ਜੀਜੇ ਦੀ ਸਕਾਰਪੀਓ ਤੇ ਸਾਲਿਆਂ ਦੀ ਜੀਪ ਵਿਚਾਲੇ ਜ਼ਬਰਦਸਤ ਟੱਕਰ, ਨੌਜਵਾਨ ਦੀ ਮੌਤ
Tuesday, Nov 10, 2026 - 11:08 AM (IST)
ਬਠਿੰਡਾ (ਵਰਮਾ) : ਬੀੜ ਤਲਾਬ ਬਸਤੀ ਨੰਬਰ-3 ਵਿਖੇ ਦੀਵਾਲੀ ਦੀ ਰਾਤ ਜੀਜੇ ਅਤੇ ਸਾਲਿਆਂ ਵਿਚਕਾਰ ਰੰਜਿਸ਼ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਵਾਪਰੇ ਭਿਆਨਕ ਹਾਦਸੇ ’ਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ 7 ਲੋਕ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਬੀਤੀ ਰਾਤ ਸਿਵਲ ਹਸਪਤਾਲ ਬਠਿੰਡਾ ’ਚ ਦਾਖ਼ਲ ਕਰਵਾਇਆ ਗਿਆ, ਜਿੱਥੋਂ ਸੋਮਵਾਰ ਸਵੇਰੇ ਨਿੱਜੀ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਦਿਹਾਤੀ ਪਰਵਿੰਦਰ ਸਿੰਘ ਨੇ ਦੱਸਿਆ ਕਿ ਡੱਬਵਾਲੀ ਦੇ ਪਿੰਡ ਲੱਖਾਖਾਨਾ ਦੇ ਵਸਨੀਕ ਸੋਨੂੰ ਸਿੰਘ ਅਤੇ ਸੰਦੀਪ ਸਿੰਘ ਪੁੱਤਰ ਬੂਟਾ ਸਿੰਘ ਦੀ ਭੈਣ ਦਾ ਵਿਆਹ ਬੀੜ ਤਲਾਬ ਦੇ ਗੁਰਸੇਵਕ ਸਿੰਘ ਨਾਲ ਹੋਇਆ ਹੈ। 15 ਦਿਨ ਪਹਿਲਾਂ ਇਕ ਪਾਰਟੀ ਦੌਰਾਨ ਇਨ੍ਹਾਂ ’ਚ ਝਗੜਾ ਹੋਇਆ ਸੀ। ਦੀਵਾਲੀ ਦੀ ਰਾਤ ਸੋਨੂੰ ਸਿੰਘ ਆਪਣੇ ਭਰਾ ਸੰਦੀਪ ਸਿੰਘ ਅਤੇ ਦੋਸਤ ਯਾਦਵੀਰ ਸਿੰਘ ਨਾਲ ਜੀਪ ’ਚ ਗੁਰਸੇਵਕ ਦੇ ਘਰ ਬਾਹਰ ਆਇਆ ਤੇ ਹੰਗਾਮਾ ਕਰਨ ਉਪਰੰਤ ਡੱਬਵਾਲੀ ਲਈ ਰਵਾਨਾ ਹੋ ਗਿਆ।
ਇਸੇ ਦੌਰਾਨ ਗੁਰਸੇਵਕ ਸਿੰਘ ਆਪਣੇ ਚਚੇਰੇ ਭਰਾਵਾਂ ਸੋਨੂੰ ਸਿੰਘ, ਮਨਿੰਦਰ ਸਿੰਘ, ਮਲਜੀਤ ਸਿੰਘ, ਅਸ਼ਦੀਪ ਸਿੰਘ ਅਤੇ ਰਾਜਾ ਸਿੰਘ ਨਾਲ ਸਕਾਰਪੀਓ ਕਾਰ ’ਚ ਉਨ੍ਹਾਂ ਦਾ ਪਿੱਛਾ ਕਰਨ ਲੱਗਾ। ਨਰੂਆਣਾ ਰੋਡ ’ਤੇ ਓਵਰਟੇਕ ਕਰਦੇ ਸਮੇਂ ਦੋਵੇਂ ਤੇਜ਼ ਰਫ਼ਤਾਰ ਵਾਹਨ ਟਕਰਾ ਕੇ ਸੜਕ ’ਤੇ ਹੀ ਪਲਟ ਗਏ। ਹਾਦਸੇ ’ਚ ਸਕਾਰਪੀਓ ਦੀ ਪਿਛਲੀ ਸੀਟ ’ਤੇ ਬੈਠੇ 25 ਸਾਲਾ ਸੋਨੂੰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸਦਰ ਬਠਿੰਡਾ ਦੀ ਪੁਲਸ ਨੇ ਮੌਕੇ ਦਾ ਮੁਆਇਨਾ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ. ਐੱਸ. ਪੀ. ਪਰਵਿੰਦਰ ਸਿੰਘ ਅਨੁਸਾਰ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਕਿਸੇ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।
