ਪਤੀ ਦੀ ਮੌਤ ਦੀ ਖਬਰ ਸੁਣਨ 'ਤੇ ਪਤਨੀ ਵਲੋਂ ਖੁਦਕੁਸ਼ੀ ਦੀ ਕੋਸ਼ਿਸ਼

09/10/2019 9:10:25 PM

ਨਵਾਂਸ਼ਹਿਰ, (ਤਿਪਾਠੀ)— 2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਵੱਲੋਂ ਸਲਫਾਸ ਨਿਗਲਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਮੌਤ ਦੀ ਜਾਣਕਾਰੀ ਮਿਲਦੇ ਹੀ ਨਵ-ਵਿਆਹੁਤਾ ਵੱਲੋਂ ਫਿਨਾਇਲ ਪੀ ਕੇ ਜਾਨ ਦੇਣ ਦੀ ਕੋਸ਼ਿਸ਼ ਕੀਤੀ ਗਈ, ਸਮੇਂ 'ਤੇ ਇਲਾਜ ਹੋਣ ਕਾਰਨ ਨਵ-ਵਿਆਹੁਤਾ ਦੀ ਜਾਨ ਬਚ ਗਈ।
ਪੁਲਸ ਦੇ ਜਾਂਚ ਅਧਿਕਾਰੀ ਏ.ਐੱਸ.ਆਈ. ਜਸਵਿੰਦਰ ਸਿੰਘ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਦੁਰਗਾਪੁਰ ਵਾਸੀ ਸੁਖਪ੍ਰੀਤ ਸਿੰਘ (30) ਪੁੱਤਰ ਗੁਰਨਾਰ ਸਿੰਘ ਜਿਸਦਾ ਵਿਆਹ ਕਰੀਬ 2 ਮਹੀਨੇ ਪਹਿਲਾਂ ਹੀ ਨਵਾਂਸ਼ਹਿਰ ਵਾਸੀ ਕਮਲਜੀਤ ਕੌਰ ਦੇ ਨਾਲ ਹੋਇਆ ਸੀ, ਨੇ ਬੀਤੀ ਰਾਤ ਅਣਜਾਣੇ ਕਾਰਨਾਂ ਕਰ ਕੇ ਸਲਫਾਸ ਨਿਗਲ ਲਈ। ਸੁਖਪ੍ਰੀਤ ਸਿੰਘ ਨੂੰ ਚੰਡੀਗੜ੍ਹ ਰੋਡ ਸਥਿਤ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ ਗਿਆ ਪਰ ਤੜਕਸਾਰ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉਸਦੀ ਪਤਨੀ ਕਮਲਜੀਤ ਕੌਰ ਨੂੰ ਜਦੋਂ ਪਤੀ ਦੀ ਮੌਤ ਸਬੰਧੀ ਜਾਣਕਾਰੀ ਮਿਲੀ ਤਾਂ ਉਸ ਨੇ ਪਤੀ ਦੀ ਮੌਤ ਨੂੰ ਸਹਿਣ ਨਾ ਕਰਦੇ ਹੋਏ ਖੁਦ ਵੀ ਫਿਨਾਇਲ ਪੀ ਕੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਪਰ ਸਮੇਂ 'ਤੇ ਮੈਡੀਕਲ ਸਹਾਇਤਾ ਮਿਲ ਜਾਣ ਕਾਰਨ ਉਸਦੀ ਜਾਨ ਬਚ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ 2 ਭਰਾ ਕੈਨੇਡਾ ਤੇ ਯੂ.ਕੇ. 'ਚ ਸੈਟਲ ਹਨ ਜਦਕਿ ਉਸਦਾ ਪਿਤਾ ਕਿਸਾਨ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਵੱਲੋਂ ਸਲਫਾਸ ਨਿਗਲਣ ਦੇ ਕਾਰਨਾਂ ਦੀ ਜਾਣਕਾਰੀ ਨਹੀਂ ਮਿਲ ਪਾਈ। ਪੁਲਸ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਧਾਰਾ 174 ਦੇ ਤਹਿਤ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


KamalJeet Singh

Content Editor

Related News