ਬਿੰਦੀ ਅਤੇ ਸਾੜ੍ਹੀ ਨਵਾਂ ਫੈਸ਼ਨ ਸਟੇਟਮੈਂਟ

07/21/2019 5:36:23 AM

ਤਿੰਨ-ਚਾਰ ਸਾਲ ਪਹਿਲਾਂ ਮੈਂ ਏਅਰਪੋਰਟ 'ਤੇ ਬੈਠੀ ਹੋਈ ਸੀ। ਇਕ ਨਜ਼ਰ ਉਥੇ ਆਉਣ-ਜਾਣ ਵਾਲੀਆਂ ਔਰਤਾਂ 'ਤੇ ਮਾਰਨ ਲੱਗੀ। ਉਥੇ ਹਰ ਉਮਰ ਦੀਆਂ ਔਰਤਾਂ ਮੌਜੂਦ ਸਨ ਪਰ ਕਿਸੇ ਨੇ ਵੀ ਸਾੜ੍ਹੀ ਨਹੀਂ ਪਹਿਨੀ ਹੋਈ ਸੀ। ਪਿਛਲੇ 30-40 ਸਾਲਾਂ 'ਚ ਗਲੋਬਲਾਈਜ਼ੇਸ਼ਨ ਤੋਂ ਪਹਿਲਾਂ ਜਿਉਂ-ਜਿਉਂ ਔਰਤਾਂ ਘਰੋਂ ਬਾਹਰ ਕੰਮ ਕਰਨ ਨਿਕਲੀਆਂ, ਓਨਾ ਹੀ ਸਾੜ੍ਹੀ ਪਹਿਨਣਾ ਘੱਟ ਹੁੰਦਾ ਗਿਆ। ਕਈ ਸਾਲ ਪਹਿਲਾਂ ਚਾਂਦਨੀ ਚੌਕ ਦੇ ਇਕ ਵੱਡੇ ਸਾੜ੍ਹੀ ਵਪਾਰੀ ਨੇ ਕਿਹਾ ਸੀ ਕਿ ਔਰਤਾਂ ਦਾ ਲਗਾਤਾਰ ਸਾੜ੍ਹੀ ਪਹਿਨਣਾ ਘੱਟ ਹੁੰਦਾ ਜਾ ਰਿਹਾ ਹੈ, ਇਸ ਲਈ ਉਹ ਕੋਈ ਹੋਰ ਕੰਮ ਕਰਨ ਬਾਰੇ ਸੋਚ ਰਹੇ ਹਨ। ਪਹਿਲਾਂ ਸ਼ਾਦੀ-ਵਿਆਹ ਦੇ ਮੌਕੇ 'ਤੇ ਰਿਸ਼ਤੇਦਾਰਾਂ ਨੂੰ ਤੋਹਫੇ 'ਚ ਸਾੜ੍ਹੀਆਂ ਦਿੱਤੀਆਂ ਜਾਂਦੀਆਂ ਸਨ ਪਰ ਹੁਣ ਉਹ ਵੀ ਘੱਟ ਹੁੰਦੀਆਂ ਜਾ ਰਹੀਆਂ ਹਨ। ਸ਼ਾਇਦ ਇਹੀ ਕਾਰਣ ਹੈ ਕਿ ਲੇਖਿਕਾ ਸੁਨੀਤਾ ਬੁੱਧੀਰਾਜਾ ਸਾੜ੍ਹੀ ਦੇ ਪੱਖ 'ਚ ਇਕ ਮੁਹਿੰਮ ਸਾਲਾਂ ਤੋਂ ਚਲਾ ਰਹੀ ਹੈ। ਇਸ 'ਚ ਔਰਤਾਂ ਆਪਣੇ ਸਾੜ੍ਹੀ ਪਹਿਨੀ ਚਿੱਤਰ ਪੋਸਟ ਕਰਦੀਆਂ ਹਨ। ਉਂਝ ਬਨਾਰਸੀ ਸਾੜ੍ਹੀ ਨੂੰ ਵਿਸ਼ਵ ਵਿਰਾਸਤਾਂ 'ਚ ਸ਼ਾਮਿਲ ਕੀਤਾ ਜਾ ਚੁੱਕਾ ਹੈ। ਨਵੰਬਰ 2017 ਵਿਚ 'ਨਿਊਯਾਰਕ ਟਾਈਮਜ਼' ਵਿਚ ਅਸਗਰ ਕਾਦਰੀ ਨੇ ਲਿਖਿਆ ਕਿ ਮੋਦੀ ਦੇ ਸੱਤਾ ਸੰਭਾਲਦੇ ਹੀ ਸਾੜ੍ਹੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਸਾੜ੍ਹੀ ਹਿੰਦੂ ਔਰਤਾਂ ਦਾ ਪਹਿਰਾਵਾ ਹੈ। ਪਹਿਰਾਵੇ ਨੂੰ ਫੈਸ਼ਨ ਨਾਲ ਨਹੀਂ, ਰਾਸ਼ਟਰਵਾਦ ਨਾਲ ਜੋੜਿਆ ਜਾ ਰਿਹਾ ਹੈ। ਇਸ ਲੇਖ ਦੀ ਤਵਲੀਨ ਸਿੰਘ, ਪ੍ਰਿਅੰਕਾ ਚਤੁਰਵੇਦੀ ਅਤੇ ਬਹੁਤ ਸਾਰੀਆਂ ਹੋਰ ਔਰਤਾਂ ਨੇ ਸਖਤ ਆਲੋਚਨਾ ਕੀਤੀ ਸੀ। ਸਭ ਦਾ ਕਹਿਣਾ ਸੀ ਕਿ ਸਾੜ੍ਹੀ ਤਾਂ ਪਤਾ ਨਹੀਂ ਕਦੋਂ ਤੋਂ ਪਹਿਨੀ ਜਾ ਰਹੀ ਹੈ, ਲੇਖਿਕਾ ਨੇ ਬਿਨਾਂ ਰਿਸਰਚ ਦੇ ਇਹ ਲੇਖ ਲਿਖ ਦਿੱਤਾ। ਇਸ ਲੇਖਿਕਾ ਨੂੰ ਵੀ ਇਹ ਲੇਖ ਬਹੁਤ ਹੀ ਪੱਖਪਾਤੀ ਲੱਗਾ ਸੀ। ਇਕ ਪਾਸੇ ਤਾਂ ਭਾਰਤ 'ਚ ਸਾੜ੍ਹੀ ਪਹਿਨਣ ਵਾਲੀਆਂ ਔਰਤਾਂ ਬਹੁਤ ਘੱਟ ਹੁੰਦੀਆਂ ਜਾ ਰਹੀਆਂ ਹਨ, ਦੂਜੇ ਪਾਸੇ ਸੁੰਦਰ ਪਹਿਰਾਵੇ ਨੂੰ ਕਿਸੇ ਪਾਰਟੀ ਜਾਂ ਧਰਮ ਨਾਲ ਜੋੜਨਾ ਕਿੱਥੋਂ ਤਕ ਜਾਇਜ਼ ਹੈ? ਸਾੜ੍ਹੀ ਸਿਰਫ ਹਿੰਦੂ ਔਰਤਾਂ ਹੀ ਨਹੀਂ, ਸਾਰੇ ਧਰਮਾਂ ਦੀਆਂ ਔਰਤਾਂ ਪਹਿਨਦੀਆਂ ਹਨ। ਬਨਾਰਸੀ ਸਾੜ੍ਹੀ ਨੂੰ ਬਣਾਉਣ ਵਾਲੇ ਵੀ ਆਮ ਤੌਰ 'ਤੇ ਮੁਸਲਮਾਨ ਹੀ ਹਨ। ਭਾਰਤ 'ਚ ਉਂਝ ਵੀ ਹਜ਼ਾਰਾਂ ਤਰ੍ਹਾਂ ਦੀਆਂ ਸਾੜ੍ਹੀਆਂ ਬਣਦੀਆਂ ਹਨ–ਬੰਗਾਲ ਦੀ ਤਾਂਤ, ਛੱਤੀਸਗੜ੍ਹ ਦੀ ਕੋਸਾ, ਮੱਧ ਪ੍ਰਦੇਸ਼ ਦੀ ਚੰਦੇਰੀ, ਇਨ੍ਹਾਂ ਤੋਂ ਇਲਾਵਾ ਸਾੜ੍ਹੀਆਂ ਦੀਆਂ ਪਤਾ ਨਹੀਂ ਕਿੰਨੀਆਂ ਕਿਸਮਾਂ ਅਤੇ ਡਿਜ਼ਾਈਨਸ ਹਨ। ਇਨ੍ਹਾਂ ਨੂੰ ਪਹਿਨਣ ਦੇ ਤਰੀਕੇ ਵੀ ਵੱਖ-ਵੱਖ ਹਨ।
ਸਭ ਨੂੰ ਬਣਾਉਣ ਦੇ ਤਰੀਕੇ ਵੀ ਵੱਖ-ਵੱਖ ਹਨ। ਫਿਰ ਸੂਤੀ, ਰੇਸ਼ਮੀ ਅਤੇ ਅਜਿਹੀਆਂ ਹੀ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਕੱਪੜਿਆਂ ਦੀਆਂ ਸਾੜ੍ਹੀਆਂ। ਮੁੰਬਈ ਵਿਚ ਇਕ ਔਰਤ 300 ਕਿਸਮਾਂ ਦੀਆਂ ਸਾੜ੍ਹੀਆਂ ਪਹਿਨਾ ਸਕਦੀ ਹੈ। ਇਸ ਦੀ ਮਦਦ ਨੀਤਾ ਅੰਬਾਨੀ ਤੋਂ ਲੈ ਕੇ ਤਮਾਮ ਵੱਡੀਆਂ ਅਭਿਨੇਤਰੀਆਂ ਅਤੇ ਸੈਲੀਬ੍ਰਿਟੀਜ਼ ਵੀ ਲੈਂਦੀਆਂ ਹਨ। ਇਕ ਸਮੇਂ 'ਚ ਸਾੜ੍ਹੀ ਪਹਿਨਣ ਦੀ ਪ੍ਰਤੀਯੋਗਤਾ ਵੀ ਹੁੰਦੀ ਸੀ, ਕੌਣ ਕਿੰਨੀ ਜਲਦੀ ਸਾੜ੍ਹੀ ਪਹਿਨ ਸਕਦਾ ਹੈ। ਇਸ ਤੋਂ ਇਲਾਵਾ ਸਕੂਲਾਂ-ਕਾਲਜਾਂ 'ਚ ਉਨ੍ਹਾਂ ਅਧਿਆਪਕਾਵਾਂ ਦੀ ਭਾਰੀ ਸ਼ੋਹਰਤ ਹੁੰਦੀ ਸੀ, ਜੋ ਚੰਗੀ ਤਰ੍ਹਾਂ ਨਾਲ ਸਾੜ੍ਹੀ ਬੰਨ੍ਹਦੀਆਂ ਸਨ।

ਅਭਿਨੇਤਰੀਆਂ ਦੇ ਨਾਂ 'ਤੇ ਵਿਕਦੀਆਂ ਸਾੜ੍ਹੀਆਂ
ਹੁਣ ਅੱਜਕਲ ਇਹ ਹੋ ਗਿਆ ਹੈ ਕਿ ਤਮਾਮ ਅਭਿਨੇਤਰੀਆਂ ਦੇ ਨਾਂ ਨਾਲ ਵਿਕਣ ਵਾਲੀਆਂ ਸਾੜ੍ਹੀਆਂ ਵੱਡੇ ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤਕ ਜਾ ਪਹੁੰਚੀਆਂ ਹਨ। ਦੀਪਿਕਾ ਅਤੇ ਅਨੁਸ਼ਕਾ ਨੇ ਵੀ ਆਪਣੇ ਵਿਆਹ ਦੇ ਸਮੇਂ ਜੋ ਸਾੜ੍ਹੀਆਂ ਪਹਿਨੀਆਂ ਸਨ, ਉਨ੍ਹਾਂ ਦੀ ਭਾਰੀ ਸੇਲ ਵੀ ਹੋਈ ਸੀ। ਬਣਨ ਵਾਲੀਆਂ ਦੁਲਹਨਾਂ ਉਹੀ ਸਾੜ੍ਹੀਆਂ ਪਹਿਨਦੀਆਂ ਸਨ, ਜੋ ਇਨ੍ਹਾਂ ਅਭਿਨੇਤਰੀਆਂ ਨੇ ਪਹਿਨੀਆਂ ਸਨ।
ਹਾਲਾਂਕਿ ਇਹ ਵੀ ਸੱਚ ਹੈ ਕਿ ਪਹਿਲਾਂ ਜਿੱਥੇ ਸਾੜ੍ਹੀ ਆਮ ਤੌਰ 'ਤੇ ਔਰਤਾਂ ਦਾ ਪਹਿਰਾਵਾ ਹੁੰਦੀ ਸੀ, ਹੁਣ ਬਸ ਉਹ ਕਿਸੇ ਉਤਸਵ ਜਾਂ ਪਾਰਟੀ ਦੇ ਸਮੇਂ ਹੀ ਪਹਿਨੀ ਜਾਂਦੀ ਹੈ।
ਇਹੀ ਹਾਲ ਬਿੰਦੀ ਦਾ ਵੀ ਹੈ। ਕੁੜੀਆਂ, ਔਰਤਾਂ ਦੇ ਪਹਿਰਾਵੇ 'ਚ ਜਦੋਂ ਤੋਂ ਜੀਨਸ, ਟੀ-ਸ਼ਰਟ, ਸਕਰਟ, ਕੈਪਰੀ ਆਦਿ ਦਾ ਚਲਨ ਵਧਿਆ ਹੈ, ਉਦੋਂ ਤੋਂ ਮੱਥੇ ਉੱਤੋਂ ਬਿੰਦੀ ਵੀ ਗਾਇਬ ਹੋ ਗਈ ਹੈ। 

ਬਿੰਦੂ ਨੂੰ ਆਊਟ ਆਫ ਫੈਸ਼ਨ ਮੰਨਿਆ ਜਾਣ ਲੱਗਾ ਹੈ। ਹਾਲਾਂਕਿ ਵਿਦੇਸ਼ ਵਿਚ ਜੇਕਰ ਤੁਸੀਂ ਬਿੰਦੀ ਲਾਈ ਹੈ ਤਾਂ ਲੋਕ ਤੁਹਾਨੂੰ ਦੂਰੋਂ ਹੀ ਇੰਡੀਅਨ-ਇੰਡੀਅਨ ਸੱਦਦੇ ਹਨ। ਭਾਰਤੀ ਹੋਣ ਦੀ ਪਛਾਣ ਜਿਵੇਂ ਬਿੰਦੀ ਹੈ।
ਮਸ਼ਹੂਰ ਰੰਗਕਰਮੀ ਵਿਭਾ ਰਾਣੀ ਵੱਡੀ ਬਿੰਦੀ ਦੇ ਨਾਂ ਨਾਲ ਇਕ ਮੁਹਿੰਮ ਚਲਾ ਰਹੀ ਹੈ। ਇਸ ਵਿਚ ਹਰ ਰੋਜ਼ ਨਵੀਆਂ-ਨਵੀਆਂ ਔਰਤਾਂ ਜੁੜ ਰਹੀਆਂ ਹਨ।
ਪੁਰਾਣੇ ਜ਼ਮਾਨੇ ਤੋਂ ਲੈ ਕੇ 70-80 ਦੇ ਦਹਾਕੇ ਤਕ ਆਮ ਤੌਰ 'ਤੇ ਫਿਲਮਾਂ 'ਚ ਅਭਿਨੇਤਰੀਆਂ ਸਾੜ੍ਹੀ ਪਹਿਨਦੀਆਂ ਸਨ। ਬਿੰਦੀ–ਚੂੜੀ, ਸਿੰਧੂਰ, ਕਜਰੇ, ਮੰਗਲਸੂਤਰ ਵਿਚ ਵੀ ਦਿਖਾਈ ਦਿੰਦੀਆਂ ਸਨ ਪਰ ਜਿਉਂ-ਜਿਉਂ ਦੇਸ਼ ਵਿਚ ਇਸ ਗੱਲ ਨੇ ਜ਼ੋਰ ਫੜਿਆ ਕਿ ਔਰਤਾਂ ਲਈ ਇਹ ਚੀਜ਼ਾਂ ਕੋਈ ਚੰਗੀ ਔਰਤ ਦੀ ਪਛਾਣ ਨਹੀਂ ਹਨ, ਸਗੋਂ ਇਨ੍ਹਾਂ ਨੂੰ ਪਹਿਨੇ ਬਿਨਾਂ ਵੀ ਔਰਤ ਚੰਗੀ ਲੱਗ ਸਕਦੀ ਹੈ। ਇਸ ਤੋਂ ਇਲਾਵਾ ਜਿਉਂ-ਜਿਉਂ ਸਮਾਜ 'ਚ ਨੌਕਰੀਪੇਸ਼ਾ ਔਰਤਾਂ ਵਧੀਆਂ, ਸਿੱਖਿਆ ਵਧੀ ਤਾਂ ਔਰਤਾਂ ਨੇ ਆਪਣੇ ਪਹਿਰਾਵੇ ਦੀ ਚੋਣ ਕਿਸੇ ਦੇ ਕਹਿਣ ਜਾਂ ਪ੍ਰੰਪਰਾ ਨਾਲ ਨਹੀਂ, ਸਗੋਂ ਆਪਣੀ ਸਹੂਲਤ ਲਈ ਕਰਨੀ ਸ਼ੁਰੂ ਕਰ ਦਿੱਤੀ।
ਕੁਝ ਦਿਨ ਪਹਿਲਾਂ ਟੀ. ਵੀ. ਦੇ ਪਰਦੇ 'ਤੇ ਦਿਖਾਈ ਦੇਣ ਵਾਲੀ ਕੋਈ ਵੀ ਲੜਕੀ ਸ਼ਾਇਦ ਹੀ ਬਿੰਦੀ ਲਗਾਏ ਦਿਸਦੀ ਸੀ ਪਰ ਹੁਣ ਬਿੰਦੀ ਦੀ ਵਾਪਸੀ ਹੋ ਗਈ ਹੈ। ਕੁੜੀਆਂ ਬਿੰਦੀ ਲਗਾਈ ਦਿਸਣ ਲੱਗੀਆਂ ਹਨ। ਬਿੰਦੀ ਜਿਵੇਂ ਨਵਾਂ ਫੈਸ਼ਨ ਸਟੇਟਮੈਂਟ ਹੈ। ਹਾਲਾਂਕਿ ਫਿਲਮੀ ਅਭਿਨੇਤਰੀਆਂ ਦੇ ਚਿਹਰੇ 'ਤੇ ਬਿੰਦੀ ਅਜੇ ਵੀ ਦਿਖਾਈ ਨਹੀਂ ਦਿੰਦੀ।

                                                                                          —ਕਸ਼ਮਾ ਸ਼ਰਮਾ


KamalJeet Singh

Content Editor

Related News