ਮੁਸ਼ਕਿਲ ਨਾਲ ਆਈ ਮਨੀਸ਼ ਤਿਵਾੜੀ ਦੀ ਵਾਰੀ

Sunday, Apr 28, 2019 - 05:49 AM (IST)

ਸਿਆਸਤ ਦਾ ਦਸਤੂਰ ਵੀ ਨਿਰਾਲਾ ਹੈ। ਕਾਂਗਰਸੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਕੱਟੜ ਕਾਂਗਰਸੀ ਬੁਲਾਰੇ ਮਨੀਸ਼ ਤਿਵਾੜੀ ਨੂੰ ਇਸ ਵਾਰ ਲੋਕ ਸਭਾ ਚੋਣਾਂ 'ਚ ਪਾਰਟੀ ਦੀ ਟਿਕਟ ਲੈਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣਾ ਪਿਆ। ਸੂਤਰਾਂ ਮੁਤਾਬਿਕ ਤਿਵਾੜੀ ਦੀ ਪਹਿਲੀ ਪਸੰਦ ਚੰਡੀਗੜ੍ਹ ਸੀ, ਜਿਥੇ ਕਾਂਗਰਸ ਦੇ ਪੁਰਾਣੇ ਘਾਗ ਪਵਨ ਬਾਂਸਲ ਨੇ ਸੰਗਠਨ 'ਚ ਆਪਣੀ ਡੂੰਘੀ ਪੈਠ ਬਣਾਈ ਹੋਈ ਹੈ।
ਤਿਵਾੜੀ ਪਿਛਲੇ ਕਈ ਸਾਲਾਂ ਤੋਂ ਚੰਡੀਗੜ੍ਹ ਨੂੰ ਆਪਣੇ ਲਈ ਤਿਆਰ ਕਰ ਰਹੇ ਸਨ ਤੇ ਬਾਂਸਲ ਧੜੇ ਦੇ ਜਵਾਬ 'ਚ ਉਨ੍ਹਾਂ ਨੇ ਉਥੇ ਆਪਣੇ ਭਰੋਸੇਯੋਗ ਸਾਥੀਆਂ ਦੀ ਇਕ ਛੋਟੀ ਜਿਹੀ ਟੀਮ ਵੀ ਬਣਾ ਲਈ ਸੀ ਪਰ ਸਿਆਸੀ ਸ਼ਹਿ-ਮਾਤ ਦੀ ਖੇਡ 'ਚ ਮਾਹਿਰ ਪਵਨ ਬਾਂਸਲ ਅੱਗੇ ਉਨ੍ਹਾਂ ਦੀ ਇਕ ਨਾ ਚੱਲੀ। ਕਹਿੰਦੇ ਹਨ ਕਿ ਬਾਂਸਲ ਨੇ ਬੜੀ ਚਲਾਕੀ ਨਾਲ ਤਿਵਾੜੀ ਦੇ ਬੰਦਿਆਂ ਨੂੰ ਪਾਰਟੀ ਤੋਂ ਬਾਹਰਲਾ ਰਸਤਾ ਦਿਖਾ ਦਿੱਤਾ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਤਿਵਾੜੀ ਦੀ ਕਾਫੀ ਬਣਦੀ ਹੈ, ਸੋ ਉਨ੍ਹਾਂ ਨੇ ਤਿਵਾੜੀ ਲਈ ਇਕ ਨਵੀਂ ਸੀਟ ਲੱਭੀ ਸ੍ਰੀ ਅਨੰਦਪੁਰ ਸਾਹਿਬ ਪਰ ਰਾਹੁਲ ਗਾਂਧੀ ਉਨ੍ਹਾਂ ਨੂੰ ਸੰਗਰੂਰ ਹਲਕੇ ਤੋਂ ਉਤਾਰਨਾ ਚਾਹੁੰਦੇ ਸਨ। ਕੈਪਟਨ ਨੂੰ ਇਹ ਮਨਜ਼ੂਰ ਨਹੀਂ ਸੀ, ਫਿਰ ਮਨੀਸ਼ ਨੇ ਸੈਮ ਪਿਤ੍ਰੋਦਾ ਨਾਲ ਗੱਲ ਕੀਤੀ ਕਿ ਉਹ ਰਾਹੁਲ ਗਾਂਧੀ ਨੂੰ ਸਮਝਾਉਣ। ਇਸ ਮਾਮਲੇ 'ਚ ਰਾਹੁਲ ਦੇ ਕਾਫੀ ਨੇੜੇ ਮੰਨੇ ਜਾਂਦੇ ਅਤੇ ਉਨ੍ਹਾਂ ਨੂੰ ਵਾਇਨਾਡ ਲਿਜਾਣ ਵਾਲੇ ਵੇਣੂਗੋਪਾਲ ਨੇ ਵੀ ਰਾਹੁਲ ਨਾਲ ਗੱਲ ਕੀਤੀ।
ਮਨੀਸ਼ ਤੇ ਵੇਣੂਗੋਪਾਲ ਦੋਵੇਂ ਹੀ ਵਿਦਿਆਰਥੀ ਸਿਆਸਤ ਤੋਂ ਅੱਗੇ ਆਏ ਹਨ ਅਤੇ ਉਦੋਂ ਤੋਂ ਇਨ੍ਹਾਂ ਦੀ ਦੋਸਤੀ ਹੈ। ਜਦੋਂ ਮਾਮਲਾ ਅਟਕਿਆ ਰਿਹਾ ਤਾਂ ਮਨੀਸ਼ ਤਿਵਾੜੀ ਸੋਨੀਆ ਗਾਂਧੀ ਨਾਲ ਗੱਲ ਕਰਨ ਗਏ ਪਰ ਸੋਨੀਆ ਨੇ ਰਾਹੁਲ ਨਾਲ ਸਿੱਧੀ ਗੱਲ ਕਰਨ ਦੀ ਬਜਾਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਕਹਿ ਦਿੱਤਾ ਕਿ ਉਹ ਇਸ ਬਾਰੇ ਰਾਹੁਲ ਨਾਲ ਗੱਲ ਕਰਨ ਤੇ ਨਾਲ ਹੀ ਤਾਕੀਦ ਕੀਤੀ, ''ਸਾਨੂੰ ਮਨੀਸ਼ ਸੰਸਦ 'ਚ ਚਾਹੀਦੇ ਹਨ।''
ਇਸ ਦਰਮਿਆਨ ਚੋਣ ਕਮੇਟੀ ਦੀ ਮੀਟਿੰਗ ਸੱਦੀ ਗਈ ਤੇ ਰਾਹੁਲ ਸਾਹਮਣੇ ਵੇਣੂਗੋਪਾਲ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਡੋਜ਼ੀਅਰ ਰੱਖਿਆ, ਜਿਸ ਨੂੰ ਤਿਆਰ ਕਰਵਾਉਣ 'ਚ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਵੀ ਅਹਿਮ ਭੂਮਿਕਾ ਸੀ ਕਿਉਂਕਿ ਉਹ ਵੀ ਸ੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਚਾਹੁੰਦੇ ਸਨ। ਜਾਖੜ ਨੇ ਇਸ ਡੋਜ਼ੀਅਰ 'ਚ ਕਥਿਤ ਤੌਰ 'ਤੇ ਲਿਖਵਾ ਦਿੱਤਾ ਸੀ ਕਿ ਇਸ ਸੀਟ 'ਤੇ 65 ਫੀਸਦੀ ਸਿੱਖ ਵੋਟਰ ਹਨ, ਜਦਕਿ ਅਸਲ 'ਚ ਇਹ ਹਿੰਦੂ ਵੋਟਰਾਂ ਦਾ ਅੰਕੜਾ ਸੀ। ਗੱਲ ਰਾਹੁਲ ਨੂੰ ਸਮਝ ਆ ਗਈ ਅਤੇ ਉਨ੍ਹਾਂ ਨੇ ਦੇਰ ਨਾਲ ਹੀ ਸਹੀ, ਸ੍ਰੀ ਅਨੰਦਪੁਰ ਸਾਹਿਬ ਤੋਂ ਤਿਵਾੜੀ ਦੇ ਨਾਂ ਨੂੰ ਹਰੀ ਝੰਡੀ ਦੇ ਦਿੱਤੀ।

ਸਾਰੀਆਂ ਸਿਆਸੀ ਪਾਰਟੀਆਂ ਭੁਲੇਖੇ 'ਚ
ਦੇਸ਼ 'ਚ ਤਿੰਨ ਪੜਾਵਾਂ ਦੀਆਂ ਚੋਣਾਂ ਸੰਪੰਨ ਹੋ ਚੁੱਕੀਆਂ ਹਨ ਪਰ ਸਟੀਕ ਅੰਦਾਜ਼ਿਆਂ ਦੀ ਕੋਈ ਤਸਵੀਰ ਉੱਭਰ ਕੇ ਸਾਹਮਣੇ ਨਹੀਂ ਆ ਰਹੀ। ਵੋਟਰਾਂ ਨੇ ਵੀ ਜਿਵੇਂ ਇਸ ਮਾਮਲੇ 'ਚ ਚੁੱਪ ਵੱਟੀ ਹੋਈ ਹੈ। ਤਿੰਨ ਪੜਾਵਾਂ ਦੀਆਂ ਚੋਣਾਂ ਸੰਪੰਨ ਹੋਣ ਤੋਂ ਬਾਅਦ ਕਾਂਗਰਸ ਅਤੇ ਭਾਜਪਾ ਆਪਣੀਆਂ ਪਸੰਦੀਦਾ ਏਜੰਸੀਆਂ ਤੋਂ ਐਗਜ਼ਿਟ ਪੋਲ ਕਰਵਾ ਰਹੀਆਂ ਹਨ ਪਰ ਸ਼ੱਕ ਦਾ ਆਲਮ ਬਰਕਰਾਰ ਹੈ ਤੇ ਕੋਈ ਵੀ ਸਾਫ ਤਸਵੀਰ ਉੱਭਰ ਕੇ ਸਾਹਮਣੇ ਨਹੀਂ ਆ ਰਹੀ।
ਆਉਣ ਵਾਲੇ ਪੜਾਵਾਂ ਦੀਆਂ ਚੋਣਾਂ ਹਿੰਦੀ ਪੱਟੀ 'ਚ ਹੋਣੀਆਂ ਹਨ, ਜਿਥੇ ਭਾਜਪਾ ਨੇ ਆਪਣਾ ਦਬਦਬਾ ਬਰਕਰਾਰ ਰੱਖਣ ਦੀ ਲੜਾਈ ਲੜਨੀ ਹੈ, ਸੋ ਆਉਣ ਵਾਲੇ ਪੜਾਵਾਂ ਲਈ ਪਾਰਟੀ ਪੂਰੀ ਵਾਹ ਲਾ ਰਹੀ ਹੈ। ਸੰਘ ਵੀ ਆਪਣੇ ਵਰਕਰਾਂ ਨੂੰ ਡੋਰ-ਟੂ-ਡੋਰ ਕੈਂਪੇਨ ਚਲਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਵਾਰਾਨਸੀ 'ਚ ਕਾਗਜ਼ ਦਾਖਲ ਕਰਦੇ ਸਮੇਂ ਮੋਦੀ ਦਾ ਇੰਨਾ ਵੱਡਾ ਮੈਗਾ ਸ਼ੋਅ ਵੀ ਇਸੇ ਭੁਲੇਖੇ 'ਚੋਂ ਬਾਹਰ ਨਿਕਲਣ ਦੀ ਬੇਕਰਾਰੀ ਦਰਸਾਉਂਦਾ ਹੈ। ਸ਼ੇਅਰ ਮਾਰਕੀਟ ਦੇ ਟ੍ਰੈਂਡ ਵੀ ਉਥਲ-ਪੁਥਲ ਮਚਾ ਰਹੇ ਹਨ। ਜਦੋਂ ਬਾਜ਼ਾਰ ਚੜ੍ਹਦਾ ਹੈ ਤਾਂ ਭਗਵਾ ਚਿਹਰਿਆਂ 'ਤੇ ਖੁਸ਼ੀ ਝਲਕਦੀ ਹੈ ਅਤੇ ਜਦੋਂ ਬਾਜ਼ਾਰ ਡਿੱਗਦਾ ਹੈ ਤਾਂ ਵਿਰੋਧੀ ਪਾਰਟੀਆਂ ਨੂੰ ਖੁਸ਼ ਹੋਣ ਦੀ ਵਜ੍ਹਾ ਮਿਲ ਜਾਂਦੀ ਹੈ।
ਅਜੇ ਯੂ. ਪੀ., ਮੱਧ ਪ੍ਰਦੇਸ਼ ਅਤੇ ਰਾਜਸਥਾਨ 'ਚ ਚੋਣਾਂ ਹੋਣੀਆਂ ਹਨ, ਜਿਥੇ ਭਾਜਪਾ ਦਾ ਕਾਫੀ ਕੁਝ ਦਾਅ 'ਤੇ ਲੱਗਾ ਹੈ। ਸੋ ਰਾਕੇਸ਼ ਝੁਨਝੁਨਵਾਲਾ ਵਰਗੇ ਬਾਜ਼ਾਰ ਦੇ ਪੰਡਿਤਾਂ ਤੋਂ ਉਮੀਦ ਭਰੇ ਬਿਆਨ ਦਿਵਾਏ ਜਾ ਰਹੇ ਹਨ ਅਤੇ ਉਹ ਮੋਦੀ ਦੇ ਮੁੜ ਸੱਤਾ 'ਚ ਆਉਣ ਦੀਆਂ ਭਵਿੱਖਬਾਣੀਆਂ ਕਰ ਰਹੇ ਹਨ ਪਰ ਜਦੋਂ ਚੋਣ ਬਾਜ਼ਾਰ 'ਚ ਵੀ ਸੰਨਾਟਾ ਹੋਵੇ ਤਾਂ ਪੱਕੇ ਤੌਰ 'ਤੇ ਕੁਝ ਕਹਿ ਸਕਣਾ ਮੁਸ਼ਕਿਲ ਹੋ ਜਾਂਦਾ ਹੈ।

ਗਾਜ਼ੀਪੁਰ ਦੀ ਗਾਜ ਸਿਨ੍ਹਾ 'ਤੇ
ਸੰਘ ਤੇ ਮੋਦੀ ਦੇ ਦੁਲਾਰੇ ਮਨੋਜ ਸਿਨ੍ਹਾ ਕੇਂਦਰ ਸਰਕਾਰ ਦੇ ਕੁਝ ਅਜਿਹੇ ਮੰਤਰੀਆਂ 'ਚ ਸ਼ਾਮਿਲ ਸਨ, ਜਿਨ੍ਹਾਂ ਨੇ ਆਪਣੇ ਸੰਸਦੀ ਹਲਕੇ ਦਾ ਚਿਹਰਾ-ਮੋਹਰਾ ਚਮਕਾਉਣ ਲਈ ਦਿਨ-ਰਾਤ ਇਕ ਕਰ ਦਿੱਤਾ। ਇਹ ਤਾਂ ਮਨੋਜ ਸਿਨ੍ਹਾ ਦੇ ਸਿਆਸੀ ਵਿਰੋਧੀ ਵੀ ਮੰਨਦੇ ਹਨ ਕਿ ਉਨ੍ਹਾਂ ਨੇ ਗਾਜ਼ੀਪੁਰ 'ਚ ਵਿਕਾਸ ਦੀਆਂ ਜਿੰਨੀਆਂ ਯੋਜਨਾਵਾਂ ਚਲਾਈਆਂ, ਬੁਨਿਆਦੀ ਢਾਂਚੇ ਲਈ ਜਿੰਨਾ ਪੈਸਾ ਲੈ ਕੇ ਆਏ, ਓਨਾ ਉਨ੍ਹਾਂ ਤੋਂ ਪਹਿਲਾਂ ਕਿਸੇ ਵੀ ਸੰਸਦ ਮੈਂਬਰ ਨੇ ਨਹੀਂ ਲਿਆਂਦਾ। ਫਿਰ ਵੀ ਸਿਆਸਤ ਦੀ ਤ੍ਰਾਸਦੀ ਦੇਖੋ ਕਿ ਅਫਜ਼ਲ ਅੰਸਾਰੀ ਵਰਗੇ ਉਮੀਦਵਾਰ ਦੇ ਮੁਕਾਬਲੇ ਇਸ ਵਾਰ ਉਹ ਗਾਜ਼ੀਪੁਰ ਤੋਂ ਇਕ ਕਮਜ਼ੋਰ ਵਿਕਟ 'ਤੇ ਖੜ੍ਹੇ ਨਜ਼ਰ ਆਉਂਦੇ ਹਨ।
ਜ਼ਿਕਰਯੋਗ ਹੈ ਕਿ ਮੁਖਤਾਰ ਅੰਸਾਰੀ ਦਾ ਭਰਾ ਅਫਜ਼ਲ ਅੰਸਾਰੀ ਇਥੋਂ ਮਹਾਗੱਠਜੋੜ ਦਾ ਉਮੀਦਵਾਰ ਹੈ ਤੇ ਜਾਤੀ ਗਣਿਤ ਦੀ ਬਿਸਾਤ 'ਤੇ ਗਾਜ਼ੀਪੁਰ 'ਚ ਉਸ ਦੀਆਂ ਸੰਭਾਵਨਾਵਾਂ ਕਿਤੇ ਬਿਹਤਰ ਨਜ਼ਰ ਆ ਰਹੀਆਂ ਹਨ।
ਕਦੇ ਗਾਜ਼ੀਪੁਰ ਨੂੰ ਭੂਮੀਹਾਰਾਂ ਦਾ ਗੜ੍ਹ ਕਿਹਾ ਜਾਂਦਾ ਸੀ ਤੇ ਸਿਨ੍ਹਾ ਵੀ ਇਸੇ ਵਰਗ ਨਾਲ ਸਬੰਧ ਰੱਖਦੇ ਹਨ ਪਰ ਤ੍ਰਾਸਦੀ ਦੇਖੋ ਕਿ ਨਵੀਂ ਹੱਦਬੰਦੀ ਤੋਂ ਬਾਅਦ ਭੂਮੀਹਾਰ ਵੋਟਰਾਂ ਦਾ ਵੱਡਾ ਵਰਗ ਬਲੀਆ ਸੰਸਦੀ ਹਲਕੇ 'ਚ ਚਲਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਗਾਜ਼ੀਪੁਰ ਤੋਂ ਲੱਗਭਗ ਢਾਈ ਲੱਖ ਭੂਮੀਹਾਰ ਵੋਟਾਂ ਹੱਦਬੰਦੀ ਦੇ ਤਹਿਤ ਬਲੀਆ 'ਚ ਚਲੀਆਂ ਗਈਆਂ ਹਨ ਤੇ ਇਥੇ 75 ਹਜ਼ਾਰ ਤੋਂ ਵੀ ਘੱਟ ਵੋਟਾਂ ਰਹਿ ਗਈਆਂ ਹਨ। ਹੁਣ ਇਹ ਯਾਦਵ ਬਹੁਲਤਾ ਵਾਲੇ ਖੇਤਰ 'ਚ ਬਦਲ ਗਿਆ ਹੈ। ਜਿਥੇ ਸਪਾ ਦਾ ਪ੍ਰਭਾਵ ਹੈ।
ਓਮ ਪ੍ਰਕਾਸ਼ ਰਾਜਭਰ ਦੀ ਭਾਜਪਾ ਤੋਂ ਨਾਰਾਜ਼ਗੀ ਵੀ ਸਿਨ੍ਹਾ ਨੂੰ ਭਾਰੀ ਪੈ ਰਹੀ ਹੈ ਕਿਉਂਕਿ ਇਥੇ ਡੇਢ ਲੱਖ ਤੋਂ ਜ਼ਿਆਦਾ ਰਾਜਭਰ ਵੋਟਰ ਹਨ, ਜੋ ਭਾਜਪਾ ਤੋਂ ਖਿਸਕ ਰਹੇ ਹਨ। ਭਾਜਪਾ ਨੂੰ ਛੱਡ ਕੇ ਆਏ ਰਮਾਕਾਂਤ ਯਾਦਵ ਇਥੋਂ ਕਾਂਗਰਸ ਦੀ ਟਿਕਟ 'ਤੇ ਲੜਨਾ ਚਾਹੁੰਦੇ ਸਨ ਪਰ ਕਾਂਗਰਸ ਨੇ ਉਨ੍ਹਾਂ ਨੂੰ ਭਦੋਹੀ ਭੇਜ ਦਿੱਤਾ, ਨਹੀਂ ਤਾਂ ਜੇ ਇਥੋਂ ਰਮਾਕਾਂਤ ਯਾਦਵ ਚੋਣ ਲੜਦੇ ਤਾਂ ਯਾਦਵ ਵੋਟਾਂ ਵੰਡੇ ਜਾਣ ਦੀ ਸੰਭਾਵਨਾ ਸੀ। ਸੋ ਹੁਣ ਮਨੋਜ ਸਿਨ੍ਹਾ ਇਥੇ ਹੁਣ ਤਕ ਦੀ ਸਭ ਤੋਂ ਮੁਸ਼ਕਿਲ ਲੜਾਈ ਲੜ ਰਹੇ ਹਨ।

ਉਦਿਤ ਦਾ ਸੂਰਜ ਇੰਝ ਡੁੱਬਿਆ
ਬੇਸ਼ੱਕ ਹੀ ਦਲਿਤ ਨੇਤਾ ਉਦਿਤ ਰਾਜ ਨੇ ਭਗਵਾ ਪਾਰਟੀ ਤੋਂ ਨਾਰਾਜ਼ ਹੋ ਕੇ ਹੁਣ ਕਾਂਗਰਸ ਦਾ ਪੱਲਾ ਫੜ ਲਿਆ ਹੋਵੇ ਪਰ ਉਨ੍ਹਾਂ ਦੇ ਸਿਆਸੀ ਸੂਰਜ ਨੂੰ ਭਗਵਾ ਗ੍ਰਹਿਣ ਲੱਗ ਹੀ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਅਜਿਹੇ ਸਮੇਂ ਭਾਜਪਾ ਨੇ ਝਟਕਾ ਦਿੱਤਾ ਹੈ ਕਿ ਚੋਣ ਸੰਭਾਵਨਾਵਾਂ ਬਹੁਤ ਹੱਦ ਤਕ ਖਤਮ ਹੋ ਗਈਆਂ ਹਨ। ਖ਼ੁਦ ਉਦਿਤ ਰਾਜ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਘੱਟੋ-ਘੱਟ 3 ਵਾਰ ਮੋਦੀ ਨੂੰ ਫੋਨ ਕੀਤਾ ਪਰ ਉਹ ਲਾਈਨ 'ਤੇ ਨਹੀਂ ਆਏ, ਹਾਲਾਂਕਿ ਉਨ੍ਹਾਂ ਨੂੰ ਜ਼ਰੂਰ ਕਿਹਾ ਗਿਆ ਕਿ ਉਹ ਰਾਮਲਾਲ ਨੂੰ ਮਿਲ ਲੈਣ।
ਕਹਿੰਦੇ ਹਨ ਕਿ ਜਦੋਂ ਉਦਿਤ ਰਾਮਲਾਲ ਨੂੰ ਮਿਲਣ ਪਹੁੰਚੇ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਟਿਕਟ ਦੇਣ ਦਾ ਕੰਮ ਸਿਰਫ ਤੇ ਸਿਰਫ ਕੌਮੀ ਪ੍ਰਧਾਨ ਅਮਿਤ ਸ਼ਾਹ ਦੇ ਜ਼ਿੰਮੇ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਤੋਂ ਬਾਅਦ ਉਦਿਤ ਨੇ ਅਮਿਤ ਸ਼ਾਹ ਨੂੰ ਫੋਨ ਲਾਉਣਾ ਸ਼ੁਰੂ ਕੀਤਾ, ਉਨ੍ਹਾਂ ਦੇ ਘਰ ਦੇ ਚੱਕਰ ਲਾਉਣੇ ਸ਼ੁਰੂ ਕੀਤੇ ਪਰ ਨਾ ਸ਼ਾਹ ਮਿਲੇ ਅਤੇ ਨਾ ਹੀ ਉਨ੍ਹਾਂ ਦਾ ਫੋਨ। ਹੈਰਾਨ-ਪ੍ਰੇਸ਼ਾਨ ਉਦਿਤ ਰਾਜ ਨੇ ਨਿਤਿਨ ਗਡਕਰੀ ਨੂੰ ਫੋਨ ਕੀਤਾ ਅਤੇ ਗਡਕਰੀ ਨੇ ਉਨ੍ਹਾਂ ਨੂੰ ਦੋ-ਟੁੱਕ ਸ਼ਬਦਾਂ 'ਚ ਕਹਿ ਦਿੱਤਾ ਕਿ ਇਸ ਵਾਰ ਉਨ੍ਹਾਂ ਨੂੰ ਟਿਕਟ ਨਹੀਂ ਮਿਲ ਰਹੀ। ਦੂਜੇ ਪਾਸੇ ਦਿੱਲੀ ਭਾਜਪਾ ਦੇ ਸੂਬਾ ਪ੍ਰਧਾਨ ਮਨੋਜ ਤਿਵਾੜੀ ਅਖੀਰ ਤਕ ਉਦਿਤ ਨੂੰ ਭਰੋਸਾ ਦਿੰਦੇ ਰਹੇ ਕਿ ਉਨ੍ਹਾਂ ਦੀ ਟਿਕਟ ਪੱਕੀ ਹੈ। ਆਖਿਰ ਥੱਕ-ਹਾਰ ਕੇ ਉਦਿਤ ਰਾਜ ਅਰੁਣ ਜੇਤਲੀ ਦੀ ਪਨਾਹ 'ਚ ਪਹੁੰਚੇ ਤਾਂ ਸਿਆਸਤ ਦੇ ਚਤੁਰ ਸੁਜਾਨ ਜੇਤਲੀ ਨੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਉਨ੍ਹਾਂ ਦੀ ਟਿਕਟ ਸਿਆਸੀ ਨਹੀਂ, ਨੀਤੀਗਤ ਤੌਰ 'ਤੇ ਕੱਟੀ ਜਾ ਰਹੀ ਹੈ।

ਕੀ ਪਾਰ ਲੱਗੇਗੀ ਕਨ੍ਹੱਈਆ ਦੀ ਬੇੜੀ?
ਬੇਗੂਸਰਾਏ ਦਾ ਚੋਣ ਮੈਦਾਨ ਇਸ ਵਾਰ ਬੇਹੱਦ ਦਿਲਚਸਪ ਹੋ ਗਿਆ ਹੈ। ਜੇ. ਐੱਨ. ਯੂ. ਫੇਮ ਦੇ ਕਨ੍ਹੱਈਆ ਕੁਮਾਰ ਨੇ ਇਥੋਂ ਦੇ ਤਿਕੋਣੇ ਮੁਕਾਬਲੇ ਨੂੰ ਕੁਝ ਦਿਲਚਸਪ ਬਣਾ ਦਿੱਤਾ ਹੈ। ਪਹਿਲਾਂ ਗਿਰੀਰਾਜ ਸਿੰਘ ਇਥੇ ਕੁਝ ਬੇਦਮ ਜਿਹੇ ਲੱਗ ਰਹੇ ਸਨ, ਹੁਣ ਭਾਜਪਾ ਨੇ ਇਥੇ ਪੂਰਾ ਦਮ ਲਾ ਦਿੱਤਾ ਹੈ। ਕਨ੍ਹੱਈਆ ਦੇ ਪੱਖ 'ਚ ਬੁੱਧੀਜੀਵੀਆਂ ਨੇ ਇਕ ਸਮਾਂ ਬੰਨ੍ਹਿਆ ਹੋਇਆ ਹੈ। ਅੰਦੋਲਨ ਕਰਮਚਾਰੀਆਂ, ਸਿੱਖਿਆ ਮਾਹਿਰਾਂ ਤੋਂ ਲੈ ਕੇ ਬਾਲੀਵੁੱਡ ਦੇ ਲੋਕ ਕਨ੍ਹੱਈਆ ਦੇ ਪੱਖ 'ਚ ਅਲਖ ਜਗਾ ਰਹੇ ਹਨ। ਕਹਿੰਦੇ ਹਨ ਕਿ ਸਿਰਫ 'ਕ੍ਰਾਊਡ ਫੰਡਿੰਗ' ਨਾਲ ਕਨ੍ਹੱਈਆ ਦੇ ਬੰਦਿਆਂ ਨੇ 70 ਲੱਖ ਤੋਂ ਜ਼ਿਆਦਾ ਦੀ ਰਕਮ ਇਕੱਠੀ ਕਰ ਲਈ ਹੈ। ਵਿਦੇਸ਼ਾਂ 'ਚ ਰਹਿਣ ਵਾਲੇ ਲੋਕ ਵੀ ਖੁੱਲ੍ਹੇ ਦਿਲ ਨਾਲ ਪੈਸਾ ਭੇਜ ਰਹੇ ਹਨ।
ਗਿਰੀਰਾਜ ਸਿੰਘ ਨੂੰ ਭਾਜਪਾ ਦੀ ਸਥਾਨਕ ਇਕਾਈ ਤੋਂ ਹੀ ਅੰਦਰੋਂ ਸੱਟ ਵੱਜਣ ਦਾ ਡਰ ਸਤਾ ਰਿਹਾ ਹੈ। ਇਥੋਂ ਦੇ ਸਾਬਕਾ ਭਾਜਪਾ ਸੰਸਦ ਮੈਂਬਰ, ਸਵ. ਭੋਲਾ ਸਿੰਘ ਦੀ ਨੂੰਹ ਬੇਸ਼ੱਕ ਹੀ ਇਥੋਂ ਦੀ ਬਛਵਾੜਾ ਵਿਧਾਨ ਸਭਾ ਸੀਟ ਤੋਂ ਚੋਣ ਹਾਰ ਗਈ ਹੋਵੇ ਪਰ ਸਥਾਨਕ ਭੂਮੀਹਾਰਾਂ 'ਚ ਤਾਂ ਉਸ ਦਾ ਅਸਰ ਹੈ ਹੀ। ਬੇਗੂਸਰਾਏ ਸੀਟ ਨੂੰ ਭੂਮੀਹਾਰ ਜਾਤ ਦਾ ਗੜ੍ਹ ਮੰਨਿਆ ਜਾਂਦਾ ਹੈ। ਇਥੇ ਸਾਢੇ ਚਾਰ ਲੱਖ ਤੋਂ ਜ਼ਿਆਦਾ ਇਸ ਜਾਤ ਦੀਆਂ ਵੋਟਾਂ ਹਨ। ਭਾਜਪਾ ਦੇ ਉਮੀਦਵਾਰ ਗਿਰੀਰਾਜ ਸਿੰਘ ਅਤੇ ਖੱਬੇਪੱਖੀ ਉਮੀਦਵਾਰ ਕਨ੍ਹੱਈਆ ਦੋਨੋਂ ਇਸੇ ਜਾਤ ਨਾਲ ਸਬੰਧ ਰੱਖਦੇ ਹਨ।
ਲਾਲੂ ਦੀ ਅਗਵਾਈ ਵਾਲੇ ਗੱਠਜੋੜ ਨੇ ਇਥੋਂ ਤਨਵੀਰ ਹਸਨ ਨੂੰ ਮੈਦਾਨ 'ਚ ਉਤਾਰਿਆ ਹੈ। ਭਾਜਪਾ ਧੜਾ ਜ਼ੋਰ-ਸ਼ੋਰ ਨਾਲ ਕਨ੍ਹੱਈਆ ਨੂੰ ਦੇਸ਼ਧ੍ਰੋਹੀ ਸਿੱਧ ਕਰਨ 'ਚ ਲੱਗਾ ਹੋਇਆ ਹੈ ਤਾਂ ਕਨ੍ਹੱਈਆ ਦੇ ਸਮਰਥਕਾਂ ਨੇ ਜਾਤ ਦਾ ਇਕ ਨਵਾਂ ਪੱਤਾ ਖੇਡਿਆ ਹੈ। ਸੂਤਰਾਂ ਦੀ ਮੰਨੀਏ ਤਾਂ ਹੁਣ ਉਹ ਭੂਮੀਹਾਰ ਜਾਤ 'ਚ ਵੀ ਕਨ੍ਹੱਈਆ ਦਾ ਗੌਤਮ ਗੋਤਰ ਸਾਹਮਣੇ ਲੈ ਕੇ ਆ ਗਏ ਹਨ। ਨੌਜਵਾਨਾਂ ਤੇ ਕਾਫੀ ਹੱਦ ਤਕ ਮੁਸਲਿਮ ਵੋਟਰਾਂ ਦਾ ਕਨ੍ਹੱਈਆ ਨੂੰ ਪਹਿਲਾਂ ਹੀ ਸਮਰਥਨ ਹਾਸਿਲ ਹੈ। ਜੇ ਉਹ ਭੂਮੀਹਾਰ ਵੋਟਾਂ ਨੂੰ ਵੰਡਣ 'ਚ ਸਫਲ ਹੁੰਦੇ ਹਨ ਤਾਂ ਉਹ ਗਿਰੀਰਾਜ ਅਤੇ ਹਸਨ ਸਾਹਮਣੇ ਇਕ ਵੱਡੀ ਚੁਣੌਤੀ ਖੜ੍ਹੀ ਕਰ ਸਕਣਗੇ।
ਬਿਹਾਰ 'ਚ ਜਾਤਵਾਦੀ ਸਿਆਸਤ ਦਾ ਕਿੰਨਾ ਜਲਵਾ ਹੈ, ਇਹ ਇਕ ਪੁਰਾਣੇ ਕਿੱਸੇ ਤੋਂ ਸਮਝਿਆ ਜਾ ਸਕਦਾ ਹੈ। ਗੱਲ 1991 ਦੀ ਹੈ, ਜਦੋਂ ਲਾਲੂ ਯਾਦਵ ਦੀ ਬਿਹਾਰ ਦੀ ਸਿਆਸਤ 'ਚ ਤੂਤੀ ਬੋਲਦੀ ਸੀ ਅਤੇ ਉਹ ਇੰਦਰ ਕੁਮਾਰ ਗੁਜਰਾਲ ਨੂੰ ਪਟਨਾ ਤੋਂ ਚੋਣ ਲੜਵਾਉਣ ਲਈ ਇਥੇ ਲੈ ਕੇ ਆਏ ਸਨ। ਹੁਣ ਲਾਲੂ ਦੇ ਸਮਰਥਕਾਂ ਨੇ ਹੀ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਗੁਜਰਾਲ ਦੀ ਜਾਤ ਕੀ ਹੈ? ਤਾਂ ਲਾਲੂ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਤੁਸੀਂ ਗੁਜਰਾਲ ਨੂੰ ਪੰਜਾਬ ਦਾ ਗੁੱਜਰ, ਭਾਵ ਯਾਦਵ ਸਮਝ ਲਓ।

ਸੰਨੀ ਦਿਓਲ ਦਾ ਭਗਵਾ ਚੋਲਾ
ਸੰਨੀ ਦਿਓਲ ਨੂੰ ਭਾਜਪਾ 'ਚ ਸ਼ਾਮਿਲ ਕਰਵਾਉਣ ਪਿੱਛੇ ਅਰੁਣ ਜੇਤਲੀ ਦੀ ਅਹਿਮ ਭੂਮਿਕਾ ਦੱਸੀ ਜਾਂਦੀ ਹੈ। ਸੂਤਰਾਂ ਦੀ ਮੰਨੀਏ ਤਾਂ ਕਾਫੀ ਅਰਸਾ ਪਹਿਲਾਂ ਹੇਮਾ ਮਾਲਿਨੀ ਜੇਤਲੀ ਨੂੰ ਮਿਲੀ ਸੀ ਤੇ ਉਨ੍ਹਾਂ ਤੋਂ ਸੰਨੀ ਦਿਓਲ ਬਾਰੇ ਕੁਝ ਕਾਨੂੰਨੀ ਸਲਾਹ ਮੰਗੀ ਸੀ। ਸੂਤਰਾਂ ਮੁਤਾਬਿਕ ਹੇਮਾ ਮਾਲਿਨੀ ਨੇ ਜੇਤਲੀ ਨੂੰ ਦੱਸਿਆ ਸੀ ਕਿ ਸੰਨੀ ਦੇ ਸਹੁਰਾ ਪਰਿਵਾਰ 'ਚ ਕੁਝ ਜ਼ਮੀਨੀ ਝਗੜੇ ਚੱਲ ਰਹੇ ਹਨ। ਅਜਿਹੀ ਸਥਿਤੀ 'ਚ ਸੰਕਟਮੋਚਕ ਜੇਤਲੀ ਨੇ ਸੰਨੀ ਦੀਆਂ ਮੁਸ਼ਕਿਲਾਂ ਵਾਕਈ ਘੱਟ ਕਰ ਦਿੱਤੀਆਂ ਸਨ। ਇਸੇ ਗੱਲ ਨੇ ਸੰਨੀ ਨੂੰ ਜੇਤਲੀ ਦਾ ਮੁਰੀਦ ਬਣਾ ਦਿੱਤਾ। ਸੋ, ਹੁਣ ਜਦੋਂ ਅਰੁਣ ਜੇਤਲੀ ਨੇ ਸੰਨੀ ਦਿਓਲ ਨੂੰ ਭਾਜਪਾ ਦੀ ਟਿਕਟ 'ਤੇ ਗੁਰਦਾਸਪੁਰ (ਪੰਜਾਬ) ਤੋਂ ਚੋਣ ਲੜਨ ਦੀ ਆਫਰ ਦਿੱਤੀ ਤਾਂ ਸੰਨੀ ਬਿਲਕੁਲ ਮਨ੍ਹਾ ਨਹੀਂ ਕਰ ਸਕੇ।

ਭਾਗਵਤ ਕਥਾ ਤੋਂ ਪ੍ਰੇਸ਼ਾਨ ਅਮਿਤ ਸ਼ਾਹ
ਸੰਘ ਦੇ ਮੁਖੀ ਮੋਹਨ ਭਾਗਵਤ ਦੇ ਕੁਝ ਬਿਆਨ ਨਾ ਸਿਰਫ ਭਾਜਪਾ ਲਈ ਗਲੇ ਦੀ ਹੱਡੀ ਬਣ ਜਾਂਦੇ ਹਨ, ਸਗੋਂ ਪਾਰਟੀ ਨੂੰ ਵੱਖ-ਵੱਖ ਚੋਣਾਂ 'ਚ ਇਨ੍ਹਾਂ ਦੀ ਕੀਮਤ ਵੀ ਚੁਕਾਉਣੀ ਪੈਂਦੀ ਹੈ। ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਸਮੇਂ ਵੀ ਭਾਗਵਤ ਨੇ ਅਜਿਹਾ ਹੀ ਇਕ ਬਿਆਨ ਦੇ ਕੇ ਭਾਜਪਾ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਸਨ ਕਿ ਰਾਖਵੇਂਕਰਨ ਦੀ ਸਮੀਖਿਆ ਕਰਨ ਦਾ ਸਮਾਂ ਆ ਗਿਆ ਹੈ।
ਚੋਣ ਨਤੀਜੇ ਗਵਾਹ ਹਨ ਕਿ ਕਿਸ ਤਰ੍ਹਾਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ 'ਚ ਭਾਜਪਾ ਨੂੰ ਮੂੰਹ ਦੀ ਖਾਣੀ ਪਈ। ਫਿਰ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਆਈਆਂ ਤਾਂ ਭਾਗਵਤ ਨੇ ਰਾਮ ਜਨਮ ਭੂਮੀ ਦਾ ਮੁੱਦਾ ਛੇੜ ਲਿਆ। ਇਨ੍ਹਾਂ ਸੂਬਿਆਂ ਦੇ ਚੋਣ ਨਤੀਜੇ ਵੀ ਭਗਵਾ ਪਾਰਟੀ ਲਈ ਪੀੜਾਦਾਇਕ ਸਨ ਤੇ ਹੁਣ ਜਦੋਂ ਦੇਸ਼ 'ਚ ਆਮ ਚੋਣਾਂ ਹੋ ਰਹੀਆਂ ਹਨ ਤਾਂ ਪਿਛਲੇ ਹਫਤੇ ਨਾਗਪੁਰ ਦੀ ਇਕ ਰੈਲੀ 'ਚ ਸਵੈਮ-ਸੇਵਕਾਂ ਨੂੰ ਸੰਬੋਧਨ ਕਰਦਿਆਂ ਮੋਹਨ ਭਾਗਵਤ ਨੇ ਕਹਿ ਦਿੱਤਾ, ''ਪਹਿਲਾਂ ਦੇਸ਼ 'ਚ ਸਰਕਾਰਾਂ 30-40 ਸਾਲ ਰਾਜ ਕਰਦੀਆਂ ਸਨ, ਹੁਣ ਤਾਂ ਸਰਕਾਰ 5 ਸਾਲ ਹੀ ਚੱਲਦੀ ਹੈ। ਸੋ ਸਵੈਮ-ਸੇਵਕਾਂ ਨੂੰ ਸਰਕਾਰ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ। ਉਨ੍ਹਾਂ ਨੇ ਜੋ ਵੀ ਕਰਨਾ ਹੈ ਆਪਣੇ ਬਲਬੂਤੇ 'ਤੇ ਕਰਨ।'' ਸੰਘ ਦੇ ਮੁਖੀ ਦੇ ਇਸ ਬਿਆਨ ਨੇ ਯਕੀਨੀ ਤੌਰ 'ਤੇ ਅਮਿਤ ਸ਼ਾਹ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ।

                                                                                                     — ਤ੍ਰਿਦੀਬ ਰਮਨ

 


KamalJeet Singh

Content Editor

Related News