ਸ਼ੱਕ-ਰਹਿਤ ਅਤੇ ਸਥਿਰ ਬੁੱਧੀ ਵਾਲੀ ਸ਼ਖਸੀਅਤ ਸਨ ਅਰੁਣ ਜੇਤਲੀ

08/25/2019 4:09:22 AM

ਅਰੁਣ ਜੇਤਲੀ ਇਕ ਸਥਿਰ ਬੁੱਧੀ ਵਾਲੇ ਅਤੇ ਸ਼ੱਕ-ਰਹਿਤ ਪੁਰਸ਼ ਸਨ। ਪੱਤਰਕਾਰ ਵਜੋਂ ਅਤੇ ਖਾਸ ਕਰਕੇ ਦਹਾਕਿਆਂ ਤਕ ਭਾਜਪਾ ਦੇ ਸਮਾਗਮ ਕਵਰ ਕਰਨ ਵਾਲੇ ਰਿਪੋਰਟਰ ਵਜੋਂ ਮੇਰਾ ਇਹ ਕਹਿਣਾ ਅਤਿਕਥਨੀ ਨਹੀਂ ਹੋਵੇਗੀ ਕਿ ਮੈਂ ਪੱਤਰਕਾਰੀ ਦੇ ਕੁਝ ਅਣਛੂਹੇ ਪਹਿਲੂ ਉਨ੍ਹਾਂ ਤੋਂ ਸਿੱਖੇ। ਇਹ ਵੀ ਕਹਿਣਾ ਗਲਤ ਨਹੀਂ ਹੋਵੇਗਾ ਕਿ ਅੰਗਰੇਜ਼ੀ ਭਾਸ਼ਾ ਦੇ ਮੇਰੇ ਵਰਗੇ ਲੱਗਭਗ ਇਕ ਦਰਜਨ ਪੱਤਰਕਾਰ ਵੀ ਇਸ ਗੱਲ ਦੀ ਤਸਦੀਕ ਕਰਨਗੇ।
ਜੇਤਲੀ ਦੀ ਅਦਭੁੱਤ ਤਰਕ ਸ਼ਕਤੀ, ਯੂਰਪੀਅਨ ਅਤੇ ਅਮਰੀਕੀ ਸੰਸਦ ਦਾ ਡੂੰਘਾ ਅਧਿਐਨ, ਉਸ ਦੌਰ 'ਚ ਦੁਨੀਆ ਦੇ ਰਾਜਪੁਰਸ਼ਾਂ ਦੇ ਸਦਨ 'ਚ ਕਿੱਸਿਆਂ ਅਤੇ ਬਿਆਨਾਂ ਨਾਲ ਵਰਤਮਾਨ ਦੀਆਂ ਘਟਨਾਵਾਂ 'ਚ ਸਾਫ਼ਗੋਈ ਪੈਦਾ ਕਰਨਾ ਸਾਡੇ ਪੱਤਰਕਾਰਾਂ ਲਈ ਖ਼ਬਰ ਦੀ ਇੰਟਰੋ ਲਿਖਣ ਦਾ ਇਕ 'ਪਾਵਰਫੁਲ ਟੂਲ' ਬਣ ਜਾਂਦਾ ਸੀ। ਇਹੋ ਵਜ੍ਹਾ ਸੀ ਕਿ ਅੱਜ ਦੇਸ਼ ਦੇ ਵੱਡੇ ਅਖ਼ਬਾਰਾਂ ਵਿਚ ਬੈਠੇ ਚੋਟੀ ਦੇ ਸਾਰੇ ਪੱਤਰਕਾਰ ਸ਼ਾਇਦ ਗੈਰ-ਰਸਮੀ ਤੌਰ 'ਤੇ ਅਰੁਣ ਜੇਤਲੀ ਨੂੰ ਆਪਣਾ ਗੁਰੂ ਹੀ ਨਹੀਂ ਮੰਨਦੇ, ਸਗੋਂ ਆਪਣੇ ਮੌਜੂਦਾ ਮੁਕਾਮ ਲਈ ਉਨ੍ਹਾਂ ਦੇ ਰਿਣੀ ਵੀ ਹੋਣਗੇ।
ਉਹ ਪਾਰਟੀ 'ਚ ਮੀਡੀਆ ਇੰਚਾਰਜ ਰਹੇ ਹੋਣ ਜਾਂ ਕਿਸੇ ਵੀ ਮੰਤਰਾਲੇ 'ਚ ਮੰਤਰੀ, ਸ਼ਾਮ 4 ਵਜੇ ਦੀ ਡੀਬ੍ਰੀਫਿੰਗ ਪੱਤਰਕਾਰ ਉਥੋਂ ਹੀ ਲੈਂਦੇ ਸਨ। ਕਈ ਵਾਰ ਆਪਣੀ ਹੀ ਪਾਰਟੀ ਦੀਆਂ ਉਹ ਖ਼ਬਰਾਂ, ਜੋ ਅਗਲੇ ਦਿਨ ਲੀਡ ਸਟੋਰੀ ਬਣਦੀਆਂ ਸਨ, ਜੇਤਲੀ ਜੀ ਦੀ ਡੀਬ੍ਰੀਫਿੰਗ ਤੋਂ ਮਿਲਦੀਆਂ ਸਨ, ਬਸ ਸ਼ਰਤ ਇਕੋ ਹੁੰਦੀ ਸੀ ਕਿ ਸਟੋਰੀ ਵਿਚ ਉਨ੍ਹਾਂ ਦਾ ਨਾਂ ਨਾ ਆਵੇ, ਸਗੋਂ ਲੋੜ ਹੋਵੇ ਤਾਂ ਸ੍ਰੋਤਾਂ ਦਾ ਨਾਂ ਲਿਆ ਜਾਵੇ।
ਜ਼ਾਹਿਰ ਹੈ ਕਿ ਅਸੀਂ ਰੈਗੂਲਰ ਰਿਪੋਰਟਰ ਉਨ੍ਹਾਂ ਦੀ ਇਸ ਸ਼ਰਤ ਨੂੰ ਸੰਵਿਧਾਨ ਮੰਨ ਕੇ ਕਦੇ ਵੀ ਇਸ ਦੀ ਉਲੰਘਣਾ ਨਹੀਂ ਕਰਦੇ ਸੀ। ਪ੍ਰੋਫੈਸ਼ਨਲ ਲਾਭ ਹਟਾ ਵੀ ਦਿੱਤਾ ਜਾਵੇ ਤਾਂ ਅਰੁਣ ਜੇਤਲੀ ਦੇਸ਼-ਦੁਨੀਆ ਦੇ ਗੁੰਝਲਦਾਰ ਤੋਂ ਗੁੰਝਲਦਾਰ ਸਿਆਸੀ, ਆਰਥਿਕ ਅਤੇ ਕਾਨੂੰਨੀ ਮੁੱਦਿਆਂ 'ਤੇ ਜਿੰਨੀ ਆਸਾਨੀ ਨਾਲ ਮੀਡੀਆ ਵਾਲਿਆਂ ਨੂੰ ਸਮਝਾਉਂਦੇ ਸਨ, ਉਹ ਸਲਾਹੀਅਤ ਸ਼ਾਇਦ ਗੀਤਾ ਦੇ ਸ਼ੱਕ-ਰਹਿਤ, ਸਥਿਰ ਬੁੱਧੀ ਵਾਲੇ ਗਿਆਨੀ ਦੀ ਅਵਸਥਾ ਹਾਸਿਲ ਹੋਣ ਤੋਂ ਬਾਅਦ ਹੀ ਮਿਲਦੀ ਹੋਵੇਗੀ।
ਇਕ ਵਾਰ ਦਾ ਕਿੱਸਾ ਹੈ ਕਿ ਮੈਂ ਉਨ੍ਹਾਂ ਤੋਂ ਕੁਝ ਸਿਆਸੀ ਹਾਲਾਤ ਬਾਰੇ ਪੁੱਛਣ ਲਈ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ''ਗੱਡੀ 'ਚ ਗੱਲ ਕਰਦੇ ਚੱਲਦੇ ਹਾਂ ਅਤੇ ਤੁਹਾਨੂੰ ਦਿੱਲੀ ਕ੍ਰਿਕਟ ਐਸੋਸੀਏਸ਼ਨ ਵਲੋਂ ਆਯੋਜਿਤ ਕ੍ਰਿਕਟ ਦੇ ਵਰਲਡ ਜੂਨੀਅਰ ਮੈਚ ਦਾ ਕੁਆਰਟਰ ਫਾਈਨਲ ਵੀ ਦਿਖਾਉਂਦੇ ਹਾਂ, ਜੋ ਫਿਰੋਜ਼ਸ਼ਾਹ ਕੋਟਲਾ ਮੈਦਾਨ 'ਚ ਹੋਣਾ ਹੈ।''
ਮੇਰੀ ਕ੍ਰਿਕਟ ਵਿਚ ਕੋਈ ਦਿਲਚਸਪੀ ਨਹੀਂ ਸੀ ਪਰ ਲੱਗਾ ਕਿ ਜੇਤਲੀ ਜੀ ਦਾ ਇਹ ਨਵਾਂ ਅਵਤਾਰ ਵੀ ਦੇਖਿਆ ਜਾਵੇ (ਉਹ ਉਦੋਂ ਇਸ ਸੰਗਠਨ ਦੇ ਪ੍ਰਧਾਨ ਸਨ)। ਅਸੀਂ ਮੈਚ ਦੇਖਣ ਲੱਗ ਪਏ। ਮੇਰੀ ਵਿਸ਼ੇਸ਼ ਆਓ-ਭਗਤ ਹੋਈ। ਮੈਚ ਦੌਰਾਨ ਇਕ ਫੋਨ ਆਇਆ। ਅੰਗਰੇਜ਼ੀ ਵਿਚ ਇਕ ਮੁਹਾਵਰਾ ਹੈ ਕਿ 'ਕੀਪਸ ਦਿ ਰਿਸੀਵਰ ਜੈਂਟਲੀ ਬਟ ਫਰਮਲੀ' (ਉਹ ਫੋਨ ਹੌਲੀ ਜਿਹੇ ਪਰ ਦ੍ਰਿੜ੍ਹਤਾ ਨਾਲ ਰੱਖਦੇ ਹਨ)। ਇਸ ਮੁਹਾਵਰੇ ਨੂੰ ਸਹੀ ਸਿੱਧ ਕਰਦਿਆਂ ਉਨ੍ਹਾਂ ਨੇ ਫੋਨ ਕਰਨ ਵਾਲੇ ਨੂੰ ਪੂਰਾ ਸਨਮਾਨ ਦਿੱਤਾ ਪਰ ਨਾਲ ਹੀ ਕਿਹਾ ਕਿ ਇਹ ਸੰਭਵ ਨਹੀਂ ਹੈ, ਹੋਰ ਵੀ ਖਿਡਾਰੀ ਹਨ, ਜਿਨ੍ਹਾਂ ਦਾ ਟਰੈਕ ਰਿਕਾਰਡ ਉਸ ਨਾਲੋਂ ਬਿਹਤਰ ਹੈ। ਮੈਂ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦਾ।
ਇਸ ਤੋਂ ਬਾਅਦ ਉਨ੍ਹਾਂ ਨੇ ਚਿਹਰੇ 'ਤੇ ਨਾਰਾਜ਼ਗੀ ਦੀ ਭਾਵਨਾ ਨਾਲ ਫੋਨ ਕੱਟ ਦਿੱਤਾ। ਉਂਝ ਮੈਨੂੰ ਪੁੱਛਣਾ ਨਹੀਂ ਚਾਹੀਦਾ ਸੀ ਪਰ ਮੈਂ ਇਹ ਵੀ ਜਾਣਦਾ ਸੀ ਕਿ ਜੇ ਪੁੱਛਾਂਗਾ ਤਾਂ ਉਹ ਗਲਤ ਨਹੀਂ ਦੱਸਣਗੇ ਅਤੇ ਨਾ ਹੀ ਤੱਥ ਲੁਕਾਉਣਗੇ। ਮੈਂ ਪੁੱਛਿਆ ਕਿ ਫੋਨ 'ਤੇ ਕੌਣ ਸੀ ਤਾਂ ਉਨ੍ਹਾਂ ਨੇ ਕਿਹਾ, ''ਜ਼ਰਾ ਵੀ ਨੈਤਿਕਤਾ ਨਹੀਂ ਹੈ। ਵਿਰੋਧੀ ਪਾਰਟੀ ਦਾ ਇਕ ਵੱਡਾ ਨੇਤਾ ਸੀ (ਉਨ੍ਹਾਂ ਨੇ ਮੈਨੂੰ ਉਸ ਦਾ ਨਾਂ ਵੀ ਦੱਸਿਆ, ਜੋ ਮੈਂ ਇਥੇ ਨਹੀਂ ਲਿਖ ਰਿਹਾ)। ਆਪਣੇ ਬੇਟੇ ਨੂੰ ਭਾਰਤੀ ਕ੍ਰਿਕਟ ਜੂਨੀਅਰ ਟੀਮ 'ਚ ਖਿਡਾਉਣ ਲਈ ਉਹ ਰੋਜ਼ ਦਬਾਅ ਪਾ ਰਿਹਾ ਹੈ।''
ਜੀ. ਐੱਸ. ਟੀ. ਨੂੰ ਸਹਿਜ ਭਾਸ਼ਾ ਵਿਚ ਸਮਝਣਾ ਹੋਵੇ ਜਾਂ ਰਾਮ ਮੰਦਰ ਦੀ ਕਾਨੂੰਨੀ ਅੜਚਣ ਦੀ ਕਾਨੂੰਨੀ ਵਿਆਖਿਆ ਕਰਨੀ ਹੋਵੇ ਜਾਂ ਫਿਰ ਨਿਆਂ ਪਾਲਿਕਾ ਅਤੇ ਵਿਧਾਨ ਪਾਲਿਕਾ ਨੂੰ ਲੈ ਕੇ ਸੰਵਿਧਾਨ-ਘਾੜਿਆਂ ਵਲੋਂ ਦਿਖਾਏ ਗਏ ਸੰਤੁਲਨ ਦੇ ਸਿਧਾਂਤ ਦੀ ਅਮਰੀਕੀ ਸੰਵਿਧਾਨ-ਘਾੜਿਆਂ, ਖਾਸ ਕਰਕੇ ਜੇਮਸ ਮੈਡੀਸਨ ਦੀ ਧਾਰਨਾ ਨਾਲ ਤੁਲਨਾ ਕਰਨੀ ਹੋਵੇ ਤਾਂ ਮੈਂ ਅੱਜ ਤਕ ਇੰਨੀ ਡੂੰਘੀ, ਦਲੀਲੀ ਅਤੇ ਸਪੱਸ਼ਟ ਸੋਚ ਭਾਰਤ ਦੇ ਕਿਸੇ ਵੀ ਹੋਰ ਜਨਤਕ ਜੀਵਨ ਵਿਚ ਰਹਿਣ ਵਾਲੇ ਆਦਮੀ 'ਚ ਨਹੀਂ ਦੇਖੀ।

                                                                                           —ਐੱਨ.ਕੇ. ਸਿੰਘ


KamalJeet Singh

Content Editor

Related News