ਗਲੋਬਲ ਵਾਰਮਿੰਗ ਦੇ ਕਹਿਰ ਤੋਂ ਠੰਡੇ ਦੇਸ਼ ਵੀ ਨਹੀਂ ਬਚ ਸਕੇ

Friday, Aug 10, 2018 - 04:10 AM (IST)

ਗਲੋਬਲ ਵਾਰਮਿੰਗ ਦੇ ਕਹਿਰ ਤੋਂ ਠੰਡੇ ਦੇਸ਼ ਵੀ ਨਹੀਂ ਬਚ ਸਕੇ

ਜਿਸ ਗਲੋਬਲ ਵਾਰਮਿੰਗ ਅਤੇ ਪੌਣ-ਪਾਣੀ ਵਿਚ ਤਬਦੀਲੀ ਦੀ ਗੱਲ ਵਰ੍ਹਿਆਂ ਤੋਂ ਲਗਾਤਾਰ ਕੀਤੀ ਜਾ ਰਹੀ ਸੀ, ਉਸ ਦਾ ਅਸਰ ਹੁਣ ਸਾਫ ਦਿਖਾਈ ਦੇ ਰਿਹਾ ਹੈ। ਭਾਰਤ ਵਿਚ ਮੈਦਾਨੀ ਇਲਾਕਿਆਂ ਦੇ ਲੋਕ ਗਰਮੀ ਤੋਂ ਬਚਣ ਲਈ ਸ਼ਿਮਲਾ, ਮਸੂਰੀ, ਨੈਨੀਤਾਲ ਜਾਂਦੇ ਸਨ ਪਰ ਹੁਣ ਇਨ੍ਹਾਂ ਥਾਵਾਂ 'ਤੇ ਵੀ ਗਰਮੀ ਦੇ ਦਿਨਾਂ ਵਿਚ ਕੋਈ ਖਾਸ ਰਾਹਤ ਨਹੀਂ ਮਿਲਦੀ। 
ਕਈ ਵਾਰ ਤਾਂ ਜਿਸ ਗਰਮੀ ਤੋਂ ਬਚਣ ਲਈ ਲੋਕ ਮੈਦਾਨਾਂ 'ਚੋਂ ਦੌੜਦੇ ਸਨ, ਉਹ ਜਿਵੇਂ ਪਿੱਛਾ ਕਰਦੀ ਹੁਣ ਇਨ੍ਹਾਂ ਪਹਾੜੀ ਇਲਾਕਿਆਂ ਵਿਚ ਵੀ ਪਹੁੰਚ ਜਾਂਦੀ ਹੈ। ਨੈਨੀਤਾਲ ਬਾਰੇ ਤਾਂ ਖਬਰ ਹੈ ਕਿ ਉਥੋਂ ਦੀ ਮਸ਼ਹੂਰ ਨੈਨੀ ਝੀਲ ਸੁੱਕਣ ਕੰਢੇ ਪਹੁੰਚ ਗਈ ਹੈ। ਜ਼ਿਆਦਾ ਆਵਾਜਾਈ ਕਾਰਨ ਵੀ ਮੌਸਮ ਬਦਲਦਾ ਹੈ, ਗਰਮੀ ਵਧਦੀ ਹੈ, ਜਿਵੇਂ ਜ਼ਿਆਦਾ ਸੈਲਾਨੀਆਂ/ਸ਼ਰਧਾਲੂਆਂ ਕਾਰਨ ਪੈਦਾ ਹੋਈ ਗਰਮੀ ਨਾਲ ਅਮਰਨਾਥ ਗੁਫਾ ਵਿਚ ਸ਼ਿਵਲਿੰਗ ਸਮੇਂ ਤੋਂ ਪਹਿਲਾਂ ਹੀ ਪਿਘਲ ਜਾਂਦਾ ਹੈ ਤੇ ਦੂਰੋਂ-ਦੂਰੋਂ ਆਏ ਸ਼ਰਧਾਲੂ ਦਰਸ਼ਨ ਕਰਨ ਤੋਂ ਰਹਿ ਜਾਂਦੇ ਹਨ।
ਭਾਰਤ ਤਾਂ ਇਕ ਗਰਮ ਦੇਸ਼ ਹੈ ਪਰ ਗਲੋਬਲ ਵਾਰਮਿੰਗ ਦੇ ਕਹਿਰ ਤੋਂ ਉਹ ਦੇਸ਼ ਵੀ ਨਹੀਂ ਬਚ ਸਕੇ, ਜਿਨ੍ਹਾਂ ਨੂੰ ਠੰਡੇ ਦੇਸ਼ ਕਿਹਾ ਜਾਂਦਾ ਹੈ। ਜਿਹੜੇ ਠੰਡੇ ਦੇਸ਼ਾਂ ਵਿਚ ਦੁਨੀਆ ਭਰ ਦੇ ਅਮੀਰ ਲੋਕ ਗਰਮੀਆਂ ਦੀਆਂ ਛੁੱਟੀਆਂ ਬਿਤਾਉਣ ਜਾਂਦੇ ਹਨ, ਉਥੇ ਵੀ ਗਲੋਬਲ ਵਾਰਮਿੰਗ ਨੇ ਮੌਸਮ ਨੂੰ ਇੰਨਾ ਬਦਲ ਦਿੱਤਾ ਹੈ ਕਿ ਇਹ ਦੇਸ਼ ਅੱਜ ਗਰਮੀ ਦੀ ਭਿਆਨਕ ਮਾਰ ਝੱਲ ਰਹੇ ਹਨ। ਮਨੁੱਖ ਤਾਂ ਮਨੁੱਖ, ਗਰਮੀ ਕਾਰਨ ਪਾਣੀ ਅੰਦਰ ਰਹਿਣ ਵਾਲੇ ਜੀਵਾਂ ਦੀ ਹਾਲਤ ਵੀ ਬਹੁਤ ਖਰਾਬ ਹੋ ਗਈ ਹੈ। ਜਰਮਨੀ, ਇੰਗਲੈਂਡ, ਸਵਿਟਜ਼ਰਲੈਂਡ, ਫਰਾਂਸ—ਸਭ ਜਗ੍ਹਾ ਵੱਡੀ ਗਿਣਤੀ ਵਿਚ ਮੱਛੀਆਂ ਤਕ ਮਰ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਵਧੀ ਹੋਈ ਗਰਮੀ ਕਾਰਨ ਪਾਣੀ ਵਿਚ ਆਕਸੀਜਨ ਦੀ ਘਾਟ ਪੈਦਾ ਹੋ ਗਈ ਹੈ, ਜਿਸ ਕਾਰਨ ਪਾਣੀ ਵਿਚ ਰਹਿਣ ਵਾਲੇ ਜੀਵ ਮਰ ਰਹੇ ਹਨ। ਝੀਲਾਂ ਵੀ ਸੁੰਗੜ ਗਈਆਂ ਹਨ।
ਯੂਰਪ ਦੇ ਬਹੁਤ ਸਾਰੇ ਦੇਸ਼ਾਂ ਵਿਚ ਪਾਲਤੂ ਕੁੱਤਿਆਂ ਤਕ ਨੂੰ ਬੂਟ ਪਹਿਨਾ ਕੇ ਬਾਹਰ ਲਿਜਾਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਵਿਟਜ਼ਰਲੈਂਡ ਵਿਚ ਗਰਮੀ ਕਾਰਨ ਵੱਡੀ ਗਿਣਤੀ ਵਿਚ ਗਊਆਂ ਮਰ ਚੁੱਕੀਆਂ ਹਨ। ਉਥੋਂ ਦੇ ਪਹਾੜੀ ਇਲਾਕਿਆਂ ਤਕ ਵਿਚ ਇੰਨੀ ਗਰਮੀ ਹੈ ਕਿ ਉਥੇ ਪਾਣੀ ਭੇਜਣ ਲਈ ਹੈਲੀਕਾਪਟਰਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਸਰਕਾਰ ਵਲੋਂ ਲੋਕਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਸਲਾਹਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਜਿਵੇਂ ਤੇਜ਼ ਗਰਮੀ ਵਿਚ ਲੂ ਦਾ ਸਾਹਮਣਾ ਕਿਵੇਂ ਕਰੀਏ, ਗਰਮੀ ਨਾਲ ਕਿਵੇਂ ਨਜਿੱਠੀਏ ਵਗੈਰਾ।
ਕਿਹਾ ਤਾਂ ਇਹ ਵੀ ਜਾ ਰਿਹਾ ਹੈ ਕਿ ਇਸ ਵਾਰ ਗਰਮੀ ਤੇ ਲੂ ਦਾ ਰਿਕਾਰਡ ਟੁੱਟਣ ਵਾਲਾ ਹੈ। ਯੂਨਾਨ ਵਿਚ ਤਾਪਮਾਨ 48 ਡਿਗਰੀ ਤਾਂ ਪੁਰਤਗਾਲ ਅਤੇ ਸਪੇਨ ਦੇ ਇਕ ਹਿੱਸੇ ਵਿਚ 47 ਡਿਗਰੀ ਚੱਲ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਦੇ ਕੈਲੀਫੋਰਨੀਆ ਵਿਚ ਤਾਪਮਾਨ 49.5 ਡਿਗਰੀ ਤਕ ਜਾ ਪਹੁੰਚਿਆ ਹੈ, ਤਾਂ ਇੰਗਲੈਂਡ, ਕੈਨੇਡਾ, ਅਲਜੀਰੀਆ ਅਤੇ ਨਾਰਵੇ ਵਿਚ ਵੀ ਤੇਜ਼ ਗਰਮੀ ਪੈ ਰਹੀ ਹੈ।
ਓਮਾਨ ਵਿਚ ਤਾਂ ਰਾਤ ਦਾ ਤਾਪਮਾਨ ਹੀ 42 ਡਿਗਰੀ ਤਕ ਪਹੁੰਚਿਆ ਹੋਇਆ ਹੈ। ਈਰਾਨ ਵਿਚ ਗਰਮੀ ਕਾਰਨ ਬਿਜਲੀ ਦੀ ਮੰਗ ਇੰਨੀ ਜ਼ਿਆਦਾ ਹੈ ਕਿ ਲੋਕਾਂ ਨੂੰ ਲੰਮੇ ਸਮੇਂ ਦੇ ਪਾਵਰਕੱਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜਾਪਾਨ ਵਿਚ ਗਰਮੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਹਸਪਤਾਲਾਂ ਵਿਚ ਦਾਖਲ ਹੋਣਾ ਪਿਆ ਹੈ। ਇਕ ਤੋਂ ਬਾਅਦ ਇਕ ਆਉਂਦੀ ਲੂ ਦੀ ਲਹਿਰ ਨਾਲ ਜੰਗਲਾਂ ਨੂੰ ਅੱਗ ਲੱਗ ਰਹੀ ਹੈ। ਸਵੀਡਨ ਅਤੇ ਕੈਲੀਫੋਰਨੀਆ ਵਿਚ ਵੀ ਜੰਗਲਾਂ ਵਿਚ ਅੱਗ ਲੱਗ ਚੁੱਕੀ ਹੈ।
ਇਸੇ ਤਰ੍ਹਾਂ ਯੂਨਾਨ ਵਿਚ ਏਥਨਜ਼ ਨੇੜਲੇ ਜੰਗਲ ਵਿਚ ਲੱਗੀ ਅੱਗ ਨਾਲ 60 ਵਿਅਕਤੀ ਮਾਰੇ ਜਾ ਚੁੱਕੇ ਹਨ। ਆਸਟ੍ਰੇਲੀਆ ਵਿਚ ਵੀ ਗਰਮੀ ਕਾਰਨ ਲੋਕ ਬੇਹਾਲ ਹਨ, ਤਾਂ ਪੈਰਿਸ ਵਿਚ ਇੰਨੀ ਗਰਮੀ ਹੈ ਕਿ ਲੋਕ ਐਫਿਲ ਟਾਵਰ ਹੇਠਾਂ ਸੀਨ ਨਦੀ ਵਿਚ ਗੋਤੇ ਲਾ ਰਹੇ ਹਨ। 
ਆਮ ਤੌਰ 'ਤੇ ਠੰਡੇ ਦੇਸ਼ਾਂ ਵਿਚ ਅਜਿਹੇ ਮਕਾਨ ਬਣਾਏ ਜਾਂਦੇ ਹਨ, ਜੋ ਸੂਰਜ ਦੀ ਗਰਮੀ ਨੂੰ ਸੋਖ ਲੈਂਦੇ ਹਨ, ਜਿਸ ਨਾਲ ਰਾਤ ਸਮੇਂ ਵੀ ਮਕਾਨ ਗਰਮ ਰਹਿ ਸਕਣ ਪਰ ਮਕਾਨ ਬਣਾਉਣ ਵਾਲਿਆਂ ਨੂੰ ਕੀ ਪਤਾ ਸੀ ਕਿ ਇਕ ਦਿਨ ਅਜਿਹਾ ਵੀ ਆ ਸਕਦਾ ਹੈ ਕਿ ਗਰਮੀ ਸੋਖਦੇ ਇਹ ਮਕਾਨ ਲੋਕਾਂ ਨੂੰ ਰਾਹਤ ਦੇਣ ਦੀ ਬਜਾਏ ਹੋਰ ਜ਼ਿਆਦਾ ਪ੍ਰੇਸ਼ਾਨ ਕਰਨਗੇ। 
ਕਿਹਾ ਜਾ ਰਿਹਾ ਹੈ ਕਿ ਜੇ ਗਲੋਬਲ ਵਾਰਮਿੰਗ ਇਸੇ ਤਰ੍ਹਾਂ ਵਧਦੀ ਰਹੀ ਅਤੇ ਮੌਸਮ ਵੀ ਅਜਿਹਾ ਹੀ ਰਿਹਾ ਤਾਂ ਅੰਟਾਰਕਟਿਕਾ ਦੀ ਸਾਰੀ ਬਰਫ ਪਿਘਲ ਜਾਵੇਗੀ। ਭਾਰਤ ਵਿਚ ਜਿਥੋਂ ਗੰਗਾ ਨਿਕਲਦੀ ਹੈ, ਉਹ ਗਊਮੁਖ ਗਲੇਸ਼ੀਅਰ ਵੀ ਲਗਾਤਾਰ ਪਿਘਲ ਰਿਹਾ ਹੈ। ਗਰਮੀ ਦੀ ਇਹ ਮਾਰ ਕਿੱਥੇ ਜਾ ਕੇ ਰੁਕੇਗੀ? ਕੀ ਬਰਫ ਦੇ ਪਹਾੜ ਬੀਤੇ ਸਮੇਂ ਦੀ ਗੱਲ ਬਣ ਜਾਣਗੇ ਅਤੇ ਅਸੀਂ ਸਿਰਫ ਉਨ੍ਹਾਂ ਨੂੰ ਫੋਟੋਆਂ ਵਿਚ ਹੀ ਦੇਖਿਆ ਕਰਾਂਗੇ?   


Related News