ਚੋਰਾਂ ਦੇ ਬੁਲੰਦ ਹੌਂਸਲੇ, ਥਾਣੇ ਦੇ ਸਾਹਮਣੇ ਮੰਦਿਰ ਦੀ ਗੋਲਕ ਭੰਨ ਕੇ ਕੀਤੀ ਚੋਰੀ
Sunday, Aug 14, 2022 - 04:48 PM (IST)

ਭਵਾਨੀਗੜ੍ਹ(ਵਿਕਾਸ) : ਸ਼ਹਿਰ 'ਚ ਪੁਲਸ ਥਾਣੇ ਕੋਲ ਮਹਿਜ ਕੁਝ ਕਦਮਾਂ ਦੀ ਦੂਰੀ 'ਤੇ ਸਥਿਤ ਭਗਵਾਨ ਵਾਲਮੀਕਿ ਮੰਦਿਰ ਵਿੱਚ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਚੋਰੀ ਦੀ ਘਟਨਾ ਲੰਘੀ 10 ਤਰੀਕ ਨੂੰ ਵਾਪਰੀ ਪਰ ਇਸ ਬਾਰੇ ਕਈ ਦਿਨਾਂ ਬਾਅਦ ਪ੍ਰਬੰਧਕਾਂ ਨੂੰ ਪਤਾ ਲੱਗ ਸਕਿਆ।
ਇਹ ਵੀ ਪੜ੍ਹੋ- ਡਾ. ਅਵਨੀਸ਼ ਕੁਮਾਰ ਬਾਬਾ ਫਰੀਦਕੋਟ ਯੂਨੀਵਰਿਸਟੀ ਦੇ ਕਾਰਜਕਾਰੀ ਵੀ. ਸੀ. ਨਿਯੁਕਤ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ.ਐੱਸ. ਗਮੀ ਕਲਿਆਣ ਕੌਮੀ ਮੀਤ ਪ੍ਰਧਾਨ ਸੈਂਟਰਲ ਵਾਲਮੀਕਿ ਸਭਾ ਇੰਡੀਆ ਨੇ ਦੱਸਿਆ ਕਿ ਪੁਲਸ ਥਾਣੇ ਦੇ ਨਜ਼ਦੀਕ ਸਥਿਤ ਭਗਵਾਨ ਵਾਲਮੀਕਿ ਜੀ ਦੇ ਮੰਦਿਰ ਦੇ ਸੇਵਾਦਾਰ ਕੱਲ ਸ਼ਾਮ ਜਦੋਂ ਜੋਤ ਬੱਤੀ ਕਰਨ ਲੱਗੇ ਤਾਂ ਅਚਾਨਕ ਉਨ੍ਹਾਂ ਦੀ ਨਜ਼ਰ ਮੰਦਿਰ ਦੇ ਵਿੱਚ ਰੱਖੇ ਗੌਲਕ 'ਤੇ ਪਈ, ਜੋ ਟੁੱਟਿਆ ਪਿਆ ਸੀ। ਸੇਵਾਦਾਰ ਨੇ ਇਸਦੀ ਸੂਚਨਾ ਤੁਰੰਤ ਹੀ ਮੰਦਿਰ ਕਮੇਟੀ ਦੇ ਮੈਂਬਰਾਂ ਨੂੰ ਦਿੱਤੀ ਜਿਨ੍ਹਾਂ ਨੇ ਮੰਦਿਰ 'ਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਰਿਕਾਰਡਿੰਗ ਨੂੰ ਚੈੱਕ ਕੀਤਾ ਤਾਂ ਉਸ ਵਿੱਚ ਦਿਖਾਈ ਦਿੱਤਾ ਕਿ 10 ਅਗਸਤ ਦੀ ਰਾਤ ਕਰੀਬ 2 ਕੁ ਵਜੇ ਇੱਕ ਅਣਪਛਾਤਾ ਵਿਅਕਤੀ ਮੰਦਿਰ ਅੰਦਰ ਦਾਖ਼ਲ ਹੋ ਕੇ ਗੋਲਕ ਤੋੜ ਕੇ ਚੜਾਵੇ ਵਾਲੇ ਪੈਸੇ ਚੋਰੀ ਕਰਕੇ ਲੈ ਗਿਆ। ਇਹ ਸਭ ਦੇਖ ਕੇ ਕਮੇਟੀ ਮੈਂਬਰ ਹੱਕੇ-ਬੱਕੇ ਰਹਿ ਗਏ , ਜਿਨ੍ਹਾਂ ਨੇ ਚੋਰੀ ਦੀ ਘਟਨਾ ਸੰਬੰਧੀ ਤੁਰੰਤ ਥਾਣਾ ਮੁਖੀ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ- ਸ੍ਰੀ ਮੁਕਤਸਰ ਸਾਹਿਬ : ਮੀਂਹ ਦੇ ਪਾਣੀ ਕਾਰਨ ਬਣੀ ਹੜ੍ਹ ਵਰਗੀ ਸਥਿਤੀ, ਚਾਰ-ਚੁਫੇਰੇ ਦਿਖ ਰਿਹਾ ਪਾਣੀ
ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਇੰਸਪੈਕਟਰ ਪ੍ਰਦੀਪ ਸਿੰਘ ਬਾਜਵਾ ਨੇ ਮੌਕੇ ਦਾ ਜਾਇਜਾ ਲੈੰਦਿਆਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਤੇ ਚੋਰ ਨੂੰ ਜਲਦ ਕਾਬੂ ਕਰਨ ਦਾ ਭਰੋਸਾ ਦਿਵਾਇਆ। ਇਸ ਤੋੰ ਇਲਾਵਾ ਗਮੀ ਕਲਿਆਣ ਸਮੇਤ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਚੋਰੀ ਕਰਨ ਆਇਆ ਵਿਅਕਤੀ ਜੁੱਤੀਆਂ ਸਮੇਤ ਮੰਦਿਰ ਅੰਦਰ ਆ ਗਿਆ , ਜਿਸ ਨਾਲ ਭਗਵਾਨ ਵਾਲਮੀਕਿ ਜੀ ਦੀ ਬੇਅਦਬੀ ਹੋਈ ਹੈ, ਚੋਰ ਦੀ ਇਸ ਹਰਕਤ ਨਾਲ ਵਾਲਮੀਕਿ ਸਮਾਜ ਦੇ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚੀ ਹੈ। ਕਮੇਟੀ ਮੈਂਬਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ ਧਰਮਵੀਰ ਸਿੰਘ, ਸੁਖਪਾਲ ਸਿੰਘ ਸੈਂਟੀ, ਗਗਨ ਦਾਸ ਆਦਿ ਸਮੇਤ ਮੰਦਿਰ ਕਮੇਟੀ ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਨੋਟ- ਇਸ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।