ਪਾਵਰਕਾਮ ਦੀ ਟੀਮ ਨੇ ਵਿਧਾਇਕ ਤੇ ਲੋਕਾਂ ਨੂੰ ਪੁਰਾਣੀ ਬਿਜਲੀ ਵੰਡ ਪ੍ਰਣਾਲੀ ਦੇ ਪ੍ਰਬੰਧਾਂ ਦਾ ਦਿਵਾਇਆ ਭਰੋਸਾ

01/12/2019 5:24:15 PM

ਰੋਪੜ (ਭੰਡਾਰੀ)-ਇਲਾਕਾ ਸੰਘਰਸ਼ ਕਮੇਟੀ ਨੂਰਪੁਰਬੇਦੀ ਦੀ ਮੀਟਿੰਗ ਦੌਰਾਨ ਲਏ ਗਏ ਫੈਸਲੇ ਮੁਤਾਬਕ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ (ਪੀ.ਐੱਸ.ਪੀ.ਸੀ.ਐੱਲ.) ਵੱਲੋਂ ਭੇਜੇ ਗਏ ਡੀ.ਓ. ਪੱਤਰ ਦੀ ਰੌਸ਼ਨੀ ’ਚ ਹਲਕਾ ਵਿਧਾਇਕ ਰੂਪਨਗਰ ਅਮਰਜੀਤ ਸਿੰਘ ਸੰਦੋਆ ਤੇ ਇਲਾਕਾ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਨੈਬ ਸਿੰਘ ਜੇਤੇਵਾਲ ਨੇ ਚੇਅਰਮੈਨ ਪਾਵਰਕਾਮ ਪਟਿਆਲਾ ਵੱਲੋਂ ਭੇਜੀ ਬਿਜਲੀ ਵਿਭਾਗ ਦੇ ਮਾਹਿਰਾਂ ਦੀ ਟੀਮ ਨਾਲ ਅੱਜ ਮੀਟਿੰਗ ਕੀਤੀ। ਮੀਟਿੰਗ ’ਚ ਪਾਵਰਕਾਮ ਦੇ ਪਟਿਆਲਾ ਸਥਿਤ ਦਫ਼ਤਰ ਤੋਂ ਪਹੁੰਚੇ ਬਿਜਲੀ ਮਾਹਿਰਾਂ ਦੀ ਟੀਮ ’ਚ ਸ਼ਾਮਲ ਅੈਡੀਸ਼ਨਲ ਐੱਸ.ਈ. (ਏ.ਪੀ.ਡੀ.ਆਰ.ਪੀ.) ਵਿਕਾਸ ਸ਼ਰਮਾ, ਏ.ਈ.ਈ. ਸੁਨੀਲ ਕੁਮਾਰ, ਪ੍ਰੋਜੈਕਟ ਹੈੱਡ ਨਿਊਕਾਨ ਪ੍ਰਿੰਸ ਸੇਠੀ, ਪ੍ਰੋਜੈਕਟ ਮੈਨੇਜਰ ਨਿਊਕਾਨ ਦਿਨੇਸ਼ ਭੰਡਾਰੀ ਤੇ ਪ੍ਰੋਜੈਕਟ ਇੰਜੀਨੀਅਰ ਨਿਊਕਾਨ ਨਵਦੀਪ ਅਹੀਰ ਆਦਿ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਮੋਟਰਾਂ ਲਈ ਅਲੱਗ ਬਿਜਲੀ ਦੇ ਖੰਭੇ ਲਾਉਣ ਦਾ ਕੰਮ ਸਮੁੱਚੇ ਸੂਬੇ ਦੀਆਂ ਵੱਖ-ਵੱਖ ਥਾਵਾਂ ’ਤੇ ਲੋਕਾਂ ਦੀ ਸਹਿਮਤੀ ਨਾਲ ਚੱਲ ਰਿਹਾ ਹੈ ਤੇ ਇਸ ਨਾਲ ਪੁਰਾਣੇ ਬਿਜਲੀ ਵੰਡ ਪ੍ਰਣਾਲੀ ਦੇ ਢਾਂਚੇ ’ਚ ਕੋਈ ਤਬਦੀਲੀ ਨਹੀਂ ਹੋਵੇਗੀ। ਅਧਿਕਾਰੀਆਂ ਦੀ ਗੱਲ ਸੁਣਨ ਉਪਰੰਤ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੇ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਨੈਬ ਸਿੰਘ ਜੇਤੇਵਾਲ ਨੇ ਪਾਵਰਕਾਮ ਅਧਿਕਾਰੀਆਂ ਨੂੰ ਸਪੱਸ਼ਟ ਸ਼ਬਦਾਂ ’ਚ ਲੋਕਾਂ ਦੇ ਹਵਾਲੇ ਨਾਲ ਕਿਹਾ ਕਿ ਜੇਕਰ ਵਿਭਾਗ ਵਲੋਂ ਜਾਰੀ ਉਕਤ ਪੱਤਰ ਦੀ ਉਲੰਘਣਾ ਕਰ ਕੇ ਬਿਜਲੀ ਸਪਲਾਈ ’ਚ ਕਟੌਤੀ ਕੀਤੀ ਗਈ ਤਾਂ ਲੋਕ ਇਸ ਸਮੁੱਚੀ ਕਾਰਵਾਈ ਦਾ ਡਟਵਾਂ ਵਿਰੋਧ ਕਰਨਗੇ। ਉਨ੍ਹਾਂ ਇਲਾਕੇ ਦੇ ਲੋਕਾਂ ਨੂੰ ਸੁਨੇਹਾ ਦਿੱਤਾ ਕਿ ਹਾਲ ਦੀ ਘਡ਼ੀ ਖੰਭੇ ਲਾਉਣ ਦਾ ਕੰਮ ਭਾਵੇਂ ਵਿਭਾਗ ਮੁਕੰਮਲ ਕਰ ਲਵੇਗਾ। ਪਰ ਸਾਨੂੰ ਕਿਸੇ ਵੀ ਕੀਮਤ ’ਤੇ ਇਸ ਪ੍ਰਕਿਰਿਆ ਨੂੰ ਨਰਮੀ ਨਾਲ ਨਹੀਂ ਦੇਖਣਾ ਹੋਵੇਗਾ। ਖੇਤਰ ਨੂੰ 24 ਘੰਟੇ ਮਿਲ ਰਹੀ ਨਿਰਵਿਘਨ ਬਿਜਲੀ ਸਪਲਾਈ ’ਚ ਕਟੌਤੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।


Related News