ਮੋਗਾ ’ਚ ਚਿੱਟੇ ਦਾ ਕਹਿਰ ਜਾਰੀ, ਓਵਰਡੋਜ਼ ਨਾਲ ਦੋ ਦਿਨਾਂ ਵਿਚ ਲਗਾਤਾਰ ਦੂਜੀ ਮੌਤ

Monday, Mar 21, 2022 - 04:48 PM (IST)

ਮੋਗਾ ’ਚ ਚਿੱਟੇ ਦਾ ਕਹਿਰ ਜਾਰੀ, ਓਵਰਡੋਜ਼ ਨਾਲ ਦੋ ਦਿਨਾਂ ਵਿਚ ਲਗਾਤਾਰ ਦੂਜੀ ਮੌਤ

ਮੋਗਾ (ਗੋਪੀ ਰਾਓਕੇ) : ਜ਼ਿਲ੍ਹੇ ਦੇ ਪਿੰਡ ਢੋਲੇਵਾਲਾ ਦੇ ਰਹਿਣ ਵਾਲੇ 28 ਸਾਲਾ ਰਵਿੰਦਰ ਸਿੰਘ ਦੀ ਅੱਜ ਸਵੇਰੇ ਬਾਥਰੂਮ ਵਿਚ ਨਹਾਉਣ ਸਮੇਂ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਰਵਿੰਦਰ ਸਿੰਘ ਦੋ ਬੱਚੀਆਂ ਦਾ ਪਿਤਾ ਸੀ ਜੋ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦਾ ਆਦੀ ਸੀ। ਰਵਿੰਦਰ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਰਵਿੰਦਰ ਅੱਜ ਤੜਕਸਾਰ ਬਾਥਰੂਮ ’ਚ ਨਹਾਉਣ ਲਈ ਗਿਆ ਸੀ, ਜਿੱਥੇ ਉਸਨੇ ਨਸ਼ੇ ਦਾ ਟੀਕਾ ਲਗਾਇਆ ਜੋ ਓਵਰਡੋਜ਼ ਹੋ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਦੱਸਿਆ ਕਿ ਜਦੋਂ ਰਵਿੰਦਰ ਕਾਫ਼ੀ ਸਮਾਂ ਬਾਥਰੂਮ ਵਿੱਚੋਂ ਨਾ ਨਿਕਲਿਆ ਤਾਂ ਜਦੋਂ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਰਵਿੰਦਰ ਦੀ ਮੌਤ ਹੋ ਚੁੱਕੀ ਸੀ। ਇਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਕੱਲ੍ਹ ਵੀ ਜ਼ਿਲ੍ਹੇ ਵਿਚ ਇਕ 17 ਸਾਲਾ ਨਾਬਾਲਿਗ ਲੜਕੇ ਦੀ ਓਵਰਡੋਜ਼ ਕਾਰਣ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਲਿਵ-ਇਨ ’ਚ ਰਹਿਣ ਵਾਲੇ ਪੁਲਸ ਮੁਲਾਜ਼ਮ ਨੇ ਏ. ਕੇ. 47 ਨਾਲ ਜਨਾਨੀ ਦੇ ਸਿਰ ’ਚ ਮਾਰੀ ਗੋਲੀ, ਮੰਜ਼ਰ ਦੇਖ ਕੰਬੇ ਲੋਕ

ਇਸ ਮੌਕੇ ਮ੍ਰਿਤਕ ਦੀ ਪਤਨੀ ਸਿਮਰਨ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਅੱਜ ਤੜਕਸਾਰ ਨਹਾਉਣ ਲਈ ਬਾਥਰੂਮ ਗਿਆ ਸੀ, ਜਿੱਥੇ ਉਸ ਦੀ ਨਸ਼ੇ ਦਾ ਟੀਕਾ ਲਗਾਉਣ ਕਾਰਨ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮੇਰਾ ਪਤੀ ਪਿਛਲੇ ਸਮੇਂ ਤੋਂ ਨਸ਼ੇ ਦਾ ਆਦੀ ਸੀ ਅਤੇ ਸਾਡੇ ਪਿੰਡਾਂ ਵਿਚ ਸ਼ਰੇਆਮ ਨਸ਼ੇ ਦੀ ਸਪਲਾਈ ਹੁੰਦੀ ਹੈ ਪਰ ਕਿਸੇ ਵੀ ਸਰਕਾਰ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇ।

ਇਹ ਵੀ ਪੜ੍ਹੋ : ਮੋਗਾ ’ਚ ਤਾਰ-ਤਾਰ ਹੋਏ ਰਿਸ਼ਤੇ, 9 ਸਾਲਾ ਭਤੀਜੀ ਦੇ ਮੂੰਹੋਂ ਚਾਚੇ ਦੀ ਕਰਤੂਤ ਸੁਣ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਇਸ ਮੌਕੇ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਰਵਿੰਦਰ ਬਾਥਰੂਮ ਵਿਚ ਨਹਾਉਣ ਲਈ ਗਿਆ ਜਦੋਂ ਉਹ 20-25 ਮਿੰਟ ਬਾਹਰ ਨਾ ਆਇਆ ਤਾਂ  ਜਦੋਂ ਦਰਵਾਜ਼ਾ ਤੋੜ ਕੇ ਦੇਖਿਆ ਤਾਂ ਰਵਿੰਦਰ ਕੰਧ ਨਾਲ ਲੱਗਾ ਪਿਆ ਸੀ ਅਤੇ ਉਸ ਦੀ ਮੌਤ ਹੋ ਚੁੱਕੀ ਸੀ। ਟੀਕਾ ਲਗਾਉਣ ਵਾਲੀ ਸਰਿੰਜ ਵੀ ਕੋਲ ਪਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਚਿੱਟੇ ਦੇ ਨਸ਼ੇ ਦੀ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਨਾਲ ਪੇਸ਼ ਆਵੇ ਕਿਉਂਕਿ ਆਏ ਦਿਨ ਨੌਜਵਾਨ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਇੱਥੇ ਹੀ ਬੱਸ ਨਹੀਂ ਕਿ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ 8-9 ਨੌਜਵਾਨਾਂ ਦੀ ਓਵਰਡੋਜ਼ ਨਾਲ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ੇ ਦੀ ਵਿਕਰੀ ਨੂੰ ਪੂਰਨ ਰੂਪ ਵਿਚ ਬੰਦ ਕੀਤਾ ਜਾਵੇ, ਜਿਹੜੇ ਇਹ ਧੰਦਾ ਕਰਦੇ ਹਨ, ਉਨ੍ਹਾਂ ਉਪਰ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕਿਸੇ ਮਾਂ ਦਾ ਪੁੱਤ ਕਿਸੇ ਪਤਨੀ ਦਾ ਸੁਹਾਗ ਨਾ ਉੱਜੜੇ।

ਇਹ ਵੀ ਪੜ੍ਹੋ : ਹੱਸਦੇ-ਵੱਸਦੇ ਘਰ ’ਚ ਗੂੰਜੀਆਂ ਮੌਤ ਦੀਆਂ ਚੀਕਾਂ, 17 ਸਾਲਾ ਮੁੰਡੇ ਦੀ ਓਵਰਡੋਜ਼ ਕਾਰਣ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News