ਲੋਨ ਦੀ ਸੈਟਲਮੈਂਟ ਕਰਨ ਆਏ  ਨੌਜਵਾਨਾਂ ਨੇ ਗੁੱਸੇ ’ਚ ਏਜੰਸੀ ਮਾਲਕ ’ਤੇ ਚੜ੍ਹਾ ਦਿੱਤੀ ਥਾਰ

Friday, Nov 22, 2024 - 05:20 AM (IST)

ਲੋਨ ਦੀ ਸੈਟਲਮੈਂਟ ਕਰਨ ਆਏ  ਨੌਜਵਾਨਾਂ ਨੇ ਗੁੱਸੇ ’ਚ ਏਜੰਸੀ ਮਾਲਕ ’ਤੇ ਚੜ੍ਹਾ ਦਿੱਤੀ ਥਾਰ

ਲੁਧਿਆਣਾ (ਗੌਤਮ) - ਫਿਰੋਜ਼ ਗਾਂਧੀ ਮਾਰਕੀਟ ’ਚ ਸਥਿਤ ਰਿਕਵਰੀ ਆਫਿਸ ’ਚ ਲੋਨ ਦੀ ਸੈਂਟਲਮੈਂਟ ਕਰਨ ਆਏ ਨੌਜਵਾਨਾਂ ਨੇ ਰੰਜ਼ਿਸ਼ ਕਾਰਨ ਏਜੰਸੀ ਮਾਲਕ ਨੂੰ ਥਾਰ ਗੱਡੀ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਏਜੰਸੀ ਮਾਲਕ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਡੀ. ਐੱਮ. ਸੀ. ’ਚ ਦਾਖਲ ਕਰਵਾਇਆ ਗਿਆ, ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਜ਼ਖਮੀ ਦੀ ਪਛਾਣ ਵਿਨੀਤ ਅਰੋੜਾ ਵਜੋਂ ਕੀਤੀ ਗਈ ਹੈ। ਥਾਣਾ ਡਵੀਜ਼ਨ ਨੰ. 5 ਦੀ ਪੁਲਸ ਨੇ 2 ਵਿਅਕਤੀਆਂ ਨੂੰ ਕਾਬੂ ਕਰ ਲਿਆ। ਪੁਲਸ ਨੇ ਮੁਲਜ਼ਮਾਂ ਖਿਲਾਫ ਐੱਸ. ਏ. ਐੱਸ. ਨਗਰ ਦੇ ਰਹਿਣ ਵਾਲੇ ਰਾਹੁਲ ਸਦਿਓੜਾ ਦੇ ਬਿਆਨ ’ਤੇ  ਸਾਜ਼ਿਸ਼  ਤਹਿਤ ਜਾਨੋਂ ਮਾਰਨ ਦੀ ਕੋਸ਼ਿਸ਼ ਤਹਿਤ ਹਮਲਾ ਕਰਨ ਅਤੇ ਹੁੱਲੜਬਾਜ਼ੀ ਕਰਨ ਦੇ ਦੋਸ਼ ’ਚ ਕੇਸ ਦਰਜ ਕੀਤਾ ਹੈ। 

ਪੁਲਸ ਨੇ ਕਾਬੂ ਕੀਤੇ ਮੁਲਜ਼ਮਾਂ ਦੀ ਪਛਾਣ ਹਰਮਨਦੀਪ ਸਿੰਘ ਭੁੱਲਰ ਉਰਫ ਹਰਮਨ ਲਾਹੌਰੀਆ ਅਤੇ ਗੁਰਪ੍ਰੀਤ ਸਿੰਘ ਉਰਫ ਗੁਰੀ ਅਤੇ ਫਰਾਰ ਮੁਲਜ਼ਮਾਂ ਦੀ ਪਛਾਣ ਪ੍ਰਭਜੋਤ ਸਿੰਘ ਉਰਫ ਜੋਤੀ, ਪਰਮ ਜੋਸ਼ੀ ਉਰਫ ਕਿੰਗ, ਲਵਪ੍ਰੀਤ ਸਿੰਘ, ਗੁਰਿੰਦਰ ਸਿੰਘ ਅਤੇ ਬਲਕਰਨ ਸਿੰਘ ਦੇ ਰੂਪ ’ਚ ਕੀਤੀ ਹੈ। ਕਾਬੂ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਪੁਲਸ ਨੇ ਰਿਮਾਂਡ ’ਤੇ ਲਿਆ ਹੈ। 

ਪੁਲਸ ਨੂੰ ਦਿੱਤੇ ਬਿਆਨ ’ਚ ਰਾਹੁਲ ਨੇ ਦੱਸਿਆ ਕਿ ਉਸ ਦਾ ਫਿਰੋਜ਼ ਗਾਂਧੀ ਮਾਰਕੀਟ ’ਚ ਰਿਕਵਰੀ ਅਤੇ ਕੁਲੈਕਸ਼ਨ ਏਜੰਸੀ ਦਾ ਦਫਤਰ ਹੈ। ਮੁਲਜ਼ਮ ਗੁਰਿੰਦਰ ਸਿੰਘ ਦੀ ਸਕੂਟਰੀ ਜੋ ਕਿ ਉਸ ਨੇ ਆਈ. ਡੀ. ਐੱਫ. ਸੀ. ਬੈਂਕ ਤੋਂ ਲੋਨ ’ਤੇ ਲਈ ਸੀ, ਉਸ ਦਾ ਕਰੀਬ 20 ਹਜ਼ਾਰ ਰੁਪਏ ਬਕਾਇਆ ਸੀ। ਗੁਰਿੰਦਰ ਸਿੰਘ ਆਫਿਸ ’ਚ ਉਸ  ਨਾਲ ਕੇਸ ਸੈਟਲਮੈਂਟ ਕਰਨ ਲਈ ਆਇਆ ਸੀ, ਜਿਸ ’ਤੇ ਗੱਲਬਾਤ ਕਰਨ ’ਤੇ ਉਨ੍ਹਾਂ ਨਾਲ 8 ਹਜ਼ਾਰ ਰੁਪਏ ’ਚ ਸੈਟਲਮੈਂਟ ਹੋ ਗਈ। ਉਸ ਨੇ ਆਪਣੇ ਬੇਟੇ ਨੂੰ ਰਕਮ ਲੈ ਕੇ ਆਉਣ ਲਈ ਕਿਹਾ।

ਕੁਝ ਹੀ ਸਮੇਂ ਬਾਅਦ ਉਸ ਦਾ ਬੇਟਾ ਬਲਕਰਨ ਸਿੰਘ ਆਪਣੇ ਦੋਸਤ ਹਰਮਨਦੀਪ, ਲਵਪ੍ਰੀਤ, ਪਰਮ ਜੋਸ਼ੀ ਥਾਰ ਗੱਡੀ ’ਚ ਉਨ੍ਹਾਂ ਦੇ ਦਫਤਰ ਆਏ। ਉਕਤ ਲੋਕ ਆਫਿਸ ’ਚ ਆਉਂਦੇ ਹੀ ਧਮਕੀਆਂ ਦਿੰਦੇ ਹੋਏ ਗਾਲੀ-ਗਲੋਚ ਕਰਨ ਲੱਗ ਪਏ  ਅਤੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ’ਤੇ ਉਸ ਨੇ ਪੁਲਸ ਕੰਟ੍ਰੋਲ ਰੂਮ ’ਤੇ ਸੂਚਿਤ ਕੀਤਾ ਤਾਂ ਪੀ. ਸੀ. ਆਰ. ਦਸਤਾ ਅਤੇ ਚੌਕੀ ਇੰਚਾਰਜ ਕੋਚਰ ਮਾਰਕੀਟ ਮੌਕੇ ’ਤੇ ਆ ਗਏ, ਜਿਨ੍ਹਾਂ ਨੇ ਮੌਕੇ ’ਤੇ ਹੀ ਲੋਕਾਂ ਨੂੰ ਸ਼ਾਂਤ ਕਰ ਦਿੱਤਾ ਅਤੇ ਸਾਰੇ ਉਨ੍ਹਾਂ ਦੇ ਦਫਤਰ ਤੋਂ ਬਾਹਰ ਚਲੇ ਗਏ।

 ਕੁਝ ਸਮੇਂ ਬਾਅਦ ਉਸ ਦਾ ਪਾਰਟਨਰ ਵਿਨੀਤ ਅਰੋੜਾ ਆਪਣੇ ਘਰ ਜਾਣ ਲਈ ਆਫਿਸ ਤੋਂ ਬਾਹਰ ਨਿਕਲਿਆ ਅਤੇ ਉਹ ਆਪਣੀ ਕਾਰ ਵੱਲ ਜਾ ਰਿਹਾ ਸੀ ਤਾਂ ਬਲਕਰਨ ਸਿੰਘ ਨੇ ਥਾਰ ਗੱਡੀ ਚਲਾ ਕੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਸ ਨੂੰ ਟੱਕਰ ਮਾਰ ਦਿੱਤੀ। ਜਦੋਂ ਵਿਨੀਤ ਅਰੋੜਾ ਅਤੇ ਹੋਰ ਲੋਕਾਂ ਨੇ ਮਦਦ ਲਈ ਰੌਲਾ ਪਾਇਆ ਤਾਂ ਉਕਤ ਲੋਕ ਥਾਰ ’ਚ ਸਵਾਰ ਹੋ ਕੇ ਮੌਕੇ ਤੋਂ ਭੱਜ ਨਿਕਲੇ। ਮੌਕੇ ’ਤੇ ਪੁੱਜੀ ਪੁਲਸ ਨੇ ਜਾਂਚ ਦੌਰਾਨ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ।
 


author

Inder Prajapati

Content Editor

Related News