ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ, ਮੰਡਰਾਉਣ ਲੱਗਾ ਇਹ ਵੱਡੇ ਸੰਕਟ

Tuesday, Apr 14, 2026 - 01:30 PM (IST)

ਪਟਿਆਲਾ ਵਾਸੀਆਂ ਲਈ ਖ਼ਤਰੇ ਦੀ ਘੰਟੀ, ਮੰਡਰਾਉਣ ਲੱਗਾ ਇਹ ਵੱਡੇ ਸੰਕਟ

ਪਟਿਆਲਾ (ਬਲਜਿੰਦਰ, ਰਾਣਾ) : ਗਰਮੀਆਂ ਦੀ ਆਮਦ ਤੋਂ ਪਹਿਲਾਂ ਸ਼ਹਿਰ ਦੇ ਕਈ ਇਲਾਕਿਆਂ ’ਚ ਪੀਣਯੋਗ ਸਹੀ ਪਾਣੀ ਨਹੀਂ ਪਹੁੰਚ ਰਿਹਾ। ਇਸ ’ਚ ਹਾਨੀਕਾਰਕ ਬੈਕਟੀਰੀਆ ਪਾਇਆ ਗਿਆ ਹੈ। ਸਿਹਤ ਵਿਭਾਗ ਵੱਲੋਂ ਹਾਲ ’ਚ ਕਈ ਇਲਾਕਿਆਂ ਵਿਚ ਗੰਦਾ ਪਾਣੀ ਸਪਲਾਈ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸੈਂਪਲਿੰਗ ਕੀਤੀ ਗਈ। ਸਿਹਤ ਵਿਭਾਗ ਵੱਲੋਂ ਵੱਖ-ਵੱਖ ਇਲਾਕਿਆਂ ’ਚੋਂ 10 ਸੈਂਪਲ ਲਏ ਗਏ ਸਨ ਅਤੇ ਇਨ੍ਹਾਂ ’ਚ 3 ਸੈਂਪਲ ਫੇਲ ਪਾਏ ਗਏ ਹਨ। ਸਿਹਤ ਵਿਭਾਗ ਵੱਲੋਂ ਪਾਣੀ ਦੇ ਸੈਂਪਲ ਲੈਣ ਤੋਂ ਬਾਅਦ ਜਾਂਚ ਲਈ ਸਟੇਟ ਪਬਲਿਕ ਹੈਲਥ ਲੈਬਾਰਟਰੀ ਪੰਜਾਬ ਖਰੜ ਨੂੰ ਚੈਕਿੰਗ ਲਈ ਭੇਜੇ ਗਏ ਸਨ, ਜਿਨ੍ਹਾਂ ਦੀ ਅੱਜ ਹੀ ਰਿਪੋਰਟ ਹਾਸਲ ਹੋਈ ਹੈ ਅਤੇ ਇਨ੍ਹਾਂ 10 ਸੈਂਪਲਾਂ ਵਿਚੋਂ 3 ਸੈਂਪਲ ਫੇਲ੍ਹ ਪਾਏ ਗਏ। ਲੈਬੋਰਟਰੀ ਦੀ ਰਿਪੋਰਟ ਮੁਤਾਬਕ ਉਨ੍ਹਾਂ ’ਚ ਹਾਨੀਕਾਰਕ ਬੈਕਟੀਰੀਆ ਪਾਇਆ ਗਿਆ, ਜਿਨ੍ਹਾਂ ’ਚ ਕੋਲੀਫੋਰਮ ਬੈਕਟੀਰੀਆ ਐੱਮ. ਪੀ. ਐੱਨ. 15 ਪਾਇਆ ਗਿਆ।
ਜਿਹੜੇ ਇਲਾਕਿਆਂ ਦੇ ਸੈਂਪਲ ਫੇਲ ਪਾਏ ਗਏ ਹਨ, ਉਨ੍ਹਾਂ ’ਚ 2 ਸਿਕਲੀਗਰ ਬਸਤੀ ਅਤੇ 1 ਵਧੀਆ ਇਲਾਕਾ ਮੰਨੇ ਜਾਣ ਵਾਲੇ ਪ੍ਰਤਾਪ ਨਗਰ ਦਾ ਸੈਂਪਲ ਫੇਲ ਪਾਇਆ ਗਿਆ ਹੈ। ਸਿਹਤ ਵਿਭਾਗ ਵੱਲੋਂ ਇਹ ਸੈਂਪਲ ਘਰ ਦੀ ਪੀਣ ਵਾਲੇ ਪਾਣੀ ਦੀ ਟੂਟੀ ’ਚੋਂ ਲਿਆ ਗਿਆ ਸੀ। ਅਹਿਮ ਗੱਲ ਇਹ ਹੈ ਕਿ ਸਿਹਤ ਵਿਭਾਗ ਵੱਲੋਂ ਪ੍ਰਤਾਪ ਨਗਰ ਦਾ ਸਿਰਫ ਇਕ ਹੀ ਸੈਂਪਲ ਲਿਆ ਗਿਆ ਸੀ। ਜੇਕਰ ਹੋਰ ਘਰਾਂ ਦੀ ਸੈਂਪਲਿੰਗ ਵੀ ਕੀਤੀ ਜਾਵੇ ਤਾਂ ਸਥਿਤੀ ਹੋਰ ਵੀ ਸਪੱਸ਼ਟ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਇਨ੍ਹਾਂ ਤਰੀਕਾਂ ਨੂੰ ਪਵੇਗਾ ਮੀਂਹ, ਚੱਲਣਗੀਆਂ ਤੇਜ਼ ਹਵਾਵਾਂ, ਵਿਭਾਗ ਨੇ ਦਿੱਤੀ ਜਾਣਕਾਰੀ

ਜਿਹੜੇ ਘਰ ਦਾ ਸੈਂਪਲ ਫੇਲ੍ਹ ਪਾਇਆ ਗਿਆ, ਉਸ ਦੇ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਦੇ ਘਰ ਪੀਣ ਵਾਲੇ ਪਾਣੀ ’ਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਸੀ, ਅਰਥਾਤ ਕਾਲਾ ਪਾਣੀ ਆ ਰਿਹਾ ਸੀ। ਸਿਹਤ ਵਿਭਾਗ ਨੂੰ ਇਸ ਦੀ ਸ਼ਿਕਾਇਤ ਕੀਤੀ ਤਾਂ ਉਸ ਦੇ ਘਰ ਦੇ ਪਾਣੀ ਦੀ ਸੈਂਪਲਿੰਗ ਕੀਤੀ ਗਈ। ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਘਰ ਦੇ ਪੀਣ ਵਾਲੇ ਪਾਣੀ ਦਾ ਸੈਂਪਲ ਫੇਲ੍ਹ ਆਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਨੇ ਪੂਰੇ ਇਲਾਕੇ ’ਚੋਂ ਇਕ ਹੀ ਸੈਂਪਲ ਭਰਿਆ ਹੈ। ਜੇਕਰ ਹੋਰ ਥਾਵਾਂ ਤੋਂ ਸੈਂਪਲ ਭਰਿਆ ਜਾਵੇ ਤਾਂ ਨਤੀਜੇ ਹੋਰ ਵੀ ਡਰਾਉਣ ਵਾਲੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਇਸ ਸਬੰਧੀ ਉਚਿਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਸਮਾਂ ਰਹਿੰਦੇ ਸਥਿਤੀ ਨੂੰ ਸੰਭਾਲਿਆ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਸਪਲਾਈ ਦਾ ਸਮਾਂ ਤਬਦੀਲ ਕਰਨ ਦੀ ਮੰਗ, 4 ਤੋਂ 7 ਵਜੇ ਤੱਕ...

ਪਿੰਡ ਅਲੀਪੁਰ ’ਚ ਸੀਵਰੇਜ ਦਾ ਪਾਣੀ ਮਿਕਸ ਹੋਣ ਕਾਰਨ ਫੈਲੀਆਂ ਸਨ ਬਿਮਾਰੀਆਂ

ਫੇਲ੍ਹ ਸੈਂਪਲ ’ਚ ਸਿਹਤ ਵਿਭਾਗ ਵੱਲੋਂ ਜਿਸ ਤਰ੍ਹਾਂ ਪਾਣੀ ਨੂੰ ਪੀਣ ਦੇ ਯੋਗ ਕਰਾਰ ਨਹੀਂ ਦਿੱਤਾ, ਉਸ ਤੋਂ ਸਾਫ ਹੈ ਕਿ ਬੈਕਟੀਰੀਆ ਨਾਲ ਬਿਮਾਰੀ ਫੈਲ ਸਕਦੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਪਿੰਡ ਅਲੀਪੁਰ ਸਮੇਤ ਕਈ ਥਾਵਾਂ ’ਤੇ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ’ਚ ਮਿਕਸ ਹੋਣ ਕਾਰਨ ਬਿਮਾਰੀਆਂ ਫੈਲੀਆਂ ਸਨ। ਜੇਕਰ ਹੁਣ ਵੀ ਸਮਾਂ ਰਹਿੰਦੇ ਉਚਿਤ ਕਦਮ ਨਾ ਚੁੱਕੇ ਤਾਂ ਨਿਸ਼ਚਿਤ ਤੌਰ ’ਤੇ ਫੇਰ ਤੋਂ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਸਿਹਤ ਵਿਭਾਗ ਸਾਰੇ ਹੀ ਇਲਾਕਿਆਂ ਦੀ ਸੈਂਪਲਿੰਗ ਕਰਕੇ ਚੈਕਿੰਗ ਕਰਵਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਪਿਆ ਪੰਗਾ, ਪਾਵਰਕਾਮ ਦੇ ਫੈਸਲੇ ਨੇ ਵਧਾਈ ਚਿੰਤਾ

ਲੋਕਾਂ ਦੀ ਸਿਹਤ ਨਾਲ ਖਿਲਵਾੜ ਨਹੀਂ ਹੋਣ ਦਿਆਂਗੇ : ਜੇ. ਈ. ਕਾਰਤਿਕ ਗੋਇਲ

ਇਸ ਸਬੰਧੀ ਜਦੋਂ ਨਗਰ ਨਿਗਮ ਦੇ ਜੇ. ਈ. ਕਾਰਤਿਕ ਗੋਇਲ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸੰਜੀਵ ਕੁਮਾਰ ਦੇ ਘਰ ਨੂੰ ਜਾਣ ਵਾਲੇ ਪਾਣੀ ਦਾ ਕਨੈਕਸ਼ਨ ਪ੍ਰਾਈਵੇਟ ਹੈ। ਇਹ ਕੁਨੈਕਸ਼ਨ ਸੀਵਰੇਜ ਦੀ ਪਾਈਪ ਨਾਲ ਟੱਚ ਕਰ ਕੇ ਲੰਘਦਾ ਹੈ। ਸਮਾਂ ਬੀਤਣ ਕਾਰਨ ਦੋਵੇਂ ਆਪਸ ’ਚ ਘਸ ਕੇ ਪਾਈਪਾਂ ਪਤਲੀਆਂ ਹੋ ਗਈਆਂ, ਜਿਸ ਕਾਰਨ ਪਾਣੀ ਮਿਕਸਿੰਗ ਹੋ ਕੇ ਆ ਰਿਹਾ ਹੈ। ਇਸ ਸਬੰਧੀ ਨਗਰ ਨਿਗਮ ਵੱਲੋਂ ਵੀ ਸੈਂਪਲਿੰਗ ਕਰਕੇ ਜਾਂਚ ਲਈ ਭੇਜੇ ਗਏ ਹਨ। ਸਾਡੇ ਵੱਲੋਂ ਪਾਣੀ ਅਤੇ ਸੀਵਰੇਜ ਵਾਲੇ ਪਾਈਪਾਂ ਨੂੰ ਅਲੱਗ-ਅਲੱਗ ਕੀਤਾ ਜਾਵੇਗਾ ਤਾਂ ਪਾਣੀ ਮਿਕਸਿੰਗ ਹੋ ਕੇ ਨਾ ਆਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਤਰ੍ਹਾਂ ਦਾ ਕੋਈ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਜੇਕਰ ਸੰਜੀਵ ਕੁਮਾਰ ਆਪਣੇ ਤੌਰ ’ਤੇ ਇਨ੍ਹਾਂ ਪਾਈਪਾਂ ਨੂੰ ਅਲੱਗ-ਅਲੱਗ ਕਰਵਾਉਂਦੇ ਹਨ ਤਾਂ ਵੀ ਸਾਡੀ ਨਿਗਰਾਨੀ ਹੇਠ ਹੀ ਕੰਮ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ 'ਚ ਚੋਣਾਂ ਦੀ ਤਿਆਰੀ, ਚੋਣ ਕਮਿਸ਼ਨ ਨੇ ਜਾਰੀ ਕੀਤੇ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News