ਕੇਜਰੀਵਾਲ ''ਮੁਆਫੀ ਮੋਡ'' ਵਿਚ ਕਿਉਂ ਤੇ ਕਿਵੇਂ ਆਏ

03/25/2018 7:50:17 AM

ਜਦੋਂ ਦਿੱਲੀ ਹਾਈਕੋਰਟ ਨੇ 'ਆਮ ਆਦਮੀ ਪਾਰਟੀ' ਦੇ 20 ਅਯੋਗ ਕਰਾਰ ਦਿੱਤੇ ਵਿਧਾਇਕਾਂ ਦੀ ਮੈਂਬਰਸ਼ਿਪ ਬਹਾਲ ਕਰਨ ਦੀ ਗੱਲ ਕਹੀ (ਜੋ ਕਿ ਬਹਾਲ ਹੋ ਵੀ ਗਈ ਹੈ), ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਿਮਰਤਾ ਦੀ ਨਵੀਂ ਮੂਰਤ ਬਣਦੇ ਨਜ਼ਰ ਆਏ। ਉਹ ਹੁਣ ਆਪਣੇ ਸਾਰੇ ਪੁਰਾਣੇ ਗਿਲੇ-ਸ਼ਿਕਵੇ ਭੁਲਾ ਕੇ 'ਮੁਆਫੀ ਮੋਡ' ਵਿਚ ਆ ਗਏ ਹਨ। ਉਨ੍ਹਾਂ ਦੇ ਮੁਆਫੀ ਮੋਡ ਵਿਚ ਆਉਣ ਦੀ ਕਹਾਣੀ ਵੀ ਘੱਟ ਦਿਲਚਸਪ ਨਹੀਂ ਹੈ। ਜਦੋਂ ਮਜੀਠੀਆ ਦੇ ਮਾਣਹਾਨੀ ਮਾਮਲੇ 'ਚ ਕੇਜਰੀਵਾਲ ਵਿਰੁੱਧ ਪੰਜਾਬ 'ਚ ਕੇਸ ਦਰਜ ਹੋਇਆ ਅਤੇ ਅਦਾਲਤ 'ਚ ਉਸ ਦੀ ਤਰੀਕ ਲੱਗ ਗਈ ਤਾਂ ਕੇਜਰੀਵਾਲ ਨੇ ਪੰਜਾਬ ਵਿਚ 'ਆਮ ਆਦਮੀ ਪਾਰਟੀ' ਦੇ ਵਿਧਾਇਕ ਦਲ ਦੇ ਨੇਤਾ ਸੁਖਪਾਲ ਖਹਿਰਾ ਨੂੰ ਫੋਨ ਕਰ ਕੇ ਕਿਹਾ ਕਿ ਉਹ ਇਸ ਮਾਮਲੇ ਨੂੰ ਦੇਖ ਲੈਣ ਤੇ ਕਿਸੇ ਵਕੀਲ ਦਾ ਪ੍ਰਬੰਧ ਕਰ ਲੈਣ ਕਿਉਂਕਿ ਫਿਲਹਾਲ ਉਹ ਆਪਣੇ ਰੁਝੇਵਿਆਂ ਕਾਰਨ ਪੰਜਾਬ ਨਹੀਂ ਆ ਸਕਦੇ। 
ਇਸ ਤੋਂ ਬਾਅਦ ਦੋ ਤਰੀਕਾਂ 'ਤੇ ਖਹਿਰਾ ਨੇ ਕੇਜਰੀਵਾਲ ਵਲੋਂ ਵਕੀਲ ਭੇਜਿਆ। ਸੂਤਰਾਂ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਖਹਿਰਾ ਨੇ ਕੇਜਰੀਵਾਲ ਨੂੰ 6 ਲੱਖ ਰੁਪਏ ਦਾ ਬਿੱਲ ਭੇਜ ਦਿੱਤਾ, ਜਿਸ ਨੂੰ ਦੇਖ ਕੇ ਕੇਜਰੀਵਾਲ ਦਾ ਸਿਰ ਚਕਰਾ ਗਿਆ। 
ਉਨ੍ਹਾਂ ਨੇ ਝੱਟ ਖਹਿਰਾ ਨੂੰ ਫੋਨ ਮਿਲਾਇਆ ਤੇ ਪੁੱਛਿਆ, ''ਵਕੀਲ ਦੀ ਇੰਨੀ ਜ਼ਿਆਦਾ ਫੀਸ?'' ਤਾਂ ਖਹਿਰਾ ਦਾ ਜਵਾਬ ਆਇਆ ਕਿ ''ਉਂਝ ਤਾਂ ਇਹ ਵਕੀਲ ਆਪਣੀ ਹਰੇਕ ਪੇਸ਼ੀ ਦਾ 5 ਲੱਖ ਰੁਪਿਆ ਲੈਂਦੇ ਹਨ ਪਰ ਉਹ ਮੇਰਾ ਲਿਹਾਜ਼ ਕਰ ਕੇ 3 ਲੱਖ ਰੁਪਏ ਲੈ ਰਹੇ ਹਨ।'' 
ਕੇਜਰੀਵਾਲ ਨੇ ਸਿਰ ਫੜ ਲਿਆ ਤੇ ਬੋਲੇ, ''ਮੇਰੇ ਕੋਲ ਇੰਨਾ ਪੈਸਾ ਕਿੱਥੇ ਕਿ ਹਰੇਕ ਸੁਣਵਾਈ ਲਈ 3 ਲੱਖ ਰੁਪਏ ਦੇਵਾਂ। ਮੇਰੇ ਵਿਰੁੱਧ ਤਾਂ ਅਜਿਹੇ ਛੱਤੀ ਕੇਸ ਚੱਲ ਰਹੇ ਹਨ। ਮੈਂ ਇੰਨੇ ਪੈਸੇ ਕਿੱਥੋਂ ਲਿਆਵਾਂਗਾ? ਜੇ ਇਹ ਮੇਰੇ ਹੀ ਮਾਣ-ਸਨਮਾਨ ਦੀ ਗੱਲ ਹੈ ਤਾਂ ਮੈਂ ਮੁਆਫੀ ਮੰਗ ਲੈਂਦਾ ਹਾਂ, ਪਾਰਟੀ ਨੂੰ ਇਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ।'' ਤੇ ਉਸੇ ਸਮੇਂ ਤੋਂ ਕੇਜਰੀਵਾਲ 'ਮੁਆਫੀ ਮੋਡ' ਵਿਚ ਚਲੇ ਗਏ। 
ਬਲੂਨੀ ਨੂੰ ਮਿਲਿਆ ਮੋਦੀ ਨਾਲ ਨੇੜਤਾ ਦਾ ਇਨਾਮ 
ਰਾਜ ਸਭਾ ਚੋਣਾਂ ਦੇ ਨਤੀਜਿਆਂ ਨੇ ਮੁਰਝਾਏ ਭਗਵਾ ਵਰਕਰਾਂ 'ਚ ਨਵਾਂ ਉਤਸ਼ਾਹ ਜਗਾ ਦਿੱਤਾ ਹੈ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਰਾਜ ਸਭਾ ਚੋਣਾਂ 'ਚ ਕਈ ਭਗਵਾ ਉਮੀਦਵਾਰ ਅਜਿਹੇ ਸਨ, ਜਿਨ੍ਹਾਂ ਨੂੰ ਮੋਦੀ ਦੀ ਫਰਾਖ਼ਦਿਲੀ ਤੇ ਨੇੜਤਾ ਦਾ ਇਨਾਮ ਮਿਲਿਆ ਹੈ, ਨਹੀਂ ਤਾਂ ਉੱਤਰਾਖੰਡ ਤੋਂ ਆਉਣ ਵਾਲੇ ਇਕ ਅਨਾਮ ਚਿਹਰੇ ਅਨਿਲ ਬਲੂਨੀ ਦੀ ਕੀ ਮਜ਼ਾਲ ਕਿ ਉਹ ਰਾਮ ਮਾਧਵ ਵਰਗੇ ਘਾਗ ਨੂੰ ਦੌੜ ਵਿਚ ਪਛਾੜ ਕੇ ਉੱਪਰਲੇ ਸਦਨ 'ਚ ਜਾ ਪਹੁੰਚੇ। 
ਹੁਣ ਜ਼ਰਾ ਬਲੂਨੀ ਦੇ ਇਤਿਹਾਸ ਨੂੰ ਖੰਗਾਲਿਆ ਜਾਵੇ। ਕਦੇ ਉਹ 'ਕੁਬੇਰ ਟਾਈਮਜ਼'  ਅਤੇ 'ਜੇ. ਵੀ. ਜੀ. ਟਾਈਮਜ਼' ਵਰਗੀਆਂ ਹਿੰਦੀ ਦੀਆਂ ਮਾਮੂਲੀ ਅਖ਼ਬਾਰਾਂ ਵਿਚ 'ਸਟਿੰਗਰ' ਹੁੰਦੇ ਸਨ। ਕੁਝ ਸਮੇਂ ਬਾਅਦ ਇਹ ਦੋਵੇਂ ਅਖ਼ਬਾਰਾਂ ਬੰਦ ਹੋ ਗਈਆਂ ਤਾਂ ਉਹ ਦਿੱਲੀ 'ਚ ਭਾਜਪਾ ਤੇ ਸੰਘ ਦੇ ਦਫਤਰਾਂ 'ਚ ਗੇੜੇ ਮਾਰਨ ਲੱਗ ਪਏ। ਫਿਰ ਉਨ੍ਹਾਂ ਦੀ ਜਾਣ-ਪਛਾਣ ਸੁੰਦਰ ਸਿੰਘ ਭੰਡਾਰੀ ਨਾਲ ਵਧ ਗਈ। 
ਜਦੋਂ ਭੰਡਾਰੀ ਗੁਜਰਾਤ ਦੇ ਰਾਜਪਾਲ ਬਣੇ ਤਾਂ ਉਨ੍ਹਾਂ ਨੇ ਬਲੂਨੀ ਨੂੰ ਆਪਣਾ ਓ. ਐੱਸ. ਡੀ. ਬਣਾ ਲਿਆ। ਇਹ 2001 ਦੀ ਗੱਲ ਹੈ। ਉਦੋਂ ਹੀ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ। ਫਿਰ ਬਲੂਨੀ ਮੋਦੀ ਅਤੇ ਭੰਡਾਰੀ ਵਿਚਾਲੇ ਸੰਵਾਦ ਸੂਤਰ ਦਾ ਕੰਮ ਕਰਨ ਲੱਗ ਪਏ। ਬਦਕਿਸਮਤੀ ਨਾਲ ਭੰਡਾਰੀ ਨਹੀਂ ਰਹੇ ਤਾਂ ਬਲੂਨੀ ਮੋਦੀ ਦੀ ਪਨਾਹ 'ਚ ਚਲੇ ਗਏ, ਜਿਨ੍ਹਾਂ ਨੇ ਬਲੂਨੀ ਨੂੰ ਉੱਤਰਾਖੰਡ ਭਾਜਪਾ ਦਾ ਬੁਲਾਰਾ ਨਿਯੁਕਤ ਕਰਵਾ ਦਿੱਤਾ।
ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਬਲੂਨੀ ਨੇ ਵੀ ਦਿੱਲੀ ਦਾ ਰਾਹ ਫੜ ਲਿਆ ਤੇ ਉਥੇ ਬੁਲਾਰੇ ਦੀ ਨਵੀਂ ਭੂਮਿਕਾ 'ਚ ਆ ਗਏ। ਮੋਦੀ ਆਪਣੇ ਵਿਸ਼ਵਾਸਪਾਤਰਾਂ ਨੂੰ ਕਦੇ ਨਹੀਂ ਭੁੱਲਦੇ, ਇਹ ਦੱਸਣ ਲਈ ਇਸ ਵਾਰ ਉਨ੍ਹਾਂ ਨੇ ਬਲੂਨੀ ਨੂੰ ਰਾਜ ਸਭਾ ਭਿਜਵਾ ਦਿੱਤਾ।
ਬਹੁਮੁਖੀ ਪ੍ਰਤਿਭਾ ਦੇ ਧਨੀ ਬਿਪਲਵ ਦੇਵ
ਸਿਫਰ ਤੋਂ ਸਿਖਰ ਤਕ ਦੀ ਅਜਿਹੀ ਹੀ ਇਕ ਯਾਤਰਾ ਤ੍ਰਿਪੁਰਾ ਦੇ ਨਵੇਂ ਬਣੇ ਮੁੱਖ ਮੰਤਰੀ ਬਿਪਲਵ ਦੇਵ ਦੀ ਵੀ ਹੈ, ਜੋ ਦਿੱਲੀ ਆਪਣੀ ਪੜ੍ਹਾਈ ਦੇ ਸਿਲਸਿਲੇ 'ਚ ਆਏ ਸਨ। ਦਿੱਲੀ ਵਿਚ ਉਨ੍ਹਾਂ ਦੀ ਮੁਲਾਕਾਤ ਸਤਨਾ ਤੋਂ ਭਾਜਪਾ ਦੇ ਐੱਮ. ਪੀ. ਗਣੇਸ਼ ਸਿੰਘ ਨਾਲ ਹੋਈ, ਜਿਨ੍ਹਾਂ ਨੂੰ ਬਿਪਲਵ ਇੰਨੇ ਪਸੰਦ ਆਏ ਕਿ ਉਨ੍ਹਾਂ ਨੇ ਬਿਪਲਵ ਨੂੰ ਸਹਾਇਕ ਵਜੋਂ ਨਿਯੁਕਤ ਕਰ ਲਿਆ। ਬਿਪਲਵ ਦੀ ਪ੍ਰਤਿਭਾ ਦੇ ਕਈ ਰੂਪ ਸਨ ਤੇ ਇਕ ਉਨ੍ਹਾਂ ਦਾ ਕੁਸ਼ਲ ਡਰਾਈਵਰ ਹੋਣਾ ਵੀ ਇਨ੍ਹਾਂ ਰੂਪਾਂ 'ਚ ਸ਼ਾਮਿਲ ਸੀ। 
ਸੋ ਉਹ ਨਾ ਸਿਰਫ ਐੱਮ. ਪੀ. ਸਾਹਿਬ ਦੀ ਗੱਡੀ ਚਲਾਉਂਦੇ ਸਨ, ਸਗੋਂ ਉਨ੍ਹਾਂ ਦੀਆਂ ਸਿਆਸੀ ਇੱਛਾਵਾਂ ਨੂੰ ਵੀ ਇਕ ਨਵੀਂ ਦਿਸ਼ਾ ਦਿੰਦੇ ਰਹੇ। ਬਿਪਲਵ ਨੇ ਦਿੱਲੀ ਵਿਚ ਆਪਣਾ ਇਕ ਕੋਰ ਗਰੁੱਪ ਤਿਆਰ ਕੀਤਾ ਸੀ, ਜਿਸ ਨਾਲ ਕਈ ਹੰਢੇ ਹੋਏ ਪੱਤਰਕਾਰ, ਸਿੱਖਿਆ ਵਿਗਿਆਨੀ ਆਦਿ ਜੁੜੇ ਹੋਏ ਸਨ, ਜਿਨ੍ਹਾਂ ਦਾ ਕੰਮ ਐੱਮ. ਪੀ. ਸਾਹਿਬ ਲਈ ਸੰਸਦ 'ਚ ਪੁੱਛੇ ਜਾਣ ਵਾਲੇ ਸਵਾਲ ਤੈਅ ਕਰਨਾ ਸੀ। 
ਯਾਦ ਰਹੇ ਕਿ ਗਣੇਸ਼ ਸਿੰਘ ਲਗਾਤਾਰ ਤਿੰਨ ਵਾਰ ਮੱਧ ਪ੍ਰਦੇਸ਼ ਦੇ ਸਤਨਾ ਤੋਂ ਭਾਜਪਾ ਦੇ ਐੱਮ. ਪੀ. ਹਨ। ਇਸ ਤੋਂ ਬਾਅਦ ਬਿਪਲਵ ਸੰਘ ਦੇ ਵਿਚਾਰਕ ਤੇ ਮੋਦੀ ਦੇ ਨੇੜਲੇ ਸੁਨੀਲ ਦੇਵਧਰ ਦੇ ਸੰਪਰਕ 'ਚ ਆਏ ਅਤੇ ਦੇਵਧਰ ਨੇ ਬਿਪਲਵ ਨੂੰ ਤ੍ਰਿਪੁਰਾ 'ਚ ਭਗਵਾ ਜ਼ਮੀਨ ਤਿਆਰ ਕਰਨ ਦੀ ਮੁਹਿੰਮ 'ਚ ਆਪਣੇ ਨਾਲ ਜੋੜ ਲਿਆ ਤੇ ਇਥੋਂ ਹੀ ਬਿਪਲਵ ਦਾ ਸਿਤਾਰਾ ਨਵੀਆਂ ਬੁਲੰਦੀਆਂ ਨੂੰ ਛੂਹਣ ਲੱਗ ਪਿਆ। 
ਤੋਮਰ ਦੀਆਂ ਸਮੱਸਿਆਵਾਂ 
ਮੋਦੀ ਸਰਕਾਰ 'ਚ ਤਜਰਬੇਕਾਰ ਮਾਈਨਿੰਗ ਮੰਤਰੀ ਨਰਿੰਦਰ ਸਿੰਘ ਤੋਮਰ ਆਪਣੀ ਡਲਿਵਰੀ ਤੇ ਪ੍ਰਫਾਰਮੈਂਸ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਸ਼ਾਇਦ ਇਹੋ ਵਜ੍ਹਾ ਰਹੀ ਕਿ ਸਰਕਾਰ 'ਚ ਹੁਣ ਤਕ ਉਨ੍ਹਾਂ ਦੇ ਪੋਰਟਫੋਲੀਓ ਨਾਲ ਛੇੜਖਾਨੀ ਹੋ ਚੁੱਕੀ ਹੈ। ਸੋ ਇਨ੍ਹੀਂ ਦਿਨੀਂ ਤੋਮਰ ਆਪਣੇ ਮੰਤਰਾਲੇ ਦੇ ਕੰਮਕਾਜ ਨੂੰ ਲੈ ਕੇ ਬਹੁਤ ਸਰਗਰਮ ਲੱਗਦੇ ਹਨ। 
ਪਿਛਲੇ ਦਿਨੀਂ ਉਨ੍ਹਾਂ ਦੇ ਮੰਤਰਾਲੇ ਨੇ ਰੇਤਾ ਦੀ ਮਾਈਨਿੰਗ ਨੂੰ ਲੈ ਕੇ ਦਿੱਲੀ ਵਿਚ 'ਸੈਂਡ ਮਾਈਨਿੰਗ ਫ੍ਰੇਮਵਰਕ ਕਾਨਕਲੇਵ' ਦਾ ਆਯੋਜਨ ਕੀਤਾ, ਜੋ ਆਪਣੀ ਕਿਸਮ ਦਾ ਇਕ ਅਨੋਖਾ ਪ੍ਰਯੋਗ ਸੀ, ਜਿਸ ਵਿਚ ਵੱਖ-ਵੱਖ ਸੂਬਿਆਂ ਦੇ ਨੁਮਾਇੰਦੇ ਸ਼ਾਮਿਲ ਹੋਏ। ਇਸ ਤੋਂ ਇਲਾਵਾ ਨੌਕਰਸ਼ਾਹੀ ਤੇ ਰੇਤ ਮਾਈਨਿੰਗ ਨਾਲ ਜੁੜੀਆਂ ਕੰਪਨੀਆਂ ਦੇ ਅਧਿਕਾਰੀ ਵੀ ਆਏ। 
ਜਿਵੇਂ ਹੀ ਕਾਨਕਲੇਵ ਖਤਮ ਹੋਈ, ਕਈ ਅਧਿਕਾਰੀਆਂ, ਮੰਤਰਾਲੇ ਦੇ ਮੁਲਾਜ਼ਮਾਂ ਅਤੇ ਮਾਈਨਿੰਗ ਕੰਪਨੀਆਂ ਦੇ ਅਧਿਕਾਰੀਆਂ ਨੇ ਆਯੋਜਕਾਂ ਤੋਂ ਇਸ 'ਫਰੇਮਵਰਕ' ਦੀ ਕਾਪੀ ਮੰਗੀ। ਜਿਸ ਵਿਅਕਤੀ ਨੂੰ ਕਾਪੀਆਂ ਵੰਡਣ ਦੇ ਕੰਮ 'ਚ ਲਾਇਆ ਗਿਆ, ਉਸ ਨੇ ਦੱਸਿਆ ਕਿ ਇਕ ਵਿਅਕਤੀ ਖੁਦ ਨੂੰ ਮੰਤਰਾਲੇ ਦਾ ਅਧਿਕਾਰੀ ਦੱਸ ਕੇ ਸਾਰੀਆਂ ਕਾਪੀਆਂ ਲੈ ਗਿਆ, ਉਸ ਕੋਲ ਸਿਰਫ 10 ਕਾਪੀਆਂ ਬਚੀਆਂ। ਫਿਰ ਅਧਿਕਾਰੀਆਂ ਨੇ ਕਿਹਾ ਕਿ ਕੋਈ ਗੱਲ ਨਹੀਂ, ਇਸ ਦੀ ਡਿਜੀਟਲ ਜਾਂ ਸਾਫਟ ਕਾਪੀ ਮੇਲ ਕਰ ਦਿਓ ਪਰ ਮੰਤਰਾਲੇ ਵਲੋਂ ਇਸ ਦੀ ਡਿਜੀਟਲ ਕਾਪੀ ਹੀ ਤਿਆਰ ਨਹੀਂ ਹੋਈ ਸੀ। 
ਸਾਡੇ ਪ੍ਰਧਾਨ ਮੰਤਰੀ ਦੇਸ਼ ਨੂੰ ਨਵੇਂ ਡਿਜੀਟਲ ਯੁੱਗ 'ਚ ਲਿਜਾਣਾ ਚਾਹੁੰਦੇ ਹਨ ਪਰ ਉਹ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਦਾ ਕੀ ਕਰਨ? 
ਇਕ ਭਗਵਾ ਗਲਤੀ 
'ਆਮ ਆਦਮੀ ਪਾਰਟੀ' ਦੇ ਸੰਜੇ ਸਿੰਘ ਜਦੋਂ ਤੋਂ ਉੱਪਰਲੇ ਸਦਨ 'ਚ ਪਹੁੰਚੇ ਹਨ, ਉਨ੍ਹਾਂ ਨੇ ਆਪਣੀ ਵਧੇਰੇ ਸਰਗਰਮੀ ਨਾਲ ਸੱਤਾ ਪੱਖ ਦੇ ਨੱਕ 'ਚ ਦਮ ਕੀਤਾ ਹੋਇਆ ਹੈ। ਬਤੌਰ ਐੱਮ. ਪੀ. ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਕਿਹੜੀ ਸੰਸਦੀ ਕਮੇਟੀ ਦਾ ਹਿੱਸਾ ਬਣਨਾ ਚਾਹੁਣਗੇ ਤਾਂ ਸੰਜੇ ਸਿੰਘ ਨੇ ਆਪਣੇ ਵਲੋਂ 3 ਨਾਂ ਸੁਝਾਏ। ਪਹਿਲਾ, ਅਰਬਨ ਡਿਵੈੱਲਪਮੈਂਟ ਮਨਿਸਟਰੀ ਦਾ ਸੀ, ਦੂਜਾ—ਹੋਮ ਮਨਿਸਟਰੀ ਤੇ ਤੀਜਾ, ਸਟੀਲ ਤੇ ਮਾਈਨਿੰਗ ਮੰਤਰਾਲਾ। 
ਭਾਜਪਾ ਦੇ ਨੀਤੀਘਾੜਿਆਂ ਨੇ ਸੋਚਿਆ ਕਿ ਦਿੱਲੀ 'ਚ ਸੀਲਿੰਗ ਦਾ ਕੰਮ ਜ਼ੋਰਾਂ 'ਤੇ ਹੈ, ਸੋ ਸੰਜੇ ਸਿੰਘ ਸੀਲਿੰਗ ਨਾਲ ਜੁੜੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਨ ਦਾ ਕੰਮ ਕਰਨਗੇ। ਵੈਂਕੱਈਆ ਨਾਇਡੂ ਦੇ ਕਹਿਣ 'ਤੇ ਉਨ੍ਹਾਂ ਨੂੰ ਮਾਈਨਿੰਗ ਮੰਤਰਾਲੇ 'ਚ ਭੇਜ ਦਿੱਤਾ ਗਿਆ। ਭਾਜਪਾ ਵਾਲੇ ਇਸ ਗੱਲ ਤੋਂ ਅਣਜਾਣ ਸਨ ਕਿ ਸੰਜੇ ਸਿੰਘ ਇਕ ਮਾਈਨਿੰਗ ਇੰਜੀਨੀਅਰ ਹਨ, ਸੋ ਉਹ ਹੁਣ ਮਾਈਨਿੰਗ ਨਿਯਮਾਂ ਨਾਲ ਜੁੜੇ ਦੁਰਲੱਭ ਸਵਾਲਾਂ ਦੀ ਸੂਚੀ ਤਿਆਰ ਕਰਨ 'ਚ ਜੁਟ ਗਏ ਹਨ। ਭਗਵਾ ਸਕੂਲ ਦੇ ਗੁਰੂਆਂ ਨੂੰ ਛੇਤੀ ਹੀ ਇਨ੍ਹਾਂ ਸਵਾਲਾਂ ਦੀ ਕਾਟ ਲੱਭਣੀ ਪਵੇਗੀ।
ਸੰਜੇ ਨੇ ਤਾਜ਼ਾ ਮਾਮਲਾ ਜਨਤਕ ਉੱਦਮ ਖੇਤਰ ਦੀ ਇਕ ਵੱਡੀ ਕੰਪਨੀ 'ਸੇਲ' ਦੇ ਵਿਸਤਾਰ ਪਲਾਨ ਦਾ ਕੱਢਿਆ ਹੈ। ਦੱਸਿਆ ਜਾਂਦਾ ਹੈ ਕਿ ਇਸ ਦੇ ਲਈ ਤੈਅਸ਼ੁਦਾ 78,000 ਕਰੋੜ ਰੁਪਏ ਦੀ ਰਕਮ 'ਚੋਂ 74,000 ਕਰੋੜ ਰੁਪਏ ਦੀ ਬਾਂਦਰ-ਵੰਡ ਹੋ ਚੁੱਕੀ ਹੈ ਪਰ ਇਸ ਦੀ ਪ੍ਰੋਡਕਸ਼ਨ 'ਚ 3 ਫੀਸਦੀ ਦਾ ਮਾਮੂਲੀ ਵਾਧਾ ਦਰਜ ਹੋਇਆ ਹੈ। 
ਪ੍ਰਸਾਦ ਦਾ ਬੜਬੋਲਾਪਣ
ਮੋਦੀ ਸਰਕਾਰ ਦੇ ਸੂਚਨਾ ਤਕਨਾਲੋਜੀ ਤੇ ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਆਪਣੇ ਬੜਬੋਲੇਪਣ ਦੀ ਵਜ੍ਹਾ ਕਾਰਨ ਅਕਸਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਜਾਂਦੇ ਹਨ। ਮੇਹੁਲ ਚੋਕਸੀ ਕਾਂਡ ਦੇ ਸੇਕ 'ਚ ਅਜੇ ਪ੍ਰਸਾਦ ਹੌਲੀ-ਹੌਲੀ ਤਪ ਹੀ ਰਹੇ ਸਨ ਕਿ ਕੈਂਬ੍ਰਿਜ ਐਨਾਲਿਟਿਕਾ ਦੇ ਫੇਸਬੁੱਕ ਡਾਟਾ ਚੋਰੀ ਦਾ ਨਵਾਂ ਮਾਮਲਾ ਸਾਹਮਣੇ ਆ ਗਿਆ। 
ਉਨ੍ਹਾਂ ਦਾ ਇਹ ਬਿਆਨ ਸੁਰਖ਼ੀਆਂ ਵਿਚ ਛਾ ਗਿਆ, ਜਦੋਂ ਉਨ੍ਹਾਂ ਨੇ ਜੋਸ਼ 'ਚ ਆ ਕੇ ਕਹਿ ਦਿੱਤਾ ਕਿ ਉਹ ਆਈ. ਟੀ. ਕਾਨੂੰਨ ਦੇ ਤਹਿਤ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨਗੇ ਤੇ ਲੋੜ ਪੈਣ 'ਤੇ ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੂੰ 'ਸੰਮਨ' ਭੇਜਣਗੇ। 
ਇਸ 'ਤੇ ਵਿਰੋਧੀ ਧਿਰ ਨੂੰ ਹਮਲਾ ਕਰਨ ਦਾ ਮੌਕਾ ਮਿਲ ਗਿਆ। ਸਿਆਸਤ ਦੇ ਨਵੇਂ ਵਿਦਿਆਰਥੀ ਤੇਜਸਵੀ ਯਾਦਵ ਨੇ ਝੱਟ ਟਵੀਟ ਕਰ ਕੇ ਪ੍ਰਸਾਦ 'ਤੇ ਹੱਲਾ ਬੋਲ ਦਿੱਤਾ ਕਿ ''ਇਹ ਡਰਾਮੇਬਾਜ਼ੀ ਬੰਦ ਕਰੋ ਤੇ ਸਭ ਤੋਂ ਪਹਿਲਾਂ ਕਾਲਡਰਾਪ ਦੀ ਸਮੱਸਿਆ ਦਾ ਹੱਲ ਲੱਭੋ।''
ਜਦੋਂ ਸਰਕਾਰ ਨੇ ਕੈਂਬ੍ਰਿਜ ਐਨਾਲਿਟਿਕਾ ਨੂੰ ਸਿਰਫ 6 ਸਵਾਲਾਂ ਦਾ ਨੋਟਿਸ ਜਾਰੀ ਕੀਤਾ ਤਾਂ ਉਸ 'ਚ ਜ਼ੁਕਰਬਰਗ ਨਾਲ ਜੁੜਿਆ ਕੋਈ ਵੱਡਾ ਸਵਾਲ ਨਹੀਂ ਸੀ। ਕੰਪਨੀ ਨੂੰ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਵੀ 31 ਮਾਰਚ ਦਾ ਸਮਾਂ ਦਿੱਤਾ ਗਿਆ ਹੈ। 
ਫਿਰ ਜਦੋਂ ਵਿਰੋਧੀ ਧਿਰ ਨੇ ਇਨ੍ਹਾਂ ਸਵਾਲਾਂ ਦੀ ਸੂਚੀ 'ਤੇ ਹੰਗਾਮਾ ਕੀਤਾ ਤਾਂ ਪ੍ਰਸਾਦ ਦੇ ਮੰਤਰਾਲੇ ਵਲੋਂ ਸਫਾਈ ਦਿੱਤੀ ਗਈ ਕਿ ਜ਼ੁਕਰਬਰਗ ਨੇ ਪਹਿਲਾਂ ਹੀ ਮੁਆਫੀ ਮੰਗ ਲਈ ਹੈ, ਇਸ ਲਈ ਇਸ ਮਾਮਲੇ ਨੂੰ ਤੂਲ ਦੇਣਾ ਠੀਕ ਨਹੀਂ। 
...ਅਤੇ ਆਖਿਰ 'ਚ 
ਇਸ ਵਾਰ ਰਾਜ ਸਭਾ ਚੋਣਾਂ 'ਚ ਜਿਥੇ ਕਈ ਸਿਆਸੀ ਘਾਗ, ਜਿਵੇਂ ਰਾਜੀਵ ਸ਼ੁਕਲਾ ਤੇ ਰਾਮ ਮਾਧਵ ਵਰਗੇ ਨੇਤਾ ਉੱਪਰਲੇ ਸਦਨ 'ਚ ਜਾਣ ਤੋਂ ਵਾਂਝੇ ਰਹਿ ਗਏ, ਉਥੇ ਹੀ ਜਯਾ ਬੱਚਨ ਦਾ ਸਿਤਾਰਾ ਨਵੀਂ ਸਿਆਸੀ ਰੌਸ਼ਨੀ ਨਾਲ ਚਮਕ ਉੱਠਿਆ। ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ ਆਪਣੀ ਚੌਥੀ ਸੀਟ ਆਖਰੀ ਸਮੇਂ ਤਕ ਜਯਾ ਦੀ ਉਡੀਕ 'ਚ ਖਾਲੀ ਰੱਖੀ ਸੀ ਕਿਉਂਕਿ ਮਮਤਾ ਜਯਾ ਦੀ ਬੰਗਾਲੀ ਅਣਖ ਦਾ ਪੱਤਾ ਖੇਡਣਾ ਚਾਹੁੰਦੀ ਸੀ ਪਰ ਦੂਜੇ ਪਾਸੇ ਸਪਾ ਵੀ ਜਯਾ ਨੂੰ ਹੱਥੋਂ ਨਹੀਂ ਨਿਕਲਣ ਦੇਣਾ ਚਾਹੁੰਦੀ ਸੀ।
ਸੋ ਟਿਕਟਾਂ ਦੇ ਐਲਾਨ ਤੋਂ ਐਨ ਪਹਿਲਾਂ ਮਮਤਾ ਨੇ ਅਖਿਲੇਸ਼ ਤੇ ਮੁਲਾਇਮ ਦੋਹਾਂ ਨਾਲ ਗੱਲ ਕੀਤੀ ਤੇ ਪੁੱਛਿਆ ਕਿ ਕੀ ਉਹ ਜਯਾ ਬੱਚਨ ਨੂੰ ਸੀਟ ਦੇ ਰਹੇ ਹਨ? ਦੋਹਾਂ ਪਿਓ-ਪੁੱਤ ਵਲੋਂ ਠੋਸ ਭਰੋਸਾ ਮਿਲਣ ਤੋਂ ਬਾਅਦ ਹੀ ਮਮਤਾ ਨੇ ਆਪਣੀ ਚੌਥੀ ਸੀਟ ਦਾ ਸਸਪੈਂਸ ਖਤਮ ਕੀਤਾ।                    (g@ssipguru.in)


Related News