ਸਿਆਸੀ ਘਟਨਾਚੱਕਰਾਂ ਨਾਲ ਰੌਚਕ ਬਣੀਆਂ ਪਾਕਿਸਤਾਨ ਦੀਆਂ ਚੋਣਾਂ

Friday, Jul 06, 2018 - 03:39 AM (IST)

ਸਿਆਸੀ ਘਟਨਾਚੱਕਰਾਂ ਨਾਲ ਰੌਚਕ ਬਣੀਆਂ ਪਾਕਿਸਤਾਨ ਦੀਆਂ ਚੋਣਾਂ

ਅਗਲੀ 25 ਜੁਲਾਈ ਨੂੰ ਪਾਕਿਸਤਾਨ ਵਿਚ ਆਮ ਚੋਣਾਂ ਹੋਣੀਆਂ ਹਨ। 10.5 ਕਰੋੜ ਵੋਟਰ (ਜਿਨ੍ਹਾਂ 'ਚੋਂ 4.6 ਕਰੋੜ ਨੌਜਵਾਨ ਹਨ) ਤੈਅ ਕਰਨਗੇ ਕਿ ਸੱਤਾ ਕਿਸ ਨੂੰ ਮਿਲੇ? ਜੇਕਰ ਇਹ ਚੋਣਾਂ ਸੰਪੰਨ ਹੁੰਦੀਆਂ ਹਨ ਅਤੇ ਨਵੀਂ ਸਰਕਾਰ ਬਣਦੀ ਹੈ ਤਾਂ ਇਹ ਪਾਕਿਸਤਾਨ ਦੇ ਇਤਿਹਾਸ ਵਿਚ ਦੂਜੀ ਵਾਰ ਹੋਵੇਗਾ, ਜਦੋਂ ਦੇਸ਼ ਵਿਚ ਜਮਹੂਰੀ ਪ੍ਰਕਿਰਿਆ ਨਾਲ ਸੱਤਾ ਦਾ ਤਬਾਦਲਾ ਹੋਵੇਗਾ ਪਰ ਉਸ ਤੋਂ ਪਹਿਲਾਂ ਉਥੋਂ ਦੇ ਸਿਆਸੀ ਘਟਨਾਚੱਕਰਾਂ ਅਤੇ ਖੁਲਾਸਿਆਂ ਨੇ ਇਨ੍ਹਾਂ ਚੋਣਾਂ ਨੂੰ ਰੋਚਕ ਬਣਾ ਦਿੱਤਾ ਹੈ।
ਪਾਕਿਸਤਾਨ ਵਿਚ ਮੁੱਖ ਤੌਰ 'ਤੇ ਤਿਕੋਣਾ ਮੁਕਾਬਲਾ ਹੋਣਾ ਹੈ। ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਉੱਚ ਲੀਡਰਸ਼ਿਪ ਹਾਲ ਹੀ ਵਿਚ ਬਦਲੀ ਹੈ ਪਰ ਦੋਵੇਂ ਪਰਿਵਾਰਵਾਦ ਦੀ ਜਕੜ ਵਿਚ ਹੁਣ ਵੀ ਹਨ। ਦੂਜੇ ਪਾਸੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਨੇਤਾ ਇਮਰਾਨ ਖਾਨ ਆਪਣੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ, ਸੈਨਾ-ਇਸਲਾਮੀ ਕੱਟੜਪੰਥੀਆਂ ਨਾਲ ਨੇੜਤਾ, ਕਸ਼ਮੀਰ ਅਤੇ ਆਪਣੇ ਭਾਰਤ ਵਿਰੋਧੀ ਤੇਵਰਾਂ ਕਾਰਨ ਪਾਕਿਸਤਾਨ ਦੇ ਦੋ ਪ੍ਰਮੁੱਖ ਸਿਆਸੀ ਦਲਾਂ ਨੂੰ ਚੁਣੌਤੀ ਦੇ ਰਹੇ ਹਨ ਪਰ ਇਮਰਾਨ 'ਤੇ ਹੋ ਰਹੇ ਖੁਲਾਸਿਆਂ ਨੇ ਪੀ. ਟੀ. ਆਈ. ਨੂੰ ਅਸਹਿਜ ਕਰ ਦਿੱਤਾ ਹੈ।
ਸਾਬਕਾ ਕ੍ਰਿਕਟਰ ਅਤੇ 1992 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਰਹੇ ਇਮਰਾਨ ਖਾਨ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ਕਿ ਆਪਣੀ 22 ਸਾਲਾਂ ਦੀ ਰਾਜਨੀਤੀ ਵਿਚ ਜਦੋਂ ਉਹ ਸੁਨਹਿਰੀ ਦੌਰ ਵਿਚ ਦਾਖਲ ਹੋ ਰਹੇ ਹੋਣਗੇ, ਉਦੋਂ ਉਨ੍ਹਾਂ ਦਾ ਨਿੱਜੀ ਜੀਵਨ ਇਸ ਦੇ ਅੱਗੇ ਆ ਜਾਵੇਗਾ। ਇਮਰਾਨ ਨੇ 3 ਵਿਆਹ—1995 ਵਿਚ ਯਹੂਦੀ ਮੂਲ ਦੀ ਬਰਤਾਨਵੀ ਪੱਤਰਕਾਰ ਜੇਮੀਮਾ ਗੋਲਡਸਮਿਥ, 2015 ਵਿਚ ਪੱਤਰਕਾਰ ਰੇਹਮ ਖਾਨ ਅਤੇ ਤੀਜਾ ਇਸੇ ਸਾਲ 5 ਬੱਚਿਆਂ ਦੀ ਮਾਂ ਅਤੇ 45 ਸਾਲਾ 'ਪਿੰਕੀ ਪੀਰ' ਬੁਸ਼ਰਾ ਮਾਨਿਕਾ—ਕੀਤੇ ਹਨ। ਪਹਿਲੇ ਦੋ ਨਿਕਾਹ ਤਰਤੀਬਵਾਰ 9 ਸਾਲ ਅਤੇ ਸਿਰਫ 10 ਮਹੀਨੇ ਤਕ ਚੱਲੇ ਅਤੇ ਤੀਜਾ ਨਿਕਾਹ ਵੀ ਤਲਾਕ ਦੇ ਕੰਢੇ 'ਤੇ ਹੈ।
ਇਮਰਾਨ ਦੀ ਸਿਆਸੀ ਖਾਹਿਸ਼ ਵਿਚ ਅੜਚਣ ਦਾ ਮੁੱਖ ਕਾਰਨ ਉਨ੍ਹਾਂ ਦੀ ਦੂਜੀ ਪਤਨੀ ਰਹੀ ਰੇਹਮ ਖਾਨ ਦੀ 'ਟੇਲ ਆਲ' ਨਾਂ ਦੀ ਉਹ ਅਪ੍ਰਕਾਸ਼ਿਤ ਕਿਤਾਬ ਹੈ, ਜਿਸ ਦੇ ਕੁਝ ਅੰਸ਼ ਬੀਤੇ ਦਿਨੀਂ ਇੰਟਰਨੈੱਟ 'ਤੇ ਲੀਕ ਹੋ ਗਏ। ਜੋ ਦਾਅਵੇ ਉਸ ਕਿਤਾਬ ਵਿਚ ਰੇਹਮ ਨੇ ਕੀਤੇ ਹਨ, ਉਸ ਦਾ ਪ੍ਰਭਾਵ ਪੀ. ਟੀ. ਆਈ. ਦੇ ਚੋਣ ਪ੍ਰਦਰਸ਼ਨ 'ਤੇ ਪੈ ਸਕਦਾ ਹੈ। ਰੇਹਮ ਨੇ ਦੋਸ਼ ਲਾਇਆ ਹੈ ਕਿ ਨਿਕਾਹ ਤੋਂ ਪਹਿਲਾਂ ਇਮਰਾਨ ਨੇ ਉਸ ਦਾ ਯੌਨ ਸ਼ੋਸ਼ਣ ਕੀਤਾ ਸੀ।
ਰੇਹਮ ਦੱਸਦੀ ਹੈ, ''ਇਮਰਾਨ ਨੇ ਵਿਆਹ ਤੋਂ ਪਹਿਲਾਂ ਮੈਨੂੰ ਆਪਣੇ ਘਰ ਆਉਣ ਦਾ ਸੱਦਾ ਦਿੱਤਾ ਸੀ। ਉਨ੍ਹਾਂ ਨਾਲ ਮੇਰੀ ਇਹ ਦੂਜੀ ਮੁਲਾਕਾਤ ਸੀ, ਇਸ ਲਈ ਮੈਂ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਉਨ੍ਹਾਂ ਨੇ ਮੈਨੂੰ ਆਪਣੇ ਘਰ ਕਿਉਂ ਬੁਲਾਇਆ ਹੈ? ਮੈਂ ਸਾਵਧਾਨੀ ਵਰਤਦੇ ਹੋਏ ਆਪਣੀ ਇਕ ਸਹੇਲੀ ਨੂੰ ਬਾਨੀ ਗਾਲਾ (ਇਸਲਾਮਾਬਾਦ ਦਾ ਉਹ ਖੇਤਰ, ਜਿਥੇ ਇਮਰਾਨ ਦਾ ਘਰ ਸਥਿਤ ਹੈ) ਦੇ ਬਾਹਰ ਰੁਕੇ ਰਹਿਣ ਲਈ ਕਿਹਾ। ਮੈਂ ਉਸ ਨੂੰ ਕਿਹਾ ਸੀ ਕਿ ਕੋਈ ਵੀ ਮੰਦਭਾਗੀ ਘਟਨਾ ਹੋਣ 'ਤੇ ਮੈਂ ਉਸ ਨੂੰ ਫੋਨ ਕਰਾਂਗੀ ਅਤੇ ਫਿਰ ਉਥੋਂ ਚਲੇ ਜਾਵਾਂਗੇ।''
ਅੱਗੇ ਰੇਹਮ ਲਿਖਦੀ ਹੈ, ''ਬਾਨੀ ਗਾਲਾ ਪਹੁੰਚਣ 'ਤੇ ਇਮਰਾਨ ਨੇ ਮੈਨੂੰ ਆਪਣੇ ਨਾਲ ਟਹਿਲਣ ਲਈ ਕਿਹਾ। ਫਿਰ ਉਸ ਨੇ ਮੇਰੀ ਉੱਚੀ ਹੀਲ ਵਾਲੀ ਸੈਂਡਲ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਹ ਇਸ ਨੂੰ ਪਹਿਨ ਕੇ ਕਿਵੇਂ ਤੁਰਦੀ ਹੈ? ਇਸ 'ਤੇ ਮੈਂ ਉਨ੍ਹਾਂ ਨੂੰ ਉਤਾਰ ਕੇ ਆਪਣੇ ਬੈਗ ਵਿਚ ਰੱਖ ਲਿਆ ਅਤੇ ਦੂਜੀਆਂ ਜੁੱਤੀਆਂ ਪਹਿਨ ਲਈਆਂ। ਇਮਰਾਨ ਨੇ ਕੁਝ ਸਮੇਂ ਤਕ ਰਾਜਨੀਤੀ ਅਤੇ ਬੱਚਿਆਂ ਬਾਰੇ ਗੱਲ ਕੀਤੀ। ਫਿਰ ਮੇਰੀ ਸ਼ਲਾਘਾ ਕਰਨ ਲੱਗੇ। ਜਦੋਂ ਅਸੀਂ ਦੋਹਾਂ ਨੇ ਖਾਣਾ ਖਾਧਾ, ਉਦੋਂ ਉਨ੍ਹਾਂ ਨੇ ਮੇਰਾ ਯੌਨ ਸ਼ੋਸ਼ਣ ਕਰਨ ਦਾ ਯਤਨ ਕੀਤਾ।''
ਰੇਹਮ ਨੇ ਲਿਖਿਆ, ''ਮੈਂ ਡਰ ਗਈ ਸੀ ਅਤੇ ਸੋਚ ਰਹੀ ਸੀ ਕਿ ਮੈਂ ਇਥੇ ਕਿਉਂ ਆਈ? ਮੈਂ ਇਮਰਾਨ ਨੂੰ ਖ਼ੁਦ ਤੋਂ ਦੂਰ ਕਰਨ ਲਈ ਧੱਕਾ ਦੇ ਦਿੱਤਾ, ਇਸ 'ਤੇ ਇਮਰਾਨ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਤੁਸੀਂ ਉਹੋ ਜਿਹੀ ਲੜਕੀ ਨਹੀਂ ਹੋ, ਇਸੇ ਲਈ ਮੈਂ ਤੁਹਾਡੇ ਨਾਲ ਨਿਕਾਹ ਕਰਨਾ ਚਾਹੁੰਦਾ ਹਾਂ। ਇਸ 'ਤੇ ਮੈਂ ਕਿਹਾ ਕਿ ਤੁਸੀਂ ਪਾਗਲ ਹੋ ਗਏ ਹੋ। ਮੈਂ ਤੁਹਾਨੂੰ ਜਾਣਦੀ ਵੀ ਨਹੀਂ ਅਤੇ ਤੁਸੀਂ ਮੇਰੇ ਨਾਲ ਨਿਕਾਹ ਕਰਨ ਦੀ ਗੱਲ ਕਰ ਰਹੇ ਹੋ।''
ਰੇਹਮ ਨੇ ਆਪਣੀ ਆਉਣ ਵਾਲੀ ਕਿਤਾਬ ਵਿਚ ਇਮਰਾਨ ਖਾਨ ਨੂੰ ਸਮਲਿੰਗੀ ਵੀ ਦੱਸਿਆ ਹੈ ਅਤੇ ਲਿਖਿਆ ਹੈ ਕਿ ਉਸ ਨੇ ਆਪਣੀ ਪਾਰਟੀ ਦੇ ਕਈ ਨੇਤਾਵਾਂ ਤੇ ਪਾਕਿਸਤਾਨੀ ਫਿਲਮ ਅਭਿਨੇਤਾ ਹਮਜ਼ਾ ਅਲੀ ਅੱਬਾਸੀ ਨਾਲ ਸੰਬੰਧ ਬਣਾਏ ਹਨ। ਇਸ ਤੋਂ ਇਲਾਵਾ ਰੇਹਮ ਨੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਬਾਰੇ ਵੀ ਆਪਣੀ ਕਿਤਾਬ ਵਿਚ ਕੁਝ ਬੇਹੱਦ ਹੈਰਾਨ ਕਰ ਦੇਣ ਵਾਲੇ ਖੁਲਾਸੇ ਕੀਤੇ ਹਨ। 
ਇਸ ਕਿਤਾਬ ਵਿਚ ਰੇਹਮ ਨੇ ਵਸੀਮ ਬਾਰੇ ਲਿਖਿਆ ਹੈ ਕਿ ਉਨ੍ਹਾਂ ਦੀ ਯੌਨ ਵਾਸਨਾ ਕੁਝ ਅਜਿਹੀ ਹੈ, ਜਿਸ ਵਿਚ ਉਹ ਆਪਣੀ ਮਰ ਚੁੱਕੀ ਪਤਨੀ ਨਾਲ ਸੰਬੰਧ ਬਣਾਉਣ ਲਈ ਇਕ ਕਾਲੇ ਵਿਅਕਤੀ ਦੀ ਵਿਵਸਥਾ ਕਰ ਕੇ ਦੋਵਾਂ ਨੂੰ ਸੰਭੋਗ ਕਰਦੇ ਹੋਏ ਦੇਖਦੇ ਸਨ। ਹੁਣ ਇਨ੍ਹਾਂ ਖੁਲਾਸਿਆਂ ਨਾਲ ਜਿਹੜੇ-ਜਿਹੜੇ ਵਿਅਕਤੀਆਂ 'ਤੇ ਗਾਜ ਡਿੱਗੀ ਹੈ, ਉਨ੍ਹਾਂ ਨੇ ਰੇਹਮ ਨੂੰ ਕਾਨੂੰਨੀ ਨੋਟਿਸ ਫੜਾ ਦਿੱਤਾ ਹੈ ਤਾਂ ਆਪਣੀ ਜਾਨ ਨੂੰ ਖਤਰਾ ਦੱਸ ਕੇ ਰੇਹਮ ਪਾਕਿਸਤਾਨ ਛੱਡ ਚੁੱਕੀ ਹੈ।
ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਇਮਰਾਨ ਵਿਵਾਦਾਂ ਵਿਚ ਫਸੇ ਹੋਣ। ਬੀਤੇ ਸਾਲ 1 ਅਗਸਤ ਨੂੰ ਉਨ੍ਹਾਂ ਦੀ ਪਾਰਟੀ ਦੀ ਨੇਤਾ ਆਇਸ਼ਾ ਗੁਲਾਲੀ ਇਮਰਾਨ 'ਤੇ ਸ਼ੋਸ਼ਣ ਕਰਨ ਅਤੇ ਫੋਨ 'ਤੇ ਅਸ਼ਲੀਲ ਸੰਦੇਸ਼ ਭੇਜਣ ਦਾ ਦੋਸ਼ ਲਗਾ ਚੁੱਕੀ ਹੈ। ਇਹੋ ਨਹੀਂ, ਸਾਲ 2016 ਵਿਚ ਇਕ ਟੀ. ਵੀ. ਇੰਟਰਵਿਊ ਵਿਚ ਉਨ੍ਹਾਂ ਨੇ ਇਸਲਾਮ ਕੱਟੜਪੰਥੀਆਂ ਨੂੰ ਖੁਸ਼ ਕਰਨ ਲਈ ਓਸਾਮਾ ਬਿਨ ਲਾਦੇਨ ਨੂੰ ਅੱਤਵਾਦੀ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।
ਪੀ. ਐੱਮ. ਐੱਲ.-ਐੱਨ. ਦੀ ਸਥਿਤੀ ਵੀ ਠੀਕ ਨਹੀਂ ਹੈ। ਪਾਰਟੀ ਦੇ ਸਰਵਉੱਚ ਨੇਤਾ ਅਤੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਦੋਸ਼ੀ ਨਵਾਜ਼ ਸ਼ਰੀਫ 'ਇਸਲਾਮੀ ਪਾਬੰਦੀ' ਦੀ ਉਲੰਘਣਾ ਕਰਨ ਕਾਰਨ ਬੀਤੇ ਸਾਲ ਅਯੋਗ ਐਲਾਨੇ ਜਾ ਚੁੱਕੇ ਹਨ ਤਾਂ ਹੁਣ ਉਨ੍ਹਾਂ ਦੇ ਦਾਨਿਆਲ ਅਜ਼ੀਜ਼ ਦੇ ਚੋਣ ਲੜਨ 'ਤੇ ਅਦਾਲਤ ਨੇ ਪਾਬੰਦੀ ਲਾ ਦਿੱਤੀ ਹੈ। ਓਧਰ, ਨਵਾਜ਼ ਦੇ ਭਤੀਜੇ ਹਮਜ਼ਾ ਸ਼ਰੀਫ ਨੂੰ ਚੋਣ ਲੜਾਉਣ 'ਤੇ ਪਾਰਟੀ ਦੇ ਸੀਨੀਅਰ ਨੇਤਾ ਜ਼ਈਮ ਕਾਦਰੀ ਬਗਾਵਤ 'ਤੇ ਉਤਰ ਆਏ ਹਨ। 
26/11 ਮੁੰਬਈ ਹਮਲੇ ਵਿਚ ਪਾਕਿਸਤਾਨ ਦੀ ਭੂਮਿਕਾ ਨੂੰ ਸਵੀਕਾਰਨਾ, ਵਿਦੇਸ਼ ਨੀਤੀ ਵਿਚ ਨਾਗਰਿਕ ਸਰਕਾਰ ਦਾ ਪ੍ਰਭੂਤਵ ਸਥਾਪਿਤ ਕਰਨ ਦੀ ਕੋਸ਼ਿਸ਼ ਅਤੇ ਘੱਟਗਿਣਤੀਆਂ, ਖਾਸ ਕਰਕੇ ਹਿੰਦੂਆਂ-ਸਿੱਖਾਂ ਦੀ ਸਥਿਤੀ ਸੁਧਾਰਨ ਕਾਰਨ ਨਵਾਜ਼ ਅਤੇ ਉਨ੍ਹਾਂ ਦੀ ਪਾਰਟੀ, ਸੈਨਾ-ਇਸਲਾਮੀ ਕੱਟੜਪੰਥੀ ਗੱਠਜੋੜ ਦੀਆਂ ਅੱਖਾਂ ਦੀ ਰੜਕ ਬਣ ਚੁੱਕੇ ਹਨ। ਇਕ ਰੋਚਕ ਤੱਥ ਇਹ ਹੈ ਕਿ ਬੀਤੇ ਸਾਲ ਅਦਾਲਤ ਵਲੋਂ ਹੀ ਗਠਿਤ ਜਿਸ 6 ਮੈਂਬਰੀ ਜਾਂਚ ਕਮੇਟੀ ਦੀ ਰਿਪੋਰਟ ਦੇ ਆਧਾਰ 'ਤੇ ਨਵਾਜ਼ ਨੂੰ ਅਯੋਗ ਐਲਾਨਿਆ ਗਿਆ ਸੀ, ਉਸ ਵਿਚ ਇਕ ਆਈ. ਐੱਸ. ਏ. ਈ. ਅਤੇ ਇਕ ਫੌਜੀ ਅਧਿਕਾਰੀ ਨੂੰ ਸ਼ਾਮਲ ਕੀਤਾ ਗਿਆ ਸੀ।
ਓਧਰ, ਪਾਕਿਸਤਾਨ ਦੀ ਰਾਸ਼ਟਰੀ ਰਾਜਨੀਤੀ ਵਿਚ ਗੈਰ-ਪ੍ਰਸੰਗਿਕ ਹੁੰਦੀ ਜਾ ਰਹੀ ਪੀ. ਪੀ. ਪੀ. ਦੀ ਅਗਵਾਈ ਭੁੱਟੋ ਪਰਿਵਾਰ ਦੇ ਉੱਤਰਾਧਿਕਾਰੀ 29 ਸਾਲਾ ਬਿਲਾਵਲ ਭੁੱਟੋ ਕਰ ਰਹੇ ਹਨ। ਹੁਣ ਚੋਣਾਂ ਵਿਚ ਉਨ੍ਹਾਂ ਦੇ ਪਿਤਾ ਅਤੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਲਾਭ ਪਹੁੰਚਾਉਣਗੇ ਜਾਂ ਫਿਰ ਨੁਕਸਾਨ, ਇਸ 'ਤੇ ਬਕੌਲ ਮੀਡੀਆ ਰਿਪੋਰਟਸ, ਕੁਝ ਵਿਸ਼ਲੇਸ਼ਕਾਂ ਅਤੇ ਪਾਰਟੀ ਦੇ ਕੁਝ ਨੇਤਾਵਾਂ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਦੇ ਵੱਡੇ ਦੋਸ਼ਾਂ ਅਤੇ ਜ਼ਬਰਦਾਰੀ ਦੀ ਦਾਗ਼ਦਾਰ ਦਿੱਖ ਨਾਲ ਪਾਰਟੀ ਨੂੰ ਚੋਣਾਂ ਵਿਚ ਨੁਕਸਾਨ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਦੇ ਵਿਰੋਧੀ ਅਤੇ ਵਿਰੋਧੀ ਧਿਰ ਦੇ ਨੇਤਾ ਇਮਰਾਨ ਖਾਨ ਭ੍ਰਿਸ਼ਟਾਚਾਰ ਨੂੰ ਵੱਡਾ ਚੋਣ ਮੁੱਦਾ ਬਣਾ ਚੁੱਕੇ ਹਨ। ਪੀ. ਐੱਮ. ਐੱਲ.-ਐੱਨ. ਨੂੰ ਸੱਤਾ ਤੋਂ ਦੂਰ ਰੱਖਣ ਲਈ ਚੋਣਾਂ ਤੋਂ ਬਾਅਦ ਇਮਰਾਨ-ਬਿਲਾਵਲ ਵਿਚਾਲੇ ਸਮਝੌਤਾ ਹੋਣ ਦੀ ਚਰਚਾ ਹੈ।
ਪਾਕਿਸਤਾਨੀ ਚੋਣ ਕਮਿਸ਼ਨ ਤੋਂ ਖਤਰਨਾਕ ਅੱਤਵਾਦੀ ਹਾਫਿਜ਼ ਸਈਦ ਦੀ ਪਾਰਟੀ ਮਿੱਲੀ ਮੁਸਲਿਮ ਲੀਗ ਨੂੰ ਮਨਜ਼ੂਰੀ ਨਾ ਮਿਲਣ ਤੋਂ ਬਾਅਦ ਉਹ ਦੂਜੀ ਜੁਗਤ ਵਿਚ ਹੈ। ਉਸ ਨੇ ਆਪਣੇ 200 ਤੋਂ ਵੱਧ ਉਮੀਦਵਾਰਾਂ ਨੂੰ ਇਕ ਹੋਰ ਰਜਿਸਟਰਡ ਪਾਰਟੀ ਅੱਲ੍ਹਾ-ਓ-ਅਕਬਰ ਤਹਿਰੀਕ ਦੇ ਬੈਨਰ ਹੇਠ ਉਤਾਰਨ ਦਾ ਫੈਸਲਾ ਕੀਤਾ ਹੈ। ਕੋਈ ਹੈਰਾਨੀ ਨਹੀਂ, ਹਾਫਿਜ਼ ਦੇ ਜ਼ਿਆਦਾਤਰ ਉਮੀਦਵਾਰ ਚੰਗਾ ਪ੍ਰਦਰਸ਼ਨ ਕਰਨ ਕਿਉਂਕਿ ਜਿਥੇ ਭਾਰਤ ਸਮੇਤ ਬਾਕੀ ਵਿਸ਼ਵ ਅਜ਼ਹਰ ਮਸੂਦ ਅਤੇ ਹਾਫਿਜ਼ ਸਈਦ ਵਰਗੇ ਖੂੰਖਾਰ ਅੱਤਵਾਦੀਆਂ ਨੂੰ ਮਨੁੱਖਤਾ ਲਈ ਖਤਰਾ ਮੰਨਦਾ ਹੈ, ਉਥੇ ਪਾਕਿਸਤਾਨ ਦੇ ਜ਼ਿਆਦਾਤਰ ਲੋਕ ਉਨ੍ਹਾਂ ਨੂੰ 'ਖਲੀਫਾ' ਜਾਂ ਫਿਰ ਆਪਣਾ ਨਾਇਕ ਮੰਨਦੇ ਹਨ। ਇਨ੍ਹਾਂ ਲਈ ਸੱਚਾ ਮੁਸਲਮਾਨ ਉਹੀ ਹੈ, ਜੋ ਗੈਰ-ਮੁਸਲਿਮ (ਕਾਫਿਰ) ਨੂੰ ਮੌਤ ਦੇ ਘਾਟ ਉਤਾਰੇ, ਉਨ੍ਹਾਂ ਦਾ ਮਜ਼੍ਹਬ ਬਦਲੇ ਅਤੇ ਉਨ੍ਹਾਂ ਦੇ ਪੂਜਾ ਅਸਥਾਨਾਂ ਨੂੰ ਤਬਾਹ ਕਰੇ।
ਇਸ ਇਸਲਾਮੀ ਰਾਸ਼ਟਰ ਦਾ ਚਿੰਤਨ ਦੋ ਥੰਮ੍ਹਾਂ 'ਤੇ ਟਿਕਿਆ ਹੈ—ਪਹਿਲਾ ਇਸਲਾਮ, ਤਾਂ ਦੂਜਾ ਭਾਰਤ ਦੇ ਪ੍ਰਤੀ ਨਫਰਤ—ਇਸ ਲਈ ਉਥੇ ਜਨਤਾ ਵਲੋਂ ਚੁਣੀ ਗਈ ਸਰਕਾਰ ਦੀ ਭੂਮਿਕਾ ਸੀਮਤ ਹੈ। ਬੇਸ਼ੱਕ ਉਥੇ ਲੋਕਤੰਤਰ ਦਾ ਢੋਲ ਪਿੱਟਿਆ ਜਾਂਦਾ ਹੋਵੇ ਪਰ ਜਿਸ ਖਰਾਬ ਮਾਨਸਿਕਤਾ ਨੇ ਪਾਕਿਸਤਾਨ ਨੂੰ ਜਨਮ ਦਿੱਤਾ, ਉਸ ਨੇ ਕਦੇ ਉਥੇ ਲੋਕਤੰਤਰ ਦੀਆਂ ਜੜ੍ਹਾਂ ਨੂੰ ਵਧਣ ਨਹੀਂ ਦਿੱਤਾ। ਇਸ ਦੇਸ਼ ਵਿਚ 36 ਸਾਲਾਂ ਤਕ ਫੌਜੀ ਤਾਨਾਸ਼ਾਹੀ ਰਹੀ ਹੈ, ਜਿਸ ਵਿਚ ਜ਼ਿਆ-ਉਲ-ਹੱਕ ਨੇ ਰਸਮੀ ਤੌਰ 'ਤੇ ਸੱਤਾ ਅਦਾਰਿਆਂ ਦਾ ਇਸਲਾਮੀਕਰਨ (ਸ਼ਰੀਅਤ ਆਧਾਰਿਤ) ਕਰ ਦਿੱਤਾ।
ਪਾਕਿਸਤਾਨ ਵਿਚ ਚੋਣਾਂ ਦੇ ਨਤੀਜੇ ਕੀ ਹੋਣਗੇ—ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਪਰ ਇਸ ਅਸ਼ਾਂਤ ਦੇਸ਼ ਵਿਚ ਕੁਝ ਗੱਲਾਂ ਜਿਉਂ ਦੀਆਂ ਤਿਉਂ ਬਿਨਾਂ ਬਦਲੇ ਰਹਿਣਗੀਆਂ। ਪਹਿਲੀ—ਦੇਸ਼ 'ਤੇ ਫੌਜ ਦਾ ਕੰਟਰੋਲ ਬਣਿਆ ਰਹੇਗਾ, ਦੂਜੀ—ਸੱਤਾ ਦੇ ਕੇਂਦਰ ਵਿਚ ਇਸਲਾਮੀ ਕੱਟੜਪੰਥ ਦਾ ਦਬਦਬਾ ਹੋਵੇਗਾ, ਤੀਜੀ—ਪਾਕਿਸਤਾਨ ਨੂੰ 'ਹਜ਼ਾਰਾਂ ਜ਼ਖ਼ਮ ਦੇ ਕੇ ਭਾਰਤ ਨੂੰ ਮੌਤ ਦੇ ਘਾਟ ਉਤਾਰਨ' ਦੇ ਅਧੀਨ ਪ੍ਰਪੰਚਾਂ ਦਾ ਜਾਲ ਬੁਣਦਾ ਰਹੇਗਾ, ਚੌਥੀ—ਅਮਰੀਕਾ ਤੋਂ ਦੁਰਕਾਰਿਆ ਪਾਕਿਸਤਾਨ ਚੀਨ 'ਤੇ ਨਿਰਭਰ ਰਹੇਗਾ ਅਤੇ ਪੰਜਵੀਂ—ਉਥੋਂ ਦੀ ਜਨਤਾ ਗਰੀਬੀ ਅਤੇ ਕਠਮੁੱਲਿਆਂ ਦੇ ਚੁੰਗਲ 'ਚੋਂ ਬਾਹਰ ਨਹੀਂ ਨਿਕਲ ਸਕੇਗੀ।


Related News