ਜਸਟਿਸ ਗੋਗੋਈ ਅਤੇ ਮਿਸ਼ਰਾ ਦੀ ਉਮਰ ਭਰ ਦੀ ‘ਬੱਚਤ’ ਸੀਨੀਅਰ ਵਕੀਲਾਂ ਦੀ ਇਕ ਦਿਨ ਦੀ ਕਮਾਈ ਤੋਂ ਵੀ ‘ਘੱਟ’

Friday, Oct 05, 2018 - 06:36 AM (IST)

ਜਦੋਂ ਅਟਾਰਨੀ ਜਨਰਲ ਕੇ. ਕੇ. ਵੇਣੂਗੋਪਾਲ ਨੇ ਬੀਤੇ ਸੋਮਵਾਰ ਇਹ ਕਿਹਾ ਕਿ ਜੱਜਾਂ ਦੀਅਾਂ ਤਨਖਾਹਾਂ ਤਿੰਨ ਗੁਣਾ ਵਧਾ ਦੇਣੀਅਾਂ ਚਾਹੀਦੀਅਾਂ ਹਨ ਤਾਂ ਸ਼ਾਇਦ ਉਨ੍ਹਾਂ ਦੇ ਮਨ ’ਚ ਸੁਪਰੀਮ ਕੋਰਟ ਦੇ ਜੱਜਾਂ ਵਲੋਂ ਐਲਾਨੀਅਾਂ ਗਈਅਾਂ ਉਨ੍ਹਾਂ ਦੀਅਾਂ ਜਾਇਦਾਦਾਂ ਰਹੀਅਾਂ ਹੋਣਗੀਅਾਂ, ਖਾਸ ਤੌਰ ’ਤੇ ਸਾਬਕਾ ਚੀਫ ਜਸਟਿਸ ਦੀਪਕ ਮਿਸ਼ਰਾ ਅਤੇ ਨਵੇਂ ਚੀਫ ਜਸਟਿਸ ਰੰਜਨ ਗੋਗੋਈ ਦੀਅਾਂ, ਜਿਨ੍ਹਾਂ ਨੇ ਬੁੱਧਵਾਰ ਨੂੰ ਆਪਣੇ ਅਹੁਦੇ ਦੀ ਸਹੁੰ ਚੁੱਕੀ। 
ਚੀਫ ਜਸਟਿਸ ਦੀਪਕ ਮਿਸ਼ਰਾ ਸਥਾਈ ਜੱਜ ਵਜੋਂ 21 ਸਾਲਾਂ ਤਕ ਸੇਵਾਵਾਂ ਦੇਣ ਤੋਂ ਬਾਅਦ ਰਿਟਾਇਰ ਹੋਏ ਹਨ। ਇਨ੍ਹਾਂ ’ਚੋਂ 14 ਸਾਲ ਉਨ੍ਹਾਂ ਨੇ ਵੱਖ-ਵੱਖ ਹਾਈਕੋਰਟਾਂ ’ਚ ਬਿਤਾਏ, ਜਦਕਿ ਜਸਟਿਸ ਗੋਗੋਈ 28 ਫਰਵਰੀ 2001 ਨੂੰ ਗੁਹਾਟੀ ਹਾਈਕੋਰਟ ’ਚ ਸਥਾਈ ਜੱਜ ਬਣੇ ਸਨ ਅਤੇ ਸੁਪਰੀਮ ਕੋਰਟ ਦੇ ਜੱਜ ਵਜੋਂ ਉਨ੍ਹਾਂ ਨੇ 23 ਅਪ੍ਰੈਲ 2012 ਨੂੰ ਸਹੁੰ ਚੁੱਕੀ ਸੀ। 
ਹਾਈਕੋਰਟ ਤੇ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਉਨ੍ਹਾਂ ਦੀ ਨਿੱਜੀ ਜਾਇਦਾਦ ਨਾਮਾਤਰ ਹੀ ਰਹੀ ਤੇ ਸਫਲ ਸੀਨੀਅਰ ਐਡਵੋਕੇਟਾਂ ਦੇ ਮੁਕਾਬਲੇ ਉਨ੍ਹਾਂ ਨੂੰ ‘ਕੰਗਾਲ’ ਹੀ ਮੰਨਿਆ ਜਾ ਸਕਦਾ ਹੈ। ਬੈਂਕ ਬੈਲੇਂਸ ਅਤੇ ਹੋਰ ਪੂੰਜੀਅਾਂ ਦੇ ਰੂਪ ’ਚ ਉਨ੍ਹਾਂ ਦੀ ਉਮਰ ਭਰ ਦੀ ਬੱਚਤ ਨੂੰ ਜੇ ਇਕੱਠੀ ਰੱਖ ਕੇ ਦੇਖਿਆ ਜਾਵੇ ਤਾਂ ਉਹ ਕਈ ਸੀਨੀਅਰ ਵਕੀਲਾਂ ਦੀ ਇਕ ਦਿਨ ਦੀ ਕਮਾਈ ਤੋਂ ਵੀ ਘੱਟ ਹੋਵੇਗੀ, ਜਿਹੜੇ ਮੋਟੀਅਾਂ ਫੀਸਾਂ ਵਸੂਲਦੇ ਹਨ। 
ਚੀਫ ਜਸਟਿਸ ਗੋਗੋਈ ਕੋਲ ਸੋਨੇ ਦਾ ਆਪਣਾ ਇਕ ਵੀ ਗਹਿਣਾ ਨਹੀਂ ਹੈ, ਜਦਕਿ ਉਨ੍ਹਾਂ ਦੀ ਪਤਨੀ ਕੋਲ ਜੋ ਗਹਿਣੇ ਹਨ, ਉਹ ਉਨ੍ਹਾਂ ਦੇ ਵਿਆਹ ’ਤੇ ਉਨ੍ਹਾਂ ਦੇ ਪੇਕਿਅਾਂ, ਰਿਸ਼ਤੇਦਾਰਾਂ ਤੇ ਮਿੱਤਰਾਂ ਵਲੋਂ ਦਿੱਤੇ ਗਏ ਸਨ। 
ਸਾਬਕਾ ਚੀਫ ਜਸਟਿਸ ਮਿਸ਼ਰਾ ਕੋਲ ਸੋਨੇ ਦੀਅਾਂ 2 ਮੁੰਦਰੀਅਾਂ ਹਨ, ਜਿਨ੍ਹਾਂ ਨੂੰ ਉਹ ਪਹਿਨਦੇ ਹਨ ਤੇ ਇਕ ਸੋਨੇ ਦੀ ਚੇਨ ਹੈ। ਉਨ੍ਹਾਂ ਦੀ ਪਤਨੀ ਕੋਲ ਚੀਫ ਜਸਟਿਸ ਗੋਗੋਈ ਦੀ ਪਤਨੀ ਨਾਲੋਂ ਥੋੜ੍ਹੇ ਜਿਹੇ ਜ਼ਿਆਦਾ ਗਹਿਣੇ ਹਨ। ਇਨ੍ਹਾਂ ਦੋਹਾਂ ਜੱਜਾਂ ਕੋਲ ਆਪਣਾ ਕੋਈ ਨਿੱਜੀ ਵਾਹਨ ਨਹੀਂ ਹੈ, ਸ਼ਾਇਦ ਇਸ ਲਈ ਕਿਉਂਕਿ ਪਿਛਲੇ ਲੱਗਭਗ 2 ਦਹਾਕਿਅਾਂ ਤੋਂ ਇਨ੍ਹਾਂ ਨੂੰ ਸਰਕਾਰੀ ਕਾਰਾਂ ਮੁਹੱਈਆ ਕਰਵਾਈਅਾਂ ਜਾ ਰਹੀਅਾਂ ਹਨ। ਹੋਰ ਤਾਂ ਹੋਰ, ਇਹ ਦੋਵੇਂ ਜੱਜ ਸ਼ੇਅਰ ਬਾਜ਼ਾਰ ’ਚ ਵੀ ਕੋਈ ਦਿਲਚਸਪੀ ਨਹੀਂ ਰੱਖਦੇ।
ਚੀਫ ਜਸਟਿਸ ਗੋਗੋਈ ਦਾ ਕੋਈ ਕਰਜ਼ਾ ਬਾਕੀ ਨਹੀਂ ਹੈ ਤੇ ਨਾ ਹੀ ਗਹਿਣੇ ਰੱਖੀ ਕੋਈ ਚੀਜ਼, ਓਵਰਡਰਾਫਟ, ਨਾ ਚੁਕਾਇਆ ਗਿਆ ਬਿੱਲ ਜਾਂ ਕੋਈ ਹੋਰ ਦੇਣਦਾਰੀ। ਜਸਟਿਸ ਦੀਪਕ ਮਿਸ਼ਰਾ ਨੇ ਦਿੱਲੀ ਦੇ ਮਿਊਰ ਵਿਹਾਰ ’ਚ ਸਥਿਤ ਐਡਵੋਕੇਟਾਂ ਦੀ ਕੋਆਪ੍ਰੇਟਿਵ ਸੋਸਾਇਟੀ ’ਚ ਇਕ ਫਲੈਟ ਖਰੀਦਣ ਲਈ ਬੈਂਕ ਤੋਂ 22.50 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜਿਸ ਨੂੰ ਉਹ ਹੁਣ ਚੁਕਾ ਰਹੇ ਹਨ। ਕਟਕ ’ਚ ਉਨ੍ਹਾਂ ਦਾ ਇਕ ਹੋਰ ਘਰ ਹੈ, ਜੋ ਉਨ੍ਹਾਂ ਦੇ ਹਾਈਕੋਰਟ ਦਾ ਜੱਜ ਬਣਨ ਤੋਂ ਇਕ ਦਹਾਕਾ ਪਹਿਲਾਂ ਬਣਾਇਆ ਗਿਆ ਸੀ। ਦੋਹਾਂ ਜੱਜਾਂ ਨੇ ਆਪਣੀਅਾਂ ਇਹ ਜਾਇਦਾਦਾਂ 2012 ’ਚ ਐਲਾਨੀਅਾਂ ਸਨ। 
ਚੀਫ ਜਸਟਿਸ ਗੋਗੋਈ ਅਤੇ ਉਨ੍ਹਾਂ ਦੀ ਪਤਨੀ ਦਾ ਐੱਲ. ਆਈ. ਸੀ. ਦੀ ਪਾਲਿਸੀ ਸਮੇਤ ਬੈਂਕ ਬੈਲੇਂਸ ਸਿਰਫ 30 ਲੱਖ ਰੁਪਏ ਹੈ। ਜਸਟਿਸ ਗੋਗੋਈ ਨੇ ਜੁਲਾਈ ’ਚ ਐਲਾਨ ਕੀਤਾ ਸੀ ਕਿ ਉਨ੍ਹਾਂ ਨੇ 1999 ’ਚ ਗੁਹਾਟੀ ਦੇ ਬੇਲਟੋਲਾ ’ਚ ਇਕ ਪਲਾਟ ਖਰੀਦਿਆ ਸੀ, ਜੋ ਉਨ੍ਹਾਂ ਨੇ ਬੀਤੀ ਜੂਨ ’ਚ 65 ਲੱਖ ਰੁਪਏ ’ਚ ਵੇਚ ਦਿੱਤਾ ਸੀ (ਉਨ੍ਹਾਂ ਨੇ ਖਰੀਦਣ ਵਾਲੇ ਦਾ ਨਾਂ ਵੀ ਦੱਸਿਆ ਸੀ)। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮਾਂ ਨੇ ਜੂਨ 2015 ’ਚ ਗੁਹਾਟੀ ਨੇੜੇ ਜਾਪੋਰੀਗੋਗ ਪਿੰਡ ’ਚ ਜ਼ਮੀਨ ਦਾ ਇਕ ਟੁਕੜਾ ਉਨ੍ਹਾਂ ਦੇ ਤੇ ਉਨ੍ਹਾਂ ਦੀ ਪਤਨੀ ਦੇ ਨਾਂ ਕਰ ਦਿੱਤਾ ਸੀ। 
ਉਨ੍ਹਾਂ ਦੀਅਾਂ ਜਾਇਦਾਦਾਂ ਦੇ ਮੁਕਾਬਲੇ ਸੁਪਰੀਮ ਕੋਰਟ ਦਾ ਇਕ ਸਫਲ ਸੀਨੀਅਰ ਐਡਵੋਕੇਟ ਇਕ ਦਿਨ ’ਚ 50 ਲੱਖ ਰੁਪਏ ਤੋਂ ਜ਼ਿਆਦਾ ਕਮਾਈ ਕਰਦਾ ਹੈ। ਬੀਤੇ ਸੋਮਵਾਰ ਜਸਟਿਸ ਮਿਸ਼ਰਾ ਦੇ ਵਿਦਾਇਗੀ ਸਮਾਰੋਹ ’ਚ ਬੋਲਦਿਅਾਂ ਸ਼੍ਰੀ ਵੇਣੂਗੋਪਾਲ ਦੇ ਮਨ ’ਚ ਸ਼ਾਇਦ ਸੁਪਰੀਮ ਕੋਰਟ ਦੇ ਕਿਸੇ ਜੱਜ ਦੀ ਤਨਖਾਹ ਇਕ ਲੱਖ ਰੁਪਏ ਮਹੀਨਾ ਸੀ। ਯਕੀਨੀ ਤੌਰ ’ਤੇ ਜੱਜਾਂ ਨੂੰ ਚੰਗੀਅਾਂ ਸਹੂਲਤਾਂ, ਭੱਤੇ ਅਤੇ ਰਿਹਾਇਸ਼ ਤੇ ਨੌਕਰ ਵਗੈਰਾ ਮਿਲਦੇ ਹਨ ਪਰ ਪੈਸੇ ਦੇ ਮਾਮਲੇ ’ਚ ਸੀਨੀਅਰ ਵਕੀਲਾਂ ਦੇ ਮੁਕਾਬਲੇ ਇਹ ਜੱਜ ਕਿਤੇ ਜ਼ਿਆਦਾ ਘਾਟੇ ’ਚ ਰਹਿੰਦੇ ਹਨ।                              


Related News