‘ਨਿੱਕੀਆਂ ਜਿੰਦਾਂ-ਵੱਡੇ ਸਾਕੇ’
Monday, Dec 26, 2022 - 12:58 PM (IST)

ਇਕ ਸੱਚੀ ਸ਼ਰਧਾਂਜਲੀ 26 ਦਸੰਬਰ, 1704 ਉਹ ਦਿਨ ਜਦੋਂ ਸਿੱਖ ਇਤਿਹਾਸ ਦੀ ਸਭ ਤੋਂ ਵੱਡੀ ਕੁਰਬਾਨੀ ਦਿੱਤੀ ਗਈ ਸੀ। ਇਹ ਕੁਰਬਾਨੀ ਸੀ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਿਹ ਸਿੰਘ ਦੀ। ਉਸ ਵੇਲੇ ਉਨ੍ਹਾਂ ਦੀ ਉਮਰ ਬੇਹੱਦ ਛੋਟੀ ਸੀ।
ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ’ਤੇ ਹਮਲਾ ਕਰ ਦਿੱਤਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਸ ਨੂੰ ਸਬਕ ਸਿਖਾਉਣਾ ਚਾਹੁੰਦੇ ਸਨ ਪਰ ਕਈ ਦਿਨ ਲੰਮੇ ਘੇਰੇ ਤੋਂ ਬਾਅਦ, ਸਿੰਘਾਂ ਨੇ ਵੱਡੇ ਖ਼ਤਰੇ ਨੂੰ ਭਾਂਪ ਲਿਆ ਅਤੇ ਗੁਰੂ ਸਾਹਿਬ ਜੀ ਨੂੰ ਕਿਲ੍ਹਾ ਛੱਡਣ ਦੀ ਬੇਨਤੀ ਕੀਤੀ। 20-21 ਦਸੰਬਰ, 1704 ਦੀ ਦਰਮਿਆਨੀ ਰਾਤ ਨੂੰ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਸਮੇਤ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੱਤਾ ਪਰ ਸਰਸਾ ਨਦੀ ਵਿਚ ਪਾਣੀ ਦਾ ਵਹਾਅ ਵੱਧ ਤੇਜ਼ ਹੋਣ ਕਾਰਨ, ਗੁਰੂ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਅਤੇ ਮਾਤਾ ਗੁਜਰੀ ਜੀ, ਗੁਰੂ ਸਾਹਿਬ ਨਾਲੋਂ ਵਿਛੜ ਗਏ। ਉਸ ਵੇਲੇ ਮਾਤਾ ਗੁਜਰੀ ਜੀ ਗੰਗੂ ਨੂੰ ਮਿਲੇ, ਜੋ ਕਿਸੇ ਸਮੇਂ ਗੁਰੂ ਮਹਿਲ ਦੀ ਸੇਵਾ ਕਰਦਾ ਸੀ। ਗੰਗੂ ਉਨ੍ਹਾਂ ਨੂੰ ਵਿਛੜੇ ਪਰਿਵਾਰ ਨੂੰ ਮਿਲਾਉਣ ਦਾ ਭਰੋਸਾ ਦੇ ਕੇ ਆਪਣੇ ਘਰ ਲੈ ਗਿਆ।
ਪਰ ਬਾਅਦ ’ਚ ਸੋਨੇ ਦੇ ਸਿੱਕਿਆਂ ਦੇ ਲਾਲਚ ’ਚ ਗੰਗੂ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੀ ਖ਼ਬਰ ਵਜ਼ੀਰ ਖਾਨ ਨੂੰ ਦੇ ਦਿੱਤੀ। ਵਜ਼ੀਰ ਖਾਨ ਦੇ ਸਿਪਾਹੀਆਂ ਨੇ ਮਾਤਾ ਗੁਜਰੀ ਅਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਨੂੰ ਠੰਡੇ ਬੁਰਜ ’ਚ ਰੱਖਿਆ ਗਿਆ। ਸਵੇਰੇ ਦੋਵੇਂ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗਿਆ ਪਰ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ।
ਜਦੋਂ ਸਿਪਾਹੀਆਂ ਨੇ ਉਨ੍ਹਾਂ ਨੂੰ ਸਿਰ ਝੁਕਾਉਣ ਲਈ ਕਿਹਾ ਤਾਂ ਦੋਵਾਂ ਨੇ ਜਵਾਬ ਦਿੱਤਾ ਕਿ ‘ਅਸੀਂ ਅਕਾਲ ਪੁਰਖ ਤੋਂ ਇਲਾਵਾ ਹੋਰ ਕਿਸੇ ਅੱਗੇ ਵੀ ਸਿਰ ਨਹੀਂ ਝੁਕਾਉਂਦੇ, ਅਸੀਂ ਆਪਣੇ ਦਾਦਾ ਜੀ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦਿਆਂਗੇ, ਜਿਨ੍ਹਾਂ ਨੇ ਧਰਮ ਦੇ ਨਾਂ ’ਤੇ ਸਿਰ ਕਟਾਉਣਾ ਠੀਕ ਸਮਝਿਆ ਪਰ ਝੁਕਾਉਣਾ ਨਹੀਂ।’ ਜਦੋਂ ਉਹ ਨਹੀਂ ਮੰਨੇ ਤਾਂ, ਵਜ਼ੀਰ ਖਾਨ ਨੇ ਦੋਵਾਂ ਸਾਹਿਬਜ਼ਾਦਿਆਂ ਨੂੰ ਜਿਊਂਦਿਆਂ ਦੀਵਾਰਾਂ ’ਚ ਚਿਣਵਾਉਣ ਦਾ ਹੁਕਮ ਦੇ ਦਿੱਤਾ।
ਕਿਹਾ ਜਾਂਦਾ ਹੈ ਕਿ ਜਦੋਂ ਦੋਵਾਂ ਸਾਹਿਬਜ਼ਾਦਿਆਂ ਨੂੰ ਦੀਵਾਰ ’ਚ ਚਿਣਨਾ ਸ਼ੁਰੂ ਕੀਤਾ ਗਿਆ ਤਾਂ ਉਨ੍ਹਾਂ ਨੇ ‘ਜਪੁਜੀ ਸਾਹਿਬ’ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੀਵਾਰ ਪੂਰੀ ਹੋਣ ਤੋਂ ਬਾਅਦ ਅੰਦਰੋਂ ਜੈਕਾਰੇ ਦੀ ਆਵਾਜ਼ ਆਈ। ਸਾਹਿਬਜ਼ਾਦਿਆਂ ਨੇ ਗੁਰੂ-ਘਰ ਦੇ ਮਹਾਨ ਉਦੇਸ਼ਾਂ ਦੀ ਪੂਰਤੀ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ।
ਛੋਟੇ ਸਾਹਿਬਜ਼ਾਦਿਆਂ ਦੀ ਇਸ ਕੁਰਬਾਨੀ ਤੋਂ ਆਉਣ ਵਾਲੀਆਂ ਨੌਜਵਾਨ ਪੀੜ੍ਹੀਆਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸਮਾਜ ਲਈ ਇਕ ਆਦਰਸ਼ ਹਨ। ਉਨ੍ਹਾਂ ਦੀ ਸੋਚ, ਆਪਣੀ ਉਮਰ ਤੋਂ ਬਹੁਤ ਵੱਡੀ ਸੀ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਮਰ ਦਾ ਸਮਝਦਾਰੀ ਨਾਲ ਕੋਈ ਵਾਸਤਾ ਨਹੀਂ ਹੁੰਦਾ, ਛੋਟੀ ਉਮਰ ਦੇ ਬੱਚੇ ਵੀ ਸਮਾਜ ਲਈ ਉਦਾਹਰਣ ਬਣ ਸਕਦੇ ਹਨ।
ਉਹ ਨੌਜਵਾਨਾਂ ਨੂੰ ਬਹਾਦਰੀ, ਅਣਖ ਨਾਲ ਜਿਊਣ ਅਤੇ ਬੇਇਨਸਾਫੀ ਖ਼ਿਲਾਫ਼ ਲੜਣ ਦਾ, ਹਿੰਮਤ ਅਤੇ ਨਿਮਰਤਾ ਦਾ ਪਾਠ ਸਿਖਾਉਂਦੇ ਹਨ। ਉਨ੍ਹਾਂ ਦੀ ਸ਼ਹੀਦੀ, ਸਿੱਖ ਨੌਜਵਾਨਾਂ ਨੂੰ ਅਡਿੱਗ ਅਤੇ ਅਡੋਲ ਰਹਿਣ ਲਈ ਪ੍ਰੇਰਿਤ ਕਰਦੀ ਹੈ। ਉਹ ਸਾਨੂੰ ਸੱਚਾਈ ਲਈ ਲੜਨਾ ਸਿਖਾਉਂਦੇ ਹਨ। ਉਹ ਸਿਖਾਉਂਦੇ ਹਨ ਕਿ ਕਿਵੇਂ ਦੇਸ਼ ਦੀ ਅਤੇ ਆਪਣੀ ਕੌਮ ਦੀ ਵਿਰਾਸਤ ਲਈ ਅੜੇ ਰਹਿਣ ਦੀ ਲੋੜ ਹੁੰਦੀ ਹੈ।
ਭਾਰਤ ਦੀ ਰੱਖਿਆ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਹੀ ਦਿੱਤੀਆਂ ਹਨ। ਸਿੱਖ ਧਰਮ ਭਾਰਤ ਦਾ ਚੌਥਾ ਅਤੇ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ 550 ਸਾਲਾਂ ਤੋਂ ਹੋਂਦ ਵਿਚ ਹੈ। ਸਿੱਖਾਂ ਵੱਲੋਂ ਪਾਏ ਯੋਗਦਾਨ ਬਾਰੇ ਪੁਸਤਕਾਂ ਲਿਖੀਆਂ ਜਾ ਸਕਦੀਆਂ ਹਨ ਅਤੇ ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖ, ਭਾਰਤ ਦੀ ਆਬਾਦੀ ਦਾ ਸਿਰਫ਼ 2% ਹਿੱਸਾ ਹਨ। ਸਿੱਖ ਸੁਭਾਅ ਵਿਚ ਸਤਿਕਾਰਯੋਗ, ਮਿਹਨਤੀ, ਉੱਦਮੀ ਅਤੇ ਦਲੇਰ ਹਨ।
ਮੋਦੀ ਸਰਕਾਰ ਨੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਦਿਵਾਇਆ ਰਾਸ਼ਟਰੀ ਸਨਮਾਨ :
ਛੋਟੇ ਸਾਹਿਬਜ਼ਾਦਿਆਂ ਦੀ ਇੰਨੀ ਵੱਡੀ ਸ਼ਹਾਦਤ, ਇੰਨਾ ਵੱਡਾ ਜਿਗਰਾ ਪਰ ਆਜ਼ਾਦੀ ਦੇ 75 ਸਾਲਾਂ ਦੇ ਬਾਅਦ ਵੀ ਇਸ ਸ਼ਹਾਦਤ ਨੂੰ ਕੋਈ ਰਾਸ਼ਟਰੀ ਸਨਮਾਨ ਨਹੀਂ ਮਿਲਿਆ ਸੀ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਲਗਾਤਾਰ ਮਿਲ ਰਹੇ ਵਿਸ਼ਾਲ ਜਨਤਕ ਸਮਰਥਨ ਪਿੱਛੇ ‘ਇਤਿਹਾਸਕ ਗ਼ਲਤੀਆਂ ਵਿਚ ਸੁਧਾਰ’ ਇਕ ਵੱਡਾ ਕਾਰਨ ਹੈ। ਦੇਸ਼ ਦਾ ਇਕ ਵੱਡਾ ਵਰਗ ਮੰਨਦਾ ਹੈ ਕਿ ਇਤਿਹਾਸ ਲਿਖਣ ’ਚ ਵੱਡਾ ਧੋਖਾ ਹੋਇਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੇਸ਼ ਦੇ ਲੋਕਾਂ ਵਿਚ ਚਲਾਕੀ ਨਾਲ ਜ਼ਾਲਮਾਂ ਪ੍ਰਤੀ ਮਾਣ ਦੀ ਭਾਵਨਾ ਪੈਦਾ ਕੀਤੀ ਗਈ ਜਦਕਿ ਦੇਸ਼ ਲਈ ਸਭ ਕੁਝ ਕੁਰਬਾਨ ਕਰਨ ਵਾਲੇ ਅਣਗਿਣਤ ਬਹਾਦਰ ਵੀਰਾਂ ਨੂੰ ਗੁੰਮਨਾਮੀ ਦੇ ਹਨੇਰੇ ਵਿਚ ਧੱਕ ਦਿੱਤਾ ਗਿਆ। ਇਸੇ ਤਰ੍ਹਾਂ ਦੀ ਇਤਿਹਾਸਕ ਬੇਇਨਸਾਫ਼ੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨਾਲ ਵੀ ਹੋਈ ਸੀ।
ਪਰ ਹੁਣ, ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ 10ਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਲਈ ਹਰ ਸਾਲ 26 ਦਸੰਬਰ ਨੂੰ, ਦੇਸ਼ ਭਰ ’ਚ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਮੋਦੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਦੇਸ਼ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਾਹਿਬਜ਼ਾਦਿਆਂ ਦੀ ਹਿੰਮਤ ਅਤੇ ਨਿਆਂ ਦੀ ਸਥਾਪਨਾ ਲਈ, ਉਨ੍ਹਾਂ ਦੇ ਯਤਨਾਂ ਲਈ ਢੁੱਕਵੀਂ ਸ਼ਰਧਾਂਜਲੀ ਹੈ, ਵੀਰ ਬਾਲ ਦਿਵਸ ਉਸੇ ਦਿਨ ਮਨਾਇਆ ਜਾਵੇਗਾ, ਜਦੋਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਇਨ੍ਹਾਂ ਦੋਵਾਂ ਮਹਾਨ ਸ਼ਖ਼ਸੀਅਤਾਂ ਨੇ ਧਰਮ ਦੇ ਮਹਾਨ ਸਿਧਾਂਤਾਂ ਤੋਂ ਭਟਕਣ ਦੀ ਬਜਾਏ ਸ਼ਹਾਦਤ ਨੂੰ ਚੁਣਿਆ।
ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, ‘‘ਮਾਤਾ ਗੁਜਰੀ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ਾਂ ਨੇ ਲੱਖਾਂ ਲੋਕਾਂ ਨੂੰ ਤਾਕਤ ਦਿੱਤੀ ਹੈ। ਉਨ੍ਹਾਂ ਨੇ ਕਦੇ ਵੀ ਬੇਇਨਸਾਫ਼ੀ ਅੱਗੇ ਸਿਰ ਨਹੀਂ ਝੁਕਾਇਆ। ਉਨ੍ਹਾਂ ਨੇ ਇਕ ਸਮਾਵੇਸ਼ੀ ਅਤੇ ਸਦਭਾਵਨਾ ਵਾਲੇ ਸੰਸਾਰ ਦੀ ਕਲਪਨਾ ਕੀਤੀ। ਸਮੇਂ ਦੀ ਲੋੜ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਉਨ੍ਹਾਂ ਬਾਰੇ ਪਤਾ ਹੋਣਾ ਚਾਹੀਦਾ ਹੈ।’’
ਪ੍ਰਧਾਨ ਮੰਤਰੀ ਦੇ ਇਸ ਫ਼ੈਸਲੇ ਦੇ ਪਿੱਛੇ ਉਨ੍ਹਾਂ ਦੀ ਸੋਚ, ਆਉਣ ਵਾਲੀਆਂ ਨੌਜਵਾਨ ਪੀੜ੍ਹੀਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੇ ਜੀਵਨ ਬਾਰੇ ਜਾਣੂ ਕਰਵਾਉਣਾ ਹੈ ਅਤੇ ਸਾਹਿਬਜ਼ਾਦਿਆਂ ਵੱਲੋਂ ਦਿੱਤੇ ਗਏ ਸਿਧਾਂਤਾਂ ਨੂੰ ਆਪਣੇ ਜੀਵਨ ’ਚ ਅਪਨਾਉਣ ਲਈ ਉਤਸ਼ਾਹਿਤ ਕਰਨਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸੋਚ ਨੂੰ ਅੱਗੇ ਵਧਾਉਂਦਿਆਂ, ਦੇਸ਼ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਨੂੰ, ਸਕੂਲ, ਕਾਲਜ ਅਤੇ ਯੂਨੀਵਰਸਿਟੀ ਪੱਧਰ ’ਤੇ 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਮਨਾਏ ਜਾਣ ਦੀ ਲੋੜ ਹੈ।
ਸਤਨਾਮ ਸਿੰਘ ਸੰਧੂ, ਵਾਈਸ ਚਾਂਸਲਰ, ਚੰਡੀਗੜ੍ਹ ਯੂਨੀਵਰਸਿਟੀ
ਆਰ. ਪੀ. ਸਿੰਘ, ਰਾਸ਼ਟਰੀ ਬੁਲਾਰਾ ਭਾਜਪਾ
ਜੀਵਨ ਗੁਪਤਾ ਸੂਬਾ ਜਨਰਲ ਸਕੱਤਰ ਭਾਜਪਾ (ਪੰਜਾਬ)