ਕੀ ''ਆਤਮਾ ਦੀ ਆਵਾਜ਼'' ਹੈ ਜਥੇਦਾਰ ਹਰਪ੍ਰੀਤ ਸਿੰਘ ਦਾ ਸਪੱਸ਼ਟੀਕਰਨ

10/12/2019 1:07:57 AM

ਭਾਵੇਂ ਪਰਮਜੀਤ ਸਿੰਘ ਸਰਨਾ ਲੱਖ ਦੋਸ਼ ਲਾਈ ਜਾਣ ਤੇ ਉੱਚ ਪੱਧਰੀ ਜਾਂਚ ਦੀ ਮੰਗ ਕਰੀ ਜਾਣ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਜਾਏ ਜਾਣ ਵਾਲੇ ਅੰਤਰਰਾਸ਼ਟਰੀ ਨਗਰ ਕੀਰਤਨ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨੇ ਇਕ ਵਾਰ ਤਾਂ ਸਿਆਸੀ ਲੀਹ ਤੋਂ ਇਹ ਮਸਲਾ ਹਟਾ ਕੇ ਸਹੀ ਸੇਧ 'ਚ ਲੈ ਆਂਦਾ ਹੈ। ਉਨ੍ਹਾਂ ਦੇ ਇਸ ਸਬੰਧੀ ਦਿੱਤੇ ਸਪੱਸ਼ਟੀਕਰਨ ਤੇ ਸਹੀ ਸੇਧ ਨੇ ਇਸ ਦੇ ਸਿਰਫ ਤੇ ਸਿਰਫ ਸਿਆਸੀ ਲਾਹੇ ਵਾਲੇ ਪਹਿਲੂ ਨੂੰ ਸਮਾਜਿਕ/ਧਾਰਮਿਕ/ਸੱਭਿਆਚਾਰਕ/ਭਾਸ਼ਾਈ ਪਹਿਲੂਆਂ ਤੱਕ ਫੈਲਾਅ ਦਿੱਤਾ ਹੈ। ਇਹ ਮਸਲਾ ਹੁਣ ਬਹੁ-ਪਰਤੀ ਦਿਖਾਈ ਦੇਣ ਲੱਗਾ ਹੈ। ਇਹ ਸਪੱਸ਼ਟਤਾ ਬਹੁਤ ਜ਼ਰੂਰੀ ਸੀ, ਸ੍ਰੀ ਅਕਾਲ ਤਖਤ ਸਾਹਿਬ ਦੀ ਆਨ ਲਈ ਵੀ ਤੇ ਧਾਰਮਿਕ ਮਾਮਲਿਆਂ ਦੇ ਸਿਆਸੀ ਪੈਂਤੜਿਆਂ 'ਚ ਬਦਲ ਦਿੱਤੇ ਜਾਣ ਕਰਕੇ ਵੀ। ਦਰਅਸਲ, ਜਦੋਂ ਅਸੀਂ ਇੰਨੀ ਵੱਡੀ ਪੱਧਰ ਉੱਤੇ ਆਪਣੇ ਪੂਰਵਜਾਂ ਦੇ ਸੰਦੇਸ਼ ਦੇ ਫੈਲਾਅ ਦੀ ਗੱਲ ਕਰਨ ਜਾ ਰਹੇ ਹਾਂ, ਖਾਸ ਮੌਕੇ ਉੱਤੇ, ਤਾਂ ਵੀ ਅਜਿਹੇ ਫੈਸਲਿਆਂ, ਸਪੱਸ਼ਟੀਕਰਨਾਂ ਅਤੇ ਸਾਫਗੋਈ ਨਾਲ ਚੱਲਣਾ ਹੋਰ ਵੀ ਲਾਜ਼ਮੀ ਹੋ ਜਾਂਦਾ ਹੈ। ਜਥੇਦਾਰ ਦੇ ਇਸ ਬਿਆਨ ਦੇ ਕਿਉਂਕਿ ਬਹੁਤ ਸਾਰੇ ਪਹਿਲੂ ਹਨ, ਇਸ ਵਾਸਤੇ ਇਹ ਉਨ੍ਹਾਂ ਦੀ ਹੀ ਆਵਾਜ਼ ਹੈ ਜਾਂ ਕੋਈ ਹੋਰ ਆਵਾਜ਼ ਉਨ੍ਹਾਂ 'ਚੋਂ ਬੋਲ ਰਹੀ ਹੈ, ਸਵਾਲ ਇਹ ਵੀ ਰਿੜਕ ਹੋਣ ਲੱਗ ਪਿਆ ਹੈ। ਬਹਰਹਾਲ ਇਸ ਮਾਮਲੇ 'ਚ ਆਈ ਸਪੱਸ਼ਟਤਾ ਨਾਲ ਸਿੱਖ ਸੰਗਤਾਂ ਦੇ ਵੀ ਕਈ ਭਰਮ-ਭੁਲੇਖੇ ਦੂਰ ਹੋਏ ਹਨ।

ਇਹ ਮਸਲਾ ਭਾਵੇਂ ਸਿਆਸੀ ਧੜੇਬਾਜ਼ੀ ਕਾਰਣ ਹੀ ਪੈਦਾ ਹੋਇਆ ਪਰ ਪੈਦਾ ਹੋ ਗਿਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਪਹਿਲਾਂ ਹੀ ਪਰਮਜੀਤ ਸਿੰਘ ਸਰਨਾ ਦੀ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ 'ਚ ਇਕ ਅੰਤਰਰਾਸ਼ਟਰੀ ਨਗਰ ਕੀਰਤਨ ਸ੍ਰੀ ਨਨਕਾਣਾ ਸਾਹਿਬ ਜਾਵੇਗਾ। ਇਹ ਨਗਰ ਕੀਰਤਨ ਦਿੱਲੀ ਦੇ ਗੁਰਦੁਆਰਾ ਨਾਨਕ ਪਿਆਓ ਤੋਂ ਸ਼ੁਰੂ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 29 ਅਕਤੂਬਰ ਨੂੰ ਸ੍ਰੀ ਸੁਲਤਾਨਪੁਰ ਲੋਧੀ ਵਿਖੇ ਪਹੁੰਚੇਗਾ। ਉਥੋਂ ਫਿਰ 30 ਅਕਤੂਬਰ ਨੂੰ ਅੰਮ੍ਰਿਤਸਰ ਪਹੁੰਚ ਕੇ 31 ਅਕਤੂਬਰ ਨੂੰ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ 'ਚ ਦਾਖਲ ਹੋਵੇਗਾ। ਉਨ੍ਹਾਂ ਸਿੱਖ ਸ਼ਰਧਾਲੂਆਂ ਦੇ ਵੀਜ਼ਾ ਦੇ ਨਾਲ-ਨਾਲ ਨਗਰ ਕੀਰਤਨ ਦੀ ਮਨਜ਼ੂਰੀ ਵੀ ਲੈ ਲਈ। ਹੁਣ ਇਹ ਨਗਰ ਕੀਰਤਨ ਤੈਅ ਕਾਰਜਾਂ ਤਹਿਤ ਆਪਣੇ ਅੰਜਾਮ ਤੱਕ ਪਹੁੰਚੇਗਾ।

15-16 ਕਰੋੜ ਦਾ ਹਿਸਾਬ ਦੇਵੇ ਦਿੱਲੀ ਕਮੇਟੀ!
ਰੇੜਕਾ ਪੈਦਾ ਉਦੋਂ ਹੋਇਆ, ਜਦੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਪੈਰਲਲ ਨਗਰ ਕੀਰਤਨ ਪਾਕਿਸਤਾਨ ਲੈ ਕੇ ਜਾਣ ਦੀ ਖਬਰ ਆਈ। ਸਰਨਾ ਭਰਾਵਾਂ ਨੇ ਇਹ ਦੋਸ਼ ਲਾਇਆ ਕਿ ਜਦੋਂ ਪਾਕਿਸਤਾਨ ਵੱਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੋਈ ਮਨਜ਼ੂਰੀ ਹੀ ਨਹੀਂ ਮਿਲੀ ਸੀ, ਤਾਂ ਕਮੇਟੀ ਨੇ ਲੋਕਾਂ ਕੋਲੋਂ ਕਰੋੜਾਂ ਰੁਪਏ ਕਿਉਂ ਉਗਰਾਹੇ ਅਤੇ ਕਈ ਬੀਬੀਆਂ/ਭੈਣਾਂ ਨੇ ਤਾਂ ਭਾਵੁਕ ਹੋ ਕੇ ਆਪਣੇ ਗਹਿਣੇ ਹੀ ਉਤਾਰ ਕੇ ਕਮੇਟੀ ਨੂੰ ਦੇ ਦਿੱਤੇ। ਪਰਮਜੀਤ ਸਿੰਘ ਸਰਨਾ ਦਾ ਕਹਿਣਾ ਹੈ ਕਿ ਸਿੱਖ ਸੰਗਤਾਂ ਦੇ 15-16 ਕਰੋੜ ਰੁਪਏ ਤੇ ਸੋਨਾ ਵੱਖਰਾ, ਇਸ ਸਾਰੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਤੇ ਸਾਰਾ ਪੈਸਾ ਐੱਸ. ਜੀ. ਪੀ. ਸੀ. ਕੋਲ ਜਾਣਾ ਚਾਹੀਦਾ ਹੈ। ਉਨ੍ਹਾਂ ਜਥੇਦਾਰ ਹਰਪ੍ਰੀਤ ਸਿੰਘ ਦੇ ਸਪੱਸ਼ਟ ਕਰ ਦਿੱਤੇ ਜਾਣ ਵਾਲੇ ਹਵਾਲੇ ਨੂੰ ਵੀ ਸ਼੍ਰੋਮਣੀ ਅਕਾਲੀ ਦਲ ਦਾ ਡੈਮੇਜ ਕੰਟਰੋਲ ਕਿਹਾ ਹੈ। ਹੁਣ ਇਹ ਸਵਾਲ ਬਹੁਤ ਪੇਚੀਦਾ ਤੇ ਫਸਵਾਂ ਬਣ ਗਿਆ ਸੀ। ਇਸ ਦਾ ਜਵਾਬ ਦੇਣਾ ਲਾਜ਼ਮੀ ਹੋ ਗਿਆ ਸੀ। ਕਾਰਣ ਇਹ ਕਿ ਪਾਕਿਸਤਾਨ ਸਰਕਾਰ ਵੱਲੋਂ ਜੇਕਰ ਕੋਈ ਮਨਜ਼ੂਰੀ ਹੀ ਨਹੀਂ ਹੈ, ਤਾਂ ਤੁਸੀਂ ਲੋਕਾਂ ਦੀਆਂ ਅੱਖਾਂ 'ਚ ਘੱਟਾ ਕਿੰਨੀ ਕੁ ਦੇਰ ਪਾਓਗੇ?

ਫਿਰ ਜਥੇਦਾਰ ਹਰਪ੍ਰੀਤ ਦਾ ਇਹ ਸਪੱਸ਼ਟੀਕਰਨ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਹਦਾਇਤ ਕਿ ਸਿਰਫ ਤੇ ਸਿਰਫ ਸਰਨਾ ਭਰਾਵਾਂ ਵਾਲਾ ਨਗਰ ਕੀਰਤਨ ਹੀ ਦਿੱਲੀ ਜਾਵੇਗਾ ਅਤੇ ਸੰਗਤ ਦੇ ਪੈਸੇ ਦਾ ਪਾਈ-ਪਾਈ ਹਿਸਾਬ ਦਿੱਤਾ ਜਾਵੇਗਾ, ਇਸ ਮਸਲੇ 'ਚ ਕਈ ਤਰ੍ਹਾਂ ਦੇ ਮੋੜ ਦੇ ਗਿਆ। ਉਨ੍ਹਾਂ ਦੀ ਸਪੱਸ਼ਟਤਾ ਨੂੰ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਕਾਰ ਨਾਲ ਜੋੜਦਿਆਂ ਇਸ ਦਾ ਸਵਾਗਤ ਵੀ ਕੀਤਾ ਹੈ। ਕੁਝ ਪਾਸਿਆਂ ਤੋਂ ਇਸ ਦੇ ਸਿਆਸੀ ਮਾਇਨੇ ਵੀ ਜਾਣਨ ਦੀ ਕੋਸ਼ਿਸ਼ ਹੋ ਰਹੀ ਹੈ। ਇਹ ਕਨਸੋਆਂ ਵੀ ਨੇ ਕਿ ਦੇਖਣ ਵਾਲੀ ਗੱਲ ਤਾਂ ਇਹ ਹੈ ਕਿ ਇਹ ਬਿਆਨ ਜਥੇਦਾਰ ਦੀ ਆਤਮਾ ਦੀ ਆਵਾਜ਼ ਹੈ ਜਾਂ ਇਸ ਦੇ ਪਿੱਛੇ ਵੀ ਕੋਈ ਸਿਆਸਤ ਹੈ। ਕਿਉਂਕਿ ਜਾਣਦੇ ਤਾਂ ਸਭ ਨੇ ਕਿ ਆਖਿਰ ਅਜਿਹੇ ਮਸਲਿਆਂ ਵਿਚ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਭਾਵ ਨੂੰ ਲੈ ਕੇ ਸਵਾਲ ਤਾਂ ਅੱਗੇ ਆਉਂਦੇ ਹੀ ਰਹਿੰਦੇ ਹਨ ਪਰ ਹੁਣ ਇਸ ਮਸਲੇ ਦੇ ਸਿਆਸੀ ਪਹਿਲੂਆਂ ਨਾਲੋਂ ਸਿੱਖ ਸੰਗਤ ਨਾਲ ਜੁੜੇ ਸਮਾਜਿਕ/ਭਾਵੁਕ/ਸ਼ਰਧਾਮਈ ਪਹਿਲੂ ਜ਼ਿਆਦਾ ਭਾਰੂ ਹੋ ਗਏ ਹਨ।

ਪਾਕਿਸਤਾਨ ਨੇ ਨਵਾਂ ਹੀ ਭੰਬਲਭੂਸਾ ਪੈਦਾ ਕਰ ਦਿੱਤੈ!
ਦੂਸਰੇ ਪਾਸੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਦਾ ਬਿਆਨ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਹੁਕਮਾਂ ਮੁਤਾਬਿਕ ਕਮੇਟੀ ਨੇ ਸ੍ਰੀ ਨਨਕਾਣਾ ਸਾਹਿਬ ਤੱਕ ਸਜਾਇਆ ਜਾਣ ਵਾਲਾ ਨਗਰ ਕੀਰਤਨ ਫਿਲਹਾਲ ਮੁਲਤਵੀ ਕਰ ਦਿੱਤਾ ਹੈ। ਉਨ੍ਹਾਂ ਸਿਰਫ ਤੇ ਸਿਰਫ ਵੀਜ਼ਾ ਨਾ ਮਿਲਣ ਦੀ ਗੱਲ 'ਤੇ ਕੇਂਦ੍ਰਿਤ ਕਰ ਕੇ ਬਾਕੀ ਸਭ ਕਾਸੇ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਪੈਸੇ ਦੇ ਹਿਸਾਬ ਤੇ ਸੋਨੇ ਦੀ ਪਾਲਕੀ ਸਾਹਿਬ ਦੇ ਸਪੱਸ਼ਟੀਕਰਨ 'ਚ ਉਨ੍ਹਾਂ ਕਹਿ ਦਿੱਤਾ ਹੈ ਕਿ ਪਾਲਕੀ ਸਾਹਿਬ ਦੀ ਜ਼ਿੰਮੇਵਾਰੀ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਨੂੰ ਸੌਂਪੀ ਸੀ, ਸੋ ਸਾਰਾ ਹਿਸਾਬ-ਕਿਤਾਬ ਸਿੱਖ ਸੰਗਤਾਂ ਦੇ ਸਾਹਮਣੇ ਰੱਖਿਆ ਜਾਵੇਗਾ। ਉਨ੍ਹਾਂ ਹਿਸਾਬ ਦੇ ਮਾਮਲੇ 'ਚ ਵੀ ਜਥੇਦਾਰ ਹਰਪ੍ਰੀਤ ਸਿੰਘ ਦੇ ਹੁਕਮਾਂ ਦਾ ਹਵਾਲਾ ਦਿੱਤਾ ਹੈ। ਹਾਲਾਂਕਿ ਦਿੱਲੀ ਕਮੇਟੀ ਦੇ ਸਪੱਸ਼ਟੀਕਰਨ 'ਚ ਭੋਰਾ ਵੀ ਵਜ਼ਨ ਨਹੀਂ ਹੈ ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਸਪੱਸ਼ਟੀਕਰਨ ਤੇ ਸਾਫਗੋਈ ਨੇ ਕਿਤੇ ਨਾ ਕਿਤੇ ਤਖਤਾਂ ਦੀ ਮਰਿਆਦਾ ਤੇ ਇੱਜ਼ਤ 'ਚ ਵਾਧਾ ਹੀ ਕੀਤਾ ਹੈ। ਜੋ ਹੋਣ ਜਾ ਰਿਹਾ ਹੈ, ਇਤਿਹਾਸਕ ਹੈ। ਇਸ ਇਤਿਹਾਸ ਨੇ ਅੱਗੋਂ ਹੋਰ ਨਵੇਂ ਸਫਿਆਂ ਦੀ ਰਚਨਾ ਕਰਨੀ ਹੈ। ਨਵੇਂ ਅਕਸ ਬਣਨੇ ਨੇ। ਨਵਾਂ ਬਹੁਤ ਕੁਝ ਸਾਕਾਰਾਤਮਕ ਹੋਣਾ ਹੈ। ਅਜਿਹੇ ਮੌਕਿਆਂ 'ਤੇ ਸੰਗਤਾਂ ਨਾਲ ਕਿਸੇ ਵੀ ਤਰ੍ਹਾਂ ਦਾ ਧੱਕਾ ਪਿਛਾਂਹ ਧੱਕ ਦੇਵੇਗਾ ਸਾਡੇ ਸਿਧਾਂਤਾਂ ਨੂੰ।

ਇਹ ਸਾਰਾ ਕੁਝ ਹੋਇਆ, ਲੋਕਾਂ ਦੇ ਸਾਹਮਣੇ ਹੈ। ਇਹ ਸਾਰੇ ਸਪੱਸ਼ਟੀਕਰਨ ਤੇ ਦੋਸ਼ ਵੀ ਲੋਕਾਂ ਦੇ ਸਾਹਮਣੇ ਹਨ। ਸਿੱਖ ਸੰਗਤ ਦੇ ਸਾਹਮਣੇ ਹਨ। ਇਹ ਨਹੀਂ ਸੀ ਹੋਣਾ ਚਾਹੀਦਾ, ਵਿਚਾਰਕਾਂ ਦਾ ਇਹ ਵੀ ਕਹਿਣਾ ਹੈ, ਫੇਰ ਵੀ ਹੋਇਆ। ਹੁਣ ਕੀ ਸਾਨੂੰ ਆਪਣੀ ਪੀੜ੍ਹੀ ਹੇਠ ਸੋਟਾ ਨਹੀਂ ਕਦੇ-ਕਦੇ ਫੇਰ ਲੈਣਾ ਚਾਹੀਦਾ? ਅੱਜ ਮਸਲਾ ਪੈਦਾ ਹੋ ਗਿਐ ਕਿ ਸਰਕਾਰ ਤੇ ਸ਼੍ਰੋਮਣੀ ਕਮੇਟੀ ਮਿਲ ਕੇ ਸਮਾਗਮ ਨਹੀਂ ਮਨਾ ਸਕਦੀਆਂ। ਕਾਰਣ, ਕਮੇਟੀ ਪ੍ਰਧਾਨ ਮੁਤਾਬਿਕ ਮਰਿਆਦਾ/ਪ੍ਰੰਪਰਾ ਤੇ ਸਰਕਾਰ ਮੁਤਾਬਿਕ ਹੋਰ ਹੀ ਤਰ੍ਹਾਂ ਦੀ ਦੂਸ਼ਣਬਾਜ਼ੀ। ਅਸੀਂ ਦਿਨ ਕਿਸ ਰਹਿਬਰ ਦਾ ਮਨਾ ਰਹੇ ਹਾਂ ਤੇ ਕਰ ਕੀ ਰਹੇ ਹਾਂ? ਪਾਕਿਸਤਾਨ ਨੇ ਕਾਰੀਡੋਰ ਖੋਲ੍ਹੇ ਜਾਣ ਦੀ ਤਰੀਕ ਬਾਰੇ ਬਿਆਨ ਦੇ ਕੇ ਨਵਾਂ ਹੀ ਭੰਬਲਭੂਸਾ ਖੜ੍ਹਾ ਕਰ ਦਿੱਤਾ ਹੈ। ਇਸ ਵਕਤ ਸਾਨੂੰ ਸਾਰੇ ਹੀ ਹਾਲਾਤ ਦੇ ਮੱਦੇਨਜ਼ਰ ਏਕਤਾ ਤੇ ਪ੍ਰੇਮ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ। ਇਹੀ ਸਮੇਂ ਦੀ ਲੋੜ ਹੈ।

                                                                                   —ਦੇਸ ਰਾਜ ਕਾਲੀ (ਹਰਫ਼ ਹਕੀਕੀ)


KamalJeet Singh

Content Editor

Related News