ਬ੍ਰਿਟਿਸ਼ ਪ੍ਰਧਾਨ ਮੰਤਰੀ ਥੈਰੇਸਾ ਮੇ ‘ਆਸਮਾਨ ਤੋਂ ਡਿਗੀ ਖਜੂਰ ’ਤੇ ਅਟਕੀ’

Friday, Nov 23, 2018 - 06:17 AM (IST)

ਬ੍ਰਿਟਿਸ਼  ਪ੍ਰਧਾਨ ਮੰਤਰੀ ਥੈਰੇਸਾ ਮੇ ਵਿਰੁੱਧ ਟੋਰੀ ਪਾਰਟੀ ਅੰਦਰ ਉੱਠਿਆ ਬਗਾਵਤ ਦਾ ਤੂਫਾਨ ਤਾਂ ਟਲ  ਗਿਆ ਹੈ ਪਰ ਉਨ੍ਹਾਂ ਦੀਅਾਂ ਮੁਸੀਬਤਾਂ ਦਾ ਅਜੇ ਤਕ ਅੰਤ ਨਹੀਂ ਹੋਇਆ। ਉਨ੍ਹਾਂ ਵਿਰੁੱਧ ਬੇਭਰੋਸਗੀ ਮਤੇ ਦੀਅਾਂ ਕੋਸ਼ਿਸ਼ਾਂ ਸਿਰੇ ਨਹੀਂ ਚੜ੍ਹ ਸਕੀਅਾਂ ਕਿਉਂਕਿ ਅਜਿਹੇ ਮਤੇ ਨੂੰ ਪੇਸ਼ ਕਰਨ ਲਈ ਹਾਊਸ ਆਫ ਕਾਮਨਜ਼ ਦੇ ਘੱਟ-ਘੱਟ 48  ਮੈਂਬਰਾਂ ਦੇ ਸਮਰਥਨ ਦੀ ਲੋੜ  ਹੁੰਦੀ ਹੈ ਪਰ ਜਿਸ ਟੋਰੀ ਨੇਤਾ ਨੇ ਥੈਰੇਸਾ ਮੇ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ, ਉਹ 24 ਤੋਂ  ਜ਼ਿਆਦਾ ਸੰਸਦ ਮੈਂਬਰਾਂ ਦੇ ਦਸਤਖਤ ਕਰਵਾਉਣ ’ਚ ਸਫਲ ਨਹੀਂ ਹੋ ਸਕੇ। 
ਤੋਪ ਦਾ ਜੋ ਗੋਲਾ ਉਹ ਥੈਰੇਸਾ ਮੇ ’ਤੇ ਚਲਾਉਣਾ ਚਾਹੁੰਦੇ ਸਨ, ਉਹ ਉਲਟਾ ਉਨ੍ਹਾਂ ਉਤੇ  ਹੀ ਚੱਲ ਗਿਆ ਹੈ। ਪਿਛਲੇ ਹਫਤੇ ਹੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਮੁੱਖ ਟੋਰੀ ਨੇਤਾ ਰੀਸ ਮੋਗ ਨੇ ਮੁਸ਼ਕਿਲਾਂ ’ਚ ਘਿਰੀ ਥੈਰੇਸਾ ਮੇ ਦੀ ਸਥਿਤੀ ਦਾ ਲਾਹਾ  ਲੈ  ਕੇ ਖੁਦ ਪ੍ਰਦਾਨ ਮੰਤਰੀ ਬਣਨ ਦੇ ਜੋ ਸੁਪਨੇ ਦੇਖੇ ਸਨ, ਉਹ ਚਕਨਾਚੂਰ ਹੋ ਗਏ ਹਨ। ਇਸ ਚਾਲ  ’ਚ ਪਾਰਟੀ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ। ਨਿਰਾਸ਼ ਹੋ ਕੇ ਉਨ੍ਹਾਂ ਨੂੰ ਇਹ ਕਹਿਣਾ ਪੈ ਗਿਆ ਹੈ ਕਿ ‘‘ਹੁਣ ਸਾਨੂੰ ਥੈਰੇਸਾ ਮੇ ਨੂੰ ਪ੍ਰਧਾਨ ਮੰਤਰੀ ਵਜੋਂ ਅਗਲੀਅਾਂ ਚੋਣਾਂ ਤਕ ਸਹਿਣ ਕਰਨਾ ਪਵੇਗਾ।’’ ਅਗਲੀਅਾਂ ਚੋਣਾਂ 2022 ’ਚ ਹਨ। 
ਮੁਸ਼ਕਿਲਾਂ ਦਾ ਅੰਤ ਨਹੀਂ
ਪਰ ਇਸ ਨਾਲ ਵੀ ਥੈਰੇਸਾ ਮੇ ਦੀਅਾਂ ਮੁਸ਼ਕਿਲਾਂ ਦਾ ਅੰਤ ਨਹੀਂ ਹੋਇਆ। ਅਜੇ ਉਨ੍ਹਾਂ ਦੀ ਹਾਲਤ ‘ਆਸਮਾਨ  ਤੋਂ ਡਿਗੀ, ਖਜੂਰ ’ਤੇ  ਅਟਕੀ’ ਵਾਲੀ ਹੈ। ਉਨ੍ਹਾਂ ਨੂੰ ਇਕ ਨਹੀਂ ਦੋ ਵੱਡੇ ਮੋਰਚਿਅਾਂ ’ਤੇ ਲੜਾਈ ਲੜਨੀ ਪੈਣੀ ਹੈ। ਇਕ ਤਾਂ ਯੂਰਪੀਅਨ ਯੂਨੀਅਨ (ਈ. ਯੂ.) ਛੱਡਣ ’ਤੇ ਬ੍ਰਿਟੇਨ ਅਤੇ ਈ. ਯੂ. ਵਿਚਾਲੇ ਭਵਿੱਖ ’ਚ ਸਬੰਧ ਕਿਹੋ ਜਿਹੇ ਹੋਣਗੇ, ਉਸ ਦੇ ਲਈ ਉਨ੍ਹਾਂ ਨੇ ਜੋ ਸੰਧੀ ਸਖਤ ਮਿਹਨਤ ਤੋਂ ਬਾਅਦ ਤਿਆਰ ਕੀਤੀ ਹੈ, ਉਸ ਨੂੂੰ  ਬ੍ਰਿਟਿਸ਼ ਸੰਸਦ ਤੋਂ ਮਨਜ਼ੂਰ ਕਰਵਾਉਣਾ ਪਵੇਗਾ ਤੇ ਦੂਜਾ ਉਸ ਸੰਧੀ ਲਈ ਈ. ਯੂ. ਦੇ ਬਾਕੀ 27 ਮੈਂਬਰ ਦੇਸ਼ਾਂ ਦੀ ਮਨਜ਼ੂਰੀ ਹਾਸਿਲ ਕਰਨੀ ਪਵੇਗੀ।
ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਹਟਾਉਣ ਲਈ ਟੋਰੀ ਪਾਰਟੀ ਅੰਦਰ ਉੱਠਿਆ ਤੂਫਾਨ ਬੇਸ਼ੱਕ ਰੁਕ ਜਿਹਾ ਗਿਆ ਹੈ ਪਰ ਨਵੀਂ ਸੰਧੀ ਦੇ ਵਿਸ਼ੇ ’ਤੇ ਪਾਰਟੀ ਦੇ ਸੰਸਦ ਮੈਂਬਰਾਂ ਵਿਚਾਲੇ ਸਹਿਮਤੀ ਨਹੀਂ ਹੈ। ਟੋਰੀ ਸੰਸਦ ਮੈਂਬਰਾਂ ਦੀ ਵੱਡੀ ਗਿਣਤੀ ਇਸ ਸੰਧੀ ਦੀਅਾਂ ਕਈ ਧਾਰਾਵਾਂ ਨੂੰ ਬ੍ਰਿਟਿਸ਼ ਹਿੱਤ ਦੇ ਉਲਟ ਸਮਝਦੇ  ਹੋਏ ਇਸ ਦੇ ਵਿਰੁੱਧ ਵੋਟ ਦੇਣ ਦੇ ਸੰਕੇਤ ਦੇ ਚੁੱਕੀ ਹੈ। 
ਸੰਸਦ ਵਿਚ ਟੋਰੀ ਪਾਰਟੀ ਘੱਟਗਿਣਤੀ ’ਚ ਹੈ। ਥੈਰੇਸਾ ਮੇ ਆਇਰਲੈਂਡ ਦੀ ਡੈਮੋਕ੍ਰੇਟਿਕ ਪਾਰਟੀ ਦੇ 10 ਮੈਂਬਰਾਂ ਦੇ ਸਮਰਥਨ ਸਦਕਾ ਸੱਤਾ ’ਚ ਹਨ। ਇਸੇ ਤਰ੍ਹਾਂ ਲੇਬਰ ਨੇਤਾ ਜੇਰੇਮੀ ਕੋਰਬਿਨ ਨੇ ਵੀ ਅਜੇ ਤਕ ਇਹ ਸਪੱਸ਼ਟ ਨਹੀਂ ਕੀਤਾ ਕਿ ਸੰਸਦ ’ਚ ਸੰਧੀ ’ਤੇ ਵੋਟਿੰਗ ਹੋਣ ਦੀ ਸਥਿਤੀ ’ਚ ਉਨ੍ਹਾਂ ਦੀ ਵੋਟ ਕਿੱਧਰ ਜਾਵੇਗੀ। ਲਿਬਰਲ ਡੈਮੋਕ੍ਰੇਟਿਕ ਪਾਰਟੀ ਖੁੱਲ੍ਹ ਕੇ ਵਿਰੋਧ ਕਰ ਰਹੀ ਹੈ। 
ਕੁਲ ਮਿਲਾ ਕੇ ਸਥਿਤੀ ਅਜੇ ਸਪੱਸ਼ਟ ਨਹੀਂ ਹੈ ਪਰ ਅਜਿਹੇ ਲੱਛਣ ਪੈਦਾ ਹੋ ਰਹੇ ਹਨ ਕਿ ਥੈਰੇਸਾ ਮੇ ਸੰਸਦ ’ਚ ਮਨਜ਼ੂਰੀ ਹਾਸਿਲ ਕਰਨ ’ਚ ਸਫਲ ਹੋ ਜਾਵੇਗੀ, ਨਹੀਂ ਤਾਂ ਬ੍ਰਿਟੇਨ ਇਕ ਭਿਆਨਕ ਸੰਕਟ ’ਚ ਘਿਰ ਜਾਵੇਗਾ। 
ਸੰਧੀ ਦੀ ਮਨਜ਼ੂਰੀ ਦੀ ਮਹੱਤਤਾ 
ਸੰਸਦ ਤੋਂ ਮਨਜ਼ੂਰੀ ਦੇ ਆਧਾਰ ’ਤੇ ਹੀ ਥੈਰੇਸਾ ਮੇ ਯੂਰਪੀਅਨ ਯੂਨੀਅਨ ਦੇ ਬਾਕੀ ਮੈਂਬਰਾਂ ਤੋਂ ਸੰਧੀ ਮਨਜ਼ੂਰ ਕਰਵਾਉਣ ਦੀ ਕੋਈ ਗੱਲ ਕਰ ਸਕਣ ਦੀ ਸਥਿਤੀ ’ਚ ਹੋਵੇਗੀ। ਅਜਿਹੀ ਮਨਜ਼ੂਰੀ ਹਾਸਿਲ ਕਰਨ ਦਾ ਸਮਾਂ ਹੁਣ ਬਿਲਕੁਲ ਖਤਮ ਹੋਣ ਵਾਲਾ ਹੈ। ਐਤਵਾਰ 25 ਨਵੰਬਰ ਨੂੰ ਯੂਰਪੀਅਨ ਯੂਨੀਅਨ ਦੇ ਮੁੱਖ ਦਫਤਰ ਬ੍ਰਸੇਲਜ਼ ’ਚ ਈ. ਯੂ. ਦੇ ਨੇਤਾਵਾਂ ਦੀ ਅਹਿਮ ਮੀਟਿੰਗ ਹੋਣ ਵਾਲੀ ਹੈ, ਜਿਸ ’ਚ ਥੈਰੇਸਾ ਮੇ ਦੀ ਪ੍ਰਸਤਾਵਿਤ ਸੰਧੀ ’ਤੇ ਵਿਚਾਰ ਹੋਵੇਗਾ।
ਕਈ ਦੇਸ਼ ਇਸ ਦੇ ਵਿਰੋਧ ’ਚ ਆਵਾਜ਼ ਉਠਾ ਚੁੱਕੇ ਹਨ। ਜਰਮਨ ਚਾਂਸਲਰ ਮਾਰਕੇਲ ਨੇ ਮੀਟਿੰਗ ’ਚ ਸ਼ਾਮਿਲ ਨਾ ਹੋਣ ਦਾ ਐਲਾਨ ਕਰ ਦਿੱਤਾ ਹੈ। ਇਸੇ ਤਰ੍ਹਾਂ ਸਪੇਨ ਵੀ ਪਹਿਲਾਂ ਆਪਣੀਅਾਂ ਕੁਝ ਸ਼ਰਤਾਂ ਮੰਨਵਾਉਣਾ ਚਾਹੁੰਦਾ ਹੈ। ਹੁਣ ਐਤਵਾਰ ਨੂੰ ਹੋਣ ਵਾਲੀ ਮੀਟਿੰਗ ਦਾ ਕੀ ਨਤੀਜਾ ਨਿਕਲਦਾ ਹੈ, ਉਸੇ ਉਤੇ ਥੈਰੇਸਾ ਮੇ ਦਾ ਭਵਿੱਖ ਨਿਰਭਰ ਕਰੇਗਾ। 
  


Related News