ਸੰਜਲੀ ਦੀ ਹੱਤਿਆ ਦੇ ਸਬਕ

Thursday, Dec 27, 2018 - 07:37 AM (IST)

ਸੰਜਲੀ ਦੀ ਹੱਤਿਆ ਦੇ ਸਬਕ

ਉੱਤਰ ਪ੍ਰਦੇਸ਼ ਦੇ ਆਗਰਾ ’ਚ ਰਹਿਣ ਵਾਲੀ ਸੰਜਲੀ ਦਸਵੀਂ ਜਮਾਤ ’ਚ ਪੜ੍ਹਦੀ ਸੀ। ਉਸ ਦੇ ਪਿਤਾ ਜੁੱਤੀਆਂ ਬਣਾਉਣ ਵਾਲੀ ਇਕ ਫੈਕਟਰੀ ’ਚ ਕੰਮ ਕਰਦੇ ਹਨ ਤੇ 10 ਹਜ਼ਾਰ ਰੁਪਏ ਮਹੀਨਾ ਕਮਾਉਂਦੇ ਹਨ। ਕੁਲ ਪੰਜ ਭੈਣਾਂ-ਭਰਾਵਾਂ ’ਚੋਂ ਸੰਜਲੀ ਦੂਜੇ ਨੰਬਰ ’ਤੇ ਸੀ।
ਇਕ ਦਿਨ ਉਹ ਸਾਈਕਲ ’ਤੇ ਆਪਣੇ ਘਰ ਜਾ ਰਹੀ ਸੀ ਤੇ ਮੋਟਰਸਾਈਕਲ ਸਵਾਰ ਕੁਝ ਮੁੰਡਿਆਂ ਨੇ ਉਸ ਨੂੰ ਘੇਰ ਲਿਆ। ਹੈਲਮੇਟ ਅਤੇ ਦਸਤਾਨੇ ਪਹਿਨੀ ਇਕ ਮੁੰਡੇ ਨੇ ਸੰਜਲੀ ’ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਾ ਦਿੱਤੀ। ਇਥੋਂ ਤਕ ਕਿ ਉਸ ਦੀਆਂ ਕਿਤਾਬਾਂ ਤੇ ਬਸਤੇ ਨੂੰ ਵੀ ਅੱਗ ਲਾ ਕੇ ਸਾੜ ਦਿੱਤਾ। ਸੰਜਲੀ ਬੁਰੀ ਤਰ੍ਹਾਂ ਝੁਲਸ ਗਈ। ਉਸ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ’ਚ  ਲਿਆਂਦਾ ਗਿਆ ਪਰ ਉਹ ਬਚ ਨਹੀਂ ਸਕੀ।
ਸੰਜਲੀ ਨਾਲ ਹੋਏ ਅਪਰਾਧ ਬਾਰੇ ਜਿਸ ਨੇ ਵੀ ਸੁਣਿਆ, ਉਹ ਹੱਕਾ-ਬੱਕਾ ਰਹਿ ਗਿਆ ਕਿਉਂਕਿ ਆਏ ਦਿਨ ਛੋਟੀਆਂ ਬੱਚੀਆਂ ਵੱਖ-ਵੱਖ ਤਰ੍ਹਾਂ ਦੇ ਅਪਰਾਧਾਂ ਦਾ ਸ਼ਿਕਾਰ ਹੁੰਦੀਆਂ ਹਨ। ਹੁਣ ਪੁਲਸ ਨੇ ਇਸ ਹੱਤਿਆ ’ਚ ਸ਼ਾਮਲ ਦੋ ਅਪਰਾਧੀਆਂ ਨੂੰ ਫੜਿਆ ਹੈ, ਜਿਨ੍ਹਾਂ ਤੋਂ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਸੰਜਲੀ ’ਤੇ ਪੈਟਰੋਲ ਛਿੜਕ ਕੇ ਅੱਗ ਲਾਉਣ ਵਾਲਾ ਕੋਈ ਹੋਰ ਨਹੀਂ ਸਗੋਂ ਉਸ ਦੇ ਸਕੇ ਤਾਏ ਦਾ ਪੁੱਤ ਯੋਗੇਸ਼ ਸੀ, ਜੋ ਸੰਜਲੀ ਨਾਲ ਇਕਪਾਸੜ ਪਿਆਰ ਕਰਦਾ ਸੀ ਤੇ ਸੰਜਲੀ ਉਸ ਦਾ ਵਿਰੋਧ ਕਰਦੀ ਸੀ। ਜਿਹੜੇ ਸਾਈਕਲ ’ਤੇ ਸੰਜਲੀ ਸਕੂਲ ਜਾਂਦੀ-ਆਉਂਦੀ ਸੀ, ਉਹ ਵੀ ਉਸ ਨੂੰ ਯੋਗੇਸ਼ ਨੇ ਹੀ ਲਿਆ ਕੇ ਦਿੱਤਾ ਸੀ। 
ਇਸ ਘਟਨਾ ਤੋਂ ਬਾਅਦ ਯੋਗੇਸ਼ ਨੇ ਵੀ ਜ਼ਹਿਰ ਖਾ ਕੇ ਖੁਦਕੁਸ਼ੀ ਕਰ ਲਈ ਸੀ। ਹਾਲਾਂਕਿ ਸੰਜਲੀ ਦੇ ਘਰ ਵਾਲਿਆਂ ਨੂੰ ਇਸ ’ਤੇ ਯਕੀਨ ਨਹੀਂ ਆ ਰਿਹਾ। ਉਸ ਦੀ ਮਾਂ ਦਾ ਕਹਿਣਾ ਹੈ ਉਹ ਦੋਵੇਂ ਤਾਂ ਭੈਣ-ਭਰਾ ਸਨ। ਯੋਗੇਸ਼ ਦੀ ਮਾਂ ਦਾ ਵੀ ਕਹਿਣਾ ਹੈ ਕਿ ‘‘ਪੁਲਸ ਝੂਠ ਬੋਲ ਰਹੀ ਹੈ। ਯੋਗੇਸ਼ ਨੂੰ ਪੁਲਸ ਨੇ ਕਾਫੀ ਕੁੱਟਿਆ ਸੀ ਤੇ ਉਸ ਨੇ ਸ਼ਰਮ ਦੇ ਮਾਰੇ ਖੁਦਕੁਸ਼ੀ ਕਰ ਲਈ। ਪੂਰੇ ਪਿੰਡ ਨੂੰ ਪੁੱਛ ਲਓ ਕਿ ਉਹ ਕਿੰਨਾ ਸ਼ਰੀਫ ਮੁੰਡਾ ਸੀ।’’
ਘਟਨਾ ਤੋਂ ਡਰੀਆਂ ਪਿੰਡ ਦੀਆਂ ਕੁੜੀਆਂ ਨੇ ਸਕੂਲ ਜਾਣਾ ਛੱਡਿਆ
ਸੰਜਲੀ ਦੇ ਪਿੰਡ ਦੀਆਂ ਕੁੜੀਆਂ ’ਤੇ ਇਸ ਘਟਨਾ ਦਾ ਅਸਰ ਇਹ ਹੋਇਆ ਕਿ ਉਨ੍ਹਾਂ ਨੇ ਸਕੂਲ ਜਾਣਾ ਛੱਡ ਦਿੱਤਾ ਹੈ। ਸੰਜਲੀ ਪੜ੍ਹ-ਲਿਖ ਕੇ ਪੁਲਸ ਅਫਸਰ ਬਣਨਾ ਚਾਹੁੰਦੀ ਸੀ। ਛੋਟੇ ਸ਼ਹਿਰਾਂ ਦੀਆਂ ਬਹੁਤ ਸਾਰੀਆਂ ਕੁੜੀਆਂ ਪੁਲਸ ’ਚ ਭਰਤੀ ਹੋਣਾ ਚਾਹੁੰਦੀਆਂ ਹਨ। ਪਿਛਲੇ ਦਿਨੀਂ ਬੁਲੰਦਸ਼ਹਿਰ, ਆਜ਼ਮਗੜ੍ਹ ਤੇ ਫਰੀਦਾਬਾਦ ’ਚ ਬਹੁਤ ਸਾਰੀਆਂ ਕੁੜੀਆਂ ਨੇ ਲੇਖਿਕਾ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪੁਲਸ ’ਚ ਭਰਤੀ ਹੋਣਾ ਚਾਹੁੰਦੀਆਂ ਹਨ।
ਇਸ ਦੀ ਵਜ੍ਹਾ ਉਨ੍ਹਾਂ ਨੇ ਇਹ ਦੱਸੀ ਕਿ ਪੁਲਸ ’ਚ ਬਹੁਤ ਤਾਕਤ ਹੁੰਦੀ ਹੈ। ਉਹ ਚਾਹੇ ਤਾਂ ਸਭ ਕੁਝ ਕਰ ਸਕਦੀ ਹੈ। ਉਨ੍ਹਾਂ ਕੁੜੀਆਂ ’ਚ ਪੁਲਸ ਦਾ ਅਕਸ ਕਾਫੀ ਚੁੰਗਾ ਹੈ, ਉਨ੍ਹਾਂ ਨੂੰ ਪੁਲਸ ’ਤੇ ਭਰੋਸਾ ਹੈ। ਇਸ ਲਈ ਹੁਣ ਪੁਲਸ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਕੁੜੀਆਂ ਨੂੰ ਸੁਰੱਖਿਆ ਦੇਵੇ, ਉਨ੍ਹਾਂ ਨੂੰ ਅਪਰਾਧਾਂ ਤੋਂ ਬਚਾਵੇ।
ਇਸ ਤੋਂ ਇਲਾਵਾ ਸੰਜਲੀ ਦੀ ਮੌਤ ਨੂੰ ਇਕ ਬੱਚੀ ਦੀ ਮੌਤ ਨਾ ਮੰਨ ਕੇ ਇਕ ਦਲਿਤ ਬੱਚੀ ਪ੍ਰਤੀ ਅਪਰਾਧ ਵਾਂਗ ਪੇਸ਼ ਕੀਤਾ ਗਿਆ। ਸੰਜਲੀ ਦਲਿਤ ਸੀ ਪਰ ਇਸ ਤੋਂ ਪਹਿਲਾਂ ਉਹ ਇਕ ਕੁੜੀ ਸੀ। ਕੋਈ ਵੀ ਕੁੜੀ ਕਿਸੇ ਅਪਰਾਧ ਦਾ ਸ਼ਿਕਾਰ ਹੁੰਦੀ ਹੈ, ਤਾਂ ਉਸ ਨੂੰ ਉਸੇ ਰੂਪ ’ਚ ਦੇਖਿਆ ਜਾਣਾ ਚਾਹੀਦਾ ਹੈ। ਜਿਸ ਤਰ੍ਹਾਂ ਕਿਸੇ ਹਾਦਸੇ ’ਚ ਜੇ ਕੋਈ ਵਿਅਕਤੀ ਮਾਰਿਆ ਜਾਂਦਾ ਹੈ ਤਾਂ ਉਹ ਇਨਸਾਨ ਪਹਿਲਾਂ ਹੁੰਦਾ ਹੈ ਅਤੇ ਦਲਿਤ, ਸਵਰਨ, ਓ. ਬੀ. ਸੀ., ਘੱਟਗਿਣਤੀ ਬਾਅਦ ’ਚ।
ਸੰਜਲੀ ਦੀ ਮੌਤ ’ਤੇ ਮੁਹਿੰਮ ਵੀ ਚਲਾਈ ਜਾ ਰਹੀ  ਹੈ –‘ਜਸਟਿਸ ਫਾਰ ਸੰਜਲੀ’। ਆਗਰਾ ’ਚ ਇਸ ਨੂੰ ਲੈ ਕੇ ਵਿਰੋਧ ਮੁਜ਼ਾਹਰੇ ਵੀ ਹੋਏ। ਇਹ ਚੰਗੀ ਗੱਲ ਹੈ ਪਰ ਇਸ ਬੱਚੀ ਦੀ ਮੌਤ ‘ਨਿਰਭਯਾ ਕਾਂਡ’ ਵਾਂਗ ਕੋਈ ਵੱਡੀ ਖਬਰ ਨਹੀਂ ਬਣ ਸਕੀ।
ਘਟਨਾ ’ਤੇ ਸਿਆਸਤ 
 ਜਦੋਂ ਪੁਲਸ ਨੇ ਯੋਗੇਸ਼ ਵਲੋਂ  ਸੰਜਲੀ ਨੂੰ ਲਿਖੀਆਂ ਚਿੱਠੀਆਂ, ਵ੍ਹਟਸਅਪ ਮੈਸੇਜ ਆਦਿ ਦੇ ਆਧਾਰ ’ਤੇ ਇਸ ਕੇਸ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ ਤਾਂ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਕਿਸੇ ਵੀ ਘਟਨਾ ਨੂੰ ਜਾਤੀ ਜਾਂ ਧਾਰਮਿਕ ਰੰਗ ਕਿਉਂ ਦੇ ਦਿੱਤਾ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਬਹੁਤ ਸਾਰੇ ਰਾਜਨੇਤਾ ਸੰਜਲੀ ਦੇ ਘਰ ਗਏ ਸਨ। ‘ਭੀਮ ਆਰਮੀ’ ਦੇ ਮੁਖੀ ਚੰਦਰਸ਼ੇਖਰ ਨੇ ਉਥੇ ਜਾ ਕੇ ਕਿਹਾ ਕਿ ‘‘ਜੇ ਸੰਜਲੀ ਨੂੰ ਛੇਤੀ ਇਨਸਾਫ ਨਾ ਮਿਲਿਆ ਤਾਂ ਪੂਰੇ ਦੇਸ਼ ’ਚ ਅੱਗ ਲਾ ਦਿਆਂਗੇ।’’ ਅਜਿਹੇ ਫਤਵੇ ਕਿਸੇ ਵੀ ਜਾਂਚ-ਪੜਤਾਲ ਤੋਂ ਪਹਿਲÅਾਂ ਦੇਣਾ ਖਤਰਨਾਕ ਹੈ।
 ਅਜਿਹਾ ਕਿਉਂ ਹੈ ਕਿ ਜਦੋਂ ਕਿਸੇ ਨਾਲ ਅਪਰਾਧ ਹੋਵੇ ਅਤੇ ਜੇ ਉਹ ਦਲਿਤ ਹੋਵੇ ਤਾਂ ਇਹ ਮੰਨ ਲਿਆ ਜਾਵੇ ਕਿ ਅਪਰਾਧ ਕਰਨ ਵਾਲਾ ਸਵਰਨ ਜਾਤ ਦਾ ਹੀ ਹੋਵੇਗਾ? ਅਜਿਹੀ ਸੋਚ ਜਾਤਾਂ ’ਚ ਪਹਿਲਾਂ ਤੋਂ ਹੀ ਵੰਡੇ ਆਪਣੇ ਦੇਸ਼ ਅੰਦਰ ਹੋਰ ਵੀ ਜ਼ਿਆਦਾ ਨਫਰਤ ਪੈਦਾ ਕਰਦੀ ਹੈ।
ਸੱਚ ਤਾਂ ਇਹ ਹੈ ਕਿ ਅਪਰਾਧੀਆਂ ਦਾ ਕੋਈ ਧਰਮ, ਕੋਈ ਜਾਤ ਨਹੀਂ ਹੁੰਦੀ। ਇਸੇ ਤਰ੍ਹਾਂ ਅਪਰਾਧ ਦਾ ਸ਼ਿਕਾਰ ਹੋਣ ਵਾਲੇ ਨੂੰ ਵੀ ਜਾਤ ਜਾਂ ਧਰਮ ਦੀ ਐਨਕ ਨਾਲ ਨਹੀਂ ਦੇਖਿਆ ਜਾਣਾ ਚਾਹੀਦਾ। ਰਾਜਨੇਤਾ ਤਾਂ ਵੋਟਾਂ ਦੀ ਸਿਆਸਤ ਲਈ ਅਜਿਹਾ ਕਰਦੇ ਹਨ ਪਰ ਮੀਡੀਆ ਨੂੰ ਅਜਿਹੀਆਂ ਗੱਲਾਂ ਤੋਂ ਬਚਣਾ ਚਾਹੀਦਾ ਹੈ। ਅਖਬਾਰਾਂ ਦੇ ਪਾਠਕ ਜਾਂ ਟੀ. ਵੀ. ਦੇ ਦਰਸ਼ਕ ਸਾਰੀਆਂ ਜਾਤਾਂ-ਵਰਗਾਂ ਦੇ ਹੁੰਦੇ ਹਨ ਤੇ ਸਾਰੇ ਅਮਨ-ਪਸੰਦ ਲੋਕ ਚਾਹੁੰਦੇ ਹਨ ਕਿ ਅਪਰਾਧੀ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ।
ਸੰਜਲੀ ਦੇ ਸੁਪਨੇ, ਉਸ ਦੀਆਂ ਇੱਛਾਵਾਂ, ਜਿਊਣ ਦੀ ਉਸ ਦੀ ਇੱਛਾ, ਸਭ ਉਸ ਦੇ ਨਾਲ ਹੀ ਚਲੇ ਗਏ ਪਰ ਹੁਣ ਕੋਈ ਹੋਰ ਕੁੜੀ ਅਜਿਹੀ ਦਰਦਨਾਕ ਘਟਨਾ ਦਾ ਸ਼ਿਕਾਰ ਨਾ ਹੋਵੇ, ਅਜਿਹੀ ਉਮੀਦ ਕੀਤੀ ਜਾਣੀ ਚਾਹੀਦੀ ਹੈ।

 


Related News