ਭਾਰਤੀ ਇਤਿਹਾਸ ਲਿਖਣ ਦੇ ਮੁੜ ਮੁਲਾਂਕਣ ਦੀ ਲੋੜ

Wednesday, May 25, 2022 - 04:41 PM (IST)

ਕੁਝ ਦਿਨ ਪਹਿਲਾਂ, ਏ. ਆਈ. ਐੱਮ. ਆਈ. ਐੱਮ. ਦੇ ਮੁਖੀ ਅਸਦੁਦੀਨ ਓਵੈਸੀ ਦੇ ਛੋਟੇ ਭਰੇ ਅਕਬਰੂਦੀਨ ਓਵੈਸੀ ਨੇ ਔਰੰਗਾਬਾਦ ਸ਼ਹਿਰ ਦੇ ਖੁਲਦਾਬਾਦ ’ਚ ਮੁਗਲ ਸਮਰਾਟ ਔਰੰਗਜ਼ੇਬ ਦੀ ਕਬਰ ’ਤੇ ਜਾ ਕੇ ਪੂਜਾ-ਅਰਚਨਾ ਕੀਤੀ। ਓਵੈਸੀ ਦਾ ਸਨਮਾਨ ਦਿਖਾਉਣ ਲਈ ਮੁਗਲ ਹਮਲਾਵਰ ਔਰੰਗਜ਼ੇਬ ਦੇ ਸਾਹਮਣੇ ਝੁਕਣਾ ਹਿੰਦੂਆਂ ਨਾਲ ਧੋਖਾ ਅਤੇ ਨਿਰਾਦਰ ਦਾ ਕੰਮ ਤਾਂ ਹੈ ਹੀ, ਨਾਲ ਹੀ ਇਹ ਰਾਸ਼ਟਰ ਵਿਰੋਧੀ ਕਾਰਾ ਵੀ ਹੈ। ਆਖਿਰ ਅਸੀਂ ਮੱਧਕਾਲੀਨ ਇਤਿਹਾਸ ਨੂੰ ਕਿਵੇਂ ਭੁੱਲ ਸਕਦੇ ਹਾਂ? ਇਹ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਓਵੈਸੀ ਔਰੰਗਜ਼ੇਬ ਦੀ ਕਬਰ ’ਤੇ ਗਏ ਅਤੇ ਉਸ ਹਮਲਾਵਰ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਇਹ ਰਜਾਕਾਰ ਹਨ। ਯਾਦ ਰਹੇ ਕਿ ਹੈਦਰਾਬਾਦ ਦੇ ਨਿਜ਼ਾਮ ਵੱਲੋਂ 1947-48 ਦੌਰਾਨ ਰਿਆਸਤ ਦੇ ਭਾਰਤ ਨਾਲ ਰਲੇਵੇਂ ਦਾ ਵਿਰੋਧ ਕਰਨ ਲਈ ਤਾਇਨਾਤ ਨੀਮ ਫੌਜੀ ਸਵੈਸੇਵੀ ਬਲ ਰਜਾਕਾਰ ਅਖਵਾਉਂਦੇ ਸਨ। ਨਿਜ਼ਾਮ, ਰਜਾਕਾਰ ਅਤੇ ਪਹਿਲਾਂ ਦੇ ਇਸਲਾਮੀ ਰਾਜਵੰਸ਼ਾਂ ਦੀ ਸੋਚ ਬਰਾਬਰ ਹੈ। ਉਸੇ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਓਵੈਸੀ ਨੇ ਔਰੰਗਜ਼ੇਬ ਦੇ ਮਕਬਰੇ ਦਾ ਦੌਰਾ ਕੀਤਾ ਪਰ ਜੋ ਮੁਸਲਮਾਨ ਦੇਸ਼ ਦੀ ਭਲਾਈ ਬਾਰੇ ਸੋਚਦੇ ਹਨ, ਉਨ੍ਹਾਂ ਨੂੰ ਏ. ਆਈ. ਐੱਮ. ਆਈ. ਐੱਮ. ਅਤੇ ਓਵੈਸੀ ਦੀ ਸੋਚ ਦਾ ਮੁਲਾਂਕਣ ਕਰਨਾ ਚਾਹੀਦਾ ਹੈ।

ਦੂਜੇ ਪਾਸੇ, ਮਹਾਰਾਸ਼ਟਰ ਦੀ ਊਧਵ ਠਾਕਰੇ ਸਰਕਾਰ ’ਤੇ ਵੀ ਸਵਾਲੀਆ ਚਿੰਨ੍ਹ ਉੱਠਦਾ ਹੈ ਕਿ ਉਨ੍ਹਾਂ ਨੇ ਓਵੈਸੀ ਵਿਰੁੱਧ ਉਸ ਦੇ ਇਸ ਘਿਨੌਣੇ ਕਾਰੇ ’ਤੇ ਕੋਈ ਕਾਰਵਾਈ ਆਖਿਰ ਕਿਉਂ ਨਹੀਂ ਕੀਤੀ? ਮਹਾਰਾਸ਼ਟਰ ਦੀ ਊਧਵ ਸਰਕਾਰ ਇਕ ਅਜਿਹੀ ਸਰਕਾਰ ਹੈ ਜਿਸ ਨੂੰ ਹਨੂਮਾਨ ਚਾਲੀਸਾ ਅਤੇ ਜੈ ਸ਼੍ਰੀ ਰਾਮ ਪਸੰਦ ਨਹੀਂ ਹੈ। ਇਹ ਸਰਕਾਰ ਜੈ ਸ਼੍ਰੀ ਰਾਮ ਦਾ ਜਾਪ ਕਰਨ ਤੇ ਹਨੂਮਾਨ ਚਾਲੀਸਾ ਦਾ ਪਾਠ ਕਰਨ ਵਾਲਿਆਂ ’ਤੇ ਦੇਸ਼ਧ੍ਰੋਹ ਦਾ ਮੁਕੱਦਮਾ ਤਾਂ ਦਰਜ ਕਰ ਸਕਦੀ ਹੈ ਪਰ ਅਕਬਰੂਦੀਨ ਦੇ ਵਿਰੁੱਧ ਮਾਮਲਾ ਦਰਜ ਕਰਨ ਦੀ ਹਿੰਮਤ ਨਹੀਂ ਕਰ ਸਕੀ। ਬਾਲਾ ਸਾਹਿਬ ਠਾਕਰੇ ਦਾ ਕੋਈ ਵੀ ਕੱਟੜ ਸਮਰਥਕ ਇਸ ਲਈ ਕਦੀ ਰਾਜ਼ੀ ਨਹੀਂ ਹੋਵੇਗਾ। ਬੀਤੇ ਨਵੰਬਰ ਮਹੀਨੇ ’ਚ ਸਿੱਖਾਂ ਦੇ 9ਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚੌਥੀ ਪ੍ਰਕਾਸ਼ ਸ਼ਤਾਬਦੀ ਪੂਰੇ ਦੇਸ਼ ’ਚ ਮਨਾਈ ਗਈ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੀ ਮਿਸਾਲ ਇਤਿਹਾਸ ਦੀ ਉਹ ਘਟਨਾ ਸੀ ਜਿਸ ’ਤੇ ਹਾਹਾਕਾਰ ਵੀ ਮਚੀ ਅਤੇ ਜੈ-ਜੈਕਾਰ ਵੀ ਹੋਈ। ਜੇਕਰ ਇਸ ਦੇ ਕਾਰਨਾਂ ’ਤੇ ਝਾਤੀ ਮਾਰੀ ਜਾਵੇ ਤਾਂ ਇਸ ਦੇ ਮੂਲ ’ਚ ਜਬਰੀ ਕੀਤੇ ਜਾ ਰਹੇ ਧਾਰਮਿਕ ਚੁੱਕ-ਥਲ ਦੀ ਤਸਵੀਰ ਸਾਹਮਣੇ ਆਉਂਦੀ ਹੈ ਕਿਉਂਕਿ ਔਰੰਗਜ਼ੇਬ ਹਿੰਦੂਆਂ ਨੂੰ ਜਬਰੀ ਮੁਸਲਮਾਨ ਬਣਾਉਣਾ ਚਾਹੁੰਦਾ ਸੀ। ਇਕ ਪਾਸੇ ਜਬਰ ਜ਼ੁਲਮ ਸੀ ਅਤੇ ਦੂਜੇ ਪਾਸੇ ਬੇਇਨਸਾਫੀ ਦਾ ਸ਼ਿਕਾਰ ਹੋਏ ਲੋਕ ਤੇ ਉਨ੍ਹਾਂ ਦਾ ਰਖਵਾਲਾ ਸੀ। ਪ੍ਰਭੂ ਖੁਦ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਰੂਪ ’ਚ ਭਾਰਤੀ ਲੋਕਾਂ ਦੇ ਧਰਮ, ਸੱਭਿਆਚਾਰ ਦੀ ਰੱਖਿਆ ਕਰ ਰਿਹਾ ਸੀ। ਇਸ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ‘ਤਿਲਕ ਜੰਝੂ ਕਾ ਰਾਖਾ’ ਕਹਿ ਕੇ ਵੀ ਨਿਵਾਜਿਆ ਜਾਂਦਾ ਹੈ।

ਮੁਗਲ ਹਮਲਾਵਰ ਔਰੰਗਜ਼ੇਬ ਆਪਣੇ ਤਾਨਾਸ਼ਾਹੀ ਸ਼ਾਸਨ ਅਤੇ ਗੈਰ-ਮੁਸਲਮਾਨਾਂ ਵਿਰੁੱਧ ਕੱਟੜ ਨੀਤੀਆਂ ਅਪਣਾਉਣ ਲਈ ਪ੍ਰਸਿੱਧ ਸੀ। ਉਸ ਨੇ ਆਪਣੇ ਸ਼ਾਸਨ ਦੌਰਾਨ ਕਈ ਹਿੰਦੂ ਪੂਜਾ ਸਥਾਨਾਂ ਨੂੰ ਢਹਿ-ਢੇਰੀ ਕਰ ਦਿੱੱਤਾ। ਇਸ ਸਬੰਧ ’ਚ ਭੱਖਦਾ ਮੁੱਦਾ ਗਿਆਨਵਾਪੀ ਮੰਦਿਰ ਦਾ ਲੈ ਲਈਏ ਤਾਂ ਅਸਦੁਦੀਨ ਓਵੈਸੀ ਸਮੇਤ ਸਾਰੇ ਮੁਸਲਿਮ ਬੁੱਧੀਜੀਵੀ ਜਿਸ ਗਿਆਨਵਾਪੀ ਮਸਜਿਦ ਨੂੰ ਲੈ ਕੇ ਹੰਗਾਮਾ ਖੜ੍ਹਾ ਕਰ ਰਹੇ ਹਨ, ਆਖਿਰ ਉਹ ਇਕ ਹਮਲਾਵਰ ਦੇ ਢਹਿ-ਢੇਰੀ ਕਰਨ ਨੂੰ ਜਾਇਜ਼ ਕਿਉਂ ਠਹਿਰਾਉਣ ’ਤੇ ਤੁਲੇ ਹਨ। ਇਤਿਹਾਸਕਾਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਸਲਾਮੀ ਹਾਕਮ ਔਰੰਗਜ਼ੇਬ ਨੇ 9 ਅਪ੍ਰੈਲ, 1669 ਨੂੰ ਇਕ ਹੁਕਮ ਜਾਰੀ ਕੀਤਾ ਸੀ ਜਿਸ ’ਚ ਉਸ ਨੇ ਵਾਰਾਣਸੀ ਸਥਿਤ ਭਗਵਾਨ ਆਦਿ ਵਿਸ਼ਵੇਸ਼ਵਰ ਦੇ ਮੰਦਿਰ ਨੂੰ ਢਾਹੁਣ ਦਾ ਹੁਕਮ ਜਾਰੀ ਕੀਤਾ ਸੀ। ਸਾਰੇ ਸਬੂਤਾਂ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਮੰਦਿਰ ਨੂੰ ਤੋੜ ਕੇ ਮਸਜਿਦ ਬਣਾਈ ਗਈ।

ਗਿਆਨਵਾਪੀ ਕੰਪਲੈਕਸ ਨੂੰ ਲੈ ਕੇ ਸਭ ਤੋਂ ਪਹਿਲਾ ਮੁਕੱਦਮਾ 1936 ’ਚ ਦੀਨ ਮੁਹੰਮਦ ਬਨਾਮ ਰਾਜ ਸਕੱਤਰ ਦਾ ਸੀ। ਉਦੋਂ ਦੀਨ ਮੁਹੰਮਦ ਨੇ ਹੇਠਲੀ ਅਦਾਲਤ ’ਚ ਰਿੱਟ ਦਾਇਰ ਕਰ ਕੇ ਗਿਆਨਵਾਪੀ ਮਸਜਿਦ ਤੇ ਉਸ ਦੇ ਨੇੜੇ-ਤੇੜੇ ਦੀਆਂ ਜ਼ਮੀਨਾਂ ’ਤੇ ਆਪਣਾ ਹੱਕ ਦੱਸਿਆ ਸੀ। ਅਦਾਲਤ ਨੇ ਇਸ ਨੂੰ ਮਸਜਿਦ ਦੀ ਜ਼ਮੀਨ ਮੰਨਣ ਤੋਂ ਨਾਂਹ ਕਰ ਦਿੱਤੀ ਸੀ। ਇਸ ਦੇ ਬਾਅਦ ਦੀਨ ਮੁਹੰਮਦ ਨੇ ਇਲਾਹਾਬਾਦ ਹਾਈ ਕੋਰਟ ’ਚ ਅਪੀਲ ਕੀਤੀ। 1937 ’ਚ ਹਾਈ ਕੋਰਟ ਨੇ ਮਸਜਿਦ ਦੇ ਢਾਂਚੇ ਨੂੰ ਛੱਡ ਕੇ ਬਾਕੀ ਸਾਰੀਆਂ ਜ਼ਮੀਨਾਂ ’ਤੇ ਵਾਰਾਣਸੀ ਦੇ ਵਿਆਸ ਪਰਿਵਾਰ ਦਾ ਹੱਕ ਜਤਾੲਿਆ ਤੇ ਉਸ ਦੇ ਪੱਖ ’ਚ ਫੈਸਲਾ ਦਿੱਤਾ। ਬਨਾਰਸ ਦੇ ਤਤਕਾਲੀ ਕਲੈਕਟਰ ਦਾ ਨਕਸ਼ਾ ਵੀ ਇਸ ਫੈਸਲੇ ਦਾ ਹਿੱਸਾ ਬਣਿਆ, ਜਿਸ ’ਚ ਗਿਆਨਵਾਪੀ ਮਸਜਿਦ ਦੇ ਤਹਿਖਾਨੇ ਦਾ ਮਾਲਕਾਨਾ ਹੱਕ ਵਿਆਸ ਪਰਿਵਾਰ ਨੂੰ ਦਿੱਤਾ ਗਿਆ। ਇਲਾਹਾਬਾਦ ਹਾਈ ਕੋਰਟ ਦੇ ਇਸ ਫੈਸਲੇ ਦੇ ਬਾਅਦ ਸਪੱਸ਼ਟ ਹੋ ਜਾਂਦਾ ਹੈ ਕਿ ਪੂਰਾ ਗਿਆਨਵਾਪੀ ਕੰਪਲੈਕਸ ਵਕਫ ਦੀ ਜਾਇਦਾਦ ਨਹੀਂ ਹੈ। 90 ਦੇ ਦਹਾਕੇ ’ਚ ਰਾਮ ਮੰਦਿਰ ਅੰਦੋਲਨ ਸਿਖਰ ’ਤੇ ਸੀ। ਅਯੁੱਧਿਆ ’ਚ ਰਾਮ ਮੰਦਿਰ ਦੀ ਮੰਗ ਦੇ ਨਾਲ-ਨਾਲ ਦੂਜੀਆਂ ਹੋਰ ਮਸਜਿਦਾਂ ’ਚ ਮੰਦਿਰ ਨਿਰਮਾਣ ਦੀ ਮੰਗ ਉੱਠਣ ਲੱਗੀ ਸੀ। ਇਸੇ ਦੌਰ ’ਚ ‘ਅਯੁੱਧਿਆ ਤਾਂ ਬਸ ਝਾਕੀ ਹੈ, ਕਾਸ਼ੀ-ਮਥੁਰਾ ਬਾਕੀ ਹੈ’ ਵਰਗੇ ਨਾਅਰੇ ਵੀ ਗੂੰਜਣ ਲੱਗੇ ਸਨ। ਅਜਿਹੇ ਹੀ ਮੰਦਿਰ-ਮਸਜਿਦ ਦੇ ਵਿਵਾਦਾਂ ’ਤੇ ਰੋਕ ਲਾਉਣ ਲਈ ਤੱਤਕਾਲੀ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਇਕ ਕਾਨੂੰਨ ਲੈ ਕੇ ਆਏ।

ਇਸ ਕਾਨੂੰਨ ਦਾ ਨਾਂ ਸੀ ਪਲੇਸਿਸ ਆਫ ਵਰਸ਼ਿਪ ਐਕਟ ਭਾਵ ਪੂਜਾ ਅਸਥਾਨ ਕਾਨੂੰਨ। ਇਹ ਕਾਨੂੰਨ ਕਹਿੰਦਾ ਹੈ ਕਿ 15 ਅਗਸਤ, 1947 ਤੋਂ ਪਹਿਲਾਂ ਜੋ ਧਾਰਮਿਕ ਅਸਥਾਨ ਜਿਸ ਰੂਪ ’ਚ ਸੀ, ਉਹ ਉਸੇ ਰੂਪ ’ਚ ਰਹੇਗਾ। ਉਸ ਦੇ ਨਾਲ ਕੋਈ ਛੇੜਛਾੜ ਜਾਂ ਤਬਦੀਲੀ ਨਹੀਂ ਕੀਤੀ ਜਾ ਸਕਦੀ ਪਰ ਗਿਆਨਵਾਪੀ ਮਾਮਲੇ ’ਚ ਇਹ ਕਾਨੂੰਨ ਲਾਗੂ ਨਹੀਂ ਹੁੰਦਾ ਕਿਉਂਕਿ ਮਸਜਿਦ ਨੂੰ ਮੰਦਿਰ ਦੇ ਅਵਸ਼ੇਸ਼ਾਂ ’ਤੇ ਬਣਾਇਆ ਗਿਆ ਸੀ, ਜਿਸ ਦੇ ਹਿੱਸੇ ਅੱਜ ਵੀ ਮੌਜੂਦ ਹਨ। ਗਿਆਨਵਾਪੀ ਵਿਵਾਦਿਤ ਢਾਂਚੇ ’ਤੇ ਪੂਜਾ ਸਥਲ (ਵਿਸ਼ੇਸ਼ ਵਿਵਸਥਾ) ਕਾਨੂੰਨ 1991 ਲਾਗੂ ਇਸ ਲਈ ਵੀ ਨਹੀਂ ਹੁੰਦਾ ਕਿਉਂਕਿ ਉੱਥੋਂ ਦੇ ਢਾਂਚੇ ਦੇ ਧਾਰਮਿਕ ਚਰਿੱਤਰ ਨੂੰ ਬਦਲਣ ਨੂੰ ਲੈ ਕੇ ਕੋਈ ਸਵਾਲ ਹੀ ਨਹੀਂ ਹੈ। ਉੱਥੇ ਅਜੇ ਵੀ ਭਗਵਾਨ ਦੀ ਪੂਜਾ ਹੁੰਦੀ ਹੈ ਤੇ ਸ਼ਰਧਾਲੂਆਂ ਵੱਲੋਂ ਪੰਜਕੋਸੀ ਪਰਿਕਰਮਾ ਕੀਤੀ ਜਾਂਦੀ ਹੈ। ਇਸ ਦੇ ਇਲਾਵਾ ਜੇਕਰ ਕੋਈ ਯਾਦਗਾਰ ਪ੍ਰਾਚੀਨ ਯਾਦਗਾਰ ਕਾਨੂੰਨ 1951 ਅਤੇ 1958 ਤਹਿਤ ਸੂਚੀਬੱਧ ਹੈ ਤਾਂ ਪੂਜਾ ਅਸਥਾਨ ਕਾਨੂੰਨ ਦੀ ਧਾਰਾ 3 ਅਤੇ 4 ਲਾਗੂ ਨਹੀਂ ਹੁੰਦੀ। ਕੁਰਾਨ ’ਚ ਸਪੱਸ਼ਟ ਲਿਖਿਆ ਹੈ ਕਿ ਵਿਵਾਦਿਤ ਸਥਾਨ ਜਾਂ ਜਿੱਥੇ ਮੂਰਤੀ ਪੂਜਾ ਹੋਵੇ, ਉੱਥੇ ਨਮਾਜ਼ ਨਹੀਂ ਪੜ੍ਹਣੀ ਚਾਹੀਦੀ। ਇਨ੍ਹਾਂ ਸਾਰੀਆਂ ਗੱਲਾਂ ਦਾ ਧਿਆਨ ਰੱਖਦੇ ਹੋਏ ਦੇਸ਼ ਦੇ ਸਾਰੇ ਮੁਸਲਿਮ ਬੁੱਧੀਜੀਵੀਆਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਗਿਆਨਵਾਪੀ ਮਸਜਿਦ ਦੀ ਜ਼ਿੱਦ ਕਰ ਕੇ ਕੀ ਉਹ ਔਰੰਗਜ਼ੇਬ ਵਰਗੇ ਹਮਲਾਵਰ ਪ੍ਰਤੀ ਸ਼ਰਧਾ ਅਤੇ ਸਨਮਾਨ ਦਿਖਾਉਣਾ ਚਾਹੁੰਦੇ ਹਨ?

ਸਰਦਾਰ ਆਰ. ਪੀ. ਸਿੰਘ


Anuradha

Content Editor

Related News