ਕੀ ਪੰਜਾਬ ਦੇ ਲੋਕ ਲਾਰਿਆਂ ਵਾਲੀ ਸਿਆਸਤ ਨੂੰ ਸਬਕ ਸਿਖਾਉਣਾ ਸਿੱਖ ਗਏ ਹਨ

06/27/2022 11:55:05 PM

ਹਲਕਾ ਸੰਗਰੂਰ ਤੋਂ ਲੋਕ ਸਭਾ ਜ਼ਿਮਨੀ ਚੋਣ ’ਚ ਸਿਮਰਨਜੀਤ ਸਿੰਘ ਮਾਨ ਦੀ ਇਤਿਹਾਸਕ ਜਿੱਤ ਨੇ ਆਮ ਆਦਮੀ ਪਾਰਟੀ ਦਾ ਤਾਣਾ-ਬਾਣਾ ਹਿਲਾ ਕੇ ਰੱਖ ਦਿੱਤਾ ਹੈ। ਸਿਮਰਨਜੀਤ ਸਿੰਘ ਮਾਨ ਨੂੰ ਹਲਕਾ ਸੰਗਰੂਰ ਦੇ 9 ਹਲਕਿਆਂ ਤੋਂ ਕੁੱਲ 2,53,154 ਵੋਟਾਂ ਪਈਆਂ ਹਨ, ਜਦਕਿ ‘ਆਪ’ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਤਕੜੀ ਟੱਕਰ ਦੇਣ ਦੇ ਬਾਵਜੂਦ 5822 ਵੋਟਾਂ ਦੇ ਫ਼ਰਕ ਨਾਲ ਚੋਣ ਹਾਰ ਗਏ ਹਨ, ਉਨ੍ਹਾਂ ਨੂੰ 2,47,332 ਵੋਟਾਂ ਪਈਆਂ ਹਨ। ਇਸ ਤੋਂ ਇਲਾਵਾ ਕਾਂਗਰਸ, ਭਾਜਪਾ, ਅਕਾਲੀ ਦਲ ਦੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ। ਪੰਜਾਬ ਦੇ ਚੋਣ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਤਿੰਨ ਬੁੱਢੀਆਂ ਅਤੇ ਵੱਡੀਆਂ ਰਵਾਇਤੀ ਪਾਰਟੀਆਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਹੋਣ। ਦੂਸਰੇ ਪਾਸੇ ਬਹੁਤੀਆਂ ਚੋਣਾਂ ਵਿਚ ਆਪਣੀਆਂ ਜ਼ਮਾਨਤਾਂ ਜ਼ਬਤ ਕਰਵਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਹਿਲੀ ਵਾਰ ਚਾਰ ਵੱਡੀਆਂ ਪਾਰਟੀਆਂ ਨੂੰ ਹਰਾ ਕੇ ਆਪਣੀ ਜਿੱਤ ਦਾ ਝੰਡਾ ਬੁਲੰਦ ਕੀਤਾ ਹੈ। ਪੰਜਾਬ ਦੀ ਸਿਆਸਤ ਵਿਚ ਇਹ ਸੰਗਰੂਰ ਦੀ ਚੋਣ ਇਕ ਇਤਿਹਾਸ ਦੇ ਪੰਨੇ ਵਜੋਂ ਹਮੇਸ਼ਾ ਯਾਦ ਰਹੇਗੀ।

ਆਮ ਤੌਰ ’ਤੇ ਕੋਈ ਵੀ ਜ਼ਿਮਨੀ ਚੋਣ ਹੋਵੇ ਭਾਵੇਂ ਉਹ ਲੋਕ ਸਭਾ ਦੀ ਹੋਵੇ ਜਾਂ ਵਿਧਾਨ ਸਭਾ ਦੀ ਹੋਵੇ, ਉਥੇ ਰਾਜ ਕਰਨ ਵਾਲੀ ਪਾਰਟੀ ਹੀ ਜਿੱਤਦੀ ਹੁੰਦੀ ਹੈ ਕਿਉਂਕਿ ਅਫ਼ਸਰਸ਼ਾਹੀ, ਲੋਕਾਂ ਦੀਆਂ ਆਸਾਂ, ਲੋਕਾਂ ਦੇ ਕੰਮਕਾਜ ਅਤੇ ਹੋਰ ਸਿਆਸੀ ਤਾਣਾ-ਬਾਣਾ ਸਰਕਾਰ ਨਾਲ ਬੱਝਿਆ ਹੁੰਦਾ ਹੈ। ਇਸ ਕਰਕੇ ਲੋਕ ਰਾਜ ਕਰਨ ਵਾਲੀ ਪਾਰਟੀ ਦੇ ਹੱਕ ਵਿਚ ਭੁਗਤ ਜਾਂਦੇ ਹਨ ਪਰ ਜੇਕਰ ਲੋਕਾਂ ਵਿਚ ਕਿਸੇ ਲੰਮੇ ਰਾਜ ਭਾਗ ਤੋਂ ਬਾਅਦ ਕਿਸੇ ਗੱਲ ਦੀ ਨਿਰਾਸ਼ਤਾ ਫੈਲ ਜਾਵੇ ਤਾਂ ਯਕੀਨਨ ਵਿਰੋਧੀ ਪਾਰਟੀਆਂ ਨੂੰ ਜਿੱਤ ਹਾਸਲ ਹੁੰਦੀ ਹੈ। ਜਿਸ ਤਰ੍ਹਾਂ 1994 ਦੀ ਗਿੱਦੜਬਾਹਾ ਜ਼ਿਮਨੀ ਚੋਣ ਵਿਚ ਲੋਕਾਂ ਨੇ ਉਸ ਵੇਲੇ ਦੇ ਬੇਅੰਤ ਸਿੰਘ ਦੀ ਕਾਂਗਰਸ ਸਰਕਾਰ ਨੂੰ ਧੋਬੀ ਪਟਕਾ ਦੇ ਕੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ 1600 ਦੇ ਕਰੀਬ ਵੋਟਾਂ ਨਾਲ ਜਿਤਾਇਆ ਸੀ। ਇਸ ਤੋਂ ਇਲਾਵਾ ਸਾਲ 2019 ਵਿਚ ਦਾਖਾ ਦੀ ਜ਼ਿਮਨੀ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਕੈਪਟਨ ਅਮਰਿੰਦਰ ਸਰਕਾਰ ਦੇ ਉਮੀਦਵਾਰ ਸੰਦੀਪ ਸਿੰਘ ਸੰਧੂ ਨੂੰ 15,000 ਦੇ ਕਰੀਬ ਵੋਟਾਂ ਨਾਲ ਹਰਾਇਆ ਸੀ ਪਰ ਸਿਰਫ਼ ਤਿੰਨ ਮਹੀਨੇ ਦੇ ਵਕਫ਼ੇ ਵਿਚ ਪੰਜਾਬ ਦੇ ਲੋਕਾਂ ਵਲੋਂ ਵੱਡੇ ਬਹੁਮਤ ਨਾਲ ਚੁਣੀ ਆਮ ਆਦਮੀ ਪਾਰਟੀ ਵਿਰੁੱਧ ਫ਼ਤਵਾ ਆਉਣਾ ਬੜਾ ਹੈਰਾਨੀਜਨਕ ਅਤੇ ਸਿਆਸੀ ਮਾਹਿਰਾਂ ਦੀ ਸਮਝ ਤੋਂ ਬਾਹਰ ਹੈ। ਜ਼ਿਲਾ ਸੰਗਰੂਰ ‘ ਆਪ’ ਦੀ ਸਿਆਸੀ ਰਾਜਧਾਨੀ ਹੈ। ਆਮ ਆਦਮੀ ਪਾਰਟੀ ਦੀ ਹੋਂਦ ਹੈ। ਆਮ ਆਦਮੀ ਪਾਰਟੀ ਦੇ ਇਨਕਲਾਬ ਦਾ ਬਿਗੁਲ ਹਲਕਾ ਸੰਗਰੂਰ ਤੋਂ ਵੱਜਿਆ ਹੈ। ਜਦੋਂ 2019 ਦੀਆਂ ਲੋਕ ਸਭਾ ਚੋਣਾਂ ਵਿਚ ਪੂਰੇ ਭਾਰਤ ਵਿਚ ਇਸ ਨੂੰ ਇਕ ਵੀ ਸੀਟ ਨਹੀਂ ਮਿਲੀ ਸੀ, ਉਸ ਵਕਤ ਵੀ ਸੰਗਰੂਰ ਨੇ ਹੀ ‘ਆਪ’ ਦੀ ਲਾਜ ਰੱਖੀ ਸੀ। ਸੰਗਰੂਰ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਇਕ ਲੱਖ ਗਿਆਰਾਂ ਹਜ਼ਾਰ ਦੇ ਕਰੀਬ ਵੋਟਾਂ ਨਾਲ ਜਿਤਾ ਕੇ ਲੋਕ ਸਭਾ ਵਿਚ ਭੇਜਿਆ ਸੀ, ਜਿੱਥੋਂ ਪੰਜਾਬ ਵਿਚ ਸਰਕਾਰ ਬਣਨ ਦੀ ਨੀਂਹ ਰੱਖੀ ਗਈ ਸੀ।

2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜੇਕਰ ਜ਼ਿਲਾ ਸੰਗਰੂਰ ਲੋਕ ਸਭਾ ਦੇ 9 ਹਲਕਿਆਂ ਦੀ ਗੱਲ ਕਰੀਏ ਤਾਂ ਹਲਕਾ ਸੁਨਾਮ ਤੋਂ ਸਭ ਤੋਂ ਵੱਧ 94,795 ਵੋਟਾਂ ਪਈਆਂ ਸਨ, ਜਿਨ੍ਹਾਂ ਵਿਚ 75,277 ਵੋਟਾਂ ਦੀ ਲੀਡ ਸੀ। ਹਲਕਾ ਦਿੜ੍ਹਬਾ ਤੋਂ 82,630 ਵੋਟਾਂ ਪਈਆਂ ਸਨ ਅਤੇ 50,655 ਵੋਟਾਂ ਦੀ ਲੀਡ ਸੀ। ਹਲਕਾ ਧੂਰੀ ਤੋਂ 82,592 ਵੋਟਾਂ ਪਈਆਂ ਸਨ ਅਤੇ 58,206 ਵੋਟਾਂ ਦੀ ਲੀਡ ਸੀ । ਹਲਕਾ ਸੰਗਰੂਰ ਤੋਂ 74,851 ਵੋਟਾਂ ਪਈਆਂ ਸਨ ਅਤੇ 36,430 ਵੋਟਾਂ ਦੀ ਲੀਡ ਸੀ। ਹਲਕਾ ਮਾਲੇਰਕੋਟਲਾ ਤੋਂ 65,948 ਵੋਟਾਂ ਪਈਆਂ ਸਨ ਅਤੇ 21,686 ਵੋਟਾਂ ਦੀ ਲੀਡ ਸੀ। ਹਲਕਾ ਬਰਨਾਲਾ ਤੋਂ 64,800 ਵੋਟਾਂ ਪਈਆਂ ਸਨ ਤੇ 37,622 ਵੋਟਾਂ ਦੀ ਲੀਡ ਸੀ। ਹਲਕਾ ਭਦੌੜ ਤੋਂ 63,967 ਵੋਟਾਂ ਪਈਆਂ ਸਨ ਅਤੇ 37,558 ਵੋਟਾਂ ਦੀ ਲੀਡ ਸੀ। ਹਲਕਾ ਲਹਿਰਾਗਾਗਾ ਤੋਂ 60,058 ਵੋਟਾਂ ਪਈਆਂ ਸਨ ਤੇ 26,518 ਦੀ ਲੀਡ ਸੀ। ਹਲਕਾ ਮਹਿਲ ਕਲਾਂ ਤੋਂ 53,714 ਵੋਟਾਂ ਪਈਆਂ ਸਨ ਤੇ 30,347 ਵੋਟਾਂ ਦੀ ਲੀਡ ਸੀ। ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਸੰਗਰੂਰ ਦੇ ਕੁੱਲ 9 ਹਲਕਿਆਂ ਦਾ ਲੇਖਾ-ਜੋਖਾ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਇਨ੍ਹਾਂ 9 ਹਲਕਿਆਂ ਤੋਂ 6,43,354 ਵੋਟਾਂ ਪਈਆਂ ਸਨ ਅਤੇ ਕੁੱਲ 9 ਹਲਕਿਆਂ ਦੀ ਲੀਡ ਪੌਣੇ ਚਾਰ ਲੱਖ ਦੇ ਕਰੀਬ ਬਣਦੀ ਹੈ , ਜਦਕਿ ਦੂਸਰੇ ਪਾਸੇ ਮਾਨ ਦਲ ਨੂੰ ਇਨ੍ਹਾਂ 9 ਹਲਕਿਆਂ ਵਿਚੋਂ 82,578 ਵੋਟਾਂ ਪਈਆਂ ਸਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਿਰਫ਼ ਹਲਕਾ ਮਹਿਲ ਕਲਾਂ ਤੋਂ ਹੀ ਆਪਣੀ ਜ਼ਮਾਨਤ ਬਚਾ ਸਕਿਆ ਸੀ, ਜਿੱਥੇ ਮਾਨ ਦਲ ਦੇ ਉਮੀਦਵਾਰ ਗੁਰਜੰਟ ਸਿੰਘ ਨੂੰ 23,367 ਵੋਟਾਂ ਮਿਲੀਆਂ ਸਨ ਪਰ ਤਿੰਨ ਮਹੀਨਿਆਂ ਦੇ ਵਕਫ਼ੇ ਵਿਚ ਸਿਮਰਨਜੀਤ ਸਿੰਘ ਮਾਨ ਦਾ ਗ੍ਰਾਫ ਤਾਂ ਢਾਈ ਲੱਖ ਤੋਂ ਵੱਧ ਵੋਟਾਂ ’ਤੇ ਪਹੁੰਚ ਗਿਆ ਹੈ। ਆਮ ਆਦਮੀ ਪਾਰਟੀ ਸਾਢੇ ਛੇ ਲੱਖ ਤੋਂ ਸੁੰਗੜਦੀ ਹੋਈ ਢਾਈ ਲੱਖ ਤੋਂ ਵੀ ਥੱਲੇ ਰਹਿ ਗਈ ਹੈ।

 ਭਾਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੇ ਤਿੰਨ ਮਹੀਨਿਆਂ ਵਿਚ ਆਪਣੇ ਵੱਲੋਂ ਕਈ ਵਧੀਆ ਕੰਮ ਕਰਨ ਦਾ ਰਾਗ ਅਲਾਪ ਰਹੀ ਹੈ ਅਤੇ ਕਈ ਸਕੀਮਾਂ ਨੂੰ ਲਾਗੂ ਕਰਨ ਦੇ ਐਲਾਨ ਵੀ ਕਰ ਰਹੀ ਪਰ ਲੋਕਾਂ ਦੇ ਵਿਸ਼ਵਾਸ ਨੂੰ ਜਿੱਤਣ ਵਿਚ ‘ਆਪ’ ਆਗੂ ਅਸਫਲ ਰਹੇ ਹਨ। ਰਾਜ ਸਭਾ ਵਿਚ ਗ਼ੈਰ-ਪੰਜਾਬੀਆਂ ਨੂੰ ਭੇਜਣ ਕਾਰਨ ਪੰਜਾਬ ਦੇ ਲੋਕਾਂ ਵਿਚ ਡਾਅਢਾ ਗਿਲਾ ਹੈ, ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਲੋਕਾਂ ਦੇ ਫੋਨ ਨਾ ਚੁੱਕਣਾ, ਵਰਕਰਾਂ ਨੂੰ ਇੱਜ਼ਤ ਨਾ ਦੇਣਾ, ਮਹਿੰਗਾਈ ਨੂੰ ਠੱਲ੍ਹ ਨਾ ਪੈਣਾ, ਰਿਸ਼ਵਤਖੋਰੀ ਦਾ ਪਹਿਲਾਂ ਨਾਲੋਂ ਵਧ ਜਾਣਾ, ਲੋਕਾਂ ਦੇ ਦਫਤਰਾਂ ਵਿਚ ਕੰਮਕਾਜ ਨਾ ਹੋਣੇ, ਲਾਅ ਐਂਡ ਆਰਡਰ ਦੀ ਸਮੱਸਿਆ, ਗੁਰੂ ਸਾਹਿਬ ਦੀਆਂ ਬੇਅਦਬੀਆਂ ਦੇ ਇਨਸਾਫ਼ ਨੂੰ ਅਣਗੌਲਿਆਂ ਕਰਨਾ, ਅਫ਼ਸਰਸ਼ਾਹੀ ਦਾ ਸਰਕਾਰ ’ਤੇ ਭਾਰੂ ਪੈਣਾ ਆਦਿ ਕਈ ਹੋਰ ਵੱਡੇ ਕਾਰਨ ਹਨ। ਦੂਸਰੇ ਪਾਸੇ ਪੰਜਾਬ ਦੇ ਲੋਕ ਕਿਸੇ ਵੀ ਹਾਲਤ ਵਿਚ ਅਕਾਲੀ ਦਲ (ਬਾਦਲ) ਅਤੇ ਕਾਂਗਰਸ ਨੂੰ ਮੂੰਹ ਨਹੀਂ ਲਾਉਣਾ ਚਾਹੁੰਦੇ। ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾਂ ਲਈ ਇਕ ਆਸ ਦੀ ਕਿਰਨ ਹੈ। ਲੋਕਾਂ ਦੀ ਨਾਰਾਜ਼ਗੀ ਅਤੇ ਗੁੱਸਾ ਜਗ ਜ਼ਾਹਿਰ ਹੈ ਜਿਸ ਨੂੰ ਇਹ ਸਮਝ ਨਹੀਂ ਸਕੀ, ਆਪਣੇ ਗੁੱਸੇ ਦਾ ਟ੍ਰੇਲਰ ਉਨ੍ਹਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਦਿਖਾ ਦਿੱਤਾ ਹੈ ਜੇਕਰ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਵੀ ਨਾ ਸੰਭਲੀ, ਪੰਜਾਬ ਦੇ ਮੁੱਦਿਆਂ ਨੂੰ ਗੰਭੀਰਤਾ ਨਾਲ ਨਾ ਲਿਆ, ਪੰਜਾਬ ਦੇ ਲੋਕਾਂ ਦੀਆਂ ਆਸਾਂ ਮੁਤਾਬਿਕ ਨਾ ਤੁਰੀ, ਫਿਰ ਪੰਜਾਬ ਦੇ ਲੋਕਾਂ ਨੂੰ ਆਪਣੇ ਰਾਹ ਬਣਾਉਣੇ ਆਉਂਦੇ ਹਨ। ਅਜੇ ਵੀ ਆਮ ਆਦਮੀ ਪਾਰਟੀ ਦੇ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਪਰ ਇਕ ਕਰੜੇ ਇਮਤਿਹਾਨ ਦੀ ਘੜੀ ਵਿਚੋਂ ਗੁਜ਼ਰਨਾ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਤੇ ਉਸ ਦੀ ਸਰਕਾਰ ਨੂੰ। ਪ੍ਰਮਾਤਮਾ ਭਲੀ ਕਰੇ, ਪੰਜਾਬ ਦੀ ਸਿਆਸਤ ਦਾ ਰੱਬ ਰਾਖਾ!
ਜਗਰੂਪ ਸਿੰਘ ਜਰਖੜ


Anuradha

Content Editor

Related News