ਸਕੂਲ ਜਾਂਦੀ 11 ਸਾਲਾ ਬੱਚੀ ਦੀ ਹਾਦਸੇ ''ਚ ਮੌਤ, ਪਿਤਾ ਦੁਬਈ ''ਚ ਕਰਦਾ ਨੌਕਰੀ

Friday, Nov 13, 2026 - 03:12 PM (IST)

ਸਕੂਲ ਜਾਂਦੀ 11 ਸਾਲਾ ਬੱਚੀ ਦੀ ਹਾਦਸੇ ''ਚ ਮੌਤ, ਪਿਤਾ ਦੁਬਈ ''ਚ ਕਰਦਾ ਨੌਕਰੀ

ਭਵਾਨੀਗੜ੍ਹ (ਵਿਕਾਸ ਮਿੱਤਲ) : ਪਿੰਡ ਮਸਾਣੀ ਲਿੰਕ ਰੋਡ 'ਤੇ ਸ਼ੁੱਕਰਵਾਰ ਸਵੇਰੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਪੰਜਵੀਂ ਜਮਾਤ ਦੀ 11 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ ਜਦਕਿ ਉਸ ਦੀ ਮਾਂ ਤੇ ਛੋਟਾ ਭਰਾ ਜ਼ਖਮੀ ਹੋ ਗਏ। ਹਾਦਸੇ ਸਮੇਂ ਬੱਚੀ ਦੀ ਮਾਂ ਦੋਵਾਂ ਬੱਚਿਆਂ ਨੂੰ ਸਕੂਟੀ 'ਤੇ ਸਵਾਰ ਕਰਕੇ ਸਕੂਲ ਛੱਡਣ ਜਾ ਰਹੀ ਸੀ। ਮਿਲੀ ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਮਸਾਣੀ ਦੀ ਪੰਜਵੀਂ ਜਮਾਤ ਦੀ ਵਿਦਿਆਰਥਣ ਕਰਮਵੀਰ ਕੌਰ ਪੁੱਤਰੀ ਪਵਨ ਸਿੰਘ ਸ਼ੁੱਕਰਵਾਰ ਸਵੇਰੇ ਆਪਣੀ ਮਾਂ ਤੇ ਛੋਟੇ ਭਰਾ ਨਾਲ ਸਕੂਟੀ 'ਤੇ ਸਵਾਰ ਹੋ ਕੇ ਸਕੂਲ ਜਾ ਰਹੀ ਸੀ ਜਦੋਂ ਉਹ ਮਸਾਣੀ ਲਿੰਕ ਰੋਡ 'ਤੇ ਪਹੁੰਚੇ ਤਾਂ ਸੜਕ 'ਤੇ ਪਏ ਟੋਏ ਤੇ ਸਾਹਮਣੇ ਜਾ ਰਹੀ ਟਰਾਲੀ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਉਨ੍ਹਾਂ ਦੀ ਸਕੂਟੀ ਬੇਕਾਬੂ ਹੋ ਕੇ ਸੜਕ 'ਤੇ ਡਿੱਗ ਪਈ।

ਇਸ ਹਾਦਸੇ ਵਿਚ ਤਿੰਨਾਂ ਨੂੰ ਸੱਟਾਂ ਲੱਗੀਆਂ ਪਰ ਕਰਮਵੀਰ ਕੌਰ ਦਾ ਸਿਰ ਸੜਕ ਨਾਲ ਵੱਜਣ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਈ। ਜ਼ਖਮੀਆਂ ਨੂੰ ਤੁਰੰਤ ਇਲਾਜ ਲਈ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਕਰਮਵੀਰ ਕੌਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਉਸ ਦੀ ਮਾਂ ਤੇ ਛੋਟੇ ਭਰਾ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਇਸ ਦਰਦਨਾਕ ਘਟਨਾ ਤੋਂ ਬਾਅਦ ਪਿੰਡ ਮਸਾਣੀ ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚੀ ਦਾ ਪਿਤਾ ਦੁਬਈ ਵਿਖੇ ਨੌਕਰੀ ਕਰਦਾ ਹੈ। ਸਕੂਲ ਅਧਿਆਪਕਾਂ ਅਨੁਸਾਰ ਕਰਮਵੀਰ ਕੌਰ ਪੜ੍ਹਾਈ ਵਿਚ ਬਹੁਤ ਹੀ ਹੋਣਹਾਰ ਵਿਦਿਆਰਥਣ ਸੀ। ਉਸ ਦੀ ਬੇਵਕਤੀ ਮੌਤ ਨਾਲ ਸਕੂਲ ਸਟਾਫ਼, ਸਹਿਪਾਠੀਆਂ ਤੇ ਪਿੰਡ ਵਾਸੀਆਂ ਵਿਚ ਗਹਿਰੇ ਦੁੱਖ ਦੀ ਲਹਿਰ ਹੈ।


author

Gurminder Singh

Content Editor

Related News