ਅਟਲ ਬਿਹਾਰੀ ਵਾਜਪਾਈ : ਇਕ ਬਹੁ-ਆਯਾਮੀ ਸ਼ਖਸੀਅਤ ਅਤੇ ਸਿਆਸੀ ਆਗੂ

12/26/2021 12:43:31 AM

ਅੱਜ ਜਨਮਦਿਨ ’ਤੇ ਵਿਸ਼ੇਸ਼

ਅੱਜ ਪਾਵਨ-ਪਵਿੱਤਰ ਵੱਡਾ ਦਿਨ (ਕ੍ਰਿਸਮਸ) ਹੈ ਜੋ ਮਨੁੱਖਤਾ ’ਚ ਪਿਆਰ, ਸਦਭਾਵਨਾ, ਦਯਾ ਅਤੇ ਮਨੁੱਖੀ ਭਲਾਈ ਦਾ ਸੰਦੇਸ਼ ਦਿੰਦਾ ਹੈ। ਨਾਲ ਹੀ ਅਜਿਹੀ ਸ਼ਖਸੀਅਤ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮਦਿਨ ਹੈ ਜਿਨ੍ਹਾਂ ਨੇ ਜ਼ਿੰਦਗੀ ਭਰ ਆਪਣੇ ਨਰਮਪੁਣੇ, ਸਰਲਤਾ, ਪਿਆਰ ਨਾਲ ਲੋਕਾਂ ਦਾ ਦਿਲ ਜਿੱਤ ਕੇ ਸਾਰੀ ਉਮਰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਕਾਰਜ ਕੀਤਾ। ਉਨ੍ਹਾਂ ਦੀਆਂ ਇਨ੍ਹਾਂ ਖੂਬੀਆਂ ਕਾਰਨ ਦੇਸ਼ ’ਚ ਅੱਜ ਦਾ ਦਿਨ ਸੁਸ਼ਾਸਨ ਦਿਵਸ ਦੇ ਰੂਪ ’ਚ ਮਨਾਇਆ ਜਾ ਰਿਹਾ ਹੈ। ਮੈਂ ਇਨ੍ਹਾਂ ਸ਼ੁੱਭ ਮੌਕਿਆਂ ’ਤੇ ਦੇਸ਼ ਤੇ ਪ੍ਰਦੇਸ਼ ਦੀ ਜਨਤਾ ਨੂੰ ਸ਼ੁੱਭਕਾਮਨਾਵਾਂ ਅਤੇ ਵਧਾਈ ਦਿੰਦਾ ਹਾਂ।ਭਾਰਤ ਦੀ ਸਿਆਸਤ ’ਚ ਕਈ ਅਜਿਹੀਆਂ ਵਿਰਲੀਆਂ ਸ਼ਖਸੀਅਤਾਂ ਹਨ ਜਿਨ੍ਹਾਂ ਨੇ ਰਲ-ਗਡ ਸਿਆਸਤ ਤੋਂ ਉਪਰ ਉੱਠ ਕੇ ਮਜ਼ਬੂਤ, ਖੁਸ਼ਹਾਲ ਅਤੇ ਦ੍ਰਿੜ੍ਹ ਭਾਰਤ ਲਈ ਕਾਰਜ ਕੀਤਾ ਅਤੇ ਸਿਆਸਤ ’ਚ ਰਹਿੰਦੇ ਹੋਏ ਉਨ੍ਹਾਂ ਨੇ ਬਿਨਾਂ ਕਿਸੇ ਵੈਰ ਵਾਲੀ ਸ਼ਖਸੀਅਤ ਵਜੋਂ ਆਪਣੀ ਪਛਾਣ ਸਥਾਪਿਤ ਕੀਤੀ। ਇਨ੍ਹਾਂ ਮਹਾਪੁਰਸ਼ਾਂ ’ਚ ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਜੀ ਦਾ ਨਾਂ ਮੋਹਰਲੀ ਕਤਾਰ ’ਚ ਲਿਆ ਜਾਂਦਾ ਹੈ।

ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਇਕ ਬਹੁਮੁਖੀ ਸਿਆਸੀ ਸ਼ਖਸੀਅਤ, ਕਵੀ, ਪੱਤਰਕਾਰ, ਸਿਆਸੀ ਆਗੂ ਅਤੇ ਨਿਆਂ, ਬਰਾਬਰੀ ਅਤੇ ਸ਼ਾਂਤੀਪੂਰਨ ਸਹਿ-ਹੋਂਦ ਦੇ ਧਨੀ ਸਨ। ਉਹ ਪੂਰੇ ਸਵੈ-ਭਰੋਸੇ ਨਾਲ ਰਾਸ਼ਟਰਵਾਦ ਨੂੰ ਸਮਰਪਿਤ ਸਨ ਅਤੇ ਉਹ ਕਦੀ ਵੀ ਆਦਰਸ਼ਾਂ ਵਾਲੀ ਸਿਆਸਤ ਤੋਂ ਪ੍ਰੇਸ਼ਾਨ ਨਹੀਂ ਹੋਏ। ਉਹ ਖੁਦ ਇਕ ਸੰਸਥਾ ਸਨ ਤੇ ਦੁਰਲੱਭ ਗੁਣਾਂ ਦੀ ਪ੍ਰਤੀਮੂਰਤ ਸਨ ਜਿਸ ਨਾਲ ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲਾ ਹਰ ਕੋਈ ਪ੍ਰਭਾਵਿਤ ਹੋ ਜਾਂਦਾ ਸੀ। ਉਨ੍ਹਾਂ ਨੇ ਆਪਣੀ ਆਕਰਸ਼ਕ ਸ਼ਖਸੀਅਤ ਨਾਲ ਦੇਸ਼ਵਾਸੀਆਂ ਦੇ ਦਿਲਾਂ ’ਤੇ ਰਾਜ ਕੀਤਾ। ਇਕ ਦਿਲ ਦੇ ਸਮਰਾਟ ਵਾਜਪਾਈ ਜੀ ਭਾਰਤੀ ਸਿਆਸਤ ’ਚ ਨਿਰਵੈਰ ਰਹੇ ਹਨ।ਉਹ ਇਕ ਸੱਚੇ ਲੋਕਤੰਤਰਵਾਦੀ ਅਤੇ ਸੱਚੇ ਦੇਸ਼ਭਗਤ ਸਨ। ਉਨ੍ਹਾਂ ’ਚ ਰਾਸ਼ਟਰੀਅਤਾ ਅਤੇ ਦੇਸ਼ ਭਗਤੀ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ ਜੋ ਬਹੁਤ ਹੀ ਪ੍ਰੇਰਨਾਦਾਇਕ ਸੀ। ਉਨ੍ਹਾਂ ਦੀ ਭਾਸ਼ਣ ਸ਼ੈਲੀ ਅਤੇ ਸੰਚਾਰ ਹੁਨਰ ਸੁਭਾਵਿਕ ਅਤੇ ਸਹਿਜ ਸੀ। ਸਿਆਸਤ ’ਚ ਉਨ੍ਹਾਂ ਦੀ ਆਪਣੀ ਵਿਚਾਰਕ ਸਬੰਧਤਾ ਦੇ ਬਾਵਜੂਦ ਉਨ੍ਹਾਂ ਨੂੰ ਹੋਰ ਪਾਰਟੀਆਂ ਦੇ ਲੋਕ ਪਸੰਦ ਕਰਦੇ ਸਨ। ਵਾਜਪਾਈ ਜੀ ’ਚ ਇਕ ਅਨੋਖਾ ਗੁਣ ਇਹ ਸੀ ਕਿ ਉਹ ਆਪਣੇ ਵਿਰੋਧੀਆਂ ਦੀ ਵੀ ਸ਼ਲਾਘਾ ਕਰਦੇ ਸਨ। ਰਾਸ਼ਟਰੀ ਹਿੱਤ ਦੇ ਮਾਮਲਿਆਂ ’ਚ ਵੀ ਉਹ ਆਪਣੀ ਆਲੋਚਨਾ ਨੂੰ ਬੜੀ ਨਿਮਰਤਾ ਨਾਲ ਪ੍ਰਵਾਨ ਕਰਨ ’ਚ ਸੁਹਿਰਦਤਾ ਦੀ ਭਾਵਨਾ ਰੱਖਦੇ ਸਨ।

ਸੰਨ 1971 ’ਚ ਭਾਰਤ-ਪਾਕਿ ਜੰਗ ਦੌਰਾਨ, ਬੰਗਲਾਦੇਸ਼ ਦੀ ਮੁਕਤੀ ਲਈ, ਵਾਜਪਾਈ ਜੀ ਨੇ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਦੀ ਵੀ ਤਹਿ ਦਿਲੋਂ ਸ਼ਲਾਘਾ ਕੀਤੀ ਸੀ। ਸ਼੍ਰੀਮਤੀ ਗਾਂਧੀ ਦੇ ਪਿਤਾ ਅਤੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਵਾਜਪਾਈ ਜੀ ਬਾਰੇ ਮਹਾਨ ਸ਼ਬਦ ਕਹੇ ਸਨ। ਨਹਿਰੂ ਜੀ ਨੇ ਕਿਹਾ ਸੀ ਕਿ ਵਾਜਪਾਈ ਜੀ ’ਚ ਦੇਸ਼ ਦਾ ਮਹਾਨ ਨੇਤਾ ਬਣਨ ਦਾ ਮਾਦਾ ਹੈ ਕਿਉਂਕਿ ਇਨ੍ਹਾਂ ਲਈ ਦੇਸ਼ ਇਕ ਮੰਦਰ ਦੇ ਸਮਾਨ ਹੈ। ਦੇਸ਼ ਦੇ ਨੌਜਵਾਨਾਂ ਲਈ ‘ਨੇਸ਼ਨ ਇਜ਼ ਫਸਟ’ ਉਨ੍ਹਾਂ ਦਾ ਆਦਰਸ਼ ਵਾਕ ਸੀ। ਉਨ੍ਹਾਂ ਦਾ ਜੀਵਨ ਇਕ ਖੁੱਲ੍ਹੀ ਕਿਤਾਬ ਵਾਂਗ ਹੈ, ਜਿਸ ਨੇ ਲੱਖਾਂ ਵਰਕਰਾਂ ਅਤੇ ਹੋਰ ਲੋਕਾਂ ਨੂੰ ਪ੍ਰੇਰਿਤ ਕੀਤਾ, ਉਨ੍ਹਾਂ ’ਚ ਰਾਸ਼ਟਰਵਾਦ ਦਾ ਬੀਜ ਬੀਜਿਆ। ਉਨ੍ਹਾਂ ਦੀ ਕ੍ਰਿਸ਼ਮਈ ਸ਼ਖਸੀਅਤ ਸਾਰਿਆਂ ਨੂੰ ਮੰਤਰਮੁਗਧ ਕਰਦੀ ਸੀ।

ਜਦੋਂ ਲਾਲ ਕ੍ਰਿਸ਼ਨ ਅਡਵਾਨੀ ਨੂੰ ਬਿਹਾਰ ’ਚ ਰੱਥ ਯਾਤਰਾ ਦੌਰਾਨ ਗ੍ਰਿਫਤਾਰ ਕੀਤਾ ਗਿਆ ਉਦੋਂ ਮੈਂ ਸੰਸਦ ਮੈਂਬਰ ਸੀ। ਇਕ ਹਫਤੇ ਤੱਕ ਸੰਸਦ ਦੀ ਕਾਰਵਾਈ ਰੁਕੀ ਰਹੀ ਪਰ ਫਿਰ ਵਾਜਪਾਈ ਜੀ ਨੇ ਪਾਰਲੀਮੈਂਟਰੀ ਮੀਟਿੰਗ ’ਚ ਸਾਨੂੰ ਕਿਹਾ ਕਿ ਸਿਆਸੀ ਲੜਾਈ ਸੰਸਦ ਦੇ ਬਾਹਰ ਹੋਣੀ ਚਾਹੀਦੀ ਹੈ। ਸਿਆਸੀ ਸ਼ਾਸਨ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਇੰਨਾ ਸਮਾਵੇਸ਼ੀ ਤੇ ਸਪੱਸ਼ਟ ਸੀ ਕਿ ਵਿਰੋਧੀ ਪਾਰਟੀਆਂ ਨੂੰ ਵੀ ਸਰਕਾਰ ਦਾ ਹਿੱਸਾ ਹੋਣ ਦਾ ਅਹਿਸਾਸ ਹੁੰਦਾ ਸੀ। ਉਹ ਦੇਸ਼ ਦੇ ਪਹਿਲੇ ਗੈਰ-ਕਾਂਗਰਸੀ ਪ੍ਰਧਾਨ ਮੰਤਰੀ ਸਨ। ਇਹ ਭਾਰਤੀ ਸਿਆਸਤ ’ਚ ਇਕ ਇਤਿਹਾਸਕ ਪ੍ਰਯੋਗ ਸੀ ਜਿਸ ਨੂੰ ਉਨ੍ਹਾਂ ਨੇ ਏ. ਆਈ. ਏ. ਡੀ. ਐੱਮ. ਕੇ., ਸ਼ਿਵਸੈਨਾ, ਟੀ. ਡੀ. ਪੀ., ਬੀ. ਐੱਸ. ਪੀ., ਜੇ. ਡੀ. ਯੂ., ਨੈਸ਼ਨਲ ਕਾਨਫਰੰਸ, ਟੀ. ਐੱਮ. ਸੀ. ਸਮੇਤ 23 ਪਾਰਟੀਆਂ ਨਾਲ ਰਲ ਕੇ ਬਣੇ ਰਾਸ਼ਟਰੀ ਜਨਤੰਤਰਿਕ ਗਠਜੋੜ ਦੀ ਅਗਵਾਈ ਕਰ ਕੇ ਸਫਲਤਾਪੂਰਵਕ ਸੰਚਾਲਨ ਕੀਤਾ। ਇਹ ਸਿਆਸੀ ਸਮਾਵੇਸ਼ਨ ’ਚ ਇਕ ਅਨੋਖਾ ਤੇ ਸਫਲ ਪ੍ਰਯੋਗ ਸੀ।

ਪ੍ਰਧਾਨ ਮੰਤਰੀ ਦੇ ਰੂਪ ’ਚ ਵਾਜਪਾਈ ਜੀ ਨੇ ਸੜਕ, ਰੇਲ ਅਤੇ ਹਵਾਈ ਸੰਪਰਕ ’ਚ ਸੁਧਾਰ ਕਰ ਕੇ ਢਾਂਚਾਗਤ ਸਹੂਲਤਾਂ ਨੂੰ ਮਜ਼ਬੂਤੀ ਮੁਹੱਈਆ ਕੀਤੀ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਵੱਲੋਂ ਸ਼ੁਰੂ ਤੇ ਤਿਆਰ ਕੀਤੇ ਗਏ ਪ੍ਰਾਜੈਕਟਾਂ ਨੂੰ ਉਦਾਰੀਕਰਨ ਦੀ ਭਾਵਨਾ ਨਾਲ ਲਗਾਤਾਰ ਅੱਗੇ ਵਧਾਇਆ। ਉਨ੍ਹਾਂ ਨੇ ਦੂਰਸੰਚਾਰ ਖੇਤਰ ’ਚ ਸੁਧਾਰ ਕਰ ਕੇ ਮੋਬਾਇਲ ਤੇ ਫੋਨ ਕੁਨੈਕਟੀਵਿਟੀ ਦੇ ਖੇਤਰ ’ਚ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। 1998 ਤੇ 2004 ਦੇ ਦਰਮਿਆਨ ਕਈ ਆਫਤਾਂ, 1999 ’ਚ ਕਾਰਗਿਲ ਜੰਗ, 1999-2000 ’ਚ ਦੋ ਚੱਕਰਵਾਤ, 2002-2003 ਦੇ ਸੋਕੇ, 2003 ਦੇ ਤੇਲ ਸੰਕਟ ਵਰਗੇ ਉਲਟ-ਫੇਰਾਂ ਦੇ ਬਾਵਜੂਦ ਭਾਰਤ ਨੇ ਉਨ੍ਹਾਂ ਦੀ ਅਗਵਾਈ ’ਚ 8 ਫੀਸਦੀ ਦੇ ਸਥਿਰ ਆਰਥਿਕ ਵਾਧੇ ਨੂੰ ਬਣਾਈ ਰੱਖਿਆ। ਉਨ੍ਹਾਂ ਨੇ ਇਕ ਵੱਖਰੇ ਵਿਨਿਵੇਸ਼ ਮੰਤਰਾਲੇ ਨੂੰ ਬਣਾ ਕੇ ਜਨਤਕ ਅਦਾਰਿਆਂ ਦੇ ਕੰਮਕਾਜ ’ਚ ਜ਼ਰੂਰੀ ਲਚਕੀਲਾਪਨ ਲਿਆ ਦਿੱਤਾ ਜਿਸ ਨਾਲ ਦੇਸ਼ ਨੂੰ ਆਰਥਿਕ ਮਜ਼ਬੂਤੀ ਮਿਲੀ।ਉਨ੍ਹਾਂ ਦੇ ਕਾਰਜਕਾਲ ’ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਛੱਤ ਵਿਹੂਣੇ ਲੋਕਾਂ ਨੂੰ ਪੱਕੇ ਮਕਾਨ ਮੁਹੱਈਆ ਕਰਵਾਏ ਗਏ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਰੋਜ਼ਗਾਰ ਯੋਜਨਾ ਰਾਹੀਂ ਰੋਜ਼ਗਾਰ ਸਿਰਜਨ ’ਤੇ ਜ਼ੋਰ ਦਿੱਤਾ। ਅਨੁਸੂਚਿਤ ਜਾਤੀ ਦੇ ਕਰਮਚਾਰੀਆਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਦੇ ਹੋਏ ਉਨ੍ਹਾਂ ਨੇ ਉਨ੍ਹਾਂ ਦੀ ਤਰੱਕੀ ’ਚ ਰਾਖਵੇਂਕਰਨ ਦੇ ਮਾਪਦੰਡ ਨੂੰ ਬਹਾਲ ਕੀਤਾ ਸੀ, ਜਿਸ ਨੂੰ ਸੁਪਰੀਮ ਕੋਰਟ ਨੇ ਅਲੱਗ ਕਰ ਿਦੱਤਾ ਸੀ। ਵਾਜਪਾਈ ਦਾ ਮੰਨਣਾ ਸੀ ਕਿ ਸਰਕਾਰ ਦੇ ਅਸਲੀ ਮਾਇਨੇ ਤਦ ਹੀ ਹਨ ਜਦੋਂ ਉਹ ਧਰਾਤਲ ’ਤੇ ਲੋਕਾਂ ਨੂੰ ਤੁਰੰਤ ਲਾਭ ਪਹੁੰਚਾਵੇ, ਜਿਸ ਨਾਲ ਲੋਕਾਂ ਨੂੰ ਪ੍ਰਤੱਖ ਤੌਰ ’ਤੇ ਫਾਇਦਾ ਮਿਲੇ। ਉਨ੍ਹਾਂ ਨੇ ਇਹ ਆਪਣੇ ਪ੍ਰਧਾਨ ਮੰਤਰੀ ਦੇ ਕਾਰਜਕਾਲ ’ਚ ਕਰ ਕੇ ਵੀ ਦਿਖਾਇਆ।ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਸਾਫ-ਸੁਥਰੇ, ਪਾਰਦਰਸ਼ੀ ਤੇ ਸੁਸ਼ਾਸਨ ਰਾਹੀਂ ਵਾਜਪਾਈ ਜੀ ਦੇ ਨਜ਼ਰੀਏ ਨੂੰ ਮੂਰਤ ਰੂਪ ਦੇ ਰਹੇ ਹਨ ਤਾਂ ਕਿ ਕੋਈ ਵੀ ਪਿੱਛੇ ਨਾ ਰਹੇ ਅਤੇ ‘ਆਤਮਨਿਰਭਰ ਭਾਰਤ’ ਦਾ ਸੁਪਨਾ ਸਾਕਾਰ ਹੋਵੇ। ਜਨ-ਧਨ, ਆਧਾਰ, ਮੋਬਾਇਲ ਦੀ ਤ੍ਰਿਯੋਜਨਾ ਨੇ ਲੋਕਾਂ ਦੀ ਜ਼ਿੰਦਗੀ ’ਚ ਹਾਂਪੱਖੀ ਤਬਦੀਲੀ ਕੀਤੀ ਹੈ। ਕੋਵਿਡ ਮਹਾਮਾਰੀ ਦੌਰਾਨ, ਸਰਕਾਰ ਨੇ ਪ੍ਰਭਾਵਿਤ ਲੋਕਾਂ ਨੂੰ ਪ੍ਰਤੱਖ ਲਾਭ ਟਰਾਂਸਫਰ (ਡੀ. ਬੀ. ਟੀ.) ਦੀ ਯੋਜਨਾ ਰਾਹੀਂ ਉਨ੍ਹਾਂ ਦੇ ਖਾਤਿਆਂ ’ਚ ਦੋ ਲੱਖ ਕਰੋੜ ਰੁਪਏ ਦੀ ਰਕਮ ਪਾ ਕੇ ਪ੍ਰਤੱਖ ਤੌਰ ’ਤੇ ਲੋਕਾਂ ਦੀ ਸਹਾਇਤਾ ਕੀਤੀ। ਇਸ ਨਾਲ ਗਰੀਬ ਤੋਂ ਗਰੀਬ ਵਿਅਕਤੀ ਦਾ ਮਨੋਬਲ ਅਤੇ ਆਤਮਵਿਸ਼ਵਾਸ ਵਧਿਆ।


Karan Kumar

Content Editor

Related News