ਚੀਨ ਨੂੰ ਪਛਾੜਦੇ ਹੋਏ ਵੀਅਤਨਾਮ ਬਣਿਆ ਏਸ਼ੀਆ ਦੀ ਤਰੱਕੀ ਦਾ ਮੋਹਰੀ

10/01/2022 11:46:10 PM

ਜਿਵੇਂ ਕਿ ਸਾਰੇ ਜਾਣਦੇ ਹਨ ਕਿ ਹਾਲ ਹੀ ’ਚ ਵਿਸ਼ਵ ਬੈਂਕ ਨੇ ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਸਾਲਾਨਾ ਵਿਕਾਸ ਪਹਿਲੇ ਅਨੁਮਾਨ ਨੂੰ ਘੱਟ ਕੀਤਾ ਹੈ ਤਾਂ ਓਧਰ ਇਸ ਪੂਰੇ ਖੇਤਰ ’ਚ ਵੀਅਤਨਾਮ ਦੀ ਆਰਥਿਕ ਤਰੱਕੀ ਤੇਜ਼ ਰਫਤਾਰ ਨਾਲ ਅੱਗੇ ਨਿਕਲ ਰਹੀ ਹੈ ਅਤੇ ਦੂਜੇ ਪਾਸੇ ਚੀਨ ਆਪਣੀ ਮੰਦ ਪੈਂਦੀ ਆਰਥਿਕ ਵਿਕਾਸ ਦੀ ਰਫਤਾਰ ਨਾਲ ਇਸ ਦੌੜ ’ਚ ਪਛੜ ਰਿਹਾ ਹੈ। ਵਿਸ਼ਵ ਬੈਂਕ ਦੇ ਤਾਜ਼ਾ ਆਰਥਿਕ ਪਹਿਲੇ ਅਨੁਮਾਨ ’ਚ ਚੀਨ ਦੀ ਵਿਕਾਸ ਦਰ ਨੂੰ ਅਪ੍ਰੈਲ ’ਚ 5 ਤੋਂ ਘਟਾ ਕੇ 2.8 ਫੀਸਦੀ ਕਰ ਦਿੱਤਾ ਗਿਆ। ਇਸ ਦਾ ਕਾਰਨ ਪੂਰੇ ਏਸ਼ੀਆ- ਪ੍ਰਸ਼ਾਂਤ ਖੇਤਰ ਦੀ ਆਰਥਿਕ ਵਿਕਾਸ ਦਰ ਨੂੰ ਵਿਸ਼ਵ ਬੈਂਕ ਨੇ ਜਿੱਥੇ ਅਪ੍ਰੈਲ ’ਚ 5 ਫੀਸਦੀ ਰੱਖਿਆ ਸੀ ਜਿਸ ਨੂੰ ਡੇਗ ਕੇ 3.2 ਫੀਸਦੀ ਕਰ ਦਿੱਤਾ। ਵਿਸ਼ਵ ਬੈਂਕ ਦੀ ਇਹ ਰਿਪੋਰਟ ਪੂਰਬੀ ਏਸ਼ੀਆ, ਦੱਖਣੀ-ਪੂਰਬੀ ਏਸ਼ੀਆ ਅਤੇ ਪ੍ਰਸ਼ਾਂਤ ਟਾਪੂਆਂ ਨੂੰ ਨੱਥੀ ਕਰਦੀ ਹੈ ਪਰ ਇਸ ਰਿਪੋਰਟ ’ਚ ਜਾਪਾਨ ਅਤੇ ਦੋਵਾਂ ਕੋਰੀਆਵਾਂ ਨੂੰ ਨਹੀਂ ਜੋੜਿਆ ਗਿਆ ਹੈ।

ਇਸ ਰਿਪੋਰਟ ਦੇ ਅਨੁਸਾਰ ਵੀਅਤਨਾਮ ਇਸ ਪੂਰੇ ਖੇਤਰ ’ਚ ਨਾਇਕ ਵਾਂਗ ਨਿਕਲ ਕੇ ਸਾਹਮਣੇ ਆਇਆ ਹੈ ਜਿਸ ਦੀ ਸਾਲਾਨਾ ਵਿਕਾਸ ਦਰ 7.2 ਫੀਸਦੀ ਹੈ, ਅਪ੍ਰੈਲ ’ਚ ਇਸ ਦੀ ਵਿਕਾਸ ਦਰ 5.3 ਫੀਸਦੀ ਸੀ। ਓਧਰ ਵਿਸ਼ਵ ਬੈਂਕ ਦੀ ਇੰਡੋਨੇਸ਼ੀਆ ਰਿਪੋਰਟ ’ਚ ਕੋਈ ਤਬਦੀਲੀ ਨਹੀਂ ਕੀਤੀ ਗਈ, ਉਹ ਜਿਉਂ ਦੀ ਤਿਉਂ 5.1 ਫੀਸਦੀ ਤੱਕ ਟਿਕੀ ਹੋਈ ਹੈ। ਇਸ ਖੇਤਰ ’ਚੋਂ ਚੀਨ ਨੂੰ ਬਾਹਰ ਕੱਢਣ ਦੇ ਬਾਅਦ ਸਾਲ 2022 ’ਚ ਆਰਥਿਕ ਵਿਕਾਸ ਦਰ 5.3 ਫੀਸਦੀ ਤੱਕ ਵਧਣ ਦੀ ਆਸ ਹੈ, ਇਸ ’ਚ ਮਲੇਸ਼ੀਆ, ਫਿਲੀਪੀਨਜ਼ ਅਤੇ ਥਾਈਲੈਂਡ ਦੇ ਅੰਦਾਜ਼ਿਆਂ ਨੂੰ ਹਟਾ ਲਿਆ ਗਿਆ ਹੈ। ਪੂਰਬੀ ਏਸ਼ੀਆ ਤੇ ਪ੍ਰਸ਼ਾਂਤ ਖੇਤਰ ਦੇ ਆਰਥਿਕ ਜਾਣਕਾਰਾਂ ਅਨੁਸਾਰ ਇਸ ਦੇਸ਼ ਦੇ ਵਿਕਾਸ ਲਈ ਪਾਬੰਦੀਮੁਕਤ ਵਾਤਾਵਰਣ ਦੀ ਵੱਡੀ ਭੂਮਿਕਾ ਰਹੀ ਹੈ ਜਿਸ ਦੇ ਲਈ ਇਨ੍ਹਾਂ ਦੇਸ਼ਾਂ ਨੂੰ ਪਾਬੰਦ ਕੀਤਾ ਗਿਆ ਸੀ ਪਰ ਇਨ੍ਹਾਂ ਦੇਸ਼ਾਂ ਨੇ ਆਪਣੇ ਬਾਜ਼ਾਰਾਂ ਨੂੰ ਕੋਰੋਨਾ ਮਹਾਮਾਰੀ ਦੇ ਬਾਅਦ ਦੇ ਦੌਰ ’ਚ ਪਾਬੰਦੀਆਂ ਤੋਂ ਮੁਕਤ ਰੱਖਦੇ ਹੋਏ ਮਹਾਮਾਰੀ ’ਤੇ ਕਾਬੂ ਪਾਇਆ ਅਤੇ ਵਿਕਾਸ ਵੀ ਕੀਤਾ।

ਏਸ਼ੀਆ-ਪ੍ਰਸ਼ਾਂਤ ਖੇਤਰ ਦੇ ਆਰਥਿਕ ਵਿਕਾਸ ਦੇ ਪਿੱਛੇ ਜੋ ਕਾਰਨ ਹਨ ਉਨ੍ਹਾਂ ’ਚ ਕੋਵਿਡ ਮਹਾਮਾਰੀ ਦੇ ਦੌਰਾਨ ਲੱਗੀਆਂ ਯਾਤਰਾ ਪਾਬੰਦੀਆਂ ਨੂੰ ਹਟਾਉਣਾ ਅਤੇ ਮਹਾਮਾਰੀ ਦੌਰਾਨ ਲੱਗੀਆਂ ਦੂਜੀਆਂ ਪਾਬੰਦੀਆਂ ਨੂੰ ਖਤਮ ਕਰਨਾ ਸ਼ਾਮਲ ਹੈ। ਓਧਰ ਦੂਜੇ ਪਾਸੇ ਚੀਨ ਆਪਣੀ ਜ਼ੀਰੋ-ਕੋਵਿਡ ਨੀਤੀ ’ਤੇ ਅੜਿਆ ਰਿਹਾ। ਇਸ ਦੇ ਨਾਲ ਹੀ ਚੀਨ ਨੇ ਕਈ ਲਾਕਡਾਊਨ ਵੀ ਆਪਣੇ ਪ੍ਰਮੁੱਖ ਸ਼ਹਿਰਾਂ ’ਤੇ ਲਾਈ ਰੱਖੇ ਜਿਸ ਨਾਲ ਨਾ ਸਿਰਫ ਸਪਲਾਈ ਲੜੀ ਟੁੱਟੀ ਸਗੋਂ ਵਿਨਿਰਮਾਣ ਦਾ ਕੰਮ ਵੀ ਰੁਕਿਆ ਹੋਇਆ ਹੈ ਅਤੇ ਇਨ੍ਹਾਂ ਦੋਵਾਂ ਦਾ ਰਲਵਾਂ-ਮਿਲਵਾਂ ਅਸਰ ਚੀਨ ਦੀ ਮੰਦੀ ਪੈਂਦੀ ਅਰਥਵਿਵਸਥਾ ’ਤੇ ਵੀ ਦੇਖਿਆ ਜਾ ਰਿਹਾ ਹੈ। ਆਰਥਿਕ ਜਾਣਕਾਰਾਂ ਵੱਲੋਂ ਕੀਤੇ ਗਏ ਇਕ ਸਰਵੇ ਅਤੇ ਉਨ੍ਹਾਂ ਦੀ ਰਿਪੋਰਟ ਅਨੁਸਾਰ ਇਸ ਸਾਲ ਦੇ ਅੰਤ ਤੱਕ ਥਾਈਲੈਂਡ, ਫਿਲੀਪੀਨਜ਼ ਅਤੇ ਕੰਬੋਡੀਆ ਕੋਵਿਡ ਮਹਾਮਾਰੀ ਤੋਂ ਪਹਿਲਾਂ ਦੀ ਆਰਥਿਕ ਰਫਤਾਰ ਨੂੰ ਵਾਪਸ ਹਾਸਲ ਕਰ ਲੈਣਗੇ ਪਰ ਚੀਨ ਦੀ ਅਰਥਵਿਵਸਥਾ ਜਿਸ ਨੇ ਥੋੜ੍ਹੇ ਸਮੇਂ ਲਈ ਤੇਜ਼ੀ ਫੜੀ ਸੀ, ਵਾਪਸ ਮੰਦੀ ਰਫਤਾਰ ਵੱਲ ਵਧ ਚੱਲੀ ਹੈ।

ਓਧਰ ਲਾਓਸ ਅਤੇ ਮੰਗੋਲੀਆ ਦੇ ਆਰਥਿਕ ਪਹਿਲੇ ਅਨੁਮਾਨਾਂ ਦੇ ਬਾਰੇ ’ਚ ਜਾਣਕਾਰਾਂ ਦਾ ਕਹਿਣਾ ਹੈ ਕਿ ਉੱਚੀ ਵਿਆਜ ਦਰ,ਕਮਜ਼ੋਰ ਮੁਦਰਾ ਅਤੇ ਮੁਦਰਾਸਫਿਤੀ ਇਨ੍ਹਾਂ ਦੀ ਅਰਥਵਿਵਸਥਾ ਨੂੰ ਮੱਠਾ ਕਰੇਗੀ। ਨਾਲ ਹੀ ਇਨ੍ਹਾਂ ਦੀ ਖਰਚ ਸ਼ਕਤੀ ਨੂੰ ਘਟਾਉਣ ਨਾਲ ਇਨ੍ਹਾਂ ਉਪਰ ਕਰਜ਼ੇ ਨੂੰ ਵਧਾਵੇਗੀ ਪਰ ਇਨ੍ਹਾਂ ਦੋਵਾਂ ਦੇਸ਼ਾਂ ਦੀ ਅਰਥਵਿਵਸਥਾ ਦੇ ਅਗਲੇ ਸਾਲ ਫਿਰ ਤੋਂ ਉਪਰ ਆਉਣ ਦੇ ਸੰਕੇਤ ਹਨ ਜਿੱਥੇ ਮੰਗੋਲੀਆ ਦੇ ਬਾਰੇ ’ਚ ਪਹਿਲਾ ਅਨੁਮਾਨ ਹੈ ਕਿ ਉਸ ਦੀ ਅਰਥਵਿਵਸਥਾ 5.5 ਫੀਸਦੀ ਦੀ ਰਫਤਾਰ ਨਾਲ ਅੱਗੇ ਵਧੇਗੀ ਤਾਂ ਲਾਓਸ ਦੀ ਅਰਥਵਿਵਸਥਾ 4.5 ਫੀਸਦੀ ਦੀ ਰਫਤਾਰ ਨਾਲ ਵਧੇਗੀ, ਨਾਲ ਹੀ ਚੀਨ ਦੀ ਅਰਥਵਿਵਸਥਾ ਵੀ 3.8 ਫੀਸਦੀ ਦੀ ਰਫਤਾਰ ਨਾਲ ਅੱਗੇ ਵਧੇਗੀ।

ਆਰਥਿਕ ਮਾਮਲੇ ਦੇ ਜਾਣਕਾਰਾਂ ਅਨੁਸਾਰ ਲਾਓਸ ਅਤੇ ਮੰਗੋਲੀਆ ਦੇ ਇਲਾਵਾ ਵਧੇਰੇ ਇਲਾਕੇ ਅਮਰੀਕੀ ਫੈੱਡਰਲ ਰਿਜ਼ਰਵ ਬੈਂਕ ਦੀ ਤੇਜ਼ ਵਿਆਜ ਦਰ ਵਾਧਾ ਨੂੰ ਆਸ ਅਨੁਸਾਰ ਚੰਗੀ ਤਰ੍ਹਾਂ ਸਹਿਣ ਕਰਨ ’ਚ ਸਮਰੱਥ ਹੋਣਗੇ। ਪ੍ਰਸ਼ਾਂਤ ਖੇਤਰ ਦੇ ਟਾਪੂ ਦੇਸ਼ਾਂ ’ਚ ਸਭ ਤੋਂ ਚੰਗੀ ਕਾਰਗੁਜ਼ਾਰੀ ਫਿਜ਼ੀ ਤੋਂ ਦੇਖਣ ਨੂੰ ਮਿਲੇਗੀ ਜਿੱਥੇ ਪਹਿਲੇ ਅਨੁਮਾਨ ਅਨੁਸਾਰ 12 ਫੀਸਦੀ ਦਾ ਆਰਥਿਕ ਵਾਧਾ ਦੇਖਣ ਨੂੰ ਮਿਲੇਗਾ। ਉੱਥੇ ਹੀ ਸੋਲੋਮੋਨ ਟਾਪੂ, ਟੋਂਗਾ, ਸਾਮੋਆ ਅਤੇ ਮਾਈਕ੍ਰੋਨੇਸ਼ੀਆ ਦੀ ਅਰਥਵਿਵਸਥਾ ਸੁੰਗੜਣ ਵੱਲ ਵਧੇਗੀ।

ਮੁੱਲ ਵਾਧਾ, ਸਬਸਿਡੀ ਅਤੇ ਵਪਾਰ ਪਾਬੰਦੀ ਨੇ ਇਸ ਖੇਤਰ ਦੀ ਔਸਤ ਮੁਦਰਾਸਫਿਤੀ ਨੂੰ ਬਾਕੀ ਦੁਨੀਆ ਦੀ ਤੁਲਨਾ ’ਚ 4 ਫੀਸਦੀ ਦੇ ਹੇਠਾਂ ਬਣਾਈ ਰੱਖਿਆ ਹੈ ਪਰ ਖੁਰਾਕ ਉਤਪਾਦਨ ’ਚ ਕਮੀ ਅਤੇ ਉੱਚੀਆਂ ਕਾਰਬਨ ਗੈਸਾਂ ਦੀ ਨਿਕਾਸੀ ਕਾਰਨ ਲੰਬੀ ਮਿਆਦ ’ਚ ਆਰਥਿਕ ਤਰੱਕੀ ’ਤੇ ਲਗਾਮ ਲਗਾਵੇਗੀ। ਇਕ ਰਿਪੋਰਟ ਅਨੁਸਾਰ ਬਾਕੀ ਵਿਕਾਸਸ਼ੀਲ ਦੇਸ਼ਾਂ ਦੀ ਤੁਲਨਾ ’ਚ ਏਸ਼ੀਆ-ਪ੍ਰਸ਼ਾਂਤ ਖੇਤਰ ਨੇ ਵਧੇਰੇ ਵਸਤੂਆਂ ਕੀਮਤਾਂ ਦੇ ਵਧਣ ’ਤੇ ਆਪਣਾ ਕੰਟ੍ਰੋਲ ਬਣਾਈ ਰੱਖਿਆ ਹੈ, ਹਾਲਾਂਕਿ ਅਜਿਹਾ ਬਾਕੀ ਦੇਸ਼ ਨਹੀਂ ਕਰ ਸਕੇ ਜਿਨ੍ਹਾਂ ’ਚ ਮੱਧਪੂਰਬ ਅਤੇ ਉੱਤਰੀ ਅਫਰੀਕੀ ਦੇਸ਼ ਸ਼ਾਮਲ ਹਨ, ਮੁੱਲ ਸਮਰਥਨ ਦੇ ਉਪਾਅ ਚੌਲ ਅਤੇ ਹੋਰ ਅਨਾਜ ਕਿਸਾਨਾਂ ਦੇ ਪੱਖ ’ਚ ਝੁਕੇ ਹਨ ਹਾਲਾਂਕਿ ਖਪਤਕਾਰ ਦੀ ਮੰਗ ਫਲ, ਸਬਜ਼ੀ ਤੇ ਮੀਟ ਵੱਲ ਵੱਧ ਹੈ।

ਜਾਣਕਾਰਾਂ ਅਨੁਸਾਰ ਆਉਣ ਵਾਲੇ ਦਿਨਾਂ ’ਚ ਈਂਧਨ ਦੀਆਂ ਕੀਮਤਾਂ ’ਚ ਵਾਧਾ ਤੇ ਉਸ ’ਤੇ ਮਿਲਣ ਵਾਲੀ ਸਬਸਿਡੀ ਦੇ ਘਟਣ ਨਾਲ ਹਾਲਾਤ ਵੱਖ ਹੋ ਸਕਦੇ ਹਨ। ਹਾਲ ਦੇ ਦਿਨਾਂ ’ਚ ਮਲੇਸ਼ੀਆ ਅਤੇ ਇੰਡੋਨੇਸ਼ੀਆ ਦੀ ਜੀਵਾਸ਼ਮ ਈਂਧਨ ’ਤੇ ਮਿਲਣ ਵਾਲੀ ਸਬਸਿਡੀ ਸਾਲ 2020 ’ਚ ਪੂਰੇ ਕੁਲ ਘਰੇਲੂ ਉਤਪਾਦ ਦਾ 1 ਫੀਸਦੀ ਸੀ, ਇਹ ਹੁਣ 2 ਫੀਸਦੀ ਹੋ ਗਈ ਹੈ। ਵਿਸ਼ਵ ਬੈਂਕ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਜੀਵਾਸ਼ਮ ਈਂਧਨ ਦੀਆਂ ਕੀਮਤਾਂ ’ਚ ਇੰਝ ਹੀ ਵਾਧਾ ਹੁੰਦਾ ਰਿਹਾ ਤਾਂ ਇਹ ਦੇਸ਼ ਆਪਣੀ ਵਿਕਾਸ ਦਰ ਨੂੰ ਕਾਇਮ ਰੱਖਦੇ ਹੋਏ ਕਾਰਬਨ ਗੈਸਾਂ ਦੀ ਨਿਕਾਸੀ ਦੇ ਮਾਮਲੇ ’ਤੇ ਸਮਝੌਤਾ ਕਰ ਸਕਦੇ ਹਨ ਜੋ ਉਨ੍ਹਾਂ ਨੂੰ ਜੀਵਾਸ਼ਮ ਈਂਧਨ ’ਤੇ ਹੋਰ ਵੱਧ ਨਿਰਭਰ ਬਣਾਵੇਗਾ।

ਹਾਲਾਂਕਿ ਆਉਣ ਵਾਲੇ ਿਦਨਾਂ ’ਚ ਇਨ੍ਹਾਂ ਪ੍ਰੇਸ਼ਾਨੀਆਂ ਦੇ ਬਾਵਜੂਦ ਚੀਨ ਨੂੰ ਛੱਡ ਕੇ ਇਸ ਪੂਰੇ ਖੇਤਰ ਦੀ ਵਿਕਾਸ ਦਰ ਨੂੰ ਬਿਹਤਰ ਦਿਖਾਇਆ ਜਾ ਰਿਹਾ ਹੈ, ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਏਸ਼ੀਆ ਦੇ ਚਮਕਦੇ ਸਿਤਾਰੇ ਇੰਡੋਨੇਸ਼ੀਆ, ਵੀਅਤਨਾਮ, ਮਲੇਸ਼ੀਅਾ, ਫਿਲੀਪੀਨਜ਼ ਅਤੇ ਥਾਈਲੈਂਡ ਹੋਣਗੇ ਭਾਵ ਸਾਰੇ ਥਪੇੜਿਆਂ ਦੇ ਬਾਵਜੂਦ ਇਨ੍ਹਾਂ ਦੇਸ਼ਾਂ ਦੀ ਅਰਥਵਿਵਸਥਾ ਵਧੀਆ ਪ੍ਰਦਰਸ਼ਨ ਕਰੇਗੀ ਅਤੇ ਚੀਨ ਦੀ ਆਰਥਿਕ ਰਫਤਾਰ ਤੋਂ ਤੇਜ਼ ਅੱਗੇ ਨਿਕਲੇਗੀ।


Mukesh

Content Editor

Related News