ਕਾਫੀ ਦਿਲਚਸਪ ਹੈ ਮੱਧ ਪ੍ਰਦੇਸ਼ ’ਚ ਪਹਿਲੇ ਪੜਾਅ ਦੀ ਚੋਣ
Monday, Apr 29, 2019 - 06:48 AM (IST)
ਰਿਤੂਪਰਣ ਦਵੇ
ਦੇਸ਼ ਦੇ ਚੌਥੇ ਅਤੇ ਮੱਧ ਪ੍ਰਦੇਸ਼ ਦੇ ਪਹਿਲੇ ਪੜਾਅ, ਭਾਵ 29 ਅਪ੍ਰੈਲ ਦੀਆਂ ਚੋਣਾਂ ਭਿੰਨਤਾ ਨਾਲ ਭਰੀਆਂ ਪਰ ਦਿਲਚਸਪ ਹਨ। ਵਿਧਾਨ ਸਭਾ ਚੋਣਾਂ ’ਚ ਬੇਸ਼ੱਕ ਬਹੁਤ ਘੱਟ ਫਰਕ ਨਾਲ ਪਰ ਸਰਕਾਰ ਬਣਾਉਣ ’ਚ ਕਾਮਯਾਬ ਰਹੀ ਕਾਂਗਰਸ ਲਈ ਇਹ ਖਾਸ ਅਰਥ ਰੱਖਦੀਆਂ ਹਨ। ਭਾਜਪਾ ਵੀ ਕੋਈ ਕਸਰ ਨਹੀਂ ਛੱਡ ਰਹੀ। ਜਿਹੜੀਆਂ 6 ਸੀਟਾਂ ’ਤੇ ਚੋਣਾਂ ਹੋ ਰਹੀਆਂ ਹਨ, ਸਾਰੀਆਂ ਵਿੰਧਯ ਤੇ ਮਹਾਕੌਸ਼ਲ ਦੀਆਂ ਹਨ। ਮੁੱਖ ਮੰਤਰੀ ਕਮਲਨਾਥ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਰਾਕੇਸ਼ ਸਿੰਘ ਦੋਵੇਂ ਹੀ ਮਹਾਕੌਸ਼ਲ ਤੋਂ ਆਉਂਦੇ ਹਨ ਤੇ ਅਜਿਹੀ ਹਾਲਤ ’ਚ ਉਨ੍ਹਾਂ ਦੀ ਪੁਰਜ਼ੋਰ ਕੋਸ਼ਿਸ਼ ਹੋਵੇਗੀ ਕਿ ਪ੍ਰਦਰਸ਼ਨ ਬਿਹਤਰ ਹੋਵੇ। ਸੀਧੀ, ਸ਼ਹਿਡੋਲ, ਮੰਡਲਾ, ਬਾਲਾਘਾਟ, ਜਬਲਪੁਰ, ਛਿੰਦਵਾੜਾ ’ਚ ਹੋ ਰਹੀਆਂ ਚੋਣਾਂ ਕਿਤੇ ਕਾਂਟੇ ਦੀਆਂ ਤਾਂ ਕਿਤੇ ਦਿਲਚਸਪ ਬਣ ਗਈਆਂ ਹਨ।
ਜਬਲਪੁਰ ’ਚ ਜ਼ਬਰਦਸਤ ਮੁਕਾਬਲਾ
ਜਬਲਪੁਰ (ਜਨਰਲ) ਵਿਚ ਜ਼ਬਰਦਸਤ ਮੁਕਾਬਲਾ ਹੈ, ਜਿਥੇ 2014 ’ਚ ਵੀ ਆਪਸ ਵਿਚ ਦੋ-ਦੋ ਹੱਥ ਕਰ ਚੁੱਕੇ ਭਾਜਪਾ ਪ੍ਰਦੇਸ਼ ਪ੍ਰਧਾਨ ਰਾਕੇਸ਼ ਸਿੰਘ ਅਤੇ ਦੇਸ਼ ਦੇ ਮੰਨੇ-ਪ੍ਰਮੰਨੇ ਵਕੀਲ ਵਿਵੇਕ ਤਨਖਾ ਫਿਰ ਆਹਮੋ-ਸਾਹਮਣੇ ਹਨ। ਉਦੋਂ ਰਾਕੇਸ਼ ਸਿੰਘ ਨੇ ਵਿਵੇਕ ਤਨਖਾ ਨੂੰ ਹਰਾਇਆ ਸੀ। ਭਾਜਪਾ ਨੂੰ 56.34 ਫੀਸਦੀ, ਭਾਵ 6,64,609 ਵੋਟਾਂ ਮਿਲੀਆਂ ਸਨ, ਜਦਕਿ ਕਾਂਗਰਸ ਨੂੰ 3,55,970, ਭਾਵ 35.52 ਫੀਸਦੀ ਵੋਟਾਂ ਮਿਲੀਆਂ ਸਨ। ਉਂਝ ਤਾਂ ਭਾਜਪਾ ਨੂੰ 8 ਚੋਣਾਂ ’ਚ ਜਿੱਤ ਮਿਲੀ, ਜਦਕਿ ਕਾਂਗਰਸ 7 ਚੋਣਾਂ ਜਿੱਤੀ। ਮੌਜੂਦਾ ਹਾਲਾਤ ’ਚ ਜਬਲਪੁਰ ਲੋਕ ਸਭਾ ਸੀਟ ਦੀਆਂ 8 ਵਿਧਾਨ ਸਭਾ ਸੀਟਾਂ ’ਚੋਂ 4 ਬਰਗੀ, ਜਬਲਪੁਰ ਪੂਰਬ, ਜਬਲਪੁਰ ਉੱਤਰ, ਜਬਲਪੁਰ ਪੱਛਮ ’ਤੇ ਕਾਂਗਰਸ ਅਤੇ 4 ਪਾਟਨ, ਜਬਲਪੁਰ ਕੈਂਟ, ਪਨਾਗਰ, ਸਿਹੋਰਾ ’ਤੇ ਭਾਜਪਾ ਦਾ ਕਬਜ਼ਾ ਹੈ। ਦੂਜੀ ਮਹੱਤਵਪੂਰਨ ਸੀਧੀ (ਜਨਰਲ) ਸੀਟ ਹੈ, ਜਿਥੇ ਪਿਛਲੀ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਹੇ ਅਜੈ ਸਿੰਘ ਰਾਹੁਲ ਆਪਣੀ ਕਿਸਮਤ ਅਜ਼ਮਾ ਰਹੇ ਹਨ। ਰਾਹੁਲ ਦਾ ਚੰਗਾ-ਖਾਸਾ ਪ੍ਰਭਾਵ ਹੈ ਅਤੇ ਉਨ੍ਹਾਂ ਦੇ ਪਿਤਾ ਤੇ ਕਾਂਗਰਸ ਦੇ ਕੱਦਾਵਰ ਨੇਤਾ ਰਹੇ ਸਵ. ਕੁ. ਅਰਜਨ ਸਿੰਘ ਦਾ ਇਲਾਕਾ ਮੰਨਿਆ ਜਾਂਦਾ ਹੈ। ਹਾਲੀਆ ਵਿਧਾਨ ਸਭਾ ਚੋਣਾਂ ’ਚ ਚੁਰਹਟ ਵਿਧਾਨ ਸਭਾ ਤੋਂ ਅਜੈ ਸਿੰਘ ਦੀ ਹਾਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਥੇ ਉਨ੍ਹਾਂ ਦਾ ਮੁਕਾਬਲਾ ਮੌਜੂਦਾ ਸੰਸਦ ਮੈਂਬਰ ਰੀਤੀ ਪਾਠਕ ਨਾਲ ਹੈ। ਹਾਲਾਂਕਿ ਵਿਚ-ਵਿਚ ਮੌਜੂਦਾ ਸੰਸਦ ਮੈਂਬਰ ਦਾ ਵਿਰੋਧ ਵੀ ਦਿਸਿਆ ਪਰ ਚੋਣ ਮਾਹੌਲ ’ਚ ਬੀਤੀ 26 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨੇ ਸੀਧੀ ’ਚ ਇਕ ਵੱਡੀ ਜਨਸਭਾ ਕਰ ਕੇ ਭਾਜਪਾ ਦਾ ਰਾਹ ਆਸਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।
ਸ਼ਹਿਡੋਲ (ਰਿਜ਼ਰਵ) ਸੰਸਦੀ ਸੀਟ ਤੋਂ ਪਿਛਲੀ ਵਾਰ ਭਾਜਪਾ ਦੀ ਵਿਧਾਇਕ ਰਹੀ ਪ੍ਰਮਿਲਾ ਸਿੰਘ ਹੁਣ ਕਾਂਗਰਸ ਦੀ ਉਮੀਦਵਾਰ ਹੈ। ਉਥੇ ਹੀ ਕਾਂਗਰਸ ਤੋਂ 2016 ਦੀ ਉਪ-ਚੋਣ ’ਚ ਹਾਰ ਦਾ ਸਾਹਮਣਾ ਕਰ ਚੁੱਕੀ ਹਿਮਾਦਰੀ ਸਿੰਘ ਹੁਣ ਭਾਜਪਾ ਉਮੀਦਵਾਰ ਹੈ। ਯਕੀਨਨ ਮੁਕਾਬਲਾ ਦਿਲਚਸਪ ਹੈ ਅਤੇ ਵੋਟਰ ਦੋਹਾਂ ਹੀ ਪਾਰਟੀਆਂ ਦੇ ਪੈਰਾਸ਼ੂਟ ਉਮੀਦਵਾਰਾਂ ਨੂੰ ਨੇੜਿਓਂ ਜਾਣਦੇ ਹਨ। ਅਜਿਹੀ ਹਾਲਤ ’ਚ ਊਠ ਕਿਸ ਕਰਵਟ ਬੈਠੇਗਾ, ਇਹ ਉਮੀਦਵਾਰਾਂ ਤੇ ਵਰਕਰਾਂ ਦੀ ਮਿਹਨਤ ਤੋਂ ਜ਼ਿਆਦਾ ਵੋਟਰਾਂ ਦੇ ਮੂਡ ’ਤੇ ਨਿਰਭਰ ਹੈ ਕਿਉਂਕਿ ਸ਼ਹਿਡੋਲ ਦਾ ਵੋਟਰ ਖਾਮੋਸ਼ ਘੱਟ, ਦੁਚਿੱਤੀ ’ਚ ਜ਼ਿਆਦਾ ਹੈ। ਮੌਜੂਦਾ ਭਾਜਪਾ ਸੰਸਦ ਮੈਂਬਰ ਗਿਆਨ ਸਿੰਘ ਦੀ ਟਿਕਟ ਕੱਟਣਾ ਅਤੇ ਹਿਮਾਦਰੀ ਨੂੰ ਕਾਂਗਰਸ ਤੋਂ ਭਾਜਪਾ ’ਚ ਐਂਟਰੀ ਮਿਲਣ ਨਾਲ ਪੂਰੀ ਲੋਕ ਸਭਾ ਚੋਣ ਇਕ ਤਰ੍ਹਾਂ ਨਾਲ ਯੂ-ਟਰਨ ਵਰਗੀ ਸਥਿਤੀ ’ਚ ਹੈ। ਗੌੜਵੰਸ਼ ਦੀ ਰਾਜਧਾਨੀ ਰਿਹਾ ਮੰਡਲਾ ਆਪਣੀ ਵੱਖਰੀ ਪਛਾਣ ਲਈ ਜਾਣਿਆ ਜਾਂਦਾ ਹੈ। ਮੰਡਲਾ (ਰਿਜ਼ਰਵ) ਲੋਕ ਸਭਾ ਡਿੰਡੋਰੀ ਅਤੇ ਮੰਡਲਾ ਸਮੇਤ ਸਿਵਨੀ ਤੇ ਨਰਸਿੰਘਪੁਰ ਜ਼ਿਲੇ ਦੇ ਕੁਝ ਹਿੱਸੇ ’ਚ ਫੈਲਿਆ ਹੋਇਆ ਹੈ। ਇਥੋਂ ਸਭ ਤੋਂ ਵੱਧ 9 ਵਾਰ ਕਾਂਗਰਸ, 5 ਵਾਰ ਭਾਜਪਾ ਤੋਂ, ਉਹ ਵੀ ਫੱਗਣ ਸਿੰਘ ਕੁਲਸਤੇ ਹੀ ਜਿੱਤੇ ਹਨ। ਅਜੇ 6 ਵਿਧਾਨ ਸਭਾ ਸੀਟਾਂ ’ਤੇ ਕਾਂਗਰਸ ਤਾਂ 2 ’ਤੇ ਭਾਜਪਾ ਕਾਬਜ਼ ਹੈ। ਇਸ ਵਾਰ ਮੁਕਾਬਲਾ ਫੱਗਣ ਸਿੰਘ ਕੁਲਸਤੇ ਅਤੇ ਗੌਂਡਵਾਨਾ ਪਾਰਟੀ ਦੇ ਰਾਸ਼ਟਰੀ ਸੰਗਠਨ ਦੇ ਅਹੁਦੇ ਨੂੰ ਛੱਡ ਕੇ ਕਾਂਗਰਸ ’ਚ ਆਏ ਕਮਲ ਮਰਾਵੀ ਵਿਚਾਲੇ ਹੈ।
ਛਿੰਦਵਾੜਾ ’ਚ ਨਕੁਲਨਾਥ ਹਨ ਕਾਂਗਰਸ ਦੇ ਉਮੀਦਵਾਰ
ਮੱਧ ਪ੍ਰਦੇਸ਼ ਦੀ ਸਭ ਤੋਂ ਚਰਚਿਤ ਅਤੇ ਹਾਈ-ਪ੍ਰੋਫਾਈਲ ਸੀਟ ਛਿੰਦਵਾੜਾ (ਜਨਰਲ) ਕਾਂਗਰਸ ਸਦਾ ਜਿੱਤਦੀ ਰਹੀ ਹੈ। ਇਥੇ 35 ਸਾਲਾਂ ਤੋਂ ਸਾਬਕਾ ਕੇਂਦਰੀ ਮੰਤਰੀ ਤੇ ਮੌਜੂਦਾ ਮੁੱਖ ਮੰਤਰੀ ਕਮਲਨਾਥ ਜਿੱਤ ਦਰਜ ਕਰਦੇ ਰਹੇ ਹਨ। ਬਸ ਇਕ ਵਾਰ ਸੁੰਦਰਲਾਲ ਪਟਵਾ ਤੋਂ ਹਾਰੇ ਸਨ। ਹੁਣ ਮੁੱਖ ਮੰਤਰੀ ਦੇ ਪੁੱਤਰ ਨਕੁਲਨਾਥ ਲੜ ਰਹੇ ਹਨ। ਮਹਾਕੌਸ਼ਲ ਅਤੇ ਵਿੰਧਯ ਦੀ ਇਹ ਇਕੱਲੀ ਸੀਟ ਹੈ, ਜਿਥੇ ਵੋਟਰ ਖੁੱਲ੍ਹ ਕੇ ਕਾਂਗਰਸ ਦੇ ਪੱਖ ’ਚ ਬੋਲ ਰਿਹਾ ਹੈ। ਇਥੋਂ ਭਾਜਪਾ ਨੇ ਨੱਥਨ ਸ਼ਾਹ ਨੂੰ ਉਮੀਦਵਾਰ ਬਣਾਇਆ ਹੈ, ਜੋ 2013 ’ਚ ਜੁੱਨਾਰਦੇਵ ਸੀਟ ਤੋਂ ਭਾਜਪਾ ਦੇ ਵਿਧਾਇਕ ਚੁਣੇ ਗਏ ਸਨ।