ਸ਼ਾਰਟ ਸਰਕਟ ਕਾਰਨ ਕਣਕ ਦੀ ਨਾੜ ਨੂੰ ਲੱਗੀ ਅੱਗ, 5 ਏਕੜ ਦੇ ਕਰੀਬ ਨਾੜ ਸੜ ਕੇ ਸੁਆਹ
Wednesday, Apr 19, 2023 - 05:44 PM (IST)

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਬੀਤੀ ਸਵੇਰ ਦਿਨ ਚੜ੍ਹਦਿਆਂ ਹੀ ਕਰੀਬ 8 ਵਜੇ ਦੇ ਦਰਮਿਆਨ ਲਿੰਕ ਰੋਡ ਫਰਵਾਹੀ, ਚੂੰਗੀ ਨਜ਼ਦੀਕ ਖੜ੍ਹੇ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਕਰੀਬ 5 ਏਕੜ ਟਾਂਗਰ ਮੱਚ ਕੇ ਸੁਆਹ ਹੋ ਗਿਆ। ਮੌਕੇ ’ਤੇ ਆ ਕੇ ਫਾਇਰ ਬ੍ਰਿਗੇਡ ਦੀ ਗੱਡੀ ਨੇ ਅੱਗ ’ਤੇ ਕਾਬੂ ਪਾਇਆ। ਕਿਸਾਨ ਹਾਕਮ ਸਿੰਘ ਪੁੱਤਰ ਗੁਰਬਖਸ਼ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਫਰਵਾਹੀ ਦੇ ਕਰੀਬ 5 ਏਕੜ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ। ਇਸ ਮੌਕੇ ਕਿਸਾਨ ਹਾਕਮ ਸਿੰਘ ਨੇ ਦੱਸਿਆ ਕਿ ਇਹ ਅੱਗ ਬਿਜਲੀ ਦੀ ਸ਼ਾਰਟ-ਸਰਕਟ ਕਾਰਨ ਲੱਗੀ ਹੈ, ਸਾਡੇ ਖੇਤ ’ਚੋਂ ਤਾਰਾਂ ਬਹੁਤ ਹੀ ਨੀਵੀਆਂ ਲੰਘਦੀਆਂ ਹਨ। ਮੈਂ ਕਰੀਬ 20 ਦਿਨ ਪਹਿਲਾਂ ਹੀ ਬਿਜਲੀ ਬੋਰਡ ਨੂੰ ਉਨ੍ਹਾਂ ਤਾਰਾਂ ਨੂੰ ਸਹੀ ਕਰਨ ਦੀ ਅਰਜ਼ੀ ਦਿੱਤੀ ਸੀ ਪਰ ਬਿਜਲੀ ਬੋਰਡ ਵੱਲੋਂ ਮੇਰੀ ਅਰਜ਼ੀ ’ਤੇ ਕੋਈ ਗੌਰ ਨਹੀਂ ਕੀਤੀ ਗਈ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ- ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦੇ ਬੰਬੀਹਾ ਗੈਂਗ ਦੇ ਗੈਂਗਸਟਰ ਨੇ ਖੋਲ੍ਹੇ ਕਈ ਰਾਜ਼, ਦੇਣਾ ਸੀ ਵੱਡੀ ਵਾਰਦਾਤ ਨੂੰ ਅੰਜਾਮ
ਉਨ੍ਹਾਂ ਦੱਸਿਆ ਕਿ ਮੈਂ ਕੱਲ੍ਹ ਹੀ ਕਣਕ ਵੱਢੀ ਸੀ ਅਤੇ ਨਾੜ ਖੜ੍ਹਾ ਸੀ, ਜਿਸ ਦੀ ਤੂੜੀ ਬਣਵਾਉਣੀ ਸੀ ਅਤੇ ਅੱਜ ਸਵੇਰੇ ਮੈਨੂੰ ਫੋਨ ਆਇਆ ਕਿ ਨਾੜ ਨੂੰ ਅੱਗ ਲੱਗੀ ਪਈ, ਜਿਸ ’ਤੇ ਤੁਰੰਤ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬੁਲਾਇਆ ਅਤੇ ਨੇੜੇ ਦੇ ਗੁਆਂਢੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ ’ਤੇ ਕਾਬੂ ਪਾਉਣ ’ਚ ਸਾਡੀ ਮਦਦ ਕੀਤੀ। ਇਸ ਸਮੇਂ ਲਛਮਣ ਸਿੰਘ, ਅਮਰੀਕ ਸਿੰਘ, ਲੱਖਾ ਗੁਰਮਾ, ਸਤਨਾਮ ਸਿੰਘ, ਸ਼ੀਪਾ ਮੋਘੇਦਾਰ, ਗੋਪੀ ਮੋਘੇਦਾਰ, ਕੁਲਦੀਪ ਸਿੰਘ ਸੰਧੂ ਸਬਜ਼ੀਵਾਲਾ, ਜਸਕਰਨ ਜੱਸਾ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕਾਂ ਨੇ ਬੜੀ ਮਿਹਨਤ ਨਾਲ ਅੱਗ ’ਤੇ ਕਾਬੂ ਪਾਇਆ।
ਇਹ ਵੀ ਪੜ੍ਹੋ- ਗੁਰਦਾਸਪੁਰ ਦੀ ਮਨਮੀਤ ਭਗਤਾਣਾ ਨੇ ਅਮਰੀਕਾ 'ਚ ਕਰਵਾਈ ਬੱਲੇ-ਬੱਲੇ, ਹਾਸਲ ਕੀਤਾ ਵੱਡਾ ਮੁਕਾਮ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।