ਨਸ਼ਿਆਂ ਨੇ ਇਕ ਹੋਰ ਮਾਂ ਦੀ ਕੁੱਖ ਕੀਤੀ ਸੁੰਨੀ, ਮਰੇ ਪੁੱਤ ਨੂੰ ਮੰਜੇ 'ਤੇ ਦੇਖ ਅੱਖਾਂ ਅੱਗੇ ਛਾਇਆ ਹਨ੍ਹੇਰ
Friday, Jun 23, 2023 - 03:16 PM (IST)
ਖੰਨਾ (ਵਿਪਨ) : ਇੱਥੇ ਜੀ. ਟੀ. ਬੀ. ਨਗਰ ਲਲਹੇੜੀ ਰੋਡ ਦੇ ਰਹਿਣ ਵਾਲੇ ਇਕ 20 ਸਾਲਾ ਮੁੰਡੇ ਦੀ ਜ਼ਿਆਦਾ ਸ਼ਰਾਬ ਪੀਣ ਕਾਰਨ ਮੌਤ ਹੋ ਗਈ। ਮੁੰਡੇ ਦੀ ਲਾਸ਼ ਉਸ ਦੀ ਘਰ ਦੀ ਛੱਤ ਤੋਂ ਮਿਲੀ। ਫਿਲਹਾਲ ਪੁਲਸ ਨੇ ਪੋਸਟ ਮਾਰਟਮ ਤੋਂ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਬਿੱਟੂ ਕੁਮਾਰ (20) ਵਜੋਂ ਹੋਈ ਹੈ। ਬਿੱਟੂ ਕੁਮਾਰ ਦੀ ਮਾਂ ਸੁਨੀਤਾ ਦੇਵੀ ਨੇ ਦੱਸਿਆ ਕਿ ਉਸ ਦਾ ਸਭ ਤੋਂ ਵੱਡਾ ਪੁੱਤ ਨਸ਼ੇ ਦਾ ਆਦੀ ਸੀ ਅਤੇ ਕਦੇ ਸ਼ਰਾਬ ਜ਼ਿਆਦਾ ਪੀ ਲੈਂਦਾ ਸੀ ਅਤੇ ਕਦੇ ਕੋਈ ਹੋਰ ਨਸ਼ਾ ਕਰ ਲੈਂਦਾ ਸੀ। ਨਸ਼ੇ ਦੀ ਪੂਰਤੀ ਲਈ ਉਸ ਨੇ ਆਪਣਾ ਮੋਬਾਇਲ ਤੱਕ ਗਹਿਣੇ ਰੱਖ ਦਿੱਤਾ ਸੀ।
ਇਹ ਵੀ ਪੜ੍ਹੋ : ਲੁਧਿਆਣਾ 'ਚ Security Guard ਨਾਲ ਦਿਲ ਦਹਿਲਾ ਦੇਣ ਵਾਲਾ ਹਾਦਸਾ, CCTV 'ਚ ਕੈਦ ਹੋਇਆ ਭਿਆਨਕ ਮੰਜ਼ਰ
ਮਾਂ ਨੇ ਦੁਖੀ ਮਨ ਨਾਲ ਕਿਹਾ ਕਿ ਉਸ ਨੂੰ ਬਹੁਤ ਵਾਰ ਸਮਝਾਇਆ ਕਿ ਉਹ ਨਸ਼ਾ ਛੱਡ ਦੇਵੇ ਪਰ ਉਹ ਕਿਸੇ ਦੀ ਗੱਲ ਨਹੀਂ ਸੁਣਦਾ ਸੀ। ਬੀਤੀ ਰਾਤ ਵੀ ਉਸ ਦਾ ਪੁੱਤ ਨਸ਼ਾ ਕਰਕੇ ਆਇਆ ਸੀ ਅਤੇ ਨਸ਼ੇ ਦੀ ਹਾਲਤ 'ਚ ਹੀ ਘਰ ਦੀ ਛੱਤ 'ਤੇ ਸੌਂ ਗਿਆ। ਮਾਂ ਨੇ ਸੋਚਿਆ ਕਿ ਜਦੋਂ ਉਹ ਹੋਸ਼ 'ਚ ਆਵੇਗਾ ਤਾਂ ਖ਼ੁਦ ਹੀ ਹੇਠਾਂ ਆ ਜਾਵੇਗਾ ਪਰ ਸਵੇਰ ਤੱਕ ਉਹ ਛੱਤ ਤੋਂ ਹੇਠਾਂ ਨਹੀਂ ਆਇਆ। ਜਦੋਂ ਮਾਂ ਨੇ ਉੱਪਰ ਜਾ ਕੇ ਦੇਖਿਆ ਤਾਂ ਉਸ ਦਾ ਬੇਟਾ ਲੇਟਿਆ ਹੋਇਆ ਸੀ ਅਤੇ ਉਸ ਦੇ ਸਾਹ ਨਹੀਂ ਚੱਲ ਰਹੇ ਸਨ।
ਮਰੇ ਪੁੱਤ ਨੂੰ ਮੰਜੇ 'ਤੇ ਪਿਆ ਦੇਖ ਮਾਂ ਦਾ ਕਾਲਜਾ ਬਾਹਰ ਨੂੰ ਆ ਗਿਆ। ਉਸ ਨੂੰ ਹੋਸ਼ ਹੀ ਨਾ ਰਹੀ। ਜਦੋਂ ਉਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਾਇਆ ਗਿਆ ਤਾਂ ਡਾਕਟਰਾਂ ਨੇ ਵੀ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਫਿਲਹਾਲ ਪੁਲਸ ਨੇ ਬਿੱਟੂ ਕੁਮਾਰ ਦੇ ਪਿਤਾ ਦੇ ਬਿਆਨਾਂ 'ਤੇ ਧਾਰਾ-174 ਦੀ ਕਾਰਵਾਈ ਕੀਤੀ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ 'ਤੇ ਜੋ ਵੀ ਤੱਥ ਸਾਹਮਣੇ ਆ ਜਾਣਗੇ ਕਿ ਬਿੱਟੂ ਦੀ ਮੌਤ ਜ਼ਿਆਦਾ ਸ਼ਰਾਬ ਪੀਣ ਕਾਰਨ ਹੋਈ ਹੈ ਜਾਂ ਫਿਰ ਕੋਈ ਹੋਰ ਕਾਰਨ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ