ਭਾਰਤ-ਕੈਨੇਡਾ ਮੁੱਦੇ ’ਤੇ ਬਿਗਾਨੇ ਵਿਆਹ ’ਚ ਚੀਨ ਦੀਵਾਨਾ

09/25/2023 6:49:03 PM

ਇਕ ਕਹਾਵਤ ਬਹੁਤ ਪ੍ਰਸਿੱਧ ਹੈ ਅਤੇ ਉਹ ਅੱਜਕੱਲ੍ਹ ਚੀਨ ’ਤੇ ਬਿਲਕੁੱਲ ਫਿੱਟ ਬੈਠਦੀ ਹੈ। ਇਹ ਕਹਾਵਤ ਹੈ ਬਿਗਾਨੇ ਵਿਆਹ ’ਚ ਅਬਦੁੱਲਾ ਦੀਵਾਨਾ। ਅੱਜਕੱਲ੍ਹ ਭਾਰਤ ਅਤੇ ਕੈਨੇਡਾ ਦਰਮਿਆਨ ਕੁਝ ਤਲਖੀ ਚੱਲ ਰਹੀ ਹੈ। ਕੈਨੇਡਾ ’ਚ ਖਾਲਿਸਤਾਨ ਦਾ ਮੁੱਦਾ ਛਾਇਆ ਹੋਇਆ ਹੈ ਜਿਸ ਕਾਰਨ ਗੱਲ ਇੰਨੀ ਅੱਗੇ ਵਧ ਗਈ ਹੈ ਕਿ ਕੈਨੇਡਾ ਨੇ ਭਾਰਤੀ ਦੂਤਘਰ ਦੇ ਇਕ ਅਧਿਕਾਰੀ ਨੂੰ ਕੈਨੇਡਾ ਛੱਡਣ ਲਈ ਕਿਹਾ ਹੈ ਅਤੇ ਇਸ ਕਾਰਨ ਭਾਰਤ ਅਤੇ ਕੈਨੇਡਾ ਦੇ ਰਿਸ਼ਤੇ ਰਸਾਤਲ ’ਤੇ ਪਹੁੰਚਦੇ ਜਾ ਰਹੇ ਹਨ। ਅਸਲ ’ਚ ਕੈਨੇਡਾ ’ਚ ਇਕ ਗੈਂਗਵਾਰ ਕਾਰਨ ਉੱਥੇ ਹਰਦੀਪ ਸਿੰਘ ਨਿੱਝਰ ਨਾਂ ਦੇ ਇਕ ਅੱਤਵਾਦੀ ਦੀ ਸ਼ੱਕੀ ਹਾਲਾਤ ’ਚ ਹੱਤਿਆ ਹੋ ਗਈ। ਇਹ ਅੱਤਵਾਦੀ ਭਾਰਤ ਤੋਂ ਕੈਨੇਡਾ ਗਿਆ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਬਿਨਾਂ ਕੋਈ ਸਬੂਤ ਪੇਸ਼ ਕੀਤੇ ਨਿੱਝਰ ਦੀ ਹੱਤਿਆ ਦਾ ਦੋਸ਼ ਭਾਰਤ ’ਤੇ ਮੜ੍ਹ ਦਿੱਤਾ। ਹਾਲਾਂਕਿ ਇਸ ਮੁੱਦੇ ਨੂੰ ਲੈ ਕੇ ਅਮਰੀਕਾ, ਬਰਤਾਨੀਆ, ਰੂਸ, ਫਰਾਂਸ ਅਤੇ ਜਰਮਨੀ ਵਰਗੇ ਵੱਡੇ ਦੇਸ਼ਾਂ ਨੇ ਅਜੇ ਤੱਕ ਕੁਝ ਵੀ ਨਹੀਂ ਕਿਹਾ। ਨਾਂ ਤਾਂ ਇਨ੍ਹਾਂ ਦੇਸ਼ਾਂ ਨੇ ਭਾਰਤ ਨੂੰ ਲੈ ਕੇ ਵਾਦ-ਵਿਵਾਦ ਵਾਲੀ ਕੋਈ ਟਿੱਪਣੀ ਕੀਤੀ ਹੈ ਅਤੇ ਨਾ ਹੀ ਇਸ ਮੁੱਦੇ ’ਤੇ ਭਾਰਤ ਨੂੰ ਨਿਸ਼ਾਨਾ ਬਣਾਇਆ ਹੈ ਪਰ ਅਜਿਹਾ ਕਦੇ ਨਹੀਂ ਹੋ ਸਕਦਾ ਜਦੋਂ ਭਾਰਤ ’ਤੇ ਕਿਸੇ ਨੇ ਕੋਈ ਦੋਸ਼ ਲਾਏ ਹੋਣ ਅਤੇ ਚੀਨ ਨੇ ਉਸ ਮੁੱਦੇ ’ਤੇ ਭਾਰਤ ਨੂੰ ਨਾ ਘੇਰਿਆ ਹੋਵੇ। ਚੀਨ ਦੀ ਸਰਕਾਰੀ ਅਖਬਾਰ ‘ਗਲੋਬਲ ਟਾਈਮਜ਼’ ਦੀ ਵੀ ਇਸ ਮੁੱਦੇ ’ਤੇ ਐਂਟਰੀ ਹੋ ਗਈ ਹੈ। ਅਸਲ ’ਚ ਚੀਨ ਆਪਣੀ ਸਰਕਾਰੀ ਅਖਬਾਰ ਦੇ ਮੋਢਿਆਂ ’ਤੇ ਬੰਦੂਕ ਰੱਖ ਕੇ ਸਮੇਂ-ਸਮੇਂ ’ਤੇ ਵੱਖ-ਵੱਖ ਦੇਸ਼ਾਂ ’ਤੇ ਨਿਸ਼ਾਨਾ ਵਿੰਨ੍ਹਦਾ ਰਹਿੰਦਾ ਹੈ। ਇਸ ਵਾਰ ਉਸਨੇ ਭਾਰਤ ਸਮੇਤ ਪੱਛਮੀ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਹੈ। ਅਸਲ ’ਚ ਭਾਰਤੀ ਭਗੌੜੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਇਸ ਸਾਲ ਜੂਨ ’ਚ ਕੈਨੇਡਾ ਵਿਖੇ ਹੱਤਿਆ ਹੋਈ ਸੀ। ਕੈਨੇਡਾ ’ਚ ਸਿੱਖਾਂ ਦੀ ਆਬਾਦੀ ਇੰਨੀ ਹੈ ਕਿ ਉਹ ਉੱਥੇ ਕਿਸੇ ਪਾਰਟੀ ਨੂੰ ਸੱਤਾ ’ਚ ਲਿਆ ਸਕਦੇ ਹਨ ਜਾਂ ਵਿਰੋਧੀ ਧਿਰ ’ਚ ਬਿਠਾ ਸਕਦੇ ਹਨ। ਭਾਰਤ ਵਿਰੋਧੀ ਖਾਲਿਸਤਾਨੀ ਸੰਗਠਨ ਦੇ ਕਈ ਸਰਗਰਮ ਵਿਅਕਤੀ ਕੈਨੇਡਾ ’ਚ ਵੱਸੇ ਹੋਏ ਹਨ। ਟਰੂਡੋ ਲਈ ਸਿੱਖਾਂ ਦੀਆਂ ਵੋਟਾਂ ਅਰਥ ਰੱਖਦੀਆਂ ਹਨ, ਇਸੇ ਲਈ ਟਰੂਡੋ ਨੇ ਬਿਨਾਂ ਕੋਈ ਸਬੂਤ ਪੇਸ਼ ਕੀਤੇ ਨਿੱਝਰ ਦੀ ਹੱਤਿਆ ਦਾ ਦੋਸ਼ ਭਾਰਤ ’ਤੇ ਮੜ੍ਹ ਦਿੱਤਾ। ਇਸੇ ਕਾਰਨ ਦੋਹਾਂ ਦੇਸ਼ਾਂ ਦਰਮਿਆਨ ਸਬੰਧਾਂ ’ਚ ਤਲਖੀ ਆਈ ਹੈ।

ਇਸ ਮੁੱਦੇ ’ਤੇ ਚੀਨ ਦੀ ਸਰਕਾਰੀ ਅਖਬਾਰ ‘ਗਲੋਬਲ ਟਾਈਮਜ਼’ ਨੇ ਲਿਖਿਆ ਹੈ ਕਿ ਹੁਣੇ ਜਿਹੇ ਹੀ ਦਿੱਲੀ ’ਚ ਆਯੋਜਿਤ ਜੀ-20 ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਈ ਵੱਡੇ ਆਗੂਆਂ ਨਾਲ ਨਿੱਜੀ ਬੈਠਕਾਂ ਕੀਤੀਆਂ ਪਰ ਟਰੂਡੋ ਨਾਲ ਇਕ ਵੀ ਅਜਿਹੀ ਬੈਠਕ ਨਹੀਂ ਕੀਤੀ। ਇਹ ਦੋਹਾਂ ਦੇਸ਼ਾਂ ਦੇ ਸਬੰਧਾਂ ’ਚ ਇਕ ਵੱਡਾ ਮੁੱਦਾ ਬਣ ਗਿਆ ਜਿਸ ਕਾਰਨ ਮਾਮਲਾ ਇਨ੍ਹਾਂ ਭਖ ਗਿਆ ਕਿ ਦੋਹਾਂ ਦੇਸ਼ਾਂ ਨੇ ਇਕੇ-ਦੂਜੇ ਦੇ ਡਿਪਲੋਮੈਟਾਂ ਨੂੰ ਆਪਣਾ ਦੇਸ਼ ਛੱਡਣ ਦੇ ਹੁਕਮ ਜਾਰੀ ਕਰ ਦਿੱਤੇ। ‘ਗਲੋਬਲ ਟਾਈਮਜ਼’ ਨੇ ਅਮਰੀਕਾ ਨੂੰ ਘੇਰਦੇ ਹੋਏ ਲਿਖਿਆ ਹੈ ਕਿ ਇਹ ਪੂਰੀ ਘਟਨਾ ਕੀਮਤ ਆਧਾਰਿਤ ਸਿਸਟਮ ਦੀ ਪੋਲ ਖੋਲ੍ਹਦੀ ਹੈ ਜਿਸ ਨੂੰ ਅਮਰੀਕਾ ਕੰਟਰੋਲ ਕਰਦਾ ਹੈ। ਚੀਨ ਦਾ ਕਹਿਣਾ ਹੈ ਕਿ ਅਮਰੀਕਾ ਕੀਮਤ ਆਧਾਰਿਤ ਸਬੰਧਾਂ ਦੀ ਜੋ ਵਿਆਖਿਆ ਕਰਦਾ ਹੈ, ਉਸਦੀ ਸੱਚਾਈ ਇਹ ਹੈ ਕਿ ਉਹ ਅੱਜ ਭਾਰਤ ਉੱਪਰ ਕੁਝ ਵੀ ਨਹੀਂ ਬੋਲ ਰਿਹਾ। ‘ਗਲੋਬਲ ਟਾਈਮਜ਼’ ਅਖਬਾਰ ’ਚ ਛਪੇ ਸੰਪਾਦਕੀ ’ਚ ਚੀਨ ਨੇ ਪੱਛਮੀ ਦੇਸ਼ਾਂ ਨੂੰ ਵੀ ਨਿਸ਼ਾਨੇ ’ਤੇ ਲੈਂਦੇ ਹੋਏ ਕਿਹਾ ਹੈ ਕਿ ਇਹ ਦੇਸ਼ ਆਪਣੇ-ਆਪ ਨੂੰ ਮਨੁੱਖੀ ਅਧਿਕਾਰਾਂ ਦਾ ਰਖਵਾਲਾ ਮੰਨਦੇ ਹਨ ਅਤੇ ਦੂਜੇ ਦੇਸ਼ਾਂ ਨੂੰ ਮਨੁੱਖੀ ਅਧਿਕਾਰਾਂ ’ਤੇ ਨਿਸ਼ਾਨਾ ਬਣਾਉਂਦੇ ਹਨ ਪਰ ਹੁਣ ਭਾਰਤ ਦੇ ਮਾਮਲੇ ’ਤੇ ਚੁੱਪ ਹਨ। ਅਸਲ ’ਚ ਇਹ ਦੇਸ਼ ਭਾਰਤ ਨੂੰ ਚੀਨ ਵਿਰੋਧੀ ਆਪਣੇ ਗਰੁੱਪ ’ਚ ਸ਼ਾਮਲ ਕਰਨਾ ਚਾਹੁੰਦੇ ਹਨ। ਉਹ ਭਾਰਤ ਦੇ ਲੋਕਰਾਜ ਦੀ ਸ਼ਲਾਘਾ ਸਿਰਫ ਇਸ ਲਈ ਕਰਦੇ ਹਨ ਕਿਉਂਕਿ ਇਸ ਸਮੇਂ ਉਨ੍ਹਾਂ ਨੂੰ ਚੀਨ ਵਿਰੁੱਧ ਭਾਰਤ ਦੀ ਹਮਾਇਤ ਦੀ ਲੋੜ ਹੈ। ਉਂਝ ਇਨ੍ਹਾਂ ਪੱਛਮੀ ਦੇਸ਼ਾਂ ਦਾ ਵੀ ਮੰਨਣਾ ਹੈ ਕਿ ਜੋ ਲੋਕਰਾਜ ਇਨ੍ਹਾਂ ਦੇ ਦੇਸ਼ਾਂ ’ਚ ਹੈ, ਭਾਰਤ ’ਚ ਉਹੋ ਜਿਹਾ ਨਹੀਂ ਹੈ। ਭਾਰਤ ਦਾ ਲੋਕਰਾਜ ਇਨ੍ਹਾਂ ਦੇ ਲੋਕਰਾਜ ਤੋਂ ਵੱਖਰਾ ਹੈ। ਭਾਰਤ ’ਚ ਘੱਟਗਿਣਤੀ ਲੋਕਾਂ ਨੂੰ ਲੈ ਕੇ ਜੋ ਨੀਤੀਆਂ ਬਣੀਆਂ ਹਨ, ਉਨ੍ਹਾਂ ਦੀ ਹਮਾਇਤ ਪੱਛਮੀ ਦੇਸ਼ ਬਿਲਕੁਲ ਨਹੀਂ ਕਰਦੇ। ‘ਗਲੋਬਲ ਟਾਈਮਜ਼’ ਮੁਤਾਬਕ ਇਸ ਸਮੇਂ ਭਾਰਤ ’ਚ ਧਾਰਮਿਕ ਅਤੇ ਜਾਤੀ ਘੱਟਗਿਣਤੀਆਂ ’ਤੇ ਜੋ ਅੱਤਿਆਚਾਰ ਹੋ ਰਹੇ ਹਨ, ਨੂੰ ਲੈ ਕੇ ਅਮਰੀਕਾ ਅਤੇ ਪੱਛਮੀ ਦੇਸ਼ ਇਸ ਲਈ ਚੁੱਪ ਹਨ ਕਿਉਂਕਿ ਉਹ ਭਾਰਤ ਨੂੰ ਚੀਨ ਵਿਰੁੱਧ ਆਪਣੇ ਪਾਲੇ ’ਚ ਰੱਖਣਾ ਚਾਹੁੰਦੇ ਹਨ।


Anuradha

Content Editor

Related News