜ ਪਵੇਗੀ, ਸਗੋਂ ਕਾਂਗਰਸ ਦੀ ਸੰਗਠਨਾਤਮਕ ਤਾਕਤ ਦੀ ਵੀ ਲੋੜ ਪਵੇਗੀ। ਸੈਨਾਪਤੀ ਸਿਰਫ ਆਪਣੀ ਬਹਾਦਰੀ ਅਤੇ ਮੁਹਾਰਤ ਦੇ ਦਮ 'ਤੇ ਕੋਈ ਜੰਗ ਨਹੀਂ ਜਿੱਤ ਸਕਦਾ, ਜੰਗ ਜਿੱਤਣ ਲਈ ਸੈਨਾਪਤੀ ਨੂੰ ਬਹਾਦਰ ਸੈਨਿਕਾਂ ਦੀ ਵੀ ਲੋੜ ਹੁੰਦੀ ਹੈ। ਠੀਕ ਉਸੇ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਰਾਹੁਲ ਗਾਂਧੀ ਨੂੰ ਨਾ ਸਿਰਫ ਖ਼ੁਦ ਨੂੰ ਮਜ਼ਬੂਤ ਢੰਗ ਨਾਲ ਪੇਸ਼ ਕਰਨ ਦੀ ਲੋੜ ਹੋਵੇਗੀ, ਸਗੋਂ ਕਾਂਗਰਸ ਦੇ ਸੰਗਠਨ ਨੂੰ ਵੀ ਮਜ਼ਬੂਤੀ ਨਾਲ ਪੇਸ਼ ਕਰਨਾ ਪਵੇਗਾ। ਸਭ ਤੋਂ ਪਹਿਲੀ ਲੋੜ ਤਾਂ ਅੰਦਰੂਨੀ ਕਮਜ਼ੋਰੀਆਂ ਤੇ ਅੰਦਰੂਨੀ ਹੰਕਾਰ ਨੂੰ ਦੂਰ ਕਰਨ ਦੀ ਹੋਵੇਗੀ, ਅੰਦਰੂਨੀ ਅਰਾਜਕਤਾ 'ਤੇ ਰੋਕ ਲਾਉਣੀ ਪਵੇਗੀ।
ਸੋਨੀਆ ਗਾਂਧੀ ਦੇ ਕਾਰਜਕਾਲ ਵਿਚ ਵੀ ਅੰਦਰੂਨੀ ਅਰਾਜਕਤਾ ਸੀ ਤੇ ਅੱਜ ਰਾਹੁਲ ਗਾਂਧੀ ਦੇ ਕਾਰਜਕਾਲ ਵਿਚ ਵੀ ਕਾਇਮ ਹੈ। ਸੋਨੀਆ ਤੇ ਰਾਹੁਲ ਗਾਂਧੀ ਨੇ ਜਦੋਂ-ਜਦੋਂ ਵੀ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਮੋਦੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ, ਉਦੋਂ-ਉਦੋਂ ਕਾਂਗਰਸ ਦੇ ਬਿਆਨਬਾਜ਼ ਨੇਤਾਵਾਂ ਨੇ ਕਾਂਗਰਸ ਦੀ ਹੀ ਬੇੜੀ ਡੋਬੀ ਹੈ।
ਯੂ. ਪੀ. ਏ. ਦੇ ਸ਼ਾਸਨ ਦੌਰਾਨ ਪੀ. ਚਿਦਾਂਬਰਮ, ਸੁਸ਼ੀਲ ਕੁਮਾਰ ਸ਼ਿੰਦੇ, ਕਪਿਲ ਸਿੱਬਲ, ਮੁਨੀਸ਼ ਤਿਵਾੜੀ ਤੇ ਮਣੀਸ਼ੰਕਰ ਅਈਅਰ ਵਰਗੇ ਨੇਤਾਵਾਂ ਦੀ ਨਾਂਹ-ਪੱਖੀ ਬਿਆਨਬਾਜ਼ੀ ਨੂੰ ਕੌਣ ਭੁੱਲ ਸਕਦਾ ਹੈ। ਇਨ੍ਹਾਂ ਨੇਤਾਵਾਂ ਦੀ ਨਾਂਹ-ਪੱਖੀ ਬਿਆਨਬਾਜ਼ੀ ਨੇ ਮੋਦੀ ਅਤੇ ਭਾਜਪਾ ਨੂੰ ਇਕ ਨਵੀਂ ਤਾਕਤ ਦਿੱਤੀ ਸੀ। ਖ਼ੁਦ ਸੋਨੀਆ ਗਾਂਧੀ ਕਹਿ ਚੁੱਕੀ ਹੈ ਕਿ ਹਿੰਦੂ ਵਿਰੋਧੀ ਹੋਣ ਦੇ ਦੋਸ਼ ਨੇ ਕਾਂਗਰਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਅਜੇ ਵੀ ਕਾਂਗਰਸੀ ਨੇਤਾਵਾਂ ਦੀ ਨਾਂਹ-ਪੱਖੀ ਬਿਆਨਬਾਜ਼ੀ 'ਤੇ ਰੋਕ ਨਹੀਂ ਲੱਗੀ ਹੈ। ਪਿਛਲੇ ਦਿਨੀਂ ਸ਼ਸ਼ੀ ਥਰੂਰ ਨੇ ਬਿਆਨ ਦਿੱਤਾ ਕਿ ਜੇ ਨਰਿੰਦਰ ਮੋਦੀ ਦੁਬਾਰਾ ਸੱਤਾ ਵਿਚ ਆ ਗਏ ਤਾਂ ਭਾਰਤ ਵਿਚ ਵੀ ਪਾਕਿਸਤਾਨ ਵਰਗੀ ਸਥਿਤੀ ਪੈਦਾ ਹੋ ਜਾਵੇਗੀ, ਭਾਰਤ ਵਿਚ ਹਿੰਦੂ ਤਾਲਿਬਾਨ ਖੜ੍ਹਾ ਹੋ ਜਾਵੇਗਾ। ਸ਼ਸ਼ੀ ਥਰੂਰ ਦਾ ਇਹ ਬਿਆਨ ਕਾਂਗਰਸ ਨੂੰ ਬਹੁਤ ਭਾਰੀ ਪਿਆ ਤੇ ਕਾਂਗਰਸ 'ਤੇ ਦੋਸ਼ ਲੱਗਾ ਹੈ ਕਿ ਇਹ ਹਿੰਦੂ ਵਿਰੋਧੀ ਪਾਰਟੀ ਹੈ ਅਤੇ ਮੁਸਲਿਮ ਆਬਾਦੀ ਦੀ ਸਮਰਥਕ ਹੈ।
ਕੌਣ ਨਹੀਂ ਜਾਣਦਾ ਕਿ ਮੋਦੀ ਤੇ ਭਾਜਪਾ ਹਿੰਦੂਵਾਦ ਦੇ ਕੱਟੜ ਸਮਰਥਕ ਹਨ। ਹਿੰਦੂਵਾਦ ਦੇ ਸਵਾਲ 'ਤੇ ਮੋਦੀ ਅਤੇ ਭਾਜਪਾ ਨੂੰ ਹਰਾਉਣਾ ਕਾਫੀ ਮੁਸ਼ਕਿਲ ਹੈ। ਭਾਜਪਾ ਤੇ ਮੋਦੀ ਦੀ ਕੋਸ਼ਿਸ਼ ਵੀ ਇਹੋ ਰਹੀ ਹੈ ਕਿ ਕਾਂਗਰਸ ਦੀ ਨੀਤੀ ਵਿਚ ਹਮੇਸ਼ਾ ਹਿੰਦੂ ਵਿਰੋਧੀ ਵਾਲੀ ਪ੍ਰਕਿਰਿਆ ਜਾਰੀ ਰਹੇ।
ਕਾਂਗਰਸ ਵਾਲੇ ਮੋਦੀ ਦੀ ਇਸ ਰਣਨੀਤੀ ਨੂੰ ਕਿਉਂ ਨਹੀਂ ਸਮਝਦੇ? ਰਾਹੁਲ ਗਾਂਧੀ ਨੇ ਉਂਝ ਕਾਂਗਰਸੀ ਨੇਤਾਵਾਂ 'ਤੇ ਨੋਟਿਸ ਵੀ ਲਿਆ ਹੈ ਤੇ ਕਿਹਾ ਹੈ ਕਿ ਬੇਲੋੜੇ ਤੇ ਅਪਮਾਨਜਨਕ ਬਿਆਨ ਦੇਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਵੇਗੀ। ਮਣੀਸ਼ੰਕਰ ਅਈਅਰ ਵਿਰੁੱਧ ਕਦੇ ਕਾਰਵਾਈ ਹੋਈ ਵੀ ਸੀ ਪਰ ਸ਼ਸ਼ੀ ਸ਼ਰੂਰ ਵਰਗੇ ਲੋਕ ਕਿਉਂ ਬਚ ਜਾਂਦੇ ਹਨ।
ਬੇਰੋਜ਼ਗਾਰੀ ਤੇ ਕਿਸਾਨਾਂ ਦੀਆਂ ਸਮੱਸਿਆਵਾਂ ਅਜਿਹੇ ਸਵਾਲ ਹਨ, ਜਿਨ੍ਹਾਂ 'ਤੇ ਬੋਲ ਕੇ ਰਾਹੁਲ ਗਾਂਧੀ 'ਹੀਰੋ' ਬਣ ਸਕਦੇ ਹਨ, ਕਾਂਗਰਸ ਮਜ਼ਬੂਤ ਹੋ ਸਕਦੀ ਹੈ। ਰਾਹੁਲ ਗਾਂਧੀ ਨੂੰ 'ਅੱਖ' ਮਾਰਨ ਵਾਲੇ ਅਕਸ ਤੋਂ ਛੁਟਕਾਰਾ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕ ਸਭਾ ਵਿਚ ਭਾਸ਼ਣ ਤਾਂ ਬਹੁਤ ਚੰਗਾ ਦਿੱਤਾ ਪਰ ਮੋਦੀ ਨੂੰ ਜੱਫੀ ਪਾਉਣ ਤੋਂ ਬਾਅਦ ਅੱਖ ਮਾਰ ਕੇ ਸਾਰਾ ਕੰਮ ਖਰਾਬ ਕਰ ਦਿੱਤਾ। ਇਸ ਲਈ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸੰਗਠਨ ਵਿਚਾਲੇ ਤਾਲਮੇਲ ਦੀ ਲੋੜ ਹੈ, ਨਹੀਂ ਤਾਂ ਕਾਂਗਰਸ 2019 ਵਿਚ ਵੀ ਹਾਰ ਦਾ ਮੂੰਹ ਦੇਖੇਗੀ। (guptvishnu@gmail.com)