ਵਿਰੋਧੀ ਧਿਰ ਦੀ ਏਕਤਾ ’ਤੇ ਭਾਰੀ ਬਿਹਾਰ ਦਾ ਭ੍ਰਿਸ਼ਟਾਚਾਰ

06/09/2023 5:47:51 PM

ਵਿਰੋਧੀ ਧਿਰ ਦੀ ਏਕਤਾ ਦੇ ਯਤਨਾਂ ’ਚ ਲੱਗੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪੁਲ ਢਹਿਣ ਦੀ ਘਟਨਾ ਨੇ ਕਾਫੀ ਕਿਰਕਿਰੀ ਕਰ ਦਿੱਤੀ ਹੈ। ਭ੍ਰਿਸ਼ਟਾਚਾਰ ਦੇ ਮਾਮਲੇ ’ਚ ਵਿਰੋਧੀ ਧਿਰ ਨੂੰ ਨਿਸ਼ਾਨਾ ਬਣਾਉਣ ਤੋਂ ਭਾਜਪਾ ਨਹੀਂ ਖੁੰਝਦੀ। ਭਾਜਪਾ ਪਹਿਲਾਂ ਵੀ ਵਿਰੋਧੀ ਧਿਰ ਦੇ ਏਕਤਾ ਦੇ ਯਤਨਾਂ ’ਤੇ ਅਜਿਹੇ ਵਾਰ ਕਰਦੀ ਰਹੀ ਹੈ। ਵਿਰੋਧੀ ਧਿਰ ਦੀ ਏਕਤਾ ਦੇ ਯਤਨਾਂ ਨੂੰ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦਾ ਗਠਜੋੜ ਦੱਸਦੀ ਰਹੀ ਹੈ।

ਅਸਲ ’ਚ ਭਾਗਲਪੁਰ ਦੇ ਸੁਲਤਾਨਗੰਜ ਸਥਿਤ ਅਗੁਵਾਨੀ ਘਾਟ ਗੰਗਾ ਨਦੀ ’ਤੇ 1710 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਹੇ ਚਹੁੰ-ਮਾਰਗੀ ਪੁਲ ਦਾ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ 23 ਫਰਵਰੀ, 2014 ਨੂੰ ਨੀਂਹ ਪੱਥਰ ਰੱਖਿਆ ਸੀ, ਇਹ ਪੁਲ ਢਹਿ ਗਿਆ। ਪੁਲ ਦੀ ਲੰਬਾਈ 3.160 ਕਿਲੋਮੀਟਰ ਸੀ। ਇਸ ਦਾ ਨਿਰਮਾਣ 80 ਫੀਸਦੀ ਪੂਰਾ ਹੋ ਚੁੱਕਾ ਸੀ।

ਇਸ ਤੋਂ ਪਹਿਲਾਂ ਵੀ ਇਹ ਪੁਲ 27 ਅਪ੍ਰੈਲ, 2022 ਨੂੰ ਤੇਜ਼ ਹਨੇਰੀ ਅਤੇ ਮੀਂਹ ਕਾਰਨ ਢਹਿ ਗਿਆ ਸੀ। ਇਸ ਪੁਲ ਦਾ ਘੱਟੋ-ਘੱਟ 100 ਫੁੱਟ ਹਿੱਸਾ ਡਿੱਗ ਗਿਆ ਸੀ। ਬਿਹਾਰ ’ਚ ਘਟੀਆ ਨਿਰਮਾਣ ਕਾਰਨ ਪੁਲਾਂ ਦੇ ਢਹਿ-ਢੇਰੀ ਹੋਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਬੀਤੇ ਇਕ ਸਾਲ ’ਚ ਸੂਬੇ ’ਚ 7 ਵਾਰ ਪੁਲ ਡਿੱਗਣ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ ਪਰ ਨਿਤੀਸ਼ ਸਰਕਾਰ ਫਿਰ ਵੀ ਨਹੀਂ ਜਾਗੀ।

ਵਿਰੋਧੀ ਧਿਰ ਦੀ ਏਕਤਾ ਦੇ ਸੁਪਨੇ ਦੇ ਦਮ ’ਤੇ ਕੇਂਦਰ ’ਚ ਸੱਤਾ ਹਾਸਲ ਕਰਨ ’ਚ ਜੁਟੇ ਨਿਤੀਸ਼ ਕੁਮਾਰ ਬਿਹਾਰ ਨੂੰ ਨਹੀਂ ਸੰਭਾਲ ਪਾ ਰਹੇ। ਬਿਹਾਰ ਭ੍ਰਿਸ਼ਟਾਚਾਰ ਅਤੇ ਅਰਾਜਕਤਾ ਲਈ ਹੀ ਨਹੀਂ ਸਗੋਂ ਅਜੀਬੋ-ਗਰੀਬ ਘਟਨਾਵਾਂ ਲਈ ਸੁਰਖੀਆਂ ’ਚ ਰਿਹਾ ਹੈ। ਇਹ ਬਿਹਾਰ ’ਚ ਹੀ ਸੰਭਵ ਹੈ ਕਿ ਪੁਲ ਵਰਗਾ ਮਜ਼ਬੂਤ ਢਾਂਚਾ ਮਹਿਜ਼ ਹਨੇਰੀ ਨਾਲ ਢਹਿ ਜਾਵੇ। ਇਸ ਤੋਂ ਇਲਾਵਾ ਵੀ ਬਿਹਾਰ ’ਚ ਭ੍ਰਿਸ਼ਟਾਚਾਰ ਅਤੇ ਅਰਾਜਕਤਾ ਦੀਆਂ ਅਜਿਹੀਆਂ ਹਾਸੋਹੀਣੀਆਂ ਘਟਨਾਵਾਂ ਹੋਈਆਂ ਹਨ। ਇਨ੍ਹਾਂ ਨਾਲ ਨਿਤੀਸ਼ ਸਰਕਾਰ ਦੇ ਤੌਰ-ਤਰੀਕਿਆਂ ’ਤੇ ਸਵਾਲੀਆ ਨਿਸ਼ਾਨ ਲੱਗਦੇ ਰਹੇ ਹਨ।

ਕਿਸੇ ਵੀ ਸੂਬੇ ’ਚ ਭਾਰੀ ਰੇਲ ਦੇ ਇੰਜਣ ਦੀ ਚੋਰੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਬਿਹਾਰ ’ਚ ਚੋਰ ਟ੍ਰੇਨ ਦੇ ਇੰਜਣ ਨੂੰ ਚੋਰੀ ਕਰ ਕੇ ਲੈ ਗਏ। ਬਰੌਨੀ (ਜ਼ਿਲਾ ਬੇਗੂਸਰਾਏ) ਦੇ ਗਰਹਾਰਾ ਯਾਰਡ ’ਚ ਮੁਰੰਮਤ ਲਈ ਲਿਆਂਦੇ ਗਏ ਟ੍ਰੇਨ ਦੇ ਡੀਜ਼ਲ ਇੰਜਣ ਨੂੰ ਇਕ ਗਿਰੋਹ ਨੇ ਚੋਰੀ ਕਰ ਲਿਆ। ਚੋਰ ਇਕ ਸੁਰੰਗ ਰਾਹੀਂ ਆਉਂਦੇ ਸਨ ਅਤੇ ਇੰਜਣ ਦੇ ਪੁਰਜ਼ਿਆਂ ਨੂੰ ਚੁਰਾ ਲੈਂਦੇ ਸਨ।

ਬਿਹਾਰ ਦੇ ਬਾਂਕਾ ਜ਼ਿਲੇ ’ਚ ਇਕ ਲੋਹੇ ਦਾ ਪੁਲ ਗਾਇਬ ਹੋ ਗਿਆ। ਚੋਰਾਂ ਨੇ ਇਸ ਪੁਲ ਦਾ ਦੋ ਤਿਹਾਈ ਹਿੱਸਾ ਗੈਸ ਕਟਰ ਨਾਲ ਕੱਟ ਕੇ ਚੋਰੀ ਕਰ ਲਿਆ। ਲੱਖਾਂ ਰੁਪਏ ਦੀ ਲਾਗਤ ਨਾਲ ਪਟਨੀਆ ਧਰਮਸ਼ਾਲਾ ਨਾਲ ਜੋੜਨ ਲਈ ਇਸ ਪੁਲ ਦਾ ਨਿਰਮਾਣ ਕੀਤਾ ਗਿਆ ਸੀ। ਪੁਲ ਦੀ ਲੰਬਾਈ 80 ਫੁੱਟ ਅਤੇ ਚੌੜਾਈ 15 ਫੁੱਟ ਹੈ।

ਭਾਗਲਪੁਰ ਦੇ ਸੁਲਤਾਨਗੰਜ ਤੋਂ ਦੇਵਘਰ ’ਚ ਵੈਦਨਾਥ ਧਾਮ ਜਾਣ ਵਾਲੇ ਤੀਰਥ ਯਾਤਰੀਆਂ (ਕਾਂਵੜੀਆਂ) ਦੀ ਸਹੂਲਤ ਲਈ ਇਸ ਪੁਲ ਨੂੰ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਵੀ ਬਿਹਾਰ ਦੇ ਰੋਹਤਾਸ ਜ਼ਿਲੇ ’ਚ ਲੋਹੇ ਦੇ ਪੁਲ ਦੀ ਚੋਰੀ ਹੋਈ ਸੀ। ਇੱਥੇ ਚੋਰਾਂ ਨੇ 60 ਫੁੱਟ ਲੰਬੇ ਅਤੇ 500 ਟਨ ਭਾਰੀ ਲੋਹੇ ਦੇ ਪੁਲ ਨੂੰ ਗਾਇਬ ਕਰ ਦਿੱਤਾ ਸੀ।

ਬਿਹਾਰ ਦਹਾਕਿਆਂ ਤੋਂ ਭ੍ਰਿਸ਼ਟਾਚਾਰ ਅਤੇ ਕਾਨੂੰਨ-ਵਿਵਸਥਾ ਨਾਲ ਖਿਲਵਾੜ ਨੂੰ ਲੈ ਕੇ ਸੁਰਖੀਆਂ ’ਚ ਰਿਹਾ ਹੈ। ਬਿਹਾਰ ਹਾਈਕੋਰਟ ਨੇ ਲਾਲੂ ਯਾਦਵ ਦੇ ਸ਼ਾਸਨ ਦੌਰਾਨ ਬਿਹਾਰ ’ਚ ਸ਼ਾਸਨ ਨੂੰ ਜੰਗਲ ਰਾਜ ਦੱਸਿਆ ਸੀ। ਇਸ ਦੀ ਝਲਕ ਨਿਤੀਸ਼ ਸਰਕਾਰ ’ਚ ਬਾਕੀ ਹੈ। ਬਾਹੂਬਲੀ ਆਨੰਦ ਸਿੰਘ ਨੂੰ ਜੇਲ ਤੋਂ ਰਿਹਾਈ ਦੇ ਮੁੱਦੇ ’ਤੇ ਨਿਤੀਸ਼ ਸਰਕਾਰ ਦਾ ਅਕਸ ਪ੍ਰਭਾਵਿਤ ਹੋਇਆ ਹੈ।

ਜੇਲ ਕਾਨੂੰਨਾਂ ’ਚ ਸੋਧ ਕਰ ਕੇ ਜ਼ਿਲਾ ਕੁਲੈਕਟਰ ਦੀ ਹੱਤਿਆ ਦੇ ਦੋਸ਼ ’ਚ ਸਜ਼ਾ ਕੱਟ ਰਹੇ ਆਨੰਦ ਸਿੰਘ ਨੂੰ ਰਿਹਾਅ ਕਰਨ ਦਾ ਰਾਹ ਪੱਧਰਾ ਕੀਤਾ। ਸਿਆਸਤ ’ਚ ਭ੍ਰਿਸ਼ਟਾਚਾਰ ਅਤੇ ਅਪਰਾਧ ਦਾ ਬਿਹਾਰ ਦਾ ਪੁਰਾਣਾ ਇਤਿਹਾਸ ਰਿਹਾ ਹੈ। ਬਿਹਾਰ ਦੀ ਪਟਕਣੀ ਮਾਰਦੀ ਗਠਜੋੜ ਵਾਲੀ ਸਿਆਸਤ ’ਚ ਨਿਤੀਸ਼ ਨੇ ਕਈ ਵਾਰ ਪਟਕਣੀ ਖਾਧੀ ਹੈ।

ਸਾਲ 2017 ਜੁਲਾਈ ’ਚ ਕਲੇਸ਼ ਦੀ ਵਜ੍ਹਾ ਨੂੰ ਨਿਤੀਸ਼ ਨੇ ਭ੍ਰਿਸ਼ਟਾਚਾਰ ਵਿਰੁੱਧ ਅਸਹਿਣਸ਼ੀਲਤਾ ਦੱਸਿਆ ਸੀ। ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵਿਰੁੱਧ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਕਾਰਨ ਦੱਸਦੇ ਹੋਏ ਮੁੱਖ ਮੰਤਰੀ ਨਿਤੀਸ਼ ਨੇ ਰਾਜਦ ਨਾਲੋਂ ਗਠਜੋੜ ਤੋੜਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ‘ਘੁਟਣ’ ਮਹਿਸੂਸ ਹੁੰਦੀ ਹੈ। 6 ਸਾਲ ਬਾਅਦ ਉਨ੍ਹਾਂ ਨੇ ਰਾਜਦ ਨਾਲ ਫਿਰ ਹੱਥ ਮਿਲਾ ਲਿਆ। ਤੇਜਸਵੀ ਡਿਪਟੀ ਸੀ. ਐੱਮ. ਬਣੇ ਅਤੇ ਤੇਜ ਪ੍ਰਤਾਪ ਯਾਦਵ ਨੂੰ ਮੰਤਰੀ ਬਣਾਇਆ ਗਿਆ।

ਨਿਤੀਸ਼ ਕੁਮਾਰ ਵਿਰੋਧੀ ਧਿਰ ਦੀ ਏਕਤਾ ਦੇ ਯਤਨਾਂ ਰਾਹੀਂ ਭਾਜਪਾ ਨੂੰ ਚੁਣੌਤੀ ਦੇਣ ਦਾ ਯਤਨ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਬਿਹਾਰ ’ਚ ਲਾਲੂ ਦੇ ਸ਼ਾਸਨ ’ਚ ਹੋਏ ਭਾਰੀ ਭ੍ਰਿਸ਼ਟਾਚਾਰ ਅਤੇ ਅਰਾਜਕਤਾ ਦੀ ਛਾਪ ਅਜੇ ਤੱਕ ਬਣੀ ਹੋਈ ਹੈ। ਲਾਲੂ ਯਾਦਵ ਦੀ ਪਾਰਟੀ ਨਾਲ ਸੱਤਾ ਲਈ ਕੀਤੇ ਗਏ ਗਠਜੋੜ ਦੇ ਬਾਅਦ ਸੂਬੇ ਦਾ ਅਕਸ ਬਦਲਣ ਦੇ ਯਤਨਾਂ ਨੂੰ ਝਟਕਾ ਲੱਗਾ ਹੈ। ਉਸ ’ਤੇ ਭ੍ਰਿਸ਼ਟਾਚਾਰ ਅਤੇ ਅਪਰਾਧਿਕ ਘਟਨਾਵਾਂ ਕੋਹੜ ’ਚ ਖਾਜ ਸਾਬਤ ਹੋ ਰਹੀਆਂ ਹਨ।

ਭਾਜਪਾ ਨਿਤੀਸ਼ ਸਮੇਤ ਹੋਰ ਵਿਰੋਧੀ ਪਾਰਟੀਆਂ ’ਤੇ ਜਨਤਕ ਤੌਰ ’ਤੇ ਭ੍ਰਿਸ਼ਟਾਚਾਰ ਅਤੇ ਕਾਨੂੰਨ-ਵਿਵਸਥਾ ਨੂੰ ਮੁੱਦਾ ਬਣਾਉਂਦੀ ਰਹੀ ਹੈ। ਯਕੀਨੀ ਤੌਰ ’ਤੇ ਆਗਾਮੀ ਲੋਕ ਸਭਾ ਚੋਣਾਂ ’ਚ ਵੀ ਭਾਜਪਾ ਲਈ ਇਹ ਵੱਡਾ ਮੁੱਦਾ ਹੋਵੇਗਾ। ਨਿਤੀਸ਼ ਸਮੇਤ ਵਿਰੋਧੀ ਧਿਰਾਂ ਭਾਜਪਾ ’ਤੇ ਈ. ਡੀ. ਅਤੇ ਸੀ. ਬੀ. ਆਈ. ਦੀ ਵਿਤਕਰੇ ਭਰੀ ਕਾਰਵਾਈ ਦਾ ਦੋਸ਼ ਲਾਉਂਦੀਆਂ ਰਹੀਆਂ ਹਨ ਪਰ ਜਦੋਂ ਤੱਕ ਇਨ੍ਹਾਂ ਪਾਰਟੀਆਂ ਦੇ ਪੱਲੇ ’ਤੇ ਲੱਗੇ ਦਾਗ ਨਹੀਂ ਹਟਣਗੇ ਤਦ ਤਕ ਨਾ ਸਿਰਫ ਏਕਤਾ ਦੇ ਯਤਨਾਂ ਨੂੰ ਝਟਕਾ ਲੱਗੇਗਾ ਸਗੋਂ ਭਾਜਪਾ ਨੂੰ ਵੀ ਇਨ੍ਹਾਂ ਵਿਰੁੱਧ ਬੋਲਣ ਦਾ ਮੌਕਾ ਮਿਲਦਾ ਰਹੇਗਾ।

ਯੋਗੇਂਦਰ ਯੋਗੀ


Rakesh

Content Editor

Related News