ਅਰੁਣਾਚਲ ਪ੍ਰਦੇਸ਼ ਭਾਰਤ ਦਾ ਇਕ ਅਨਿੱਖੜਵਾਂ ਅੰਗ

Sunday, Apr 16, 2023 - 11:57 PM (IST)

ਅਰੁਣਾਚਲ ਪ੍ਰਦੇਸ਼ ਭਾਰਤ ਦਾ ਇਕ ਅਨਿੱਖੜਵਾਂ ਅੰਗ

ਚੀਨ ਆਪਣੀਆਂ ਘਿਨੌਣੀਆਂ ਚਾਲਾਂ ਤੋਂ ਬਾਜ਼ ਨਹੀਂ ਆ ਰਿਹਾ। ਅਰੁਣਾਚਲ ਪ੍ਰਦੇਸ਼ ’ਤੇ ਮੁੜ ਆਪਣਾ ਦਾਅਵਾ ਮਜ਼ਬੂਤ ਕਰਨ ਦੇ ਮਕਸਦ ਨਾਲ ਭਾਰਤ ਦੇ ਇਸ ਸਰਹੱਦੀ ਸੂਬੇ ਦੇ ਕੁਝ ਮਹੱਤਵਪੂਰਨ ਇਲਾਕਿਆਂ ਦੇ ਨਾਂ ਬਦਲਣ ’ਚ ਚੀਨ ਅੱਜਕਲ ਰੁੱਝਿਆ ਹੋਇਆ ਹੈ। ਬੀਜਿੰਗ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਉਨਿੰਗ ਨੇ 2 ਅਪ੍ਰੈਲ ਨੂੰ ਅਰੁਣਾਚਲ ਪ੍ਰਦੇਸ਼ ਨੂੰ ਤਿੱਬਤ ਦਾ ਦੱਖਣੀ ਹਿੱਸਾ ‘ਜਾਗਨਾਨ’ ਦਰਸਾਉਂਦਿਆਂ 11 ਥਾਵਾਂ ਦੇ ਬਦਲੇ ਹੋਏ ਨਾਂ ਜਤਨਕ ਕੀਤੇ ਹਨ, ਜਿਨ੍ਹਾਂ ’ਚ 2 ਜ਼ਮੀਨੀ ਇਲਾਕੇ, 2 ਰਿਹਾਇਸ਼ੀ ਇਲਾਕੇ, 5 ਪਹਾੜੀ ਦੀਆਂ ਚੋਟੀਆਂ ਅਤੇ 2 ਨਦੀਆਂ ਸ਼ਾਮਲ ਹਨ।

ਇਸ ਦੇ ਨਾਲ-ਨਾਲ ਉਸਨੇ ਉਨ੍ਹਾਂ ਦੇ ਅਧੀਨ ਪ੍ਰਸ਼ਾਸਨਿਕ ਜ਼ਿਲਿਆਂ ਨੂੰ ਵੀ ਸੂਚੀਬੱਧ ਕੀਤਾ ਹੈ। ਅਰੁਣਾਚਲ ਪ੍ਰਦੇਸ਼ ਲਈ ਭੂਗੋਲਿਕ ਨਾਵਾਂ ਦੀ ਤਬਦੀਲੀ ਦਾ ਇਹ ਤੀਜਾ ਸਮੂਹ ਹੈ। ਇਸ ਤੋਂ ਪਹਿਲਾਂ 6 ਥਾਵਾਂ ਦੇ ਪ੍ਰਮਾਣਿਤ ਨਾਵਾਂ ਦਾ ਪਹਿਲਾ ਬੈਚ 2017 ’ਚ, ਫਿਰ 15 ਥਾਵਾਂ ਦਾ ਦੂਜਾ ਸਮੂਹ ਦਸੰਬਰ 2021 ’ਚ ਜਾਰੀ ਕੀਤਾ ਗਿਆ।

ਭਾਰਤ ਪਹਿਲਾਂ ਹੀ ਥਾਵਾਂ ਦੇ ਨਾਂ ਬਦਲਣ ’ਤੇ ਚੀਨੀ ਦਾਅਵੇ ਨੂੰ ਖਾਰਿਜ ਕਰਦਿਆਂ ਕਹਿ ਚੁੱਕਾ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਇਕ ਅਨਿੱਖੜਵਾਂ ਅੰਗ ਹੈ। ਇਹ ਹਮੇਸ਼ਾ ਰਿਹਾ ਹੈ ਅਤੇ ਰਹੇਗਾ। ਬਦਲੇ ਗਏ ਨਾਂ ਇਨ੍ਹਾਂ ਤੱਥਾਂ ਨੂੰ ਬਦਲ ਨਹੀਂ ਸਕਦੇ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਚੀਨ ਪਹਿਲੀ ਵਾਰ ਅਜਿਹੀ ਜ਼ਿੱਦ ਨਹੀਂ ਦਿਖਾ ਰਿਹਾ। ਉਹ ਵਾਰ-ਵਾਰ ਅਜਿਹੀ ਹਰਕਤ ਕਰ ਰਿਹਾ ਹੈ ਤੇ ਆਪਣੇ ਗੁਆਂਢੀ ਦੇਸ਼ ਨੂੰ ਲੈ ਕੇ ਮੰਦੀ ਭਾਵਨਾ ਦੇ ਪ੍ਰਚਾਰ ’ਚ ਲੱਗਾ ਹੋਇਆ ਹੈ। ਉਥੇ ਹੀ ਅਮਰੀਕਾ ਚੀਨ ਵੱਲੋਂ ਇਕਤਰਫਾ ਦਾਅਵਾ ਕਰਨ ਅਤੇ 11 ਥਾਵਾਂ ਦਾ ਨਾਂ ਬਦਲ ਕੇ ਦੱਖਣੀ ਤਿੱਬਤ ਰੱਖ ਕੇ ਖੇਤਰੀ ਲਾਭ ਲੈਣ ਦੀਆਂ ਚੀਨ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰਦਾ ਹੈ।

ਭੂਗੋਲਿਕ ਸਥਿਤੀ ਤੇ ਪਿਛੋਕੜ

ਭਾਰਤ ਦੇ ਉੱਤਰੀ-ਪੂਰਬੀ ਹਿੱਸੇ ’ਚ ਸਥਿਤ ਅਰੁਣਾਚਲ ਪ੍ਰਦੇਸ਼ ਜਿਸ ਨੂੰ ਪਹਿਲਾਂ ਨਾਰਥ ਈਸਟ ਫਰੰਟੀਅਰ ਏਜੰਸੀ (ਨੇਫਾ) ਆਖਿਆ ਜਾਂਦਾ ਸੀ, ਉਸ ਨੂੰ 21 ਜਨਵਰੀ, 1972 ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ (ਯੂ. ਟੀ.) ਦਾ ਦਰਜਾ ਹਾਸਲ ਹੋਇਆ ਤੇ 20 ਫਰਵਰੀ, 1987 ਨੂੰ ਭਾਰਤ ਦੇ ਸੂਬੇ ਵਜੋਂ ਮਾਨਤਾ ਪ੍ਰਾਪਤ ਹੋਈ।

83,743 ਵਰਗ ਕਿ. ਮੀ. ਦੇ ਸਰਹੱਦੀ ਸੂਬੇ ਨੂੰ 26 ਜ਼ਿਲਿਆਂ ’ਚ ਵੰਡਿਆ ਹੋਇਆ ਹੈ। ਇਸ ਦੇ ਕੁਲ ਰਕਬੇ ਵਿਚੋਂ 90 ਫੀਸਦੀ ਜੰਗਲ ਤੇ ਪਹਾੜ ਹਨ। 2011 ਦੀ ਜਨਗਣਨਾ ਅਨੁਸਾਰ ਇਸ ਦੀ ਆਬਾਦੀ 13,82,611 ਹੈ। ਸੂਬੇ ਦੀ 60 ਮੈਂਬਰੀ ਵਿਧਾਨ ਸਭਾ, 2 ਲੋਕ ਸਭਾ ਤੇ ਇਕ ਰਾਜ ਸਭਾ ਮੈਂਬਰ ਚੁਣਿਆ ਜਾਂਦਾ ਹੈ।

‘ਮੈਕਮੋਹਨ ਰੇਖਾ’ ਜਿਸ ਦੀ ਬੁਨਿਆਦ ‘ਵਾਟਰਸ਼ੈੱਡ’ ਵਾਲੇ ਕੌਮਾਂਤਰੀ ਸਿਧਾਂਤ ’ਤੇ ਆਧਾਰਿਤ ਹੈ, ਅਰੁਣਾਚਲ ਦੇ ਉੱਤਰ ਵੱਲ ਲੱਗਦੇ ਤਿੱਬਤ (ਚੀਨ) ਨਾਲ 1129 ਕਿ. ਮੀ., ਪੱਛਮ ਵੱਲ ਭੂਟਾਨ ਨਾਲ 217 ਕਿ. ਮੀ., ਪੂਰਬ ਵੱਲ ਮਿਆਂਮਾਰ ਨਾਲ 520 ਕਿ. ਮੀ. ਦੀ ਹੱਦ ਲੱਗਦੀ ਹੈ। 14 ਹਜ਼ਾਰ ਫੁੱਟ ਤੋਂ ਲੈ ਕੇ ਲਗਭਗ 25 ਹਜ਼ਾਰ ਫੁੱਟ ਤੱਕ ਦੀਆਂ ਚੋਟੀਆਂ ਵਿਚੋਂ ਐੱਲ. ਏ. ਸੀ. ਗੁਜ਼ਰਦੀ ਹੈ। ਅਰੁਣਾਚਲ ਪ੍ਰਦੇਸ਼ ’ਚੋਂ 5 ਵੱਡੇ ਦਰਿਆ ਅਤੇ ਕੁਝ ਹੋਰ ਪ੍ਰਭਾਵਸ਼ਾਲੀ ਦਰਿਆ ਵੀ ਸੂਬੇ ’ਚੋਂ ਲੰਘਦੇ ਹਨ।

ਅਰੁਣਾਚਲ ਪ੍ਰਦੇਸ਼ ਦੇ ਲੋਕਾਂ ਦੀ ਭਾਸ਼ਾ ਭੂਟਾਨ ਅਤੇ ਤਿੱਬਤ ਦੇ ਵਾਸੀਆਂ ਨਾਲ ਮਿਲਦੀ ਹੈ ਅਤੇ ਕੁਝ ਰੀਤੀ-ਰਿਵਾਜ ਭਾਰਤ ਵਾਸੀਆਂ ਨਾਲ ਮਿਲਦੇ ਹਨ। ਪੁਰਾਤਨ ਸਮੇਂ ਤੋਂ ਹੀ ਚੀਨ ਅਤੇ ਤਿੱਬਤ ਨੇ ਕਦੀ ਵੀ ਸਥਾਈ ਤੌਰ ’ਤੇ ਆਪਣੀ ਹੋਂਦ ਅਰੁਣਾਚਲ ਪ੍ਰਦੇਸ਼ ’ਚ ਕਾਇਮ ਨਹੀਂ ਕੀਤੀ। ਚੀਨ ਨੇ 1950-51 ’ਚ ਤਿੱਬਤ ’ਤੇ ਕਬਜ਼ਾ ਕਰ ਲਿਆ ਅਤੇ ਅਸੀਂ ਚੁੱਪ ਵੱਟੀ ਰੱਖੀ।

ਫਿਰ 50 ਦੇ ਦਹਾਕੇ ’ਚ ਹੀ ਬੀਜਿੰਗ ਨੇ ਅਣਅਧਿਕਾਰਤ ਤੌਰ ’ਤੇ ਜੰਮੂ-ਕਸ਼ਮੀਰ ਦੇ ਉੱਤਰ-ਪੂਰਬੀ ਹਿੱਸੇ ’ਚ 14500-19700 ਫੁੱਟ ਤੱਕ ਦੀਆਂ ਬੁਲੰਦੀਆਂ ਵਾਲੀਆਂ ਪਹਾੜੀਆਂ ’ਚ ਅਕਸਾਈ ਚਿਨ ਵਿਖੇ ਸੜਕਾਂ ਬਣਾਉਣੀਆਂ ਸ਼ੁਰੂ ਕਰ ਕੇ ਭਾਰਤ ’ਤੇ ਹੱਲਾ ਬੋਲਣ ਦੀ ਤਿਆਰੀ ਕਰ ਲਈ ਅਤੇ ਸਾਡੀ ਸਰਕਾਰ ਨੂੰ ਸੂਹ ਵੀ ਨਹੀਂ ਲੱਗਣ ਦਿੱਤੀ।

ਭਾਰਤ ਦੇ ਲਗਭਗ 38 ਹਜ਼ਾਰ ਵਰਗ ਕਿ. ਮੀ. ਇਲਾਕੇ ਨੂੰ ਆਪਣੇ ਕਬਜ਼ੇ ਹੇਠ ਲੈਣ ਦੇ ਨਾਲ ਜਗਨਾਨ (ਅਰੁਣਾਚਲ) ਨੂੰ ਤਿੱਬਤ ਦਾ ਦੱਖਣੀ ਹਿੱਸਾ ਦਰਸਾਉਂਦਿਆਂ 1962 ’ਚ ਚੀਨ ਦੀਆਂ ਫੌਜਾਂ ਨੇ ਲਗਭਗ ਸਮੁੱਚੇ ਅਰੁਣਾਚਲ ਨੂੰ ਆਪਣੇ ਕਬਜ਼ੇ ਹੇਠ ਲੈ ਲਿਆ। ਫਿਰ ਇਕ ਡੂੰਘੀ ਕੂਟਨੀਤਕ ਚਾਲ ਚੱਲਦੇ ਹੋਏ 1963 ’ਚ ਪਾਕਿਸਤਾਨ ਨਾਲ ਇਕ ਸਮਝੌਤਾ ਕਰ ਕੇ 5120 ਕਿ. ਮੀ. ਵਾਲਾ ਉੱਤਰੀ ਕਸ਼ਮੀਰ ਰਣਨੀਤਕ ਮਹੱਤਤਾ ਵਾਲਾ ਇਲਾਕਾ ਵੀ ਆਪਣੇ ਅਧਿਕਾਰ ਹੇਠ ਲੈ ਲਿਆ।

ਬਾਜ ਵਾਲੀ ਨਜ਼ਰ : ਬਿਨਾਂ ਸ਼ੱਕ ਅਰੁਣਾਚਲ ’ਚ ਵੀ ਬਹੁਪੱਖੀ ਵਿਕਾਸ ਆਰੰਭ ਹੋ ਚੁੱਕਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਵਿਚ ਹੀ ਸਰਹੱਦੀ ਇਲਾਕੇ ਦੇ ਦੌਰੇ ਦੌਰਾਨ ਜ਼ੋਰ ਦੇ ਕੇ ਕਿਹਾ ਕਿ ‘‘ਸਾਡੀ ਜ਼ਮੀਨ ’ਤੇ ਕੋਈ ਇਕ ਇੰਚ ਵੀ ਕਬਜ਼ਾ ਨਹੀਂ ਕਰ ਸਕਦਾ।’’

ਪਰ ਜੋ ਹਜ਼ਾਰਾਂ ਕਿ. ਮੀ. ਵਾਲਾ ਸਾਡਾ ਇਲਾਕਾ ਚੀਨ ਪਹਿਲਾਂ ਹੀ ਆਪਣੇ ਕਬਜ਼ੇ ’ਚ ਲੈ ਚੁੱਕਾ ਹੈ ਤੇ ਅੱਗੇ ਵੱਲ ਕਦਮ ਪੁੱਟ ਰਿਹਾ ਹੈ, ਉਸ ਦਾ ਕੀ ਬਣੂ? ਪੂਰਬੀ ਲੱਦਾਖ ’ਚ ਰਣਨੀਤਕ ਮਹੱਤਤਾ ਵਾਲੇ ਸਾਡੇ ਦੇਪਸਾਂਗ ਵਰਗੇ ਇਲਾਕੇ ’ਚ ਪੈਟਰੋਲਿੰਗ ਵੀ ਨਹੀਂ ਕਰਨ ਦੇ ਰਿਹਾ। ਭੂਟਾਨ ਨਰੇਸ਼ ਵਾਂਗਚੁਕ ਵੱਲੋਂ ਚੀਨ ਨਾਲ ਨੇੜਤਾ ਕਾਇਮ ਕਰਨ ਵਾਲਾ ਮੁੱਦਾ ਵੀ ਅਹਿਮ ਹੈ ਜੋ ਕਿ ਸਿੱਕਮ-ਭੂਟਾਨ ਦਰਮਿਆਨ ਚੂੰਬੀ ਘਾਟੀ ਅਤੇ ਸਿਲੀਗੁੜੀ ਕਾਰੀਡੋਰ ਨੂੰ ਪ੍ਰਭਾਵਿਤ ਕਰੇਗਾ।

ਸੀ. ਡੀ. ਐੱਸ. ਜਨਰਲ ਅਨਿਲ ਚੌਹਾਨ ਤੇ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੀਆਂ ਚਿੰਤਾਵਾਂ ਜਾਇਜ਼ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਫੌਜ ਦੀ ਘਾਟ ਨੂੰ ਪੂਰਾ ਕਰ ਕੇ ਰੱਖਿਆ ਬਜਟ ਨੂੰ 1.97 ਫੀਸਦੀ ਜੀ. ਡੀ. ਪੀ. ਤੋਂ ਵਧਾ ਕੇ 2.5 ਫੀਸਦੀ ਜੀ. ਡੀ. ਪੀ. ਤੱਕ ਕੀਤਾ ਜਾਵੇ।

-ਬ੍ਰਿ. ਕੁਲਦੀਪ ਸਿੰਘ ਕਾਹਲੋਂ


author

Mukesh

Content Editor

Related News