ਹੋਟਲਾਂ-ਰੈਸਟੋਰੈਂਟਾਂ ਤੇ ਧਰਮਸ਼ਾਲਾਵਾਂ ’ਚ ਬਿਨਾਂ ਪਛਾਣ ਪੱਤਰ ਨਹੀਂ ਮਿਲੇਗਾ ਕਮਰਾ, ਸਖ਼ਤ ਹੁਕਮ ਜਾਰੀ

Saturday, Nov 14, 2026 - 04:03 PM (IST)

ਹੋਟਲਾਂ-ਰੈਸਟੋਰੈਂਟਾਂ ਤੇ ਧਰਮਸ਼ਾਲਾਵਾਂ ’ਚ ਬਿਨਾਂ ਪਛਾਣ ਪੱਤਰ ਨਹੀਂ ਮਿਲੇਗਾ ਕਮਰਾ, ਸਖ਼ਤ ਹੁਕਮ ਜਾਰੀ

ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ, ਸੋਨੂੰ) : ਸਮਾਜ ਵਿਰੋਧੀ ਅਨਸਰਾਂ ’ਤੇ ਸਖ਼ਤ ਨਿਗਰਾਨੀ ਰੱਖਣ ਅਤੇ ਜ਼ਿਲ੍ਹੇ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਲਈ ਜ਼ਿਲਾ ਪ੍ਰਸ਼ਾਸਨ ਨੇ ਹੋਟਲਾਂ, ਰੈਸਟੋਰੈਂਟਾਂ ਤੇ ਧਰਮਸ਼ਾਲਾਵਾਂ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਹਨ। ਜ਼ਿਲ੍ਹਾ ਮੈਜਿਸਟ੍ਰੇਟ ਪੂਨਮਦੀਪ ਕੌਰ ਆਈ. ਏ. ਐੱਸ. ਨੇ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਦਿੱਤੇ ਹਨ ਕਿ ਜ਼ਿਲ੍ਹੇ ਦੀ ਹਦੂਦ ਅੰਦਰ ਕਿਸੇ ਵੀ ਹੋਟਲ, ਰੈਸਟੋਰੈਂਟ ਜਾਂ ਧਰਮਸ਼ਾਲਾ ’ਚ ਠਹਿਰਨ ਵਾਲੇ ਹਰੇਕ ਵਿਅਕਤੀ ਦਾ ਅਧਿਕਾਰਤ ਸ਼ਨਾਖਤੀ ਸਬੂਤ ਲੈਣਾ ਲਾਜ਼ਮੀ ਹੋਵੇਗਾ। ਬਿਨਾਂ ਪਛਾਣ ਪੱਤਰ ਦੀ ਜਾਂਚ ਕੀਤੇ ਕਿਸੇ ਵੀ ਵਿਅਕਤੀ ਨੂੰ ਕਮਰਾ ਜਾਂ ਠਹਿਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਇਹ ਹੁਕਮ 21 ਦਸੰਬਰ 2026 ਤੱਕ ਪੂਰੇ ਜ਼ਿਲ੍ਹੇ ’ਚ ਲਾਗੂ ਰਹਿਣਗੇ।

ਹੁਕਮਾਂ ਅਨੁਸਾਰ ਇਨ੍ਹਾਂ ਸਾਰੇ ਅਦਾਰਿਆਂ ਦੇ ਮਾਲਕਾਂ ਅਤੇ ਪ੍ਰਬੰਧਕਾਂ ਨੂੰ ਇਕ ਵਿਸ਼ੇਸ਼ ਰਜਿਸਟਰ ਲਗਾਉਣਾ ਪਵੇਗਾ, ਜਿਸ ’ਚ ਠਹਿਰਨ ਵਾਲੇ ਹਰ ਮੁਸਾਫ਼ਰ ਦਾ ਨਾਂ, ਪੱਕਾ ਪਤਾ, ਸੰਪਰਕ ਨੰਬਰ ਅਤੇ ਸ਼ਨਾਖਤੀ ਦਸਤਾਵੇਜ਼ ਦੇ ਵੇਰਵੇ ਦਰਜ ਕਰਨੇ ਲਾਜ਼ਮੀ ਹੋਣਗੇ। ਜ਼ਿਲ੍ਹਾ ਮੈਜਿਸਟ੍ਰੇਟ ਨੇ ਸਪੱਸ਼ਟ ਕੀਤਾ ਹੈ ਕਿ ਸ਼ਹਿਰਾਂ ’ਚ ਰਾਤ ਸਮੇਂ ਕਮਰੇ ਲੈ ਕੇ ਠਹਿਰਨ ਵਾਲੇ ਅਣਪਛਾਤੇ ਵਿਅਕਤੀ ਕਿਸੇ ਵੀ ਸੰਗੀਨ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਸਕਦੇ ਹਨ, ਜਿਸ ਕਾਰਨ ਜਾਂਚ ਦੌਰਾਨ ਪੁਲਸ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਦੇ ਮੱਦੇਨਜ਼ਰ ਅਗਾਊਂ ਸੁਰੱਖਿਆ ਪ੍ਰਬੰਧ ਵਜੋਂ ਇਹ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਹੋਟਲ ਤੇ ਧਰਮਸ਼ਾਲਾ ਪ੍ਰਬੰਧਕਾਂ ਨੂੰ ਤਾਕੀਦ ਕੀਤੀ ਕਿ ਜੇਕਰ ਕਿਸੇ ਵੀ ਵਿਅਕਤੀ ਦੀ ਗਤੀਵਿਧੀ ਸ਼ੱਕੀ ਨਜ਼ਰ ਆਵੇ ਤਾਂ ਬਿਨਾਂ ਦੇਰੀ ਸਬੰਧਿਤ ਥਾਣੇ ਨੂੰ ਸੂਚਿਤ ਕੀਤਾ ਜਾਵੇ।


author

Babita

Content Editor

Related News