ਹੁਣ ਅਰਥਵਿਵਸਥਾ ’ਚ ਸੁਧਾਰ ਦਾ ਹਾਂ-ਪੱਖੀ ਦ੍ਰਿਸ਼

11/17/2020 3:50:13 AM

ਡਾ. ਜਯੰਤੀਲਾਲ ਭੰਡਾਰੀ

ਯਕੀਨਨ ਕੋਵਿਡ-19 ਦੀਆਂ ਸਖਤ ਆਰਥਿਕ ਚੁਣੌਤੀਆਂ ਦੇ ਬਾਅਦ ਹੁਣ ਦੀਵਾਲੀ ’ਤੇ ਅਰਥਵਿਵਸਥਾ ਕੁਝ ਮੁਸਕਰਾਉਂਦੀ ਹੋਈ ਦਿਖਾਈ ਦਿੱਤੀ ਹੈ ਅਤੇ ਇਸ ਮੁਸਕਰਾਹਟ ਦੇ ਅੱਗੇ ਵੀ ਬਣੇ ਰਹਿਣ ਦੀਆਂ ਹਾਂ-ਪੱਖੀ ਸੰਭਾਵਨਾਵਾਂ ਉੱਭਰ ਕੇ ਦਿਖਾਈ ਦੇ ਰਹੀਆਂ ਹਨ। ਚਾਲੂ ਵਿੱਤੀ ਵਰ੍ਹੇ 2020-21 ’ਚ ਅਪ੍ਰੈਲ ਤੋਂ ਸਤੰਬਰ 2020 ਦੇ ਦਰਮਿਆਨ ਦੀਆਂ 2 ਤਿਮਾਹੀਆਂ ’ਚ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) ’ਤੇ ਭਾਰੀ ਗਿਰਾਵਟ ਦੇ ਬਾਅਦ ਹੁਣ ਚਾਲੂ ਵਿੱਤੀ ਵਰ੍ਹੇ ਦੀ ਅਕਤੂਬਰ ਤੋਂ ਦਸੰਬਰ ਦੀ ਤਿਮਾਹੀ ’ਚ ਜੀ.ਡੀ.ਪੀ. ’ਚ ਸੁਧਾਰ ਦੀ ਤਸਵੀਰ ਦਿਖਾਈ ਦੇ ਰਹੀ ਹੈ।

ਹਾਲ ਹੀ ’ਚ 12 ਨਵੰਬਰ ਨੂੰ ਰੇਟਿੰਗ ਏਜੰਸੀ ਮੂਡੀਜ ਨੇ ਭਾਰਤ ਲਈ ਵਿੱਤੀ ਵਰ੍ਹੇ 2020-21 ਦੇ ਦੌਰਾਨ ਆਰਥਿਕ ਸਰਗਰਮੀਆਂ ’ਚ ਆਉਣ ਵਾਲੀ ਕਮੀ ਦੇ ਅਨੁਮਾਨ ਨੂੰ ਸੋਧਿਆ ਹੈ। ਮੂਡੀਜ ਨੇ ਹੁਣ ਭਾਰਤੀ ਅਰਥਵਿਵਸਥਾ ’ਚ 8.9 ਫੀਸਦੀ ਗਿਰਾਵਟ ਆਉਣ ਦਾ ਅਨੁਮਾਨ ਪ੍ਰਗਟਾਇਆ ਹੈ, ਜਦਕਿ ਪਹਿਲਾਂ ਉਸਨੇ 9/6 ਫੀਸਦੀ ਗਿਰਾਵਟ ਆਉਣ ਦਾ ਅਨੁਮਾਨ ਲਗਾਇਆ ਸੀ। ਭਾਰਤੀ ਰਿਜ਼ਵਰ ਬੈਂਕ ਦੇ ਨਵੇਂ ਅਧਿਐਨ ਅਨੁਸਾਰ ਜੇਕਰ ਅਰਥਵਿਵਸਥਾ ’ਚ ਸੁਧਾਰ ਦੀ ਮੌਜੂਦਾ ਰਫਤਾਰ ਕਾਇਮ ਰਹੀ ਤਾਂ ਭਾਰਤੀ ਅਰਥਵਿਵਸਥਾ ਵਿੱਤੀ ਸਾਲ 2020-21 ਦੀ ਤੀਸਰੀ ਤਿਮਾਹੀ ਭਾਵ ਅਕਤੂਬਰ ਤੋਂ ਦਸੰਬਰ ’ਚ ਹੀ ਗਿਰਾਵਟ ਦੇ ਦੌਰ ਤੋਂ ਬਾਹਰ ਆ ਜਾਵੇਗੀ ਅਤੇ ਫਿਰ ਵਿਕਾਸ ਦੀ ਦਰ ਵਧਣ ਲੱਗੇਗੀ।

ਇਸ ’ਚ ਕੋਈ 2 ਰਾਏ ਨਹੀਂ ਹਨ ਕਿ ਮਾਰਚ ਤੋਂ ਅਕਤੂਬਰ 2020 ਤਕ ਸਰਕਾਰ ਦੁਆਰਾ ਆਤਮ ਨਿਰਭਰ ਭਾਰਤ ਮੁਹਿੰਮ ਦੇ ਤਹਿਤ ਦਿੱਤੀਆਂ ਗਈਆਂ ਵੱਖ-ਵੱਖ ਰਾਹਤਾਂ ਨਾਲ ਤੇਜ਼ੀ ਨਾਲ ਡਿੱਗਦੀ ਹੋਈ ਅਰਥਵਿਵਸਥਾ ਨੂੰ ਸਹਾਰਾ ਮਿਲਿਆ ਹੈ। ਨਾਲ ਹੀ ਸਰਕਾਰ ਵਲੋਂ ਜੂਨ 2020 ਦੇ ਬਾਅਦ ਅਰਥਵਿਵਸਥਾ ਨੂੰ ਹੌਲੀ-ਹੌਲੀ ਖੋਲ੍ਹਣ ਦੀ ਰਣਨੀਤੀ ਦੇ ਨਾਲ ਸਰਕਾਰੀ ਖਜ਼ਾਨੇ ਅਤੇ ਨੀਤੀਗਤ ਕਦਮਾਂ ਦਾ ਅਰਥਵਿਵਸਥਾ ’ਤੇ ਢੁੱਕਵਾਂ ਅਸਰ ਪਿਆ ਹੈ। ਬੇਸ਼ੱਕ ਅਜੇ ਦੇਸ਼ ਮਹਾਮਾਰੀ ਤੋਂ ਨਹੀਂ ਉਭਰਿਆ ਪਰ ਅਰਥਵਿਵਸਥਾ ਨੇ ਤੇਜ਼ੀ ਹਾਸਲ ਕਰਨ ਦੀ ਸਮਰੱਥਾ ਦਿਖਾਈ ਹੈ। ਕੋਰੋਨਾ ਕਾਲ ’ਚ ਸਰਕਾਰ ਨੂੰ ਉਨ੍ਹਾਂ ਸੁਧਾਰਾਂ ਨੂੰ ਅੱਗੇ ਵਧਾਉਣ ਦਾ ਮੌਕਾ ਮਿਲਿਆ ਹੈ ਜੋ ਦਹਾਕਿਆਂ ਤੋਂ ਪੈਂਡਿੰਗ ਸਨ।

ਜੇਕਰ ਅਸੀਂ ਅਰਥਵਿਵਸਥਾ ਦੀ ਤਸਵੀਰ ਨੂੰ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਹੁਣ ਗੁਡਜ਼ ਸੇਵਾ ਟੈਕਸ (ਜੀ.ਐੱਸ.ਟੀ.) ਦੀ ਉਗਰਾਹੀ ਮਾਰਚ 2020 ਤੋਂ ਹੁਣ ਤਕ 8 ਮਹੀਨਿਆਂ ’ਚ ਪਹਿਲੀ ਵਾਰ ਅਕਤੂਬਰ 2020 ’ਚ 1 ਲੱਖ ਕਰੋੜ ਰੁਪਏ ਤੋਂ ਟੱਪੀ ਹੈ। ਅਕਤੂਬਰ 2020 ’ਚ 1.05 ਲੱਖ ਕਰੋੜ ਰੁਪਏ ਦਾ ਜੀ.ਐੱਸ.ਟੀ ਇਕੱਠਾ ਹੋਇਆ ਜੋ ਪਿਛਲੇ ਸਾਲ ਅਕਤੂਬਰ ਦੇ 95,379 ਕਰੋੜ ਰੁਪਏ ਤੋਂ ਲਗਭਗ 10 ਫੀਸਦੀ ਵੱਧ ਹੈ। ਇੰਨਾ ਹੀ ਨਹੀਂ ਇਹ ਆਕਾਰ ਕੋਵਿਡ ਤੋਂ ਪਹਿਲਾਂ ਫਰਵੀਰ 2020 ’ਚ ਪ੍ਰਾਪਤ ਜੀ.ਐੱਸ.ਟੀ ਦੇ ਲਗਭਗ ਬਰਾਬਰ ਹੈ।

ਇਹ ਗੱਲ ਵੀ ਮਹੱਤਵਪੂਰਨ ਹੈ ਕਿ ਅਕਤੂਬਰ 2020 ’ਚ ਪ੍ਰਕਾਸ਼ਿਤ ਘੱਟੋ-ਘੱਟ ਇਕ ਕਰੋੜ ਰੁਪਏ ਮਾਲੀਆ ਵਾਲੀਆਂ 470 ਸੂਚੀਬੱਧ ਕੰਪਨੀਆਂ ਦੇ ਵਿੱਤੀ ਨਤੀਜਿਆਂ ਤੋਂ ਜਾਪ ਰਿਹਾ ਹੈ ਕਿ ਹੁਣ ਅਰਥਵਿਵਸਥਾ ’ਚ ਸੁਧਾਰ ਦੀ ਸ਼ੁਰੂਆਤ ਹੋ ਚੁੱਕੀ ਹੈ। ਰੋਜ਼ਾਨਾ ਵਰਤੋਂ ’ਚ ਆਉਣ ਵਾਲੀਆਂ ਵਸਤੂਆਂ, ਸੂਚਨਾ, ਤਕਨਾਲੋਜੀ, ਵਾਹਨਾਂ ਦੇ ਪੁਰਜ਼ਿਆਂ , ਫਾਰਮਾ ਸੈਕਟਰ ਅਤੇ ਸੀਮੈਂਟ ਆਦਿ ਖੇਤਰਾਂ ਦਾ ਪ੍ਰਦਰਸ਼ਨ ਆਸ ਤੋਂ ਵੀ ਵਧੀਆ ਰਿਹਾ ਹੈ। ਆਈ.ਟੀ.ਖੇਤਰ ਦੀਆਂ ਵੱਖ-ਵੱਖ ਕੰਪਨੀਆਂ ਵਲੋਂ ਵੀ ਆਸ਼ਾਵਾਦੀ ਅਨੁਮਾਨ ਜਾਰੀ ਹੋਏ ਹਨ।

ਜੇਕਰ ਅਸੀਂ ਅਪ੍ਰੈਲ 2020 ਤੋਂ ਅਕਤੂਬਰ 2020 ਤਕ ਦੇ ਵੱਖ-ਵੱਖ ਉਦਯੋਗਿਕ ਅਤੇ ਸੇਵਾ ਖੇਤਰ ਦੇ ਅੰਕੜਿਆਂ ਦਾ ਮੁਲਾਂਕਣ ਕਰੀਏ ਤਾਂ ਇਹ ਪੂਰਾ ਦ੍ਰਿਸ਼ ਅਸੰਸਾਰ ਹੋਣ ਦੀਆਂ ਨਵੀਆਂ ਸੰਭਾਵਨਾਵਾਂ ਦਿੰਦਾ ਹੈ। ਦੇਸ਼ ’ਚ ਪੈਟਰੋਲ ਅਤੇ ਡੀਜ਼ਲ ਦੀ ਖਪਤ ਅਕਤੂਬਰ 2020 ’ਚ ਪਿਛਲੇ ਸਾਲ ਦੀ ਸਨਮਾਨ ਮਿਆਦ ਦੀ ਤੁਲਨਾ ’ਚ 6.6 ਫੀਸਦੀ ਵਧੀ ਹੈ। ਇਸ ਨਾਲ ਉਦਯੋਗਿਕ ਅਤੇ ਸੇਵਾ ਸਰਗਰਮੀਆਂ ਦੇ ਤੇਜ਼ੀ ਨਾਲ ਅੱਗੇ ਵਧਣ ਦਾ ਦ੍ਰਿਸ਼ ਦਿਸਦਾ ਹੈ।

ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਲਾਕਡਾਊਨ ਦੀਆਂ ਚੁਣੌਤੀਆਂ ਦੇ ਬਾਅਦ ਹੁਣ ਨਵੰਬਰ 2020 ’ਚ ਦੇਸ਼ ਦਾ ਆਟੋਮੋਬਾਇਲ ਸੈਕਟਰ, ਬਿਜਲੀ ਸੈਕਟਰ, ਰੇਲਵੇ ਮਾਲ ਢੁਆਈ ਸੈਕਟਰ, ਸੁਧਾਰ ਦੇ ਸੰਕੇਤ ਦੇ ਰਿਹਾ ਹੈ। ਬਰਾਮਦ ਵਧਣ ਦੀ ਜਾਣਕਾਰੀ ਦੀ ਪ੍ਰਵਿਰਤੀ ਦੇ ਨਾਲ-ਨਾਲ ਸ਼ੇਅਰ ਬਾਜ਼ਾਰ ਵੀ ਚੰਗੀ ਬੜ੍ਹਤ ਦਰਜ ਕਰ ਰਿਹਾ ਹੈ। 10 ਨਵੰਬਰ ਨੂੰ ਬੀ.ਐੱਸ.ਈ. ਸੈਂਸੈਕਸ 43 ਹਜ਼ਾਰ ਦੇ ਪਾਰ ਪਹੁੰਚ ਗਿਆ। ਇਸੇ ਤਰ੍ਹਾਂ ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 568.49 ਅਰਬ ਡਾਲਰ ਦੀ ਸਰਬਉੱਚ ਇਤਿਹਾਸਕ ਉੱਚਾਈ ’ਤੇ ਪਹੁੰਚ ਗਿਆ।

ਯਕੀਨਨ ਤੌਰ ’ਕੇ ਪਟਰੀ ’ਤੇ ਆਉਂਦੀ ਹੋਈ ਦੇਸ਼ ਦੀ ਅਰਥਵਿਵਸਥਾ ਨੂੰ ਗਤੀਸ਼ੀਲ ਕਰਨ ਲਈ ਇਕ ਹੋਰ ਪੈਕੇਜ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਸੀ। ਅਜਿਹੇ ’ਚ ਹਾਲ ਹੀ ’ਚ 12 ਨਵੰਬਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਤਮ-ਨਿਰਭਰ ਭਾਰਤ ਮੁਹਿੰਮ ਦੇ ਤਹਿਤ ਤੀਸਰੇ ਆਰਥਿਕ ਪੈਕੇਜ ਦੀ ਅਰਥਵਿਵਸਥਾ ਦੀ ਸਿਹਤ ਸੁਧਾਰਨ ਲਈ 2.65 ਲੱਖ ਕਰੋੜ ਰੁਪਏ ਦੀ ਧਨ ਰਾਸ਼ੀ ਖਰਚ ਕਰਨ ਦਾ ਐਲਾਨ ਕੀਤਾ।

ਨਵੇਂ ਤੀਸਰੇ ਆਰਥਿਕ ਪੈਕੇਜ ’ਚ 2 ਤਰ੍ਹਾਂ ਦੀਆਂ ਰਾਹਤਾਂ ਸ਼ਾਮਲ ਹਨ। ਇਕ, 10 ਉਦਯੋਗ ਖੇਤਰਾਂ ਲਈ 1.46 ਕਰੋੜ ਰੁਪਏ ਦੀ ਉਤਪਾਦਨ ਸਬੰਧੀ ਉਤਸ਼ਾਹਿਤ (ਪੀ.ਐੱਲ.ਆਈ.) ਸਕੀਮ ਅਤੇ ਦੋ, ਅਰਥਵਿਵਸਥਾ ਨੂੰ ਗਤੀਸ਼ੀਲ ਕਰਨ ਲਈ ਰੋਜ਼ਗਾਰ ਸਿਰਜਨ, ਕਰਜ਼ਾ ਗਾਰੰਟੀ ਸਮਰਥਨ, ਸਿਹਤ ਖੇਤਰ ਦੇ ਵਿਕਾਸ, ਰੀਅਲ ਅਸਟੇਟ ਕੰਪਨੀਆਂ ਨੂੰ ਟੈਕਸ ਰਾਹਤ, ਢਾਂਚਾਗਤ ਖੇਤਰ ’ਚ ਪੂੰਜੀਨਿਵੇਸ਼ ਦੀ ਸਰਲਤਾ, ਕਿਸਾਨਾਂ ਲਈ ਖਾਦ ਸਬਸਿਡੀ, ਦਿਹਾਤੀ ਵਿਕਾਸ ਅਤੇ ਨਿਰਯਾਤ ਸੈਕਟਰ ਨੂੰ ਰਾਹਤ ਦੇਣ ਲਈ 1.19 ਕਰੋੜ ਰੁਪਏ ਦੀ ਜ਼ੋਰਦਾਰ ਵਿਵਸਥਾ ਹੈ।

ਬਿਨਾਂ ਸ਼ੱਕ ਆਤਮ-ਨਿਰਭਰ ਮੁਹਿੰਮ ਦੇ ਤਹਿਤ ਐਲਾਨੇ ਗਏ ਤੀਸਰੇ ਆਰਥਿਕ ਪੈਕੇਜ ਨਾਲ ਅਰਥਵਿਵਸਥਾ ਦੇ ਸਾਰੇ ਸੈਕਟਰਾਂ ਨੂੰ ਉਤਸ਼ਾਹ ਮਿਲੇਗਾ। ਖਾਸ ਤੌਰ ’ਤੇ ਗੈਰ-ਰਸਮੀ ਖੇਤਰਾਂ ’ਚ ਨੌਕਰੀ ਦੀ ਸਿਰਜਨਾ ਨੂੰ ਉਤਸ਼ਾਹ ਮਿਲੇਗਾ। ਬਗੈਰ ਵਿਕੇ ਮਕਾਨਾਂ ਦੀ ਵਿਕਰੀ ਵਧਣ ਨਾਲ ਰੀਅਲ ਅਸਟੇਟ ਨੂੰ ਫਾਇਦਾ ਹੋਵੇਗਾ। ਬੁਨਿਆਦੀ ਢਾਂਚਾ ਖੇਤਰ ਦਾ ਵਿਕਾਸ ਵਧੇਗਾ। ਨਵੀਂ ਕਰਜ਼ਾ ਗਾਰੰਟੀ ਯੋਜਨਾ ਦੇ ਨਾਲ ਸੰਕਟ ਗ੍ਰਸਤ ਉਦਯੋਗ ਲਾਭਬੰਦ ਹੋਣਗੇ। ਕਿਸਾਨਾਂ ਦੇ ਨਾਲ-ਨਾਲ ਦਿਹਾਤੀ ਵਿਕਾਸ , ਐੱਮ.ਐੱਸ.ਐੱਮ.ਈ. ਸੈਕਟਰ ਅਤੇ ਬਰਾਮਦ ਸੈਕਟਰ ਨੂੰ ਵੀ ਲਾਭ ਹੋਵੇਗਾ।

ਹੁਣ ਦੇਸ਼ ਦੀ ਅਰਥਵਿਵਸਥਾ ਨੂੰ ਗਤੀਸ਼ੀਲ ਕਰਨ ਦੇ ਲਈ ਅਜੇ ਕਈ ਗੱਲਾਂ ’ਤੇ ਧਿਆਨ ਦੇਣਾ ਹੋਵੇਗਾ। ਦੇਸ਼ ’ਚ ਵਿਕਾਸ ਨੂੰ ਰਫਤਾਰ ਦੇਣ ਲਈ ਸਰਕਾਰ ਦੇ ਦੁਆਰਾ ਆਰਥਿਕ ਸੁਧਾਰਾਂ ਦੇ ਤਹਿਤ ਸਿਹਤ, ਕਿਰਤ, ਭੂਮੀ, ਹੁਨਰ ਅਤੇ ਵਿੱਤੀ ਖੇਤਰਾਂ ’ਚ ਐਲਾਨੇ ਗਏ ਸੁਧਾਰਾਂ ਨੂੰ ਅੱਗੇ ਵਧਾਉਣਾ ਹੋਵੇਗਾ। ਖੇਤੀਬਾੜੀ ਦੀ ਵਿਕਾਸ ਦਰ 4 ਫੀਸਦੀ ਤੋਂ ਵਧਾਏ ਜਾਣ ਦੇ ਹਰ ਸੰਭਵ ਯਤਨ ਕਰਨੇ ਹੋਣਗੇ। ਖੇਤੀਬਾੜੀ ਨਾਲ ਸਬੰਧਤ ਸਹਾਇਕ ਖੇਤਰਾਂ ਦੀ ਵਿਕਾਸ ਦਰ ਵਧਾਉਣੀ ਹੋਵੇਗੀ। ਫੂਡ ਪ੍ਰੋਸੈਸਿੰਗ ਸੈਕਟਰ ਨੂੰ ਭਾਰੀ ਉਤਸ਼ਾਹ ਦੇਣਾ ਹੋਵੇਗਾ। ਖੇਤੀਬਾੜੀ ਬਰਾਮਦ ਵਧਾਉਣੀ ਹੋਵੇਗੀ।

ਖੇਤੀਬਾੜੀ ਅਤੇ ਕਿਰਤ ਸੁਧਾਰਾਂ ਨਾਲ ਸਬੰਧਤ ਨਵੇਂ ਕਾਨੂੰਨਾਂ ਦਾ ਜ਼ਮੀਨੀ ਪੱਧਰ ’ਤੇ ਲਾਗੂਕਰਨ ਕੀਤਾ ਜਾਣਾ ਹੋਵੋਗਾ। ਜੀ.ਐੱਸ.ਟੀ ਸਬੰਧੀ ਰਿਆਇਤ ਦੇ ਕੇ ਕਾਰੋਬਾਰ ਮਾਹੌਲ ਵਧੀਆ ਬਣਾਉਣਾ ਹੋਵੇਗਾ। ਸਰਕਾਰ ਦੇ ਦੁਆਰਾ ਇਨਫ੍ਰਾਸਟ੍ਰਕਚਰ ਨੂੰ ਸਰਵਉੱਚ ਪਹਿਲ ਦੇਣੀ ਹੋਵੇਗੀ।

ਅਸੀਂ ਆਸ ਕਰਦੇ ਹਾਂ ਕਿ ਸਰਕਾਰ ਆਤਮ-ਨਿਰਭਰ ਮੁਹਿੰਮ ਦੇ ਤਹਿਤ ਐਲਾਨੇ ਗਏ ਤੀਸਰੇ ਆਰਥਕ ਪੈਕੇਜ ਦੇ ਨਾਲ -ਨਾਲ ਪਹਿਲਾਂ ਐਲਾਨੇ ਗਏ ਆਰਥਿਕ ਪੈਕਜਾਂ ਦੇ ਤਹਿਤ ਲਾਗੂ ਕਰਨ ਅਤੇ ਕੰਟ੍ਰੋਲ ’ਤੇ ਕਾਰਗਰ ਢੰਗ ਨਾਲ ਧਿਆਨ ਦੇਵੇਗੀ, ਇਸ ਨਾਲ ਮੰਗ ’ਚ ਨਵੀਂ ਜਾਨ ਪਾਈ ਜਾ ਸਕੇਗੀ ਅਤੇ ਅਰਥਵਿਵਸਥਾ ਨੂੰ ਗਤੀਸ਼ੀਲ ਕੀਤਾ ਜਾਵੇਗਾ।

(ਲੇਖਕ ਪ੍ਰਸਿੱਧ ਅਰਥਸ਼ਾਸਤਰੀ ਹਨ)


Bharat Thapa

Content Editor

Related News