ਅਧੂਰੇ ਪੁਲ ਕਾਰਨ ਵਾਪਰਿਆ ਹਾਦਸਾ, ਮੋਟਰਸਾਈਕਲ ਸਵਾਰ ਦੀ ਮੌਤ
Friday, Jul 24, 2020 - 02:24 PM (IST)
ਸਮਰਾਲਾ (ਗਰਗ, ਬੰਗੜ) : ਇਥੋਂ ਨਜ਼ਦੀਕ ਨੀਲੋਂ ਵਿਖੇ ਬੀਤੀ ਰਾਤ ਸਰਹਿੰਦ ਨਹਿਰ ’ਤੇ ਨਵੇਂ ਬਣ ਰਹੇ ਪੁੱਲ ਤੋਂ ਡਿੱਗ ਕੇ ਇਕ ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਇਹ ਹਾਦਸਾ ਨੈਸ਼ਨਲ ਹਾਈਵੇਅ ਵੱਲੋਂ ਬਣਾਏ ਜਾ ਰਹੇ ਇਸ ਪੁੱਲ ਦੇ ਅਧੂਰੇ ਪਏ ਹੋਣ ਕਾਰਣ ਵਾਪਰਿਆ ਹੈ। ਮ੍ਰਿਤਕ ਵਿਅਕਤੀ ਹਨ੍ਹੇਰਾ ਹੋਣ ਕਰ ਕੇ ਭੁਲੇਖੇ ਨਾਲ ਇਸ ਨਵੇਂ ਪੁੱਲ ’ਤੇ ਚੜ੍ਹ ਗਿਆ ਅਤੇ ਦੂਜੀ ਸਾਈਡ ਪੁੱਲ ਦਾ ਕੰਮ ਅਧੂਰਾ ਪਿਆ ਹੋਣ ਕਰ ਕੇ ਉਹ ਕਈ ਫੁੱਟ ਦੀ ਉੱਚਾਈ ਤੋਂ ਹੇਠਾ ਡਿੱਗ ਗਿਆ।
ਇਸ ਹਾਦਸੇ 'ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਜਰਨੈਲ ਸਿੰਘ ਵਾਸੀ ਪਿੰਡ ਅਮਰਗੜ੍ਹ (ਖਮਾਣੋਂ) ਰਾਤ ਵੇਲੇ ਆਪਣੇ ਮੋਟਰਸਾਈਕਲ ’ਤੇ ਜਾ ਰਿਹਾ ਸੀ। ਨੀਲੋਂ ਪੁਲ ’ਤੇ ਪੁੱਜਣ ’ਤੇ ਉਹ ਪੁਰਾਣੇ ਪੁੱਲ ਦੀ ਥਾਂ ਨਵੇਂ ਪੁਲ 'ਤੇ ਚੜ੍ਹ ਗਿਆ। ਇਹ ਪੁੱਲ ਇਕ ਪਾਸੇ ਤੋਂ ਤਾਂ ਬਣਿਆ ਹੋਇਆ ਸੀ, ਪਰ ਜਿਵੇਂ ਹੀ ਇਹ ਨੌਜਵਾਨ ਦੂਜੇ ਪਾਸੇ ਪੁੱਜਾ ਤਾਂ ਉੱਥੇ ਇਸ ਦਾ ਕੰਮ ਅਧੂਰਾ ਪਿਆ ਹੋਣ ਕਾਰਣ ਉਹ ਕਾਫੀ ਉਚਾਈ ਤੋਂ ਹੇਠਾ ਪੱਕੀ ਸੜਕ 'ਤੇ ਜਾ ਡਿੱਗਾ।
ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਸੂਚਨਾ ਮਿਲਣ ’ਤੇ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਉੱਧਰ ਦੂਜੇ ਪਾਸੇ ਸਮਰਾਲਾ ਸੋਸ਼ਲ ਵੈਲਫੇਅਰ ਸੋਸਾਇਟੀ ਦੇ ਆਗੂਆਂ ਐਡਵੋਕੇਟ ਗਗਨਦੀਪ ਸ਼ਰਮਾ, ਪ੍ਰਧਾਨ ਨੀਰਜ਼ ਸਿਹਾਲਾ ਅਤੇ ਜਨਰਲ ਸਕੱਤਰ ਦੀਪ ਦਿਲਬਰ ਨੇ ਇਸ ਹਾਦਸੇ ਲਈ ਹਾਈਵੇਅ ਅਥਾਰਟੀ ਨੂੰ ਜ਼ਿੰਮੇਵਾਰ ਦੱਸਦੇ ਹੋਏ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖਿਲਾਫ਼ ਮਾਮਲਾ ਦਰਜ ਕੀਤੇ ਜਾਣ ਦੀ ਮੰਗ ਕੀਤੀ ਹੈ।