ਸੰਗਰੂਰ ਪਹੁੰਚੀ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਤੇ ਮਾਂ ਦਾ ਵਿਰੋਧ, ਮਾਹੌਲ ਹੋਇਆ ਤਣਾਅਪੂਰਨ
Sunday, Oct 02, 2022 - 10:56 AM (IST)

ਸੰਗਰੂਰ(ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ) : ਸੰਗਰੂਰ ’ਚ ਬੀਤੇ ਦਿਨ ਪਹਿਲੀ ਵਾਰ ਪੁੱਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਮਾਤਾ ਹਰਪਾਲ ਕੌਰ ਦਾ ਜੀ. ਓ. ਜੀ. ਵਾਲੰਟੀਅਰਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਨਵੇਂ ਦਫ਼ਤਰ ਦਾ ਉਦਘਾਟਨ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਮਾਤਾ ਹਰਪਾਲ ਕੌਰ ਪੁੱਜੇ ਸਨ ।
ਇਹ ਵੀ ਪੜ੍ਹੋ- 20 ਤਾਰੀਖ਼ ਨੂੰ ਵਾਪਰਿਆ ਸੀ ਹਾਦਸਾ, 10 ਦਿਨ ਬਾਅਦ ਜ਼ਿੰਦਗੀ ਦੀ ਜੰਗ ਹਾਰਿਆ ਪੰਜਾਬ ਪੁਲਸ ਦਾ ਜਵਾਨ
ਇੱਥੇ ਪਹਿਲਾਂ ਤੋਂ ਹੀ ਪਹੁੰਚੇ ਹੋਏ ਵੱਡੀ ਗਿਣਤੀ ’ਚ ਜੀ. ਓ. ਜੀ. ਦੇ ਵਾਲੰਟੀਅਰਜ਼ ਨੇ ‘ਆਪ’ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਤੇ ਉਦਘਾਟਨ ਸਮਾਰੋਹ ਤੋਂ ਬਾਅਦ ਵਾਪਸ ਜਾ ਰਹੇ ਡਾਕਟਰ ਗੁਰਪ੍ਰੀਤ ਕੌਰ ਤੇ ਮਾਤਾ ਹਰਪਾਲ ਕੌਰ ਦੇ ਕਾਫਿਲੇ ਦੇ ਅੱਗੇ ਆ ਕੇ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਜਿਸ ਨੂੰ ਪੁਲਸ ਨੇ ਹਲਕੇ ਬਲ ਦੀ ਵਰਤੋਂ ਕਰਦਿਆਂ ਪ੍ਰਦਸ਼ਨਕਾਰੀਆਂ ਨੂੰ ਕਾਫਿਲੇ ਤੋਂ ਪਰਾਂ ਹਟਾਇਆ ਤੇ ਕਾਫਿਲੇ ਨੂੰ ਬਰਨਾਲਾ ਚੌਕ ਵੱਲ ਰਵਾਨਾ ਕੀਤਾ। ਪੁਲਸ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਤੋਂ ਖ਼ਫ਼ਾ ਸਾਬਕਾ ਸੈਨਿਕਾਂ ਨੇ ਸੜਕ ’ਤੇ ਹੀ ਧਰਨਾ ਦੇ ਕੇ ਰੇਲਵੇ ਮਾਰਗ ਨੂੰ ਜਾਮ ਕਰ ਦਿੱਤਾ।‘ਆਪ’ ਵਿਧਾਇਕਾ ਦੇ ਦਫ਼ਤਰ ਦੇ ਉਦਘਾਟਨ ਸਮਾਰੋਹ ਦਾ ਸਮਾਂ ਸਵੇਰ 10 ਵਜੇ ਸੀ ਤੇ ਜਿੱਥੇ ਇਕ ਪਾਸੇ ਪਾਰਟੀ ਵਰਕਰ ਸਮਾਗਮ ’ਚ ਪਹੁੰਚਣੇ ਸ਼ੁਰੂ ਹੋਏ ਤਾਂ ਦੂਜੇ ਪਾਸੇ ਜੀ. ਓ. ਜੀ. ਨਾਲ ਸਬੰਧਤ ਸਾਬਕਾ ਸੈਨਿਕ ਨੇ ਵੀ ਰੇਲਵੇ ਚੌਕ ’ਤੇ ਪਹੁੰਚ ਕੇ ਸੜਕ ਦੇ ਦੋਵਾਂ ਪਾਸੇ ਖੜ੍ਹ ਕੇ ਆਪਣਾ ਰੋਸ-ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ- ਮੁੱਖ ਮੰਤਰੀ ਮਾਨ ਨੇ ਗੁਜਰਾਤ 'ਚ ਸਟੇਜ 'ਤੇ ਪਾਈ ਧੱਕ, ਗਰਬੇ ਤੇ ਭੰਗੜੇ ਨਾਲ ਮੋਹਿਆ ਲੋਕਾਂ ਦਾ ਮਨ
ਇਨ੍ਹਾਂ ਪ੍ਰਦਰਸ਼ਨਕਾਰੀਆਂ ਕਾਰਨ ਉਦਘਾਟਨ ਸਮਾਰੋਹ ਵੀ ਦੋ ਘੰਟੇ ਦੀ ਦੇਰੀ ਨਾਲ ਸ਼ੁਰੂ ਹੋਇਆ ਤੇ ਇਸ ਤੋਂ ਪਹਿਲਾਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਧਰਨਾਕਾਰੀਆਂ ਨਾਲ ਮਿਲ ਕੇ ਉਨ੍ਹਾਂ ਦੀ ਜਲਦ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਾਉਣ ਦਾ ਵਿਸ਼ਵਾਸ ਦਿਵਾਉਂਦਿਆਂ ਉਨ੍ਹਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਸ਼ਾਸਨ ਵੱਲੋਂ ਇਸ ਮੌਕੇ ਧਰਨਾਕਾਰੀਆਂ ਨੂੰ ਮੁੱਖ ਮੰਤਰੀ ਨਿਵਾਸ ’ਤੇ 6 ਅਕਤੂਬਰ ਨੂੰ ਪੈਨਲ ਮੀਟਿੰਗ ਸਬੰਧੀ ਪੱਤਰ ਦਿੱਤਾ ਗਿਆ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦੇ ਆਗੂ ਕੈਪਟਨ ਗੁਲਾਬ ਸਿੰਘ ਨੇ ਦੱਸਿਆ ਕਿ ਜੀ. ਓ. ਜੀ. ਸਕੀਮ 2017 ’ਚ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਆਰੰਭ ਕੀਤੀ ਗਈ ਸੀ, ਜਿਸ ਦਾ ਮੰਤਵ ਰਾਜ ’ਚ ਭ੍ਰਿਸ਼ਟਾਚਾਰ ਨੰ ਖ਼ਤਮ ਕਰਨਾ ਸੀ। ਉਨ੍ਹਾਂ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਜਿਸ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਤਮ ਕਰਨ ਦਾ ਦਾਅਵਾ ਕਰਦਿਆਂ ਸੱਤਾ ਹਾਸਲ ਕੀਤੀ ਸੀ, ਉਸ ਸਰਕਾਰ ਨੇ ਸੱਤਾ ’ਚ ਆਉਂਦਿਆਂ ਹੀ ਜੀ.ਓ.ਜੀ. ਯੋਜਨਾ ਨੰ ਖ਼ਤਮ ਕਰ ਦਿੱਤਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।