ਚਿੱਟੇ ਦਿਨ ਵੱਡੀ ਵਾਰਦਾਤ, ਕਿਸਾਨ ਆਗੂ ਦੇ ਘਰ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Friday, Feb 03, 2023 - 02:17 PM (IST)

ਤਪਾ ਮੰਡੀ (ਮੇਸ਼ੀ) : ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਜ਼ਿਲ੍ਹਾ ਆਗੂ ਦੇ ਘਰ ਪੁੱਜੇ ਅਣਪਛਾਤੇ ਹਮਲਾਵਰਾ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਉਸਦੇ ਪੁੱਤਰ 'ਤੇ ਜਾਨਲੇਵਾ ਹਮਲਾ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਹਮਲੇ 'ਚ ਉਹ ਗੰਭੀਰ ਜ਼ਖ਼ਮੀ ਹੋਇਆ ਹੈ। ਜਾਣਕਾਰੀ ਅਨੁਸਾਰ ਬੀਤੀ ਰਾਤ ਪਿੰਡ ਮਹਿੱਤਾ ਦੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਦੇ ਘਰ ਦਾਖ਼ਲ ਹੋ ਕੇ ਕੁਝ ਅਣਪਛਾਤੇ ਵਿਅਕਤੀਆ ਨੇ ਪਹਿਲਾ ਔਰਤਾਂ ਨਾਲ ਬਦਸਲੂਕੀ ਕਰਦਿਆਂ ਉਨ੍ਹਾਂ ਦੀ ਕੁੱਟਮਾਰ ਕੀਤੀ। ਜਦੋਂ ਕਿਸਾਨ ਦੇ ਪੁੱਤਰਾਂ ਨਿਰਮਲ ਸਿੰਘ ਅਤੇ ਅਭਿਕਰਨ ਸਿੰਘ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੋਹਾਂ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਕਰ ਦਿੱਤਾ।
ਇਹ ਵੀ ਪੜ੍ਹੋ- ਕੇਜਰੀਵਾਲ ਨੂੰ ਵੱਡੀ ਰਾਹਤ, ਬਠਿੰਡਾ ਕੋਰਟ ਨੇ ਮਾਣਹਾਨੀ ਕੇਸ ਕੀਤਾ ਖ਼ਾਰਜ
ਇਸ ਮਾਮਲੇ ਸਬੰਧੀ ਕਿਸਾਨ ਆਗੂ ਦਰਸ਼ਨ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਹੋਇਆ ਸੀ। ਜਦੋਂ ਉਸ ਨੂੰ ਇਸ ਹਮਲੇ ਦੀ ਸੂਚਨਾ ਮਿਲੀ ਤਾਂ ਉਸਨੇ ਘਰ ਪੁੱਜ ਕੇ ਮਾਮਲੇ ਦੀ ਪੜਤਾਲ ਕੀਤੀ, ਜਿਸ ਵਿੱਚ ਉਸ ਨੇ ਸਿੱਧੇ ਤੌਰ 'ਤੇ ਪਿੰਡ ਦੇ ਸਾਬਕਾ ਪੰਚ ਤੇ ਦੋਸ਼ ਲਗਾਉਦਿਆਂ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਬਕਾ ਪੰਚਾਇਤ ਮੈਂਬਰ ਨੇ ਅਣਪਛਾਤੇ ਵਿਅਕਤੀਆਂ ਦੀ ਮਦਦ ਨਾਲ ਉਸ ਦੇ ਘਰ 'ਤੇ ਹਮਲਾ ਕਰਵਾਇਆ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਨੇ ਗੰਭੀਰ ਜ਼ਖ਼ਮੀ ਹੋਏ ਆਪਣੇ ਮੁੰਡਿਆ ਨੂੰ ਤਪਾ ਦੇ ਹਸਪਤਾਲ ਦਾਖ਼ਲ ਕਰਵਾਇਆ ਪਰ ਹਾਲਤ ਨਾਜ਼ੁਕ ਹੋਣ ਕਾਰਨ ਡਾਕਟਰ ਨੇ ਉਨ੍ਹਾਂ ਨੂੰ ਬਰਨਾਲਾ ਰੈਫਰ ਕਰ ਦਿੱਤਾ। ਕਿਸਾਨ ਆਗੂ ਨੇ ਅੱਗੇ ਦੱਸਿਆ ਕਿ ਬੀਤੇ ਦਿਨੀਂ ਮੈਂ ਪਿੰਡ ਰੁੜੇਕੇ ਕਲਾਂ ਥਾਣੇ ਅਧੀਨ ਕਿਸਾਨ ਆਗੂ ’ਤੇ ਹੋਏ ਹਮਲੇ ਦੇ ਸਮਝੌਤੇ ਵਿਚ ਕਿਸਾਨ ਆਗੂ ਵਜੋਂ ਸ਼ਾਮਲ ਹੋਇਆ ਸੀ ਜਿਸ ਦੌਰਾਨ ਕਾਰਵਾਈ ਤੋਂ ਬਚਣ ਲਈ ਧਮਕੀਆ ਅਤੇ ਦਬਾਅ ਹੇਠ ਸਮਝੌਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਨਹੀਂ ਹੋਇਆ। ਇਸ ਕਰਕੇ ਮੇਰੇ ਪਰਿਵਾਰ ’ਤੇ ਇਹ ਹਮਲਾ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਫਿਰੋਜ਼ਪੁਰ ਪਹੁੰਚੇ ਰਾਜਪਾਲ ਪੁਰੋਹਿਤ ਨੇ ਨਸ਼ਿਆਂ 'ਤੇ ਜਤਾਈ ਚਿੰਤਾ, ਖ਼ਾਲਿਸਤਾਨ ਤੇ SYL ਨੂੰ ਲੈ ਕੇ ਦਿੱਤਾ ਵੱਡਾ ਬਿਆਨ
ਉੱਥੇ ਹੀ ਜਦੋਂ ਇਸ ਮਾਮਲੇ 'ਚ ਸਾਬਕਾ ਪੰਚ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸਦੇ ਉੱਪਰ ਲਾਏ ਗਏ ਸਾਰੇ ਦੋਸ਼ ਬੇਬੁਨਿਆਦੀ ਹਨ। ਬੀਤੇ ਦਿਨੀਂ ਜਦੋਂ ਉਸ ਦਾ ਮੁੰਡਾ ਤਜਿੰਦਰ ਸਿੰਘ ਮੋਟਰ ਤੋਂ ਘਰ ਵੱਲ ਨੂੰ ਆ ਰਿਹਾ ਸੀ ਤਾਂ ਕਿਸਾਨ ਆਗੂ ਦੇ ਮੁੰਡੇ ਨੇ ਆਪਣੇ ਸਾਥੀਆਂ ਨਾਲ ਤਜਿੰਦਰ ਸਿੰਘ ਨੂੰ ਘੇਰ ਕੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਤੇ ਉਸ ਦੀ ਕੁੱਟਮਾਰ ਕੀਤੀ। ਉਸ ਨੇ ਕਿਹਾ ਕਿ ਸਾਡੇ 'ਤੇ ਕਾਰਵਾਈ ਕਰਵਾਉਂਣ ਦੇ ਚੱਲਦਿਆਂ ਇਹ ਝੂਠੀ ਕਹਾਣੀ ਬਣਾਈ ਗਈ ਹੈ। ਇਸ ਤੋਂ ਇਲਾਵਾ ਉਸ ਨੇ ਦੱਸਿਆ ਕਿ ਜ਼ਮੀਨ ਦੀ ਤਕਸੀਮ ਦਾ ਮਾਮਲਾ ਕੋਰਟ 'ਚ ਚੱਲ ਰਿਹਾ ਹੈ। ਤਪਾ ਪੁਲਸ ਦੇ ਐੱਸ. ਐੱਚ. ਓ. ਨਿਰਮਲ ਸਿੰਘ ਨੇ ਇਸ ਮਾਮਲੇ ਸਬੰਧੀ ਗੱਲ ਕਰਦਿਆਂ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਆਗੂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹ ਰੋਸ-ਪ੍ਰਦਰਸ਼ਨ ਕਰਨਗੇ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।