ਜਸਵਿੰਦਰ ਧੀਮਾਨ ਨੇ ਲੋਕ ਸਭਾ ਚੋਣਾਂ ਦੀ ਖਿੱਚੀ ਤਿਆਰੀ

02/21/2019 3:57:40 PM

ਭਵਾਨੀਗੜ੍ਹ (ਵਿਕਾਸ, ਸੰਜੀਵ)—ਯੂਥ ਕਾਂਗਰਸੀ ਆਗੂ ਤੇ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਵਿਧਾਇਕ ਸੁਰਜੀਤ ਸਿੰਘ ਧੀਮਾਨ ਦੇ ਬੇਟੇ ਜਸਵਿੰਦਰ ਸਿੰਘ ਧੀਮਾਨ ਵਲੋਂ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅੱਜ ਇੱਥੇ ਪਾਰਟੀ ਦੇ ਯੂਥ ਵਰਕਰਾਂ ਅਤੇ ਰਾਮਗੜ੍ਹੀਆ ਭਾਈਚਾਰੇ ਨਾਲ ਭਰਵੀਂ ਬੈਠਕ ਕੀਤਾ ਗਈ।ਇਸ ਮੌਕੇ ਧੀਮਾਨ ਨੇ ਦਾਅਵਾ ਕੀਤਾ ਕਿ ਪਾਰਟੀ ਹਾਈਕਮਾਂਡ ਵੱਲੋਂ ਉਨ੍ਹਾਂ ਨੂੰ ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਨ ਦੀ ਮਿਲੀ ਹਰੀ ਝੰਡੀ ਤੋਂ ਬਾਅਦ ਹਲਕੇ ਦੇ ਲੋਕਾਂ ਨਾਲ  ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕੀਤਾ ਹੈ ।ਧੀਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਉਹ ਆਪਣੇ ਪਿਤਾ ਸੁਰਜੀਤ ਸਿੰਘ ਧੀਮਾਨ ਦੇ ਨਕਸ਼ੇ ਕਦਮ ਤੇ ਚੱਲਦਿਆਂ ਆਪਣੇ ਮਨ ਵਿੱਚ ਲੋਕਾਂ ਦੀ ਸੇਵਾ ਭਾਵ ਦਾ ਜਜ਼ਬਾ ਰੱਖਦੇ ਹਨ। ਇਸੇ ਲਈ ਉਹ ਲੋਕਾਂ ਦੀ ਕਚਹਿਰੀ ਵਿੱਚ ਆ ਰਹੇ ਹਨ।ਧੀਮਾਨ ਨੇ ਉਨ੍ਹਾਂ ਰਾਜਨੀਤਿਕ ਲੀਡਰਾਂ ਦਾ ਵੀ ਜ਼ਿਕਰ ਕੀਤਾ ਜਿਹੜੇ ਜਿੱਤਣ ਤੋਂ ਬਾਅਦ ਲੋਕਾਂ ਨੂੰ ਮੂੰਹ ਦਿਖਾਉਣਾ ਤਾਂ ਦੂਰ ਆਪਣੀ ਹੀ ਪਾਰਟੀ ਵਰਕਰਾਂ ਦੇ ਫੋਨ ਕਾਲ ਵੀ ਅਟੈਂਡ ਨਹੀਂ ਕਰਦੇ।ਪਰ ਉਨ੍ਹਾਂ ਦੇ ਪਿਤਾ ਵਿਧਾਇਕ ਧੀਮਾਨ ਪਿਛਲੇ ਲੰਮੇ ਸਮੇਂ ਤੋਂ ਦਿੜਬੇ ਹਲਕੇ ਦੇ ਨਾਲ-ਨਾਲ ਅਮਰਗੜ੍ਹ ਵਿੱਚ ਵੀ ਲੋਕਾਂ ਦੀ ਸੇਵਾ ਲਈ ਦਿਨ-ਰਾਤ ਹਾਜਰ ਰਹਿੰਦੇ ਹਨ।

ਜਸਵਿੰਦਰ ਧੀਮਾਨ ਨੇ ਕਿਹਾ ਕਿ ਉਹ ਵੀ ਆਪਣੇ ਪਿਤਾ ਵਾਂਗ ਹਰ ਸਮੇਂ ਹਲਕੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।ਮੀਟਿੰਗ ਦੌਰਾਨ ਧੀਮਾਨ ਨੇ ਇਸ਼ਾਰਿਆਂ-ਇਸ਼ਾਰਿਆਂ ਵਿਚ ਆਪਣੇ ਹੀ ਪਾਰਟੀ ਦੇ ਲੀਡਰਾਂ ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਜੇਕਰ ਧੀਮਾਨ ਪਰਿਵਾਰ ਦੇ ਖੂਨ ਵਿੱਚ ਕਿਸੇ ਦੀ ਚਾਪਲੂਸੀ ਕਰਨ ਦੀ ਕਲਾ ਹੁੰਦੀ ਤਾਂ ਅੱਜ ਉਨ੍ਹਾਂ ਦੇ ਪਿਤਾ ਕਿਸੇ ਮੰਤਰੀ ਦੇ ਅਹੁਦੇ ਤੇ ਬੈਠੇ ਹੁੰਦੇ।ਉਨ੍ਹਾਂ ਲੋਕਾਂ ਨੂੰ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਉਨ੍ਹਾਂ ਦੇ ਹੱਕ ਵਿੱਚ ਡੱਟ ਕੇ ਖੜ੍ਹਨ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਹਲਕੇ ਦੇ ਲੋਕ ਐੱਮ.ਪੀ. ਬਣਨ ਤੋਂ ਬਾਅਦ ਉਨ੍ਹਾਂ ਦੀ ਇੱਕ ਸਾਲ ਦੀ ਸੇਵਾ ਤੋਂ ਵੀ ਸੰਤੁਸ਼ਟ ਨਹੀਂ ਹੁੰਦੇ ਤਾਂ ਉਹ ਆਪਣੇ ਆਪ ਐੱਮ.ਪੀ. ਦੀ ਸੀਟ ਛੱਡ ਦੇਣਗੇ।ਇਸ ਮੌਕੇ ਸਮੂਹ ਰਾਮਗੜ੍ਹੀਆ ਭਾਈਚਾਰੇ ਵੱਲੋਂ ਜਸਵਿੰਦਰ ਸਿੰਘ ਧੀਮਾਨ ਨੂੰ ਲੋਈ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਉਨ੍ਹਾਂ ਨਾਲ ਡੱਟ ਕੇ ਖੜ੍ਹਨ ਦਾ ਵੀ ਐਲਾਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮਗੜ੍ਹੀਆ ਭਾਈਚਾਰੇ ਦੇ ਸਤਵੰਤ ਸਿੰਘ ਖਰੇ ,ਬਲਵਿੰਦਰ ਸਿੰਘ ਸੱਗੂ ,ਭਗਵੰਤ ਸਿੰਘ ਖਰੇ,ਗੁਰਚਰਨ ਸਿੰਘ ਮਣਕੂ ,ਸੁਖਦੇਵ ਸਿੰਘ ਅਕਬਰਪੁਰ ,ਗੁਰਵਿੰਦਰ ਸਗੂ,ਦਰਸ਼ਨ ਸਿੰਘ ਸ਼ਕਤੀਮਾਨ,ਮਹਿੰਦਰਪਾਲ ਸਿੰਘ ਭੋਲਾ ,ਬਘੇਲ ਸਿੰਘ ਦੇਵਾ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਦੇ ਯੂਥ ਵਰਕਰ ਹਾਜ਼ਰ ਸਨ।


Shyna

Content Editor

Related News