ਭਾਜਪਾ ਕਰ ਰਹੀ ਲੋਕ ਸਭਾ ਚੋਣਾਂ ਦੀ ਤਿਆਰੀ, ਕਾਂਗਰਸੀ ਪੈ ਰਹੇ ਇਕ-ਦੂਜੇ ''ਤੇ ਭਾਰੀ
Thursday, Aug 02, 2018 - 05:52 AM (IST)

ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਹਿਮਾਚਲ ਪ੍ਰਦੇਸ਼ 'ਚ ਭਾਜਪਾ ਵਲੋਂ ਪੂਰਾ ਰੋਡ ਮੈਪ ਤਿਆਰ ਕਰ ਲਿਆ ਗਿਆ ਹੈ। ਭਾਜਪਾ ਸੰਗਠਨ 'ਚ ਜ਼ਰੂਰੀ ਫੇਰਬਦਲ ਨੂੰ ਲੈ ਕੇ ਪਾਰਟੀ ਇੰਚਾਰਜ ਮੰਗਲ ਪਾਂਡੇ ਆਪਣੀ ਰਿਪੋਰਟ ਵੀ ਆਉਣ ਵਾਲੇ ਦਿਨਾਂ 'ਚ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸੌਂਪ ਦੇਣਗੇ ਕਿਉਂਕਿ ਪਾਰਟੀ ਹਾਈਕਮਾਨ ਨੇ ਹਿਮਾਚਲ 'ਚ ਸੱਤਾ 'ਚ ਆਉਣ ਤੋਂ ਬਾਅਦ ਜ਼ਰੂਰੀ ਫੇਰਬਦਲ ਦੀ ਲੋੜ ਮਹਿਸੂਸ ਕੀਤੀ ਹੈ। ਪਾਰਟੀ ਚੋਣਾਂ ਹਾਰ ਚੁੱਕੇ ਅਤੇ ਜਿੱਤ ਕੇ ਵਿਧਾਇਕ ਬਣੇ ਕੁਝ ਸੀਨੀਅਰ ਆਗੂਆਂ ਦੀਆਂ ਸੇਵਾਵਾਂ ਹੁਣ ਸੰਗਠਨ 'ਚ ਲੈਣਾ ਚਾਹੁੰਦੀ ਹੈ।
ਦੂਜੇ ਪਾਸੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਬਕਾ ਮੁੱਖ ਮੰਤਰੀ ਪ੍ਰੋ. ਪ੍ਰੇਮ ਕੁਮਾਰ ਧੂਮਲ ਦੇ ਜਨ-ਆਧਾਰ ਨੂੰ ਦੇਖਦਿਆਂ ਹਾਈਕਮਾਨ ਉਨ੍ਹਾਂ ਦੀ ਭੂਮਿਕਾ ਵੀ ਤੈਅ ਕਰਨਾ ਚਾਹੁੰਦੀ ਹੈ। ਭਾਜਪਾ ਦੇ ਸੂਬਾ ਪ੍ਰਧਾਨ ਸੱਤਪਾਲ ਸੱਤੀ ਦਾ ਕਾਰਜਕਾਲ ਕੁਝ ਸਮੇਂ ਬਾਅਦ ਖਤਮ ਹੋਣ ਜਾ ਰਿਹਾ ਹੈ, ਜਿਸ ਨਾਲ ਇਹ ਕਿਆਸ ਲਾਏ ਜਾ ਰਹੇ ਹਨ ਕਿ ਪ੍ਰੋ. ਧੂਮਲ ਦੀ ਸੀਨੀਆਰਤਾ ਨੂੰ ਦੇਖਦਿਆਂ ਉਨ੍ਹਾਂ ਨੂੰ ਭਾਜਪਾ ਦਾ ਸੂਬਾਈ ਪ੍ਰਧਾਨ ਬਣਾਇਆ ਜਾ ਸਕਦਾ ਹੈ ਪਰ ਪ੍ਰੋ. ਧੂਮਲ ਦੀ ਹਾਰ ਤੋਂ ਬਾਅਦ ਸੂਬੇ ਅੰਦਰ ਬਦਲੇ ਸਿਆਸੀ ਸਮੀਕਰਨਾਂ ਤੋਂ ਬਾਅਦ ਸੰਗਠਨ ਅਤੇ ਸਰਕਾਰ 'ਚ ਆਰ. ਐੱਸ. ਐੱਸ. ਨਾਲ ਜੁੜੇ ਕੁਲਹਿੰਦ ਵਿਦਿਆਰਥੀ ਪ੍ਰੀਸ਼ਦ ਦਾ ਹੀ ਬੋਲਬਾਲਾ ਹੈ।
ਅਜਿਹੀ ਸਥਿਤੀ 'ਚ ਪ੍ਰੋ. ਧੂਮਲ ਦੇ ਪਾਰਟੀ ਦੇ ਸੂਬਾ ਪ੍ਰਧਾਨ ਬਣਨ ਵੱਲ ਵਧ ਰਹੇ ਕਦਮਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵੀ ਹੋ ਸਕਦੀਆਂ ਹਨ। ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਅਤੇ ਕੇਂਦਰੀ ਮੰਤਰੀ ਜੇ. ਪੀ. ਨੱਡਾ ਨਾਲ ਉਨ੍ਹਾਂ ਦੇ ਰਿਸ਼ਤਿਆਂ 'ਚ ਖਟਾਸ ਵੀ ਅਜੇ ਤਕ ਕਾਇਮ ਹੈ।
ਸੰਗਠਨ ਦੀ ਪਸੰਦ ਨਾਲ ਮੁੱਖ ਮੰਤਰੀ ਬਣੇ ਜੈਰਾਮ ਠਾਕੁਰ ਦੀ ਲੀਡਰਸ਼ਿਪ ਨੂੰ ਪਾਰਟੀ ਹਾਈਕਮਾਨ ਅਗਲੇ 20 ਸਾਲਾਂ ਤਕ ਖੜ੍ਹੀ ਰੱਖਣ ਦੀ ਕੋਸ਼ਿਸ਼ 'ਚ ਹੈ। ਆਰ. ਐੱਸ. ਐੱਸ. ਅਤੇ ਭਾਜਪਾ ਹਾਈਕਮਾਨ ਇਹ ਵੀ ਨਹੀਂ ਚਾਹੇਗੀ ਕਿ ਪ੍ਰੋ. ਧੂਮਲ ਨੂੰ ਭਾਜਪਾ ਦਾ ਸੂਬਾਈ ਪ੍ਰਧਾਨ ਬਣਾਉਣ ਨਾਲ ਜੈਰਾਮ ਠਾਕੁਰ ਦਾ ਪ੍ਰਭਾਵ ਘਟੇ ਪਰ ਲੋਕ ਸਭਾ ਚੋਣਾਂ ਨੂੰ ਲੈ ਕੇ 'ਮਿਸ਼ਨ 4' ਲਈ ਪ੍ਰੋ. ਧੂਮਲ ਦੀ ਅਣਦੇਖੀ ਵੀ ਪਾਰਟੀ ਨੂੰ ਭਾਰੀ ਪੈ ਸਕਦੀ ਹੈ।
ਭਾਜਪਾ ਦੇ ਸਿਆਸੀ ਗਲਿਆਰਿਆਂ 'ਚ ਇਹ ਚਰਚਾ ਵੀ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਪ੍ਰੋ. ਧੂਮਲ ਧੜੇ ਨਾਲ ਸਬੰਧਤ ਕਿਸੇ ਵੱਡੇ ਕੱਦ ਦੇ ਨੇਤਾ ਨੂੰ ਪਾਰਟੀ ਦਾ ਨਵਾਂ ਸੂਬਾ ਪ੍ਰਧਾਨ ਬਣਾ ਸਕਦੇ ਹਨ ਪਰ ਨਵੇਂ ਪ੍ਰਧਾਨ ਲਈ ਅਮਿਤ ਸ਼ਾਹ ਕੇਂਦਰੀ ਮੰਤਰੀ ਨੱਡਾ ਦੀ ਰਾਏ ਨੂੰ ਵੀ ਅਹਿਮੀਅਤ ਦੇਣਗੇ। ਆਉਣ ਵਾਲੇ ਦਿਨਾਂ 'ਚ ਸਾਫ ਹੋ ਜਾਵੇਗਾ ਕਿ ਪ੍ਰੋ. ਧੂਮਲ ਦੀ ਸੰਗਠਨ 'ਚ ਕੀ ਭੂਮਿਕਾ ਤੈਅ ਕੀਤੀ ਜਾਂਦੀ ਹੈ।
ਕਾਂਗਰਸ 'ਚ ਆਪਸੀ ਲੜਾਈ
ਦੂਜੇ ਪਾਸੇ ਕਾਂਗਰਸ ਲੋਕ ਸਭਾ ਚੋਣਾਂ ਦੀ ਤਿਆਰੀ ਕਰਨ ਦੀ ਬਜਾਏ ਅਜੇ ਤਕ ਆਪਸੀ ਲੜਾਈ 'ਚ ਹੀ ਉਲਝੀ ਹੋਈ ਹੈ। ਹਿਮਾਚਲ ਕਾਂਗਰਸ ਦੀ ਨਵੀਂ ਨਿਯੁਕਤ ਕੀਤੀ ਗਈ ਇੰਚਾਰਜ ਰਜਨੀ ਪਾਟਿਲ ਨੇ 9 ਜ਼ਿਲਿਆਂ ਦੇ ਦੌਰੇ ਕਰ ਕੇ ਸੰਗਠਨ ਨੂੰ ਆਮ ਚੋਣਾਂ ਲਈ ਤਿਆਰ ਕਰਨ ਲਈ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਇਨ੍ਹਾਂ ਦੌਰਿਆਂ 'ਤੇ ਵੀ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਅਤੇ ਕਾਂਗਰਸ ਦੇ ਸੂਬਾਈ ਪ੍ਰਧਾਨ ਸੁਖਵਿੰਦਰ ਸੁੱਖੂ ਦੀ ਆਪਸੀ ਲੜਾਈ ਦਾ ਪਰਛਾਵਾਂ ਪਿਆ ਰਿਹਾ।
ਕੁਲਹਿੰਦ ਕਾਂਗਰਸ ਵਰਕਿੰਗ ਕਮੇਟੀ ਦੀ ਸਥਾਈ ਮੈਂਬਰ ਅਤੇ ਵਿਧਾਇਕ ਆਸ਼ਾ ਕੁਮਾਰੀ ਨੇ ਨਿੱਜੀ ਰੁਝੇਵਿਆਂ ਕਾਰਨ ਇਨ੍ਹਾਂ ਦੌਰਿਆਂ ਤੋਂ ਦੂਰੀ ਬਣਾਈ ਰੱਖੀ ਤੇ ਵੀਰਭੱਦਰ ਸਿੰਘ ਨੇ ਵੀ ਸਿਰਫ ਸ਼ਿਮਲਾ ਸੰਸਦੀ ਹਲਕੇ ਦੀਆਂ ਮੀਟਿੰਗਾਂ 'ਚ ਹੀ ਹਿੱਸਾ ਲਿਆ।
ਵੱਡੇ ਨੇਤਾਵਾਂ ਦੀ ਆਪਸੀ ਲੜਾਈ ਦਾ ਅਸਰ ਹੁਣ ਦੂਜੀ ਕਤਾਰ ਦੀ ਲੀਡਰਸ਼ਿਪ 'ਤੇ ਵੀ ਨਜ਼ਰ ਆਉਣ ਲੱਗਾ ਹੈ। ਕਾਂਗੜਾ ਸੰਸਦੀ ਹਲਕੇ 'ਚ ਦੋ ਸਾਬਕਾ ਮੰਤਰੀਆਂ ਜੀ. ਐੱਸ. ਬਾਲੀ ਅਤੇ ਸੁਧੀਰ ਸ਼ਰਮਾ ਵਿਚਾਲੇ ਲੋਕ ਸਭਾ ਟਿਕਟਾਂ ਹਾਸਲ ਕਰਨ ਨੂੰ ਲੈ ਕੇ ਚੱਲ ਰਹੀ ਲੜਾਈ ਤੋਂ ਵੀ ਕਾਂਗਰਸ ਇਸ ਸੰਸਦੀ ਹਲਕੇ 'ਚ ਦੋ ਧੜਿਆਂ 'ਚ ਵੰਡ ਹੁੰਦੀ ਨਜ਼ਰ ਆ ਰਹੀ ਹੈ।
ਹਿਮਾਚਲ ਪ੍ਰਦੇਸ਼ 'ਚ ਵੀਰਭੱਦਰ ਸਿੰਘ ਤੋਂ ਬਾਅਦ ਕਾਂਗਰਸ ਦੀ ਲੀਡਰਸ਼ਿਪ ਫਿਲਹਾਲ ਮੁਕੇਸ਼ ਅਗਨੀਹੋਤਰੀ ਦੇ ਆਲੇ-ਦੁਆਲੇ ਘੁੰਮਣ ਲੱਗੀ ਹੈ ਪਰ 2022 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਆਪਣੇ ਦਮਦਾਰ ਦਾਅਵੇ ਲਈ ਬਾਲੀ ਅਤੇ ਸੁਧੀਰ ਕਿਸੇ ਵੀ ਤਰ੍ਹਾਂ ਲੋਕ ਸਭਾ ਦੇ ਰਸਤਿਓਂ ਹੋ ਕੇ ਹਿਮਾਚਲ ਪਰਤਣ ਦੀ ਯੋਜਨਾ 'ਚ ਹਨ ਪਰ ਸਾਬਕਾ ਮੰਤਰੀ ਹਰਸ਼ ਮਹਾਜਨ ਨੇ ਵੀ ਕਾਂਗੜਾ ਸੰਸਦੀ ਹਲਕੇ ਤੋਂ ਟਿਕਟ ਹਾਸਲ ਕਰ ਕੇ ਕੁਝ ਅਜਿਹਾ ਹੀ ਇਰਾਦਾ ਧਾਰਿਆ ਹੋਇਆ ਹੈ।
ਪਿਛਲੇ ਦਿਨੀਂ ਸੁਧੀਰ ਸ਼ਰਮਾ ਕਾਂਗਰਸ ਦੇ ਕੁਝ ਨੇਤਾਵਾਂ ਦਾ ਸਮਰਥਨ ਹਾਸਲ ਕਰ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਮਿਲ ਕੇ ਟਿਕਟ 'ਤੇ ਆਪਣਾ ਦਾਅਵਾ ਜਤਾ ਆਏ ਹਨ। ਓ. ਬੀ. ਸੀ. ਵਰਗ ਦੇ ਵੱਡੇ ਕਾਂਗਰਸੀ ਨੇਤਾ ਚੌਧਰੀ ਚੰਦਰ ਕੁਮਾਰ ਦੇ ਬੇਟੇ ਸਾਬਕਾ ਵਿਧਾਇਕ ਨੀਰਜ ਭਾਰਤੀ ਨੇ ਸੁਧੀਰ ਸ਼ਰਮਾ ਦੇ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਪਹਿਲਾਂ ਜੀ. ਐੱਸ. ਬਾਲੀ ਦੇ ਕੱਟੜ ਵਿਰੋਧੀ ਰਹੇ ਨੀਰਜ ਭਾਰਤੀ ਨੇ ਹੁਣ ਉਨ੍ਹਾਂ ਨਾਲ ਹੱਥ ਮਿਲਾ ਲਿਆ ਹੈ।
ਇਸੇ ਤਰ੍ਹਾਂ ਹਮੀਰਪੁਰ ਸੰਸਦੀ ਹਲਕੇ 'ਚ ਪ੍ਰੋ. ਧੂਮਲ ਨੂੰ ਹਰਾ ਕੇ ਚਰਚਾ 'ਚ ਆਏ ਸੁਜਾਨਪੁਰ ਦੇ ਵਿਧਾਇਕ ਰਜਿੰਦਰ ਰਾਣਾ ਨੂੰ ਵੀ ਊਨਾ ਦੇ ਵਿਧਾਇਕ ਸਤਪਾਲ ਰਾਏਜ਼ਾਦਾ ਤੋਂ ਚੁਣੌਤੀ ਮਿਲਣ ਲੱਗੀ ਹੈ। ਜ਼ਿਕਰਯੋਗ ਹੈ ਕਿ ਰਜਿੰਦਰ ਰਾਣਾ ਪਿਛਲੀਆਂ ਲੋਕ ਸਭਾ ਚੋਣਾਂ 'ਚ ਕਾਂਗਰਸ ਦੀ ਟਿਕਟ 'ਤੇ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਵਿਰੁੱਧ ਖੜ੍ਹੇ ਸਨ ਤੇ ਇਸ ਵਾਰ ਰਜਿੰਦਰ ਰਾਣਾ ਆਪਣੇ ਬੇਟੇ ਅਭਿਸ਼ੇਕ ਨੂੰ ਲੋਕ ਸਭਾ ਦੀ ਟਿਕਟ ਦਿਵਾਉਣ ਲਈ ਲਾਬਿੰਗ ਕਰ ਰਹੇ ਹਨ ਪਰ ਉਨ੍ਹਾਂ ਦੀ ਇਸ ਲਾਬਿੰਗ ਨੂੰ ਸੁਖਵਿੰਦਰ ਸੁੱਖੂ ਦੇ ਧੜੇ ਤੋਂ ਖੁੱਲ੍ਹੀ ਚੁਣੌਤੀ ਮਿਲ ਰਹੀ ਹੈ।
ਮੰਡੀ ਸੰਸਦੀ ਹਲਕੇ ਦਾ ਜ਼ਿਕਰ ਕਰੀਏ ਤਾਂ ਉਥੋਂ ਦੇ ਜ਼ਿਆਦਾਤਰ ਕਾਂਗਰਸੀ ਲੋਕ ਸਭਾ ਚੋਣਾਂ ਲਈ ਅਜੇ ਵੀ ਵੀਰਭੱਦਰ ਸਿੰਘ ਨੂੰ ਢੁੱਕਵਾਂ ਉਮੀਦਵਾਰ ਮੰਨਦੇ ਹੋਏ ਉਨ੍ਹਾਂ ਦਾ ਰਾਹ ਦੇਖ ਰਹੇ ਹਨ, ਜਦਕਿ ਸਾਬਕਾ ਮੰਤਰੀ ਕੌਲ ਸਿੰਘ ਠਾਕੁਰ ਨੂੰ ਵੀ ਪਾਰਟੀ ਮਜ਼ਬੂਤ ਉਮੀਦਵਾਰ ਵਜੋਂ ਦੇਖ ਰਹੀ ਹੈ।
ਸ਼ਿਮਲਾ (ਰਿਜ਼ਰਵ) ਸੰਸਦੀ ਹਲਕੇ ਤੋਂ ਪਹਿਲਾਂ ਅਜ਼ਮਾਏ ਅਤੇ ਸੋਲਨ ਦੇ ਮੌਜੂਦਾ ਵਿਧਾਇਕ ਧਨੀ ਰਾਮ ਸ਼ਾਂਡਿਲ ਤੋਂ ਇਲਾਵਾ ਨੌਜਵਾਨ ਆਗੂ ਵਿਨੋਦ ਸੁਲਤਾਨਪੁਰੀ ਦੇ ਨਾਵਾਂ ਦੀ ਚਰਚਾ ਚੱਲ ਰਹੀ ਹੈ।
ਕਾਂਗਰਸ 'ਚ ਲੋਕ ਸਭਾ ਚੋਣਾਂ ਲਈ ਟਿਕਟਾਂ ਵਾਸਤੇ ਲਾਬਿੰਗ ਦਾ ਇਹ ਮਾਹੌਲ ਜ਼ਰੂਰ ਹੈ ਪਰ ਚੋਣਾਂ ਲੜਨ ਲਈ ਸੰਗਠਨ ਨੂੰ ਤਿਆਰ ਕਰਨ ਦਾ ਕੰਮ ਬਿਲਕੁਲ ਨਹੀਂ ਹੋ ਰਿਹਾ। ਲੋਕ ਸਭਾ ਚੋਣਾਂ ਲਈ ਪਾਰਟੀ ਅਜੇ ਤਕ ਆਪਣੀ ਰਣਨੀਤੀ ਵੀ ਨਹੀਂ ਬਣਾ ਸਕੀ ਹੈ।
ਵੀਰਭੱਦਰ ਸਿੰਘ ਅਤੇ ਉਨ੍ਹਾਂ ਦਾ ਧੜਾ ਸੁਖਵਿੰਦਰ ਸੁੱਖੂ ਨੂੰ ਹਟਵਾ ਕੇ ਨਵੇਂ ਪ੍ਰਧਾਨ ਨਾਲ ਲੋਕ ਸਭਾ ਚੋਣਾਂ 'ਚ ਉਤਰਨਾ ਚਾਹੁੰਦਾ ਹੈ। ਵੀਰਭੱਦਰ ਸਿੰਘ ਤਾਂ ਰਜਨੀ ਪਾਟਿਲ ਨੂੰ ਵੀ ਕਾਂਗਰਸ ਸੰਗਠਨ 'ਚ ਤਬਦੀਲੀ ਕਰਨ ਦੀ ਗੱਲ ਕਹਿ ਚੁੱਕੇ ਹਨ।
ਸੁਖਵਿੰਦਰ ਸੁੱਖੂ ਅਸਲ 'ਚ ਲੋਕ ਸਭਾ ਚੋਣਾਂ ਤਕ ਆਪਣੇ ਅਹੁਦੇ 'ਤੇ ਟਿਕੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਦੇ ਲਈ ਉਨ੍ਹਾਂ ਨੂੰ ਦਿੱਲੀ ਤੋਂ ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਸਮੇਤ ਸੂਬੇ ਦੇ ਕੁਝ ਵੱਡੇ ਨੇਤਾਵਾਂ ਦਾ ਸਮਰਥਨ ਮਿਲ ਰਿਹਾ ਹੈ।
ਜੇ ਕਾਂਗਰਸ ਅੰਦਰ ਹਾਲਾਤ ਅਜਿਹੇ ਹੀ ਰਹੇ ਤਾਂ ਭਾਜਪਾ ਦਾ 'ਮਿਸ਼ਨ 4' ਸਫਲ ਹੋ ਸਕਦਾ ਹੈ ਕਿਉਂਕਿ ਇਸ ਸਮੇਂ ਸੂਬੇ ਦੀਆਂ ਚਾਰੇ ਲੋਕ ਸਭਾ ਸੀਟਾਂ 'ਤੇ ਭਾਜਪਾ ਦੇ ਸੰਸਦੀ ਮੈਂਬਰ ਹਨ। (pathriarajeev@gmail.com)