ਦੁਬਈ ਤੋਂ ਪੰਜਾਬ ਪੁੱਜੀ 22 ਸਾਲਾ ਨੌਜਵਾਨ ਦੀ ਮ੍ਰਿਤਕ ਦੇਹ, ਕੰਮ ਨਾ ਮਿਲਣ ਦੀ ਪਰੇਸ਼ਾਨੀ ਕਾਰਨ ਹੋਈ ਸੀ ਮੌਤ
Monday, Aug 09, 2021 - 11:04 AM (IST)
ਰਾਜਾਸਾਂਸੀ (ਨਿਰਵੈਲ) : ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ. ਐੱਸ. ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਜਗਰਾਓਂ ਤਹਿਸੀਲ ਦੇ ਪਿੰਡ ਰਸੂਲਪੁਰ ਮੱਲਾ ਦੇ 22 ਸਾਲਾ ਅਰਬਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਦੀ ਮ੍ਰਿਤਕ ਦੇਹ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ, ਅੰਮ੍ਰਿਤਸਰ ਵਿਖੇ ਪਹੁੰਚੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਅਰਬਿੰਦਰ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤ ਸੁਧਾਰਨ ਦੀ ਕੋਸ਼ਿਸ਼ ’ਚ ਕੁੱਝ ਸਮਾਂ ਪਹਿਲਾਂ ਹੀ ਮਜ਼ਦੂਰੀ ਕਰਨ ਲਈ ਦੁਬਈ ਆਇਆ ਸੀ।
ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸੇ ਮੁਤਾਬਕ ਅਰਬਿੰਦਰ ਨੂੰ ਦੁਬਈ ਲੈ ਕੇ ਜਾਣ ਵਾਲੇ ਏਜੰਟ ਨੇ ਉਸ ਨੂੰ ਕਰੀਬ ਇਕ ਮਹੀਨਾ ਕਮਰੇ ਅੰਦਰ ਵਿਹਲਾ ਹੀ ਬਿਠਾ ਛੱਡਿਆ ਸੀ। ਇਸ ਦੌਰਾਨ ਹੀ ਉਸ ਦੇ ਦੋ ਦੋਸਤਾਂ ’ਚੋਂ ਇਕ ਦੋਸਤ ਆਬੂਧਾਬੀ ਚਲਾ ਗਿਆ ਸੀ ਤੇ ਇਕ ਵਾਪਸ ਭਾਰਤ ਆ ਗਿਆ ਸੀ, ਜਿਸ ਕਾਰਨ ਅਰਬਿੰਦਰ ਮਾਨਸਿਕ ਦਬਾਅ ਹੇਠ ਆ ਗਿਆ। ਉਸ ਨੇ ਘਰ ਵੀ ਫੋਨ ਕਰਕੇ ਦੱਸਿਆ ਸੀ ਕਿ ਉਸ ਦਾ ਇੱਥੇ ਸਾਹ ਘੁੱਟਦਾ ਹੈ ਤੇ ਉਸ ਨੂੰ ਦਵਾਈ ਦੀ ਲੋੜ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ 'ਚ IAS ਅਫ਼ਸਰ ਦੀ ਪਤਨੀ ਨੇ ਕੀਤੀ ਖ਼ੁਦਕੁਸ਼ੀ, ਸਰਕਾਰੀ ਕੋਠੀ 'ਚ ਫਾਹੇ ਨਾਲ ਲਟਕਦੀ ਮਿਲੀ ਲਾਸ਼
ਇਸ ਉਪਰੰਤ ਉਸ ਦੇ ਭਰਾ ਨੇ ਏਜੰਟ ਨੂੰ ਫੋਨ ਕਰ ਕੇ ਉਸ ਨੂੰ ਅਰਬਿੰਦਰ ਨੂੰ ਦਵਾਈ ਦਿਵਾਉਣ ਲਈ ਕਿਹਾ ਸੀ ਪਰ ਏਜੰਟ ਨੇ ਉਸ ਦੀ ਸਾਰ ਨਹੀਂ ਲਈ। ਉਨ੍ਹਾਂ ਦੱਸਿਆ ਕਿ ਜਦ ਉਹ ਜ਼ਿਆਦਾ ਹੀ ਬੀਮਾਰ ਹੋ ਗਿਆ ਤਾਂ ਫਿਰ ਉਸ ਦੇ ਕਮਰੇ ’ਚ ਰਹਿਣ ਵਾਲੇ ਉਸ ਦੇ ਸਾਥੀਆਂ ਨੇ ਏਜੰਟ ਨੂੰ ਫੋਨ ’ਤੇ ਉਸ ਦੀ ਸਥਿਤੀ ਦੱਸੀ ਤਾਂ ਏਜੰਟ ਨੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾ ਦਿੱਤਾ, ਜਿੱਥੇ ਕਰੀਬ 4 ਦਿਨਾਂ ਬਾਅਦ ਹੀ 28 ਜੁਲਾਈ ਨੂੰ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਭਾਰਤੀ ਦੂਤਘਰ ਦੇ ਵਿਸ਼ੇਸ਼ ਸਹਿਯੋਗ ਸਦਕਾ ਅਰਬਿੰਦਰ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜ ਕੇ ਉਸ ਦੇ ਵਾਰਿਸਾਂ ਨੂੰ ਸੌਂਪ ਦਿੱਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ