ਭਵਾਨੀਗੜ੍ਹ ਦੇ ਗੁਰਵਿੰਦਰ ਸਿੰਘ ਸਨੀ ਦੀ ਕੈਨੇਡਾ ’ਚ ਕਮਿਊਨਿਟੀ ਪੀਸ ਅਫ਼ਸਰ ਵਜੋਂ ਨਿਯੁਕਤੀ
Friday, Nov 20, 2026 - 03:05 PM (IST)
ਭਵਾਨੀਗੜ੍ਹ (ਕਾਂਸਲ): ਪੰਜਾਬ ਪੁਲਸ ਦੇ ਸੇਵਾਮੁਕਤ ਥਾਣੇਦਾਰ ਅਤੇ ਅੰਬੇਡਕਰ ਚੇਤਨਾ ਮੰਚ ਭਵਾਨੀਗੜ੍ਹ ਦੇ ਪ੍ਰਧਾਨ ਬਲਕਾਰ ਸਿੰਘ ਭੰਗਾਨੀਆ ਦੇ ਵੱਡੇ ਪੁੱਤਰ ਗੁਰਵਿੰਦਰ ਸਿੰਘ ਸਨੀ ਦੀ ਕੈਨੇਡਾ ਦੀ ਐਲਬਰਟਾ ਪ੍ਰੋਵਿੰਸ ਵਿਚ ਕਮਿਊਨਿਟੀ ਪੀਸ ਅਫ਼ਸਰ ਵਜੋਂ ਨਿਯੁਕਤੀ ਹੋਈ ਹੈ। ਉਨ੍ਹਾਂ ਦੀ ਇਸ ਪ੍ਰਾਪਤੀ ਨਾਲ ਜਿੱਥੇ ਪਰਿਵਾਰ ਦਾ ਨਾਂ ਰੌਸ਼ਨ ਹੋਇਆ ਹੈ, ਉੱਥੇ ਹੀ ਇਲਾਕੇ ਦਾ ਮਾਣ ਵੀ ਵਧਿਆ ਹੈ।
ਗੁਰਵਿੰਦਰ ਸਿੰਘ ਸਨੀ ਨੇ ਮਕੈਨੀਕਲ ਇੰਜਨੀਅਰਿੰਗ ਦੀ ਪੜ੍ਹਾਈ ਐੱਨ.ਆਈ.ਟੀ. ਜਲੰਧਰ ਤੋਂ ਕੀਤੀ ਅਤੇ ਐੱਮ.ਟੈੱਕ. ਕਰਨ ਉਪਰੰਤ ਸਾਲ 2023 ਵਿਚ ਕੈਨੇਡਾ ਚਲੇ ਗਏ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿਤਾ ਦੀ ਪੁਲਸ ਵਰਦੀ ਤੋਂ ਕਾਫ਼ੀ ਪ੍ਰਭਾਵਿਤ ਸਨ ਅਤੇ ਉਨ੍ਹਾਂ ਦੇ ਮਨ ਵਿਚ ਵੀ ਪੁਲਸ ਸੇਵਾ ਵਿਚ ਜਾਣ ਦਾ ਸੁਪਨਾ ਸੀ। ਇਸ ਮਕਸਦ ਦੀ ਪੂਰਤੀ ਲਈ ਉਨ੍ਹਾਂ ਨੇ ਸਖ਼ਤ ਮਿਹਨਤ ਕੀਤੀ ਅਤੇ ਲਾਅ ਇਨਫੋਰਸਮੈਂਟ ਦੇ ਖੇਤਰ ਵਿਚ ਤਜ਼ਰਬਾ ਹਾਸਲ ਕਰਨ ਤੋਂ ਬਾਅਦ ਸਰੀਰਕ ਅਤੇ ਲਿਖਤੀ ਪ੍ਰੀਖਿਆਵਾਂ ਸਮੇਤ ਤਿੰਨ ਪੜਾਵਾਂ ਦੀ ਇੰਟਰਵਿਊ ਸਫ਼ਲਤਾਪੂਰਵਕ ਪਾਸ ਕੀਤੀ।
ਉਨ੍ਹਾਂ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ, ਛੋਟੇ ਭਰਾ ਮਨਵਿੰਦਰ ਸਿੰਘ ਅਤੇ ਪਤਨੀ ਰਮਨਦੀਪ ਕੌਰ ਵੱਲੋਂ ਮਿਲੇ ਸਹਿਯੋਗ ਅਤੇ ਹੌਸਲਾ-ਅਫ਼ਜ਼ਾਈ ਨੂੰ ਦਿੱਤਾ।
ਇਸ ਪ੍ਰਾਪਤੀ ’ਤੇ ਪੈਨਸ਼ਨਰਜ਼ ਯੂਨੀਅਨ ਦੇ ਆਗੂਆਂ ਸਤਨਾਮ ਸਿੰਘ ਸੰਧੂ, ਡਾ. ਕੇਵਲ ਸਿੰਘ, ਸੁਖਦੇਵ ਸਿੰਘ, ਥਾਣੇਦਾਰ ਰੁਲਦੂ ਰਾਮ ਅਤੇ ਸੁਰਿੰਦਰ ਕੁਮਾਰ ਜੇਠੀ, ਸੀਨੀਅਰ ਸਿਟੀਜਨ ਸੰਸਥਾ ਦੇ ਆਗੂਆਂ ਚਰਨ ਸਿੰਘ ਚੋਪੜਾ, ਪਵਨ ਕੁਮਾਰ ਸ਼ਰਮਾ, ਕੁਲਦੀਪ ਸ਼ਰਮਾ, ਹਰਮੇਸ਼ ਕੌਸ਼ਲ ਅਤੇ ਪ੍ਰੀਤਮ ਸਿੰਘ, ਬਾਬਾ ਜੀਵਨ ਸਿੰਘ ਪ੍ਰਚਾਰ ਕਮੇਟੀ ਵੱਲੋਂ ਗੁਰਨਾਮ ਸਿੰਘ, ਪਰਮਜੀਤ ਸਿੰਘ ਖਾਲਸਾ, ਕੁਲਦੀਪ ਸਿੰਘ, ਕਰਨੈਲ ਸਿੰਘ ਸਹੋਤਾ ਅਤੇ ਇੰਦਰਜੀਤ ਸਿੰਘ ਤੋਂ ਇਲਾਵਾ ਅੰਬੇਦਕਰ ਚੇਤਨਾ ਮੰਚ ਦੇ ਆਗੂਆਂ ਰਜਿੰਦਰ ਸਿੰਘ ਚੋਪੜਾ, ਜਸਵਿੰਦਰ ਸਿੰਘ ਚੋਪੜਾ, ਗੁਰਜੰਟ ਸਿੰਘ ਭਾਂਖਰ, ਅਮਰੀਕ ਸਿੰਘ ਅਮਨ, ਡਾ. ਸੁਖਵਿੰਦਰ ਸੁੱਖੀ, ਡਾ. ਰਾਮਪਾਲ ਅਤੇ ਬਹਾਦਰ ਸਿੰਘ ਨੇ ਬਲਕਾਰ ਸਿੰਘ ਭੰਗਾਨੀਆ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੱਤੀ।
