ਜਨਮਦਿਨ ਦੀ ਪਾਰਟੀ ਕਰਨ ਗਏ ਨੌਜਵਾਨ ਦੀ ਨਹਿਰ 'ਚੋਂ ਮਿਲੀ ਲਾਸ਼, ਸੋਗ 'ਚ ਡੁੱਬਾ ਪਰਿਵਾਰ
Saturday, Sep 26, 2020 - 10:11 AM (IST)

ਕੁਰਾਲੀ (ਬਠਲਾ) : ਪਿੰਡ ਛੱਜੂਮਾਜਰਾ ਤੋਂ 19 ਸਤੰਬਰ ਨੂੰ ਜਨਮ ਦਿਨ ਦੀ ਪਾਰਟੀ ਲਈ ਕਿਸੇ ਨਿੱਜੀ ਹੋਟਲ 'ਚ ਗਏ 26 ਸਾਲਾ ਨੌਜਵਾਨ ਬਲਜਿੰਦਰ ਸਿੰਘ ਦੀ ਲਾਸ਼ 5 ਦਿਨ ਬਾਅਦ ਰਾਜਪੁਰਾ ਕੋਲ ਉਖੇੜੀ 'ਚ ਭਾਖੜਾ ਨਹਿਰ ਤੋਂ ਮਿਲੀ ਹੈ, ਜਿਸ ਦਿਨ ਤੋਂ ਬਲਜਿੰਦਰ ਲਾਪਤਾ ਸੀ, ਉਸੇ ਦਿਨ ਉਸ ਦੀ ਸਕੂਟੀ ਕੁਰਾਲੀ-ਰੋਪੜ ਮਾਰਗ ’ਤੇ ਪੈਂਦੇ ਪਿੰਡ ਭਿਯੋਰ ਕੋਲ ਭਾਖੜਾ ਨਹਿਰ ਤੋਂ ਮਿਲੀ ਸੀ। ਸਕੂਟੀ ’ਤੇ ਖੂਨ ਲੱਗਿਆ ਹੋਇਆ ਸੀ। ਇਸ ਮਾਮਲੇ 'ਚ ਸਿੰਘ ਭਗਵੰਤਪੁਰਾ ਪੁਲਸ ਨੇ 22 ਸਤੰਬਰ ਨੂੰ ਕਈ ਅਣਪਛਾਤੇ ਲੋਕਾਂ ਵਿਰੁੱਧ ਬਲਜਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਦੇ ਬਿਆਨਾਂ ’ਤੇ ਉਸ ਨੂੰ ਅਗਵਾ ਕਰਨ ਦਾ ਕੇਸ ਦਰਜ ਕੀਤਾ ਸੀ। ਵੀਰਵਾਰ ਨੂੰ ਬਲਜਿੰਦਰ ਸਿੰਘ ਦੀ ਲਾਸ਼ ਪੁਲਸ ਨੇ ਰੋਪੜ ਦੇ ਮੁਰਦਾ ਘਰ 'ਚ ਰਖਵਾ ਦਿੱਤਾ, ਉੱਥੇ ਹੀ ਬਲਜਿੰਦਰ ਦੇ ਪਰਿਵਾਰ ਨੇ ਪੁਲਸ ਦੀ ਕਾਰਵਾਈ ਤੋਂ ਨਿਰਾਸ਼ ਹੋ ਕੇ ਹੰਗਾਮਾ ਕੀਤਾ।
ਪੁਲਸ ਬੇਟੇ ਦੇ ਦੋਸਤਾਂ ਤੋਂ ਕਰੇ ਪੁਛਗਿੱਛ
19 ਸਤੰਬਰ ਤੋਂ ਹੀ ਲਾਪਤਾ ਬਲਜਿੰਦਰ ਦੇ ਪਰਿਵਾਰ ਦਾ ਦੋਸ਼ ਸੀ ਕਿ ਬੇਟੇ ਦਾ ਕਤਲ ਹੋਇਆ ਹੈ ਅਤੇ ਉਨ੍ਹਾਂ ਮੰਗ ਕੀਤੀ ਕਿ ਦੋਸਤਾਂ ਤੋਂ ਪੁਲਸ ਪੁੱਛਗਿਛ ਕਰੇ। ਪੁਲਸ ਵੱਲੋਂ ਕਾਰਵਾਈ ਨਾ ਕੀਤੇ ਜਾਣ ਕਾਰਣ ਨਿਰਾਸ਼ ਹੈ। ਬਲਜਿੰਦਰ ਸਿੰਘ ਦਾ ਰਾਜਪੁਰਾ 'ਚ ਪੋਸਟਮਾਰਟਮ ਹੋਣ ਤੋਂ ਬਾਅਦ ਪਿੰਡ ਛੱਜੂਮਾਜਰਾ 'ਚ ਸਸਕਾਰ ਕੀਤਾ ਜਾਵੇਗਾ। ਇਸ ਦੌਰਾਨ ਬਲਜਿੰਦਰ ਦੇ ਚਾਚੇ ਹਰਨੇਕ ਸਿੰਘ ਅਤੇ ਉਸ ਦੀ ਚਚੇਰੀ ਭੈਣ ਰਿਤੂ ਨੇ ਕਿਹਾ ਕਿ ਬਲਜਿੰਦਰ ਸਿੰਘ ਦਾ ਕਤਲ ਹੋਇਆ ਹੈ ਅਤੇ ਪੁਲਸ ਜਾਣਬੁੱਝ ਕੇ ਦੋਸ਼ੀਆਂ ਨੂੰ ਨਹੀਂ ਫੜ੍ਹ ਰਹੀ। ਬਲਜਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਨੇ ਕਿਹਾ ਕਿ ਪੁਲਸ ਨੇ ਜੇਕਰ ਉਨ੍ਹਾਂ ਨੂੰ ਇਨਸਾਫ ਨਾ ਦਿਵਾਇਆ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਬੇਟੇ ਦੀ ਲਾਸ਼ ਨੂੰ ਲੈ ਕੇ ਟ੍ਰੈਫਿਕ ਜਾਮ ਕਰਨਗੇ। ਉਨ੍ਹਾਂ ਨੂੰ ਸ਼ੱਕ ਹੈ ਕਿ ਉਸ ਦੇ ਦੋਸਤਾਂ 'ਚੋਂ ਕਿਸੇ ਨੇ ਬਲਜਿੰਦਰ ਸਿੰਘ ਦਾ ਕਤਲ ਕੀਤਾ ਹੈ। ਬਲਜਿੰਦਰ ਸਿੰਘ ਦੀ ਲਾਸ਼ ’ਤੇ ਜ਼ਖਮ ਦੇ ਨਿਸ਼ਾਨ ਹਨ। ਰਿਤੂ ਨੇ ਕਿਹਾ ਕਿ ਉਸ ਦਾ ਭਰਾ ਆਪਣੇ ਪਰਿਵਾਰ ਦਾ ਇਕੱਲਾ ਪੁੱਤਰ ਸੀ ਅਤੇ ਉਸ ਦੀ ਇਕ ਭੈਣ ਸਤਵਿੰਦਰ ਕੌਰ ਹੈ।
ਮਾਮਲੇ ’ਚ ਹੱਤਿਆ ਦੀ ਧਾਰਾ ਲਾਈ ਗਈ : ਐੱਸ. ਐੱਚ. ਓ.
ਥਾਣਾ ਸਿੰਘ ਭਗਵੰਤਪੂਰਾ ਦੇ ਐੱਸ. ਐੱਚ. ਓ. ਸਿਮਰਨਜੀਤ ਸਿੰਘ ਨੇ ਕਿਹਾ ਕਿ ਪਹਿਲਾਂ ਦਰਜ ਅਗਵਾ ਦੇ ਮਾਮਲੇ 'ਚ ਹੱਤਿਆ ਦੀ ਧਾਰਾ 302 ਨੂੰ ਸ਼ਾਮਲ ਕੀਤਾ ਗਿਆ ਹੈ। ਤਫਤੀਸ਼ ਜਾਰੀ ਹੈ, ਜੋ ਵੀ ਕਸੂਰਵਾਰ ਪਾਏ ਜਾਣਗੇ, ਉਨ੍ਹਾਂ ਖ਼ਿਲਾਫ਼ ਐਕਸ਼ਨ ਲਿਆ ਜਾਵੇਗਾ। ਪਹਿਲਾਂ ਸਿੰਘ ਭਗਵੰਤਪੁਰ ਪੁਲਸ ਨੇ ਬਲਜਿੰਦਰ ਸਿੰਘ ਦੇ ਪਿਤਾ ਜਰਨੈਲ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ। ਹੁਣ ਹੱਤਿਆ ਦੀ ਧਾਰਾ ਮਾਮਲੇ 'ਚ ਵਧਾਈ ਗਈ ਹੈ। ਪਿਤਾ ਨੇ ਬਿਆਨ ਦਿੱਤੇ ਹਨ ਕਿ ਬਲਜਿੰਦਰ ਸਿੰਘ ਘਰ ਇਹ ਕਹਿ ਕੇ ਆਇਆ ਸੀ ਕਿ ਉਸ ਦੇ ਦੋਸਤ ਦਾ ਜਨਮ ਦਿਨ ਹੈ ਅਤੇ ਉਨ੍ਹਾਂ ਨੇ ਰੋਪੜ ਸ਼ਨੀਦੇਵ ਮੰਦਰ ਜਾਣਾ ਹੈ। ਬਾਅਦ 'ਚ ਉਨ੍ਹਾਂ ਨੂੰ ਪਤਾ ਚੱਲਿਆ ਕਿ ਬਲਜਿੰਦਰ ਨੇ ਹੋਟਲ 'ਚ ਆਪਣੇ ਦੋਸਤ ਦੇ ਜਨਮਦਿਨ ਦੀ ਪਾਰਟੀ ਕੀਤੀ। ਬਾਅਦ 'ਚ ਬਲਜਿੰਦਰ ਸਿੰਘ ਦਾ ਫੋਨ ਬੰਦ ਆਉਣ ਲਗਾ।