ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ ’ਚ ਯੁਵਰਾਜ ਸਿੰਘ ਗ੍ਰਿਫ਼ਤਾਰ, ਮਿਲੀ ਜ਼ਮਾਨਤ

Sunday, Oct 17, 2021 - 09:15 PM (IST)

ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ ’ਚ ਯੁਵਰਾਜ ਸਿੰਘ ਗ੍ਰਿਫ਼ਤਾਰ, ਮਿਲੀ ਜ਼ਮਾਨਤ

ਸਪੋਰਟਸ ਡੈਸਕ : ਇੰਸਟਾਗ੍ਰਾਮ ਲਾਈਵ ’ਤੇ ਸਾਥੀ ਖਿਡਾਰੀਆਂ ਨਾਲ ਗੱਲਬਾਤ ਦੌਰਾਨ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ’ਤੇ ਕੋਰਟ ਨੇ ਸਖਤੀ ਦਿਖਾਈ ਹੈ। ਹਾਂਸੀ ’ਚ ਦਰਜ ਹੋਏ ਕੇਸ ਤੋਂ ਬਾਅਦ ਯੁਵਰਾਜ ਸਿੰਘ ਜਾਂਚ ’ਚ ਸ਼ਾਮਲ ਹੋ ਗਏ। ਪੁਲਸ ਨੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਿਖਾ ਕੇ ਜਾਂਚ ਅੱਗੇ ਵਧਾ ਦਿੱਤੀ ਹੈ। ਯੁਵਰਾਜ ਸਿੰਘ ਇਸ ਮਾਮਲੇ ’ਚ ਪਹਿਲਾਂ ਹੀ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਲੈ ਚੁੱਕੇ ਹਨ। ਅਦਾਲਤ ਨੇ ਯੁਵਰਾਜ ਸਿੰਘ ਨੂੰ ਹਾਂਸੀ ’ਚ ਦਰਜ ਮਾਮਲੇ ਦੀ ਜਾਂਚ ਲਈ ਪੁਲਸ ਨੂੰ ਸਹਿਯੋਗ ਦੇਣ ਦੇ ਆਦੇਸ਼ ਦਿੱਤੇ ਸਨ। ਯੁਵਰਾਜ ਇਸ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ ’ਤੇ ਹਿਸਾਰ ਦੇ ਜੀਓ ਮੈਸ ਪਹੁੰਚੇ ਸਨ। ਉਨ੍ਹਾਂ ਦੇ ਨਾਲ ਸੁਰੱਖਿਆ ਕਰਮਚਾਰੀਆਂ ਸਮੇਤ ਚਾਰ-ਪੰਜ ਲੋਕਾਂ ਦਾ ਸਟਾਫ ਚੰਡੀਗੜ੍ਹ ਤੋਂ ਹਿਸਾਰ ਪਹੁੰਚਿਆ।

ਯੁਵਰਾਜ ਸਿੰਘ ਨੇ ਖੁਦ ਹਾਈਕੋਰਟ ’ਚ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਟਿੱਪਣੀਆਂ ਨੂੰ ਸਵੀਕਾਰ ਕੀਤਾ ਸੀ ਪਰ ਕਿਹਾ ਸੀ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਸ਼ਬਦ ਕਹਿਣਾ ਗਲਤ ਹੈ। ਇਹ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਨਹੀਂ ਕਿਹਾ। ਪੁੱਛਗਿੱਛ ਤੋਂ ਬਾਅਦ ਯੁਵਰਾਜ ਸਿੰਘ ਨੂੰ ਹਾਈਕੋਰਟ ਦੇ ਆਦੇਸ਼ਾਂ ’ਤੇ ਰਸਮੀ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਹੁਣ ਇਹ ਮਾਮਲਾ ਅਦਾਲਤ ’ਚ ਵਿਚਾਰ-ਅਧੀਨ ਹੈ।

ਇਹ ਹੈ ਮਾਮਲਾ
ਹਾਂਸੀ ਦੇ ਵਕੀਲ ਰਜਤ ਕਲਸਨ ਨੇ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਸੀ ਕਿ ਯੁਵਰਾਜ ਸਿੰਘ ਨੇ ਆਪਣੇ ਸਾਥੀਆਂ ਨਾਲ ਇੰਸਟਾਗ੍ਰਾਮ ਲਾਈਵ 'ਤੇ ਐੱਸ.ਸੀ. ਭਾਈਚਾਰੇ ’ਤੇ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਯੁਵਰਾਜ ਸਿੰਘ ’ਤੇ ਧਾਰਾ 153 ਏ ਤਹਿਤ ਮਾਮਲਾ ਦਰਜ ਕੀਤਾ ਗਿਆ। ਯੁਵਰਾਜ ਸਿੰਘ ਨੇ ਇਸ ਮਾਮਲੇ ਨੂੰ ਖਾਰਿਜ ਕਰਵਾਉਣ ਲਈ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ, ਜਿਸ ’ਤੇ ਹਾਈਕੋਰਟ ਨੇ ਯੁਵਰਾਜ ਨੂੰ ਅਗਾਊਂ ਜ਼ਮਾਨਤ ਦੇ ਹੁਕਮ ਦਿੱਤੇ ਸਨ।


author

Manoj

Content Editor

Related News