ਭ੍ਰਿਸ਼ਟਾਚਾਰ ਕਾਰਨ ਚੀਨ ’ਚ ਹੋ ਰਹੇ ਅਗਨੀਕਾਂਡ
Tuesday, Nov 29, 2022 - 06:24 PM (IST)

ਚੀਨ ’ਚ ਇਨ੍ਹੀਂ ਦਿਨੀਂ ਕੁਝ ਵੀ ਸਹੀ ਨਹੀਂ ਚੱਲ ਰਿਹਾ ਹੈ, ਅਰਥਤੰਤਰ, ਸਿਆਸਤ, ਕਿਸਾਨਾਂ ’ਚ ਗੁੱਸਾ, ਵਪਾਰ ’ਚ ਘਾਟਾ, ਬਰਾਮਦ ’ਚ ਕਮੀ, ਵਧਦੀ ਮਹਿੰਗਾਈ, ਉੱਚੀ ਬੇਰੋਜ਼ਗਾਰੀ ਦਰ, ਵਿਨਿਰਮਾਣ ਠੱਪ, ਪ੍ਰਾਪਰਟੀ ਬਾਜ਼ਾਰ ਦਾ ਧੜੱਮ ਕਰ ਕੇ ਡਿੱਗ ਜਾਣਾ ਵਰਗੇ ਕਈ ਕੰਮ ਹਨ ਜੋ ਚੀਨ ’ਚ ਚੱਲ ਰਹੇ ਹਨ, ਇਨ੍ਹਾਂ ਹੀ ਅਸਫਲਤਾਵਾਂ ’ਚ ਇਕ ਹੋਰ ਨਾਂ ਜੁੜ ਗਿਆ ਹੈ ਉਹ ਹੈ ਥਾਂ-ਥਾਂ ਤਕਨੀਕੀ ਸਮੱਸਿਆ ਦਾ ਪੈਦਾ ਹੋਣਾ ਅਤੇ ਅੱਗ ਲੱਗਣੀ। ਹਾਲ ਹੀ ’ਚ 12 ਨਵੰਬਰ ਨੂੰ ਚਯਾਂਗਸੀ ਸੂਬੇ ਦੇ ਨਾਨਚਾਂਗ ਪੱਛਮੀ ਰੇਲਵੇ ਸਟੇਸ਼ਨ ’ਚ ਸ਼ਾਰਟ ਸਰਕਟ ਨਾਲ ਅੱਗ ਲੱਗ ਗਈ ਸੀ। ਰੇਲਵੇ ਸਟੇਸ਼ਨ ’ਚ ਇਕ ਟ੍ਰਾਂਸਫਾਰਮਰ ’ਚ ਲੱਗੀ ਇਸ ਅੱਗ ਦੇ ਕਾਰਨ ਨਾਨਚਾਂਗ ਰੇਲਵੇ ਸਟੇਸ਼ਨ ਤੋਂ ਗੱਡੀਆਂ ਦੀ ਆਵਾਜਾਈ ਨੂੰ 5 ਘੰਟਿਆਂ ਤੱਕ ਰੋਕਣਾ ਪਿਆ। ਇਥੋਂ ਬੁਲੇਟ ਟ੍ਰੇਨ ਅੱਗੇ ਲਈ ਜਾਂਦੀਆਂ ਹਨ। ਇਹ ਅੱਗ ਇੰਨੀ ਭਿਆਨਕ ਸੀ ਕਿ ਰੇਲਵੇ ਪਲੇਟਫਾਰਮ ਤੱਕ ਇਸ ਦੀਆਂ ਲਪਟਾਂ ਦੇਖੀਆਂ ਜਾ ਸਕਦੀਆਂ ਸਨ।
ਕੁਝ ਘੰਟਿਆਂ ਤੱਕ ਲੱਗੀ ਇਸ ਅੱਗ ਨੇ ਨਾਨਚਾਂਗ ਰੇਲਵੇ ਸਟੇਸ਼ਨ ਦੇ ਬਿਜਲੀ ਦੇ ਨੈੱਟਵਰਕ ਨੂੰ ਬਹੁਤ ਨੁਕਸਾਨ ਪਹੁੰਚਾਇਆ ਸੀ ਅਤੇ ਪੂਰੇ ਇਲਾਕੇ ’ਚ ਬਲੈਕਆਊਟ ਹੋ ਗਿਆ ਸੀ। ਦਰਅਸਲ ਇਸ ਦਾ ਕੰਮ ਚਾਈਨਾ ਰੇਲਵੇ ਨਾਨਚਾਂਗ ਬਿਓਰੋ ਗਰੁੱਪ ਦੀ ਦੇਖ-ਰੇਖ ’ਚ ਚਲਦਾ ਹੈ। ਇਸ ਘਟਨਾ ਦੇ ਇਕ ਦਿਨ ਪਹਿਲਾਂ ਭਾਵ 11 ਨਵੰਬਰ ਨੂੰ ਸ਼ਾਂਗਹਾਈ ਦੇ ਲਾਈਨ 11 ਦੀ ਮੈਟ੍ਰੋ ਟਰੇਨ ਦੇ ਦੋ ਡੱਬਿਆਂ ’ਚ ਸਵੇਰੇ 7.30 ਵਜੇ ਅਚਾਨਕ ਤੇਜ਼ ਧਮਾਕੇ ਨਾਲ ਸ਼ਾਰਟ ਸਰਕਟ ਦੇ ਕਾਰਨ ਅੱਗ ਲੱਗ ਗਈ, ਇਸ ਨਾਲ ਪੂਰੀ ਮੈਟ੍ਰੋ ਟਰੇਨ ਲਾਈਨ ’ਤੇ ਹੀ ਰੁੱਕ ਗਈ। ਉਸ ’ਚ ਸਵਾਰ ਲੋਕਾਂ ਨੂੰ ਟਰੇਨ ’ਚ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਬਾਹਰ ਕੱਢਿਆ।
ਇਸ ਘਟਨਾ ਦੇ ਬਾਅਦ ਟਰੇਨ ਪੂਰੀ ਤਰ੍ਹਾਂ ਧੂੰਏਂ ਨਾਲ ਭਰ ਗਈ ਸੀ, ਬਾਅਦ ’ਚ ਪੁਲਸ ਬਲ ਉਥੇ ਪੁੱਜਾ, ਸ਼ਾਂਗਹਾਈ ਰੇਲਵੇ ਨੇ ਦੱਸਿਆ ਕਿ ਇਹ ਘਟਨਾ ਬਿਜਲੀ ਸਪਲਾਈ ਦੇ ਰੁਕਣ ਦੇ ਕਾਰਨ ਹੋਈ ਸੀ, ਜਿਸ ਦੇ ਬਾਅਦ ਇਸੇ ਲਾਈਨ ’ਤੇ ਦੋ ਹੋਰ ਟਰੇਨਾਂ ਨੂੰ ਰੋਕਣਾ ਪਿਆ ਅਤੇ ਕੁਝ ਘੰਟਿਆਂ ਤੱਕ ਰੇਲ ਟ੍ਰੈਫਿਕ ਰੁਕੀ ਰਹੀ। ਇਹ ਦੋਵੇਂ ਹੀ ਘਟਨਾਵਾਂ ਲਗਾਤਾਰ ਇਕ ਦੇ ਬਾਅਦ ਦੂਜੇ ਦਿਨ ਵੀ ਹੋਈਆਂ, ਜਿਸ ਨਾਲ ਚੀਨੀ ਲੋਕਾਂ ਦਰਮਿਆਨ ਸੋਸ਼ਲ ਮੀਡੀਆ ’ਚ ਬਹਿਸ ਜਾਰੀ ਰਹੀ, ਇਨ੍ਹਾਂ ਬਹਿਸਾਂ ’ਚ ਰਹਿਣ ਵਾਲੇ ਚੀਨੀ ਵੀ ਸ਼ਾਮਲ ਹਨ। ਹਾਲਾਂਕਿ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਅਜੇ ਤੱਕ ਨਹੀਂ ਲੱਗ ਸਕਿਆ।
ਹਾਲ ਦੇ ਦਿਨਾਂ ’ਚ ਚੀਨ ਦੇ ਵੱਖ-ਵੱਖ ਸ਼ਹਿਰਾਂ ’ਚ ਅੱਗ ਲੱਗਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ, ਜਿਸ ’ਚ 16 ਸਤੰਬਰ ਨੂੰ ਹੁਨਾਨ ਸੂਬੇ ਦੇ ਛਾਂਗਸ਼ਾ ਸ਼ਹਿਰ ’ਚ ਅੱਗ ਲੱਗਣ ਦੀ ਘਟਨਾ, 11 ਮਾਰਚ ਨੂੰ ਸ਼ਾਨਤੁੰਗ ਸੂਬੇ ਦੇ ਬਿਨਝੋਉ ਮੈਡੀਕਲ ਕਾਲਜ ਦੀ ਇਮਾਰਤ ’ਚ ਲੱਗੀ ਅੱਗ, 11 ਮਾਰਚ ਨੂੰ ਹੀ ਚਚਯਾਂਗ ਸੂਬੇ ਦੇ ਵਨਚੋ ’ਚ ਅੱਗ, 08 ਮਾਰਚ ਨੂੰ ਚਚਯਾਂਗ ਸੂਬੇ ਦੇ ਹੀ ਰੂਈਆਨ ਸ਼ਹਿਰ ਦੇ ਤਿਆਨਤਜ਼ ਤਯਾਓਉ ਐਨਰਜੀ ਪਲਾਂਟ ’ਚ ਲੱਗੀ ਅੱਗ, ’ਚ ਬਹੁਤ ਘੱਟ ਘਟਨਾਵਾਂ ਦਾ ਜ਼ਿਕਰ ਚੀਨੀ ਮੁੱਖ ਮੀਡੀਆ ’ਚ ਹੋਇਆ ਸੀ ਅਤੇ ਇਸ ਦੇ ਬਾਵਜੂਦ ਇਨ੍ਹਾਂ ਅਗਨੀਕਾਡਾਂ ਦਾ ਸਰਕਾਰੀ ਬਿਆਨ ਸਮੇਂ-ਸਮੇਂ ’ਤੇ ਬਦਲਦਾ ਰਿਹਾ।
ਸਾਲ 2011 ’ਚ 23 ਜੁਲਾਈ ਨੂੰ ਚਚਯਾਂਗ ਸੂਬੇ ਦੇ ਵਨਚੋ ਸ਼ਹਿਰ ’ਚ ਹੋਏ ਬੁਲੇਟ ਟਰੇਨ ਹਾਦਸੇ ’ਚ 200 ਤੋਂ ਵੱਧ ਵਿਅਕਤੀ ਮਾਰੇ ਗਏ ਸਨ ਜਦਕਿ ਸਰਕਾਰੀ ਬਿਆਨ ’ਚ ਸਿਰਫ 100 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਗਈ ਸੀ। ਇਸ ਹਾਦਸੇ ’ਚ ਵੀ ਬਿਜਲੀ ਨਾਲ ਜੁੜੀ ਸਮੱਸਿਆ ਆਈ ਸੀ, ਜਿਸ ਦੇ ਬਾਅਦ ਬੁਲੇਟ ਟਰੇਨ ਟ੍ਰੈਕ ’ਤੇ ਹੀ ਰੁਕੀ ਰਹੀ ਅਤੇ ਪਿਛੋਂ ਆ ਰਹੀ ਦੂਜੀ ਟਰੇਨ ਨੂੰ ਟੱਕਰ ਮਾਰ ਦਿੱਤੀ। ਚੀਨ ਸਰਕਾਰ ਇਸ ਹਾਦਸੇ ਨੂੰ ਆਪਣੇ ਲੋਕਾਂ ਤੋਂ ਛੁਪਾਉਣ ਦੀ ਅਸਫਲ ਕੋਸ਼ਿਸ਼ ਕਰਦੀ ਰਹੀ ਜਦਕਿ ਪੂਰੀ ਦੁਨੀਆ ’ਚ ਇਹ ਖਬਰ ਫੈਲ ਚੁੱਕੀ ਸੀ। ਚੀਨ ਸਰਕਾਰ ਨੇ ਹਾਦਸੇ ਵਾਲੀ ਥਾਂ ’ਤੇ ਹੀ ਬੁਲੇਟ ਟਰੇਨ ਨੂੰ ਤੋੜ ਕੇ ਮਿੱਟੀ ’ਚ ਦਬਾ ਦਿੱਤਾ ਜਿਸ ਨਾਲ ਇਸ ਘਟਨਾ ਦੇ ਸਬੂਤ ਹੀ ਮਿੱਟ ਜਾਣ।
ਉਂਝ ਚੀਨ ’ਚ ਹਰ ਖੇਤਰ ’ਚ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ ਜਿਸ ਦੇ ਕਾਰਨ ਘਟੀਆ ਪੱਧਰ ਦਾ ਸਾਮਾਨ ਵਰਤਿਆ ਜਾਂਦਾ ਹੈ ਅਤੇ ਅਜਿਹੇ ਹਾਦਸੇ ਹੁੰਦੇ ਰਹਿੰਦੇ ਹਨ। ਇਸ ’ਚ ਜਾਂਚ ਹੋਣ ’ਤੇ ਛੋਟੇ ਅਧਿਕਾਰੀਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਪਰ ਵੱਡੀਆਂ ਮੱਛੀਆਂ ਆਪਣੀ ਉੱਚੀ ਪਹੁੰਚ ਦੇ ਕਾਰਨ ਬਚ ਜਾਂਦੀਆਂ ਹਨ ਅਤੇ ਭ੍ਰਿਸ਼ਟਾਚਾਰ ਦਾ ਸਿਲਸਿਲਾ ਇੰਝ ਹੀ ਚਲਦਾ ਰਹਿੰਦਾ ਹੈ।