ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਦੇ ਨਾਲ 1000 ਤੋਂ ਵੱਧ ਨੌਜਵਾਨਾਂ ਨੇ ਛੱਕਿਆ ਅੰਮ੍ਰਿਤ
Tuesday, Sep 27, 2022 - 05:49 PM (IST)
ਸ੍ਰੀ ਅਨੰਦਪੁਰ ਸਾਹਿਬ (ਚੋਵੇਸ਼ ਲਟਾਵਾ) : 'ਵਾਰਿਸ ਪੰਜਾਬ ਦੇ' ਦੇ ਮੁੱਖ ਸੇਵਾਦਾਰ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਆਪਣੇ ਕਾਫ਼ਲੇ ਨੂੰ ਲੈ ਕੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚੇ ਸਨ, ਜਿੱਥੇ ਉਹਨਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੰਮ੍ਰਿਤ ਛੱਕਿਆ ਤੇ ਆਪਣੇ ਨਾਲ ਆਏ ਸਿੰਘਾਂ ਨੂੰ ਵੀ ਅੰਮ੍ਰਿਤ ਛੱਕਵਾਇਆ। ਉਨ੍ਹਾਂ ਨਾਲ ਲਗਭਗ ਇੱਕ ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਅੰਮ੍ਰਿਤ ਛੱਕਿਆ। ਇਸ ਮੌਕੇ ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਲਗਭਗ ਇੱਕ ਹਜ਼ਾਰ ਦੇ ਕਰੀਬ ਨਾਮ ਰਜਿਸਟਰਡ ਹੋਏ ਹਨ ਜਿਨ੍ਹਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਨਾਲ ਅੰਮ੍ਰਿਤ ਛੱਕਿਆ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਹਰ ਐਤਵਾਰ ਅਤੇ ਬੁੱਧਵਾਰ ਵਾਲੇ ਦਿਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਵੇਰੇ ਗਿਆਰਾਂ ਵਜੇ ਅੰਮ੍ਰਿਤ ਸੰਚਾਰ ਦੀ ਸੇਵਾ ਕਰਵਾਈ ਜਾਂਦੀ ਹੈ, ਜਿਨ੍ਹਾਂ ਨੌਜਵਾਨਾਂ ਨੇ ਹੁਣ ਤੱਕ ਅੰਮ੍ਰਿਤ ਨਹੀਂ ਛੱਕਿਆ ਉਹ ਕਿਸੇ ਵੀ ਐਤਵਾਰ ਅਤੇ ਬੁੱਧਵਾਰ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਆ ਕੇ ਅੰਮ੍ਰਿਤ ਪਾਨ ਕਰ ਸਕਦੇ ਹਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਈ ਸੰਗਤ ਦੇ ਰਹਿਣ ਸਹਿਣ ਦੀ ਵਿਵਸਥਾ ਤੋਂ ਲੈ ਕੇ ਸਾਊਂਡ ਲਾਈਟ ਡੈਕੋਰੇਸ਼ਨ ਦੀਵਾਨ ਹਾਲ ਦੇ ਨਾਲ-ਨਾਲ ਅੰਮ੍ਰਿਤ ਪਾਨ ਲਈ ਕਕਾਰ ਵੀ ਭੇਟਾ ਰਹਿਤ ਦਿੱਤੇ ਗਏ ਹਨ। ਉਨ੍ਹਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣਨ।