ਨਾਗਪੁਰ ਜਾ ਕੇ ''ਜੇਤੂ'' ਵਜੋਂ ਉੱਭਰੇ ਹਨ ਪ੍ਰਣਬ ਮੁਖਰਜੀ
Sunday, Jun 10, 2018 - 04:20 AM (IST)

ਪ੍ਰਣਬ ਮੁਖਰਜੀ ਸਪੱਸ਼ਟ ਤੌਰ 'ਤੇ ਜੇਤੂ ਬਣ ਕੇ ਉੱਭਰੇ ਹਨ। 'ਸਾਬਕਾ ਰਾਸ਼ਟਰਪਤੀ' ਬਣਨ ਦੇ ਸਮੇਂ ਤੋਂ ਹੀ ਉਨ੍ਹਾਂ ਨੂੰ ਅਮਲੀ ਤੌਰ 'ਤੇ ਇੰਝ ਭੁਲਾ ਦਿੱਤਾ ਗਿਆ ਸੀ, ਜਿਵੇਂ ਕਦੇ ਉਨ੍ਹਾਂ ਦੀ ਹੋਂਦ ਹੀ ਨਾ ਰਹੀ ਹੋਵੇ। ਹੁਣ ਉਹ ਨਾ ਸਿਰਫ ਹਫਤਿਆਂ, ਸਗੋਂ ਮਹੀਨਿਆਂ ਤਕ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਰਹਿਣਗੇ।
ਜੇ ਤੁਸੀਂ ਕਾਂਗਰਸੀ ਧੜੇ 'ਚੋਂ ਉੱਭਰੇ ਇਸ ਸਿਆਸੀ ਘਾਗ ਨੂੰ ਤਜਰਬੇ ਅਤੇ ਵਿਦਵਤਾ ਦਾ ਭੰਡਾਰ ਮੰਨਦੇ ਹੋ ਤਾਂ ਤੁਹਾਨੂੰ ਇਹ ਵੀ ਮੰਨਣਾ ਹੀ ਪਵੇਗਾ ਕਿ ਉਹ ਆਪਣਾ ਬਾਕੀ ਜੀਵਨ ਆਪਣੇ ਪੁੱਤ-ਪੋਤਿਆਂ ਨਾਲ ਖੇਡਦਿਆਂ ਜਾਂ ਬਗੀਚੀ ਦੀ ਦੇਖਭਾਲ ਕਰਦਿਆਂ ਗੁੰਮਨਾਮੀ ਵਿਚ ਬਿਤਾਉਣ ਲਈ ਤਿਆਰ ਨਹੀਂ ਹਨ। ਨਾ ਹੀ ਉਹ ਆਪਣੇ ਲੰਮੇ ਮੰਤਰੀ ਜੀਵਨ ਵਿਚ ਕਮਾਈ ਢੇਰ ਸਾਰੀ ਦੁਨਿਆਵੀ ਦੌਲਤ ਦੀ ਦੇਖਭਾਲ ਕਰਦਿਆਂ ਜ਼ਿੰਦਗੀ ਬਿਤਾਉਣਗੇ।
ਜੇ ਪ੍ਰਣਬ ਮੁਖਰਜੀ ਇਕ ਬੁੱਧੀਮਾਨ ਵਿਅਕਤੀ ਹਨ (ਜਿਵੇਂ ਕਿ ਤੁਸੀਂ ਸਾਰੇ ਕਹੋਗੇ ਹੀ) ਤਾਂ ਯਕੀਨੀ ਤੌਰ 'ਤੇ ਖ਼ਬਰਾਂ 'ਚੋਂ ਉਨ੍ਹਾਂ ਦੇ ਗਾਇਬ ਹੋਣ ਦੀ ਸੰਭਾਵਨਾ ਨਹੀਂ। ਉਨ੍ਹਾਂ ਵਿਚ ਉਹ ਹਰ ਗੁਣ ਹੈ, ਜੋ ਦੇਸ਼ ਦੀ ਮਹਿਲਾ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਵਿਚ ਨਹੀਂ ਸੀ। ਕੀ ਤੁਹਾਡੇ 'ਚੋਂ ਕੋਈ ਇਹ ਦੱਸ ਸਕਦਾ ਹੈ ਕਿ ਅੱਜਕਲ ਪ੍ਰਤਿਭਾ ਪਾਟਿਲ ਕਿੱਥੇ ਹਨ ਅਤੇ ਕੀ ਕਰ ਰਹੇ ਹਨ? ਉਂਝ ਕਿਸੇ ਨੂੰ ਇਸ ਗੱਲ ਦੀ ਪਰਵਾਹ ਵੀ ਨਹੀਂ।
ਪਰ ਪ੍ਰਣਬ ਬਾਬੂ ਵੱਲ ਦੇਖੋ, ਉਹ ਕਈ ਦਿਨਾਂ ਤੋਂ ਖ਼ਬਰਾਂ ਵਿਚ ਛਾਏ ਹੋਏ ਹਨ ਤੇ ਆਉਣ ਵਾਲੇ ਕਈ ਦਿਨਾਂ ਤਕ ਇਸ ਗੱਲ ਨੂੰ ਲੈ ਕੇ ਚਰਚਾ ਹੁੰਦੀ ਰਹੇਗੀ ਕਿ ਨਾਗਪੁਰ ਵਿਚ ਜਾਣ ਦਾ ਉਨ੍ਹਾਂ ਦਾ ਫੈਸਲਾ ਸਹੀ ਸੀ ਜਾਂ ਗਲਤ। ਜੋ ਕੁਝ ਉਨ੍ਹਾਂ ਨੇ ਸੰਘ ਦੇ ਪ੍ਰੋਗਰਾਮ ਵਿਚ ਸ਼ਾਮਿਲ ਹੋ ਕੇ ਕਿਹਾ, ਕੀ ਉਹ ਭਾਰਤੀ ਸੱਭਿਅਤਾ ਦੀ ਵਿਰਾਸਤ ਦਾ ਇਕ ਨਿਮਰ ਸਬਕ ਸੀ ਜਾਂ ਉਨ੍ਹਾਂ ਨੇ ਖਿਚਾਈ ਕੀਤੀ ਸੀ?
ਤੰਗ ਸੋਚ ਵਾਲੇ ਜਿਹੜੇ ਲੋਕਾਂ ਨੇ ਆਪਣੇ ਮਨ ਵਿਚ ਇਹ ਗੰਢ ਮਾਰੀ ਹੋਈ ਸੀ ਕਿ ਆਰ. ਐੱਸ. ਐੱਸ. ਇਕ ਫ਼ਾਸਿਸਟ ਸੰਗਠਨ ਹੈ, ਉਹ ਇਸ ਗੱਲ 'ਤੇ ਯਕੀਨ ਨਹੀਂ ਕਰ ਸਕਣਗੇ ਕਿ ਨਾਗਪੁਰ ਜਾਣ ਉੱਤੇ ਜਿੱਤ ਆਰ. ਐੱਸ. ਐੱਸ. ਦੀ ਨਹੀਂ, ਸਗੋਂ ਪ੍ਰਣਬ ਮੁਖਰਜੀ ਦੀ ਹੋਈ ਹੈ। ਲਹਿਰਾਉਂਦੇ ਭਗਵਾ ਝੰਡੇ ਸਾਹਮਣੇ ਕਤਾਰਬੱਧ ਖੜ੍ਹੇ ਸੰਘ ਦੇ ਵਰਕਰਾਂ ਨੂੰ ਸੰਬੋਧਨ ਕਰ ਕੇ ਮੁਖਰਜੀ ਨੇ ਬਹੁਤ ਜ਼ਿਆਦਾ ਪ੍ਰਚਾਰ ਹਾਸਿਲ ਕੀਤਾ ਹੈ।
ਆਰ. ਐੱਸ. ਐੱਸ. ਆਪਣੇ ਖ਼ੁਦ ਦੇ ਏਜੰਡੇ ਤੇ ਆਪਣੇ ਮਿਸ਼ਨ ਮੁਤਾਬਿਕ ਚੱਲਦਾ ਹੈ। ਇਸ ਨੂੰ 1925 ਵਿਚ ਤੈਅ ਕੀਤੇ ਗਏ ਆਪਣੇ ਟੀਚਿਆਂ ਨੂੰ ਹਾਸਿਲ ਕਰਨ ਦੀ ਕੋਈ ਖਾਸ ਕਾਹਲੀ ਨਹੀਂ ਹੈ। ਜਿਸ ਯੋਜਨਾ ਦਾ ਟੀਚਾ ਸੱਭਿਅਤਾ ਨਾਲ ਸਬੰਧਤ ਹੋਵੇ, ਉਸ ਨੂੰ ਪੂਰਾ ਕਰਨ ਵਿਚ ਹਜ਼ਾਰਾਂ ਸਾਲ ਲੱਗਦੇ ਹਨ ਅਤੇ ਜੋ ਲੋਕ ਸੰਘ ਦੇ ਇਸ ਟੀਚੇ ਨੂੰ ਪੂਰਾ ਕਰਨ ਲਈ ਜ਼ਿੰਮੇਵਾਰ ਹਨ, ਉਹ ਬਹੁਤ ਸਬਰ ਵਾਲੇ ਹਨ। ਨਾ ਤਾਂ ਉਨ੍ਹਾਂ 'ਤੇ ਫਟਾਫਟ ਟੀਚਾ ਹਾਸਿਲ ਕਰਨ ਦਾ ਕੋਈ ਦਬਾਅ ਹੈ ਅਤੇ ਨਾ ਹੀ ਉਨ੍ਹਾਂ ਦੀ ਕੋਈ ਨਿੱਜੀ ਇੱਛਾ ਹੈ।
ਫਿਰ ਵੀ ਇਹ ਮੰਨਣਾ ਪਵੇਗਾ ਕਿ ਇਸ ਸੰਗਠਨ ਨੂੰ ਆਪਣੇ ਤੈਅ ਕੀਤੇ ਰਸਤੇ ਵਿਚ ਕੁਝ ਸੋਧ ਕਰਨ ਦੀ ਲੋੜ ਹੈ। ਆਪਣੇ ਦਿਮਾਗ 'ਚੋਂ ਇਹ ਗੱਲ ਕੱਢ ਦਿਓ ਕਿ ਕੋਈ ਤਾਕਤ ਹਿੰਦੂ ਧਰਮ ਦਾ ਇਸਲਾਮੀਕਰਨ ਕਰ ਸਕਦੀ ਹੈ। ਅਜਿਹਾ ਹੋ ਹੀ ਨਹੀਂ ਸਕਦਾ ਤੇ ਨਾ ਹੀ ਕੋਈ ਕਰ ਸਕਦਾ ਹੈ। ਫਿਰ ਵੀ ਆਰ. ਐੱਸ. ਐੱਸ. ਇਕ ਕੰਮ ਕਰ ਸਕਦਾ ਹੈ ਕਿ ਆਪਣੇ ਮੈਂਬਰਾਂ ਨੂੰ ਮਿਸਾਲਯੋਗ ਹਸਤੀਆਂ ਬਣਾਏ, ਜੋ ਕਾਨੂੰਨ ਦੀ ਪਾਲਣਾ ਕਰਨ ਵਾਲੇ ਸ਼ਹਿਰੀ ਹੋਣ। ਇਸ ਨੂੰ ਆਪਣੇ ਮਾਣਮੱਤੇ ਅਤੀਤ ਦਾ ਰਾਗ ਅਲਾਪਣ ਦਾ ਸਿਲਸਿਲਾ ਬੰਦ ਕਰ ਕੇ ਆਧੁਨਿਕੀਕਰਨ ਨੂੰ ਅਪਣਾਉਣਾ ਚਾਹੀਦਾ ਹੈ, ਜੋ ਅੰਗਰੇਜ਼ੀ ਭਾਸ਼ਾ ਦੇ ਗਿਆਨ ਅਤੇ ਬਾਹਰਲੀ ਦੁਨੀਆ ਨਾਲ ਤਾਲਮੇਲ ਬਣਾ ਕੇ ਹਾਸਿਲ ਹੁੰਦਾ ਹੈ। ਸਰਲ ਸ਼ਬਦਾਂ ਵਿਚ ਕਹੀਏ ਤਾਂ ਇਸ ਨੂੰ ਨਾਗਪੁਰ ਨਾਮੀ ਖੂਹ ਦਾ ਡੱਡੂ ਨਹੀਂ ਬਣੇ ਰਹਿਣਾ ਚਾਹੀਦਾ।
ਜਿਥੋਂ ਤਕ ਇਸਲਾਮ ਦਾ ਸਬੰਧ ਹੈ, ਜਿਸ ਤਰ੍ਹਾਂ ਇਸ ਦੇ ਜੇਹਾਦੀ ਅਨਸਰ ਰੂਸ ਅਤੇ ਚੀਨ ਸਮੇਤ ਦੁਨੀਆ ਦੇ ਜ਼ਿਆਦਾਤਰ ਹਿੱਸੇ ਲਈ ਚੁਣੌਤੀ ਬਣੇ ਹੋਏ ਹਨ, ਉਸ ਨੂੰ ਦੇਖਦਿਆਂ ਦੇਰ-ਸਵੇਰ ਇਹ ਆਪਣਾ ਹੀ ਦੁਸ਼ਮਣ ਬਣ ਜਾਵੇਗਾ। ਇਸ ਨੂੰ ਆਪਣੇ ਹਾਲ 'ਤੇ ਛੱਡ ਦਿਓ। ਇਸ ਦਾ ਜੋ ਹਸ਼ਰ ਹੋਵੇਗਾ, ਉਸ ਦਾ ਸਬੂਤ ਲੱਭਣ ਲਈ ਸਾਨੂੰ ਪਾਕਿਸਤਾਨ ਜਾਂ ਸੀਰੀਆ ਤੋਂ ਅੱਗੇ ਜਾਣ ਦੀ ਲੋੜ ਨਹੀਂ।
ਉਂਝ ਪ੍ਰਾਚੀਨ ਹਿੰਦੂ ਸਮਾਜ ਅਤੇ ਸਾਡੇ ਲੋਕਤੰਤਰਿਕ ਢਾਂਚੇ ਵਿਚ ਮੱਤਭੇਦਾਂ ਨੂੰ ਆਪਸੀ ਵਿਚਾਰ-ਵਟਾਂਦਰੇ, ਭਾਵ 'ਸੰਵਾਦ' ਦੇ ਜ਼ਰੀਏ ਹੱਲ ਕੀਤਾ ਜਾਂਦਾ ਹੈ, ਨਾ ਕਿ ਉਸ ਵਿਅਕਤੀ ਨੂੰ ਸ਼ੈਤਾਨ ਵਜੋਂ ਪੇਸ਼ ਕਰ ਕੇ, ਜਿਸ ਨਾਲ ਤੁਹਾਡੇ ਵਿਚਾਰਕ ਮੱਤਭੇਦ ਹੋਣ। ਅਜਿਹੀ ਸਥਿਤੀ ਵਿਚ ਸੰਘ ਦਾ ਸੱਦਾ ਇਕ ਵਾਰ ਕਬੂਲ ਕਰਨ ਤੋਂ ਬਾਅਦ ਜੇ ਪ੍ਰਣਬ ਮੁਖਰਜੀ ਉਸ ਨੂੰ ਠੁਕਰਾ ਦਿੰਦੇ ਤਾਂ ਇਹ ਅਭੱਦਰਤਾ ਹੁੰਦੀ।
ਨਾਗਪੁਰ ਵਾਲੇ ਮਾਮਲੇ ਨੂੰ ਲੈ ਕੇ ਛਿੜੇ ਵਿਵਾਦ ਦਰਮਿਆਨ ਪ੍ਰਣਬ ਮੁਖਰਜੀ 2019 ਦੀਆਂ ਚੋਣਾਂ ਤੋਂ ਬਾਅਦ ਬਣਨ ਵਾਲੇ ਦ੍ਰਿਸ਼ 'ਚ ਇਕ ਸੰਭਾਵੀ ਖਿਡਾਰੀ ਬਣ ਕੇ ਉੱਭਰੇ ਹਨ। ਅਟਕਲਾਂ ਲਾਉਣ ਵਾਲੇ ਇਹ ਕਹਿ ਰਹੇ ਹਨ ਕਿ ਜੇ ਮੋਦੀ ਸਾਧਾਰਨ ਬਹੁਮਤ ਹਾਸਿਲ ਕਰਨ ਵਿਚ ਅਸਫਲ ਰਹਿੰਦੇ ਹਨ ਤਾਂ ਪ੍ਰਣਬ ਮੁਖਰਜੀ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਰਾਜਗ ਤੇ ਗੈਰ-ਰਾਜਗ ਦੋਹਾਂ ਦੇ ਪਸੰਦੀਦਾ ਉਮੀਦਵਾਰ ਵਜੋਂ ਉੱਭਰ ਸਕਦੇ ਹਨ।
ਅਜਿਹੀ ਸਥਿਤੀ ਵਿਚ ਉਹ ਉਸ ਕਾਰਪੋਰੇਟ ਘਰਾਣੇ ਤੋਂ ਵੀ ਕੁਝ ਸਹਾਇਤਾ ਦੀ ਉਮੀਦ ਕਰ ਸਕਦੇ ਹਨ, ਜਿਸ 'ਤੇ ਅਹਿਮ ਮੰਤਰੀ ਅਹੁਦੇ 'ਤੇ ਹੁੰਦਿਆਂ ਉਨ੍ਹਾਂ ਨੇ ਕਾਫੀ 'ਕ੍ਰਿਪਾ' ਕੀਤੀ ਸੀ।
ਨਾਗਪੁਰ ਜਾ ਕੇ ਪ੍ਰਣਬ ਮੁਖਰਜੀ ਨੇ ਹੋ ਸਕਦਾ ਹੈ ਇਹ ਸੰਕੇਤ ਦਿੱਤਾ ਹੋਵੇ ਕਿ ਉਹ ਗਣਤੰਤਰ ਦੇ ਸਾਬਕਾ ਮੁਖੀ ਦੇ ਸਨਮਾਨ ਤੇ ਤੇਜ ਦੇ ਨਜ਼ਰੀਏ ਤੋਂ ਢੁੱਕਵੀਂ ਸਮਰੱਥਾ ਵਿਚ 'ਦੇਸ਼ ਦੀ ਸੇਵਾ' ਕਰਨ ਲਈ ਮੁਹੱਈਆ ਹਨ। ਤੁਹਾਨੂੰ ਯਾਦ ਹੋਵੇਗਾ ਕਿ ਪਿਛਲੇ ਮਹੀਨੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ 92 ਸਾਲਾ ਮਹਾਤਿਰ ਮੁਹੰਮਦ ਨਾਲੋਂ ਪ੍ਰਣਬ ਮੁਖਰਜੀ ਇਕ ਦਹਾਕਾ ਛੋਟੇ ਹਨ। ਉਂਝ ਵੀ ਸਾਬਕਾ ਰਾਸ਼ਟਰਪਤੀ ਦੇ ਪ੍ਰਧਾਨ ਮੰਤਰੀ ਬਣਨ 'ਤੇ ਕੋਈ ਸੰਵਿਧਾਨਿਕ ਪਾਬੰਦੀ ਨਹੀਂ ਹੈ।
ਜ਼ਰਾ ਇਸ ਗੱਲ 'ਤੇ ਵਿਚਾਰ ਕਰੋ ਕਿ ਨਾਗਪੁਰ ਜਾ ਕੇ ਪ੍ਰਣਬ ਮੁਖਰਜੀ ਨੇ ਰਾਹੁਲ ਗਾਂਧੀ 'ਤੇ ਸ਼ਾਇਦ ਉਪਕਾਰ ਹੀ ਕੀਤਾ ਹੈ। ਇਸ ਘਾਗ ਸਿਆਸਤਦਾਨ ਵਿਰੁੱਧ ਆਨੰਦ ਸ਼ਰਮਾ ਅਤੇ ਹੋਰ ਛੁਟਭੱਈਆ ਨੇਤਾਵਾਂ ਨੇ ਤਾਂ ਟਵੀਟ 'ਤੇ ਵਿਅੰਗ ਕੱਸਿਆ ਪਰ ਜਿਵੇਂ ਹੀ ਉਨ੍ਹਾਂ ਨੂੰ ਇਹ ਖਦਸ਼ਾ ਸਤਾਉਣ ਲੱਗਾ ਕਿ ਕਿਤੇ ਉਹ ਸੰਘ ਨੂੰ 'ਨੇਕਚਲਨੀ' ਦਾ ਸਰਟੀਫਿਕੇਟ ਨਾ ਦੇ ਦੇਣ, ਉਨ੍ਹਾਂ ਨੇ ਤੁਰੰਤ ਆਪਣਾ ਥੁੱਕਿਆ ਚੱਟ ਲਿਆ।
ਇਸ ਪਿੱਛੇ ਇਹ ਡਰ ਸਤਾ ਰਿਹਾ ਸੀ ਕਿ ਉਨ੍ਹਾਂ ਦਾ 'ਮਹਾਨ ਆਗੂ' ਜਿਸ ਤਰ੍ਹਾਂ ਮੋਦੀ ਨੂੰ ਹਰਾਉਣ ਲਈ ਹਰ ਕਿਸੇ ਨਾਲ ਜੱਫੀਆਂ ਪਾ ਕੇ ਇਕ ਵਿਆਪਕ ਮੋਰਚਾ ਬਣਾ ਰਿਹਾ ਹੈ, ਕਿਤੇ ਪ੍ਰਣਬ ਮੁਖਰਜੀ ਹੀ ਸੰਯੋਗ ਨਾਲ ਉਸ ਦੇ ਸਰਵ-ਪ੍ਰਵਾਨਿਤ ਨੇਤਾ ਵਜੋਂ ਨਾ ਉੱਭਰ ਆਉਣ। ਜੇ ਇਸ ਮੋਰਚੇ ਨੂੰ ਕੋਈ ਸਰਵ-ਪ੍ਰਵਾਨਿਤ ਨੇਤਾ ਨਹੀਂ ਮਿਲਦਾ ਤਾਂ ਇਸ ਮੋਰਚੇ ਦੇ ਟੁੱਟਣ ਦਾ ਖਤਰਾ ਟਾਲਣ ਲਈ ਮੁਖਰਜੀ ਖਲਾਅ ਨੂੰ ਭਰ ਸਕਦੇ ਹਨ ਅਤੇ ਉਨ੍ਹਾਂ ਕੋਲ ਰਾਜਗ ਵੱਲ ਜਾਣ ਦਾ ਕੋਈ ਮੌਕਾ ਹੀ ਨਹੀਂ ਹੋਵੇਗਾ।
ਇਸੇ ਦਰਮਿਆਨ ਕਾਂਗਰਸ ਦੀ ਕਿਸਮਤ 'ਤੇ ਰੋਣਾ ਆਉਂਦਾ ਹੈ, ਜਿਸ ਦਾ ਨੇਤਾ ਇਸ ਦਾ ਦਾਇਰਾ ਪੈਰ-ਪੈਰ 'ਤੇ ਘਟਾਉਣ ਲਈ ਲੱਕ ਬੰਨ੍ਹੀ ਬੈਠਾ ਹੈ। ਕਰਨਾਟਕ ਵਿਚ ਕੁਮਾਰਸਵਾਮੀ ਦੇ ਛੋਟੇ ਜਿਹੇ ਧੜੇ ਅੱਗੇ ਗੋਡੇ ਟੇਕਣ ਲਈ ਕਾਂਗਰਸ ਨੂੰ ਮਜਬੂਰ ਕਰਨ ਤੋਂ ਬਾਅਦ ਉਸ ਨੇ ਹੁਣ ਕੇਰਲਾ ਦੀ ਉਹ ਇਕਲੌਤੀ ਰਾਜ ਸਭਾ ਸੀਟ ਕੇਰਲਾ ਕਾਂਗਰਸ (ਐੱਮ) ਦੀ ਥਾਲੀ ਵਿਚ ਪਰੋਸ ਦਿੱਤੀ ਹੈ, ਜਿਸ ਨੂੰ ਕਾਂਗਰਸ ਖ਼ੁਦ ਜਿੱਤਣ ਦੀ ਸਥਿਤੀ 'ਚ ਸੀ।
'ਮਹਾਨ ਆਗੂ' ਇੰਨਾ ਨਿਰਾਸ਼ ਸੀ ਕਿ ਪ੍ਰਮੁੱਖ ਤੌਰ 'ਤੇ ਈਸਾਈ ਸੰਗਠਨ ਦੇ ਨੇਤਾ ਨੂੰ ਮਨਾਉਣ ਲਈ ਉਸ ਨੇ ਖ਼ੁਦ ਨੂੰ ਸਿਰਫ ਮੁਸਲਿਮ ਪਾਰਟੀ ਦੱਸਣ ਵਾਲੀ 'ਕੇਰਲ ਮੁਸਲਿਮ ਲੀਗ' ਦੀਆਂ ਸੇਵਾਵਾਂ ਲਈਆਂ। ਜੇ ਰਾਹੁਲ ਗਾਂਧੀ ਆਪਣੀ ਹੀ ਪਾਰਟੀ ਦੇ ਪੈਰਾਂ 'ਤੇ ਕੁਹਾੜੀ ਮਾਰਨਾ ਜਾਰੀ ਰੱਖਣਗੇ ਤਾਂ ਜਦੋਂ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਦਾਅਵੇਦਾਰੀ ਠੋਕਣ ਦਾ ਉਨ੍ਹਾਂ ਦਾ ਮਹੂਰਤ ਆਵੇਗਾ ਤਾਂ ਸ਼ਾਇਦ ਉਦੋਂ ਤਕ ਕਾਂਗਰਸ ਦੀ ਹੋਂਦ ਹੀ ਨਹੀਂ ਬਚੀ ਹੋਵੇਗੀ।