ਮਜ਼ਦੂਰਾਂ ਤੇ ਰਿਕਸ਼ਾ ਚਾਲਕਾਂ ਨੂੰ ਕੰਬਲ ਮੁਹੱਈਆ ਕਰਵਾਏ
Friday, Dec 21, 2018 - 03:27 PM (IST)

ਸੰਗਰੂਰ (ਵਿਵੇਕ ਸਿੰਧਵਾਨੀ)- ਇਨ੍ਹੀਂ ਦਿਨੀਂ ਪੈ ਰਹੀ ਸਖ਼ਤ ਸਰਦੀ ਕਾਰਨ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ‘ਪਹਿਲ ਸੋਸਾਇਟੀ’ ਵੱਲੋਂ ਜ਼ਿਲੇ ਦੀਆਂ ਵੱਖ-ਵੱਖ ਸਬ-ਡਵੀਜ਼ਨਾਂ ’ਚ ਗਰੀਬ ਅਤੇ ਲੋਡ਼ਵੰਦ ਲੋਕਾਂ ਨੂੰ ਮੁਫ਼ਤ ਕੰਬਲ ਅਤੇ ਆਟੇ ਦੀਆਂ ਥੈਲੀਆਂ ਮੁਹੱਈਆ ਕਰਵਾਉਣ ਦੀ ਪ੍ਰਕਿਰਿਆ ਜਾਰੀ ਹੈ। ਬੀਤੀ ਦੇਰ ਰਾਤ ਧੂਰੀ ਸ਼ਹਿਰ ’ਚ ਜਨਤਕ ਸਥਾਨਾਂ ਜਿਵੇਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਸੌਂ ਰਹੇ ਪ੍ਰਵਾਸੀ ਮਜ਼ਦੂਰਾਂ, ਰਿਕਸ਼ਾ ਚਾਲਕਾਂ ਤੇ ਬਜ਼ੁਰਗ ਰਾਹਗੀਰਾਂ ਨੂੰ ਗਰਮ ਕੰਬਲਾਂ ਦੀ ਵੰਡ ਕੀਤੀ ਗਈ। ਇਸ ਤੋਂ ਇਲਾਵਾ ਅੱਜ ਤਡ਼ਕਸਾਰ ਸੰਗਰੂਰ ਸ਼ਹਿਰ ਅਤੇ ਸੁਨਾਮ ਸ਼ਹਿਰ ਵਿਚ ਝੁੱਗੀਆਂ- ਝੌਂਪਡ਼ੀਆਂ ’ਚ ਰਹਿਣ ਵਾਲੇ ਗਰੀਬ ਲੋਕਾਂ ਨੂੰ ਵੀ ਪਹਿਲ ਸੋਸਾਇਟੀ ਦੀ ਟੀਮ ਵੱਲੋਂ ਮੁਫ਼ਤ ਦਸ-ਦਸ ਕਿਲੋ ਦੇ ਆਟੇ ਦੀਆਂ ਥੈਲੀਆਂ ਤੇ ਲੋਡ਼ ਅਨੁਸਾਰ ਕੰਬਲਾਂ ਦੀ ਵੰਡ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਹਿਲ ਸੋਸਾਇਟੀ ਦੀ ਤਰਫੋਂ ਬਿਰਧ ਆਸ਼ਰਮਾਂ, ਪਿੰਗਲਵਾਡ਼ਾ ਅਤੇ ਸਲੱਮ ਬਸਤੀਆਂ ਦੇ ਨਾਲ ਨਾਲ ਸਮੇਂ-ਸਮੇਂ ਉਤੇ ਲੋਡ਼ਵੰਦਾਂ ਨੂੰ ਆਟੇ ਦੀਆਂ ਮੁਫ਼ਤ ਥੈਲੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮਨੁੱਖਤਾ ਦੀ ਸੇਵਾ ਲਈ ਅਜਿਹੇ ਉਪਰਾਲੇ ਲਗਾਤਾਰ ਜਾਰੀ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਵੱਲੋਂ ਜ਼ਿਲੇ ਦੀਆਂ ਸਮੂਹ ਸਬ ਡਵੀਜ਼ਨਾਂ ਅੰਦਰ ਸਾਂਝੀਆਂ ਰਸੋਈਆਂ ਸਥਾਪਤ ਕਰਨ ਦਾ ਮੁੱਖ ਉਦੇਸ਼ ਵੀ ਅਜਿਹੇ ਲੋਕਾਂ ਦੀ ਸੱਚੀ ਸੇਵਾ ਕਰਨਾ ਹੈ ਜੋ ਵਿੱਤੀ ਕਮੀਆਂ ਦੇ ਚਲਦਿਆਂ ਸਾਫ਼ ਸੁਥਰਾ, ਪੌਸ਼ਟਿਕ ਤੇ ਸਸਤਾ ਭੋਜਨ ਹਾਸਲ ਕਰਨ ਤੋ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮਹਿਜ਼ 10 ਰੁਪਏ ’ਚ ਭਰ ਪੇਟ ਭੋਜਨ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਸਥਾਪਤ ‘ਸਾਂਝੀ ਰਸੋਈ’ ਯੋਜਨਾ ਸਫ਼ਲਤਾ ਨਾਲ ਚੱਲ ਰਹੀ ਹੈ।